ਹਰਦਿਆਲ ਸਿੰਘ ਥੂਹੀ
ਰੋਜ਼ੀ ਰੋਟੀ ਦੀ ਭਾਲ ਵਿੱਚ ਜਾਂ ਫੇਰ ਜੀਵਨ ਪੱਧਰ ਹੋਰ ਉੱਚਾ ਚੁੱਕਣ ਤੇ ਭਵਿੱਖ ਸੁਰੱਖਿਅਤ ਕਰਨ ਲਈ ਅਣਗਿਣਤ ਪੰਜਾਬੀ ਸਮੇਂ-ਸਮੇਂ ’ਤੇ ਵਿਦੇਸ਼ਾਂ ਵਿੱਚ ਜਾ ਵਸੇ ਹਨ, ਖਾਸ ਕਰ ਕੈਨੇਡਾ, ਅਮਰੀਕਾ ਤੇ ਇੰਗਲੈਂਡ ਵਿੱਚ। ਇਨ੍ਹਾਂ ਵਿੱਚੋਂ ਬਹੁਗਿਣਤੀ ਪੱਛਮੀ ਤੌਰ ਤਰੀਕਿਆਂ ਵਿੱਚ ਢਲ ਗਈ। ਬਹੁਤੇ ਲੋਕ ਕਲਪੁਰਜੇ ਬਣਕੇ ਕੇਵਲ ਪੌਂਡ ਤੇ ਡਾਲਰ ਇਕੱਠੇ ਕਰਨ ਤੱਕ ਸੀਮਤ ਹੋ ਗਏ। ਪਰ ਕੁਝ ਦੀਪ ਅਜਿਹੇ ਵੀ ਹਨ ਜੋ ਆਧੁਨਿਕਤਾ ਦੀ ਦੌੜ ਅਤੇ ਪੱਛਮੀ ਹਨੇਰੀਆਂ ਦੇ ਬਾਵਜੂਦ ਜਗ ਰਹੇ ਹਨ ਅਤੇ ਆਪਣੀ ਲੋਅ ਬਿਖੇਰ ਰਹੇ ਹਨ। ਅਜਿਹਾ ਹੀ ਇੱਕ ਦੀਪ ਹੈ ਚਮਕੌਰ ਸਿੰਘ ਸੇਖੋਂ ਜੋ ਕੈਨੇਡਾ ਵਿੱਚ ਰਹਿ ਕੇ ਪਰੰਪਰਿਕ ਢਾਡੀ ਗਾਇਕੀ ਦੀ ਲੋਅ ਬਿਖੇਰ ਰਿਹਾ ਹੈ।
ਚਮਕੌਰ ਸਿੰਘ ਸੇਖੋਂ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਭੋਤਨਾ ਵਿਖੇ 8 ਮਈ 1946 ਨੂੰ ਪਿਤਾ ਸ. ਬਿਸ਼ਨ ਸਿੰਘ ਸੇਖੋਂ ਤੇ ਮਾਤਾ ਬਸੰਤ ਕੌਰ ਦੇ ਘਰ ਹੋਇਆ। ਅੱਜਕੱਲ੍ਹ ਇਹ ਪਿੰਡ ਜ਼ਿਲ੍ਹਾ ਬਰਨਾਲਾ ਵਿੱਚ ਪੈਂਦਾ ਹੈ। ਉਸ ਦਾ ਬਚਪਨ ਆਮ ਪੇਂਡੂ ਜੱਟ ਪਰਿਵਾਰਾਂ ਦੇ ਬੱਚਿਆਂ ਵਾਂਗ ਬੀਤਿਆ। ਪੰਜਵੀਂ ਜਮਾਤ ਤੱਕ ਦੀ ਪੜ੍ਹਾਈ ਉਸ ਨੇ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਕੀਤੀ। ਛੇਵੀਂ ਜਮਾਤ ਵਿੱਚ ਸਰਕਾਰੀ ਹਾਈ ਸਕੂਲ ਟੱਲੇਵਾਲ ਵਿਖੇ ਦਾਖਲ ਹੋ ਗਿਆ, ਜੋ ਪਿੰਡ ਤੋਂ ਦੋ ਕੁ ਕਿਲੋਮੀਟਰ ਦੀ ਦੂਰੀ ’ਤੇ ਹੈ। ਬਚਪਨ ਤੋਂ ਹੀ ਚਮਕੌਰ ਨੂੰ ਲਾਊਡ ਸਪੀਕਰਾਂ ’ਤੇ ਵੱਜਦੇ ਤਵੇ ਸੁਣਨ ਦਾ ਬਹੁਤ ਸ਼ੌਕ ਸੀ। ਕਰਨੈਲ ਸਿੰਘ ਪਾਰਸ ਹੁਰਾਂ ਦਾ ਤਵਾ ‘ਕਿਉਂ ਫੜੀ ਸਿਪਾਹੀਆਂ ਨੇ ਭੈਣੋਂ ਇਹ ਹੰਸਾਂ ਦੀ ਜੋੜੀ’ ਅਤੇ ‘ਹੈ ਆਉਣ ਜਾਣ ਬਣਿਆ, ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ’ ਤਾਂ ਉਸ ਦੇ ਜ਼ੁਬਾਨੀ ਯਾਦ ਹੋ ਗਿਆ। ਉਹ ਇਨ੍ਹਾਂ ਨੂੰ ਆਮ ਹੀ