ਸੁਰਜੀਤ ਜੱਸਲ
ਮੌਜੂਦਾ ਪੰਜਾਬੀ ਸਿਨਮਾ ਦਾ ਬਹੁਤਾ ਵਿਸ਼ਾ ਵਸਤੂ ਪੜ੍ਹਾਈ ਦੇ ਬਹਾਨੇ ਵਿਦੇਸ਼ ਜਾ ਰਹੀ ਜਵਾਨੀ ਦੁਆਲੇ ਹੁੰਦਾ ਹੈ। ਭਾਵੇਂ ਇਹ ਸਾਡੇ ਸਮਾਜ ਦਾ ਕੌੜਾ ਸੱਚ ਹੈ, ਪਰ ਅਜੋਕੇ ਸਿਨਮਾ ਨੇ ਵਿਦੇਸ਼ਾਂ ਵਿਚਲੀ ਪੰਜਾਬੀਆਂ ਦੀ ਜ਼ਿੰਦਗੀ ਨੂੰ ਹੂਬਹੂ ਪਰਦੇ ‘ਤੇ ਉਤਾਰਨ ਦਾ ਯਤਨ ਕੀਤਾ ਹੈ।
ਲੇਖਕ-ਨਿਰਦੇਸ਼ਕ ਸਮੀਰ ਪੰਨੂ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ‘ਜਿੰਦ ਮਾਹੀ’ ਦੋ ਦਿਲਾਂ ਵਿਚਲੇ ਸੱਚੇ ਪਿਆਰ ਦੀ ਖਿੱਚ ਨੂੰ ਬਿਆਨਦੀ ਨਿਵੇਕਲੀ ਪ੍ਰੇਮ ਕਹਾਣੀ ਹੈ ਜੋ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਵਾਲੇ ਪੰਜਾਬੀ ਨੌਜਵਾਨਾਂ ਦੀ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨਾਲ ਜੁੜੀ ਵੱਖਰੇ ਵਿਸ਼ੇ ਨੂੰ ਪੇਸ਼ ਕਰਦੀ ਹੈ। ਇਸ ਵਿੱਚ ਪਿਆਰ, ਵਿਛੋੜਾ ਤੇ ਦਿਲ-ਟੁੰਬਵਾਂ ਗੀਤ ਸੰਗੀਤ ਵੀ ਹੈ। ਇਸ ਫਿਲਮ ਵਿੱਚ ਸੋਨਮ ਬਾਜਵਾ ਤੇ ਅਜੇ ਸਰਕਾਰੀਆ ਦੀ ਜੋੜੀ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਅਦਾਕਾਰ ਗੁਰਨਾਮ ਭੁੱਲਰ ਵੀ ਆਪਣੇ ਵਿਸ਼ੇਸ਼ ਕਿਰਦਾਰ ਨਾਲ ਜੁੜਿਆ ਹੋਇਆ ਹੈ। ਅਜੇ ਸਰਕਾਰੀਆਂ ਦੀ ਇਹ ਦੂਜੀ ਫ਼ਿਲਮ ਹੈ ਜਦੋਂਕਿ ਉਸ ਦੀ ਪਹਿਲੀ ਫਿਲਮ ‘ਅੜਬ ਮੁਟਿਆਰਾਂ’ ਸੀ ਜਿਸ ਵਿੱਚ ਉਸ ਦੀ ਅਦਾਕਾਰੀ ਨੂੰ ਦਰਸ਼ਕਾਂ ਦਾ ਚੰਗਾ ਪਿਆਰ ਮਿਲਿਆ ਸੀ। ਇਸ ਵਿਚਲਾ ਕਿਰਦਾਰ ਵੀ ਉਸ ਦੀ ਅਦਾਕਾਰੀ ਦੇ ਕਈ ਰੰਗ ਪੇਸ਼ ਕਰ ਰਿਹਾ ਹੈ।
ਕਹਾਣੀ ਦੀ ਗੱਲ ਕਰੀਏ ਤਾਂ ਇਹ ਫਿਲਮ ਕਾਮੇਡੀ ਭਰਪੂਰ ਪ੍ਰੇਮ ਕਹਾਣੀ ਹੈ ਜਿਸ ਵਿੱਚ ਦੋ ਪਿਆਰ ਕਰਨ ਵਾਲਿਆਂ ਦੇ ਦਿਲਾਂ ਦੀਆਂ ਭਾਵਨਾਵਾਂ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਇਸ ਫਿਲਮ ਵਿੱਚ ਅਜੇ ਸਰਕਾਰੀਆ ਨੇ ਹੈਰੀ ਨਾਂ ਦੇ ਅਜਿਹੇ ਸੰਸਕਾਰੀ ਮੁੰਡੇ ਦਾ ਕਿਰਦਾਰ ਨਿਭਾਇਆ ਹੈ ਜੋ ਸੱਤ ਸੁਮੰਦਰੋਂ ਪਾਰ ਆ ਕੇ ਵੀ ਆਪਣੇ ਵਿਰਸੇ ਅਤੇ ਅਸੂਲਾਂ ਨਾਲ ਜੁੜਿਆ ਹੋਇਆ ਹੈ। ਉਹ ਬਾਹਰ ਬੈਠਾ ਵੀ ਘਰੇ ਬੈਠੇ ਮਾਪਿਆਂ ਦਾ ਆਗਿਆਕਾਰ ਹੈ। ਆਪਣੇ ਦੋਸਤਾਂ ਵਾਂਗ ਉਹ ਵੀ ਵਿਦੇਸ਼ੀ ਮਾਹੌਲ ਦੀ ਖੁੱਲ੍ਹੀ ਹਵਾ ਵਿੱਚ ਆਜ਼ਾਦ ਪੰਛੀ ਬਣ ਕੇ ਉਡਾਰੀਆਂ ਮਾਰਨਾ ਚਾਹੁੰਦਾ ਹੈ, ਪਰ ਪਰਿਵਾਰਕ ਦਬਾਅ ਦੀ ਕੈਂਚੀ ਨੇ ਉਸ ਦੇ ਪਰ ਕੁਤਰੇ ਹੋਏ ਹਨ। ਉਤਲੇ ਮਨੋ ਖੁਸ਼ ਰਹਿਣ ਵਾਲਾ ਹੈਰੀ ਅੰਦਰੋਂ ਤਣਾਅ ਭਰੀ ਜ਼ਿੰਦਗੀ ਜੀਅ ਰਿਹਾ ਹੈ। ਇਸੇ ਤਣਾਅ ਵਿੱਚ ਘਿਰਿਆ ਆਖਿਰ ਉਹ ਖੁਦਕੁਸ਼ੀ ਦੇ ਰਾਹ ਵੱਲ ਕਦਮ ਵਧਾਉਂਦਾ ਹੈ, ਪਰ ਮੌਕੇ ਸਿਰ ਲਾਡੋ ਨਾਂ ਦੀ ਪੰਜਾਬਣ ਕੁੜੀ ਉਸ ਨੂੰ ਬਚਾਅ ਲੈਂਦੀ ਹੈ। ਲਾਡੋ (ਸੋਨਮ ਬਾਜਵਾ) ਖੁੱਲ੍ਹੇ ਸੁਭਾਅ ਦੀ ਬੇਪ੍ਰਵਾਹ ਕੁੜੀ ਹੈ। ਉਹ ਹੈਰੀ ਦੀਆਂ ਭਾਵਨਾਵਾਂ ਜਾਣ ਕੇ ਉਸ ਨੂੰ ਤਣਾਅ ਮੁਕਤ ਕਰਨ ਦਾ ਯਤਨ ਕਰਦੀ ਹੈ। ਇਸੇ ਦੌਰਾਨ ਹੈਰੀ ਉਸ ਦੀਆਂ ਰੇਸ਼ਮੀ ਜੁਲਫ਼ਾਂ ‘ਚ ਕੈਦ ਹੋ ਜਾਂਦਾ ਹੈ, ਪਰ ਜਿਉਂ ਹੀ ਨੇੜਤਾ ਦਾ ਸਮਾਂ ਆਉਂਦਾ ਹੈ ਤੀਸਰਾ ਪਾਤਰ ਸ਼ਾਇਰ ਗੁਰਨਾਮ ਭੁੱਲਰ ਦੀ ਆਮਦ ਹੈਰੀ ਨੂੰ ਗਲਤਫ਼ਹਿਮੀਆਂ ਦਾ ਸ਼ਿਕਾਰ ਬਣਾ ਦਿੰਦੀ ਹੈ।
ਵਾਇਟਹਿੱਲ ਸਟੂਡੀਓ ਦੀ ਪੇਸ਼ਕਸ਼ ਇਸ ਫਿਲਮ ਵਿੱਚ ਸੋਨਮ ਬਾਜਵਾ, ਅਜੇ ਸਰਕਾਰੀਆ, ਗੁਰਨਾਮ ਭੁੱਲਰ, ਰਾਜ ਸ਼ੋਕਰ, ਬਨਿੰਦਰ ਬੰਨੀ, ਸ਼ਵਿੰਦਰ ਮਾਹਲ ਤੇ ਸੁੱਖੀ ਚਾਹਲ ਨੇ ਅਹਿਮ ਕਿਰਦਾਰ ਨਿਭਾਏ ਹਨ। ਭਾਵੇਂ ਇਸ ਫਿਲਮ ਦੀ ਜ਼ਿਆਦਾਤਰ ਸੂਟਿੰਗ ਯੂਕੇ ਵਿੱਚ ਹੋਈ ਹੈ, ਪਰ ਫਿਲਮ ਵਿੱਚ ਮਾਝੇ ਤੇ ਦੁਆਬੇ ਦੀ ਠੇਠ-ਬੋਲੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਤਿਕੋਣੇ ਪਿਆਰ ਦੀ ਕਹਾਣੀ ਸੁਮੀਰ ਪੁੰਨੂ ਤੇ ਮਨਮੋਰਡ ਸਿੱਧੂ ਨੇ ਲਿਖੀ ਹੈ। ਸਕਰੀਨ ਪਲੇਅ ਤੇ ਡਾਇਲਾਗ ਮਨਮੋਰਡ ਸਿੰਘ ਸਿੱਧੂ, ਸੁਮੀਰ ਪੁੰਨੂ ਤੇ ਜਤਿੰਦਰ ਲਾਲ ਨੇ ਲਿਖੇ ਹਨ।
ਸੰਪਰਕ: 98146-07737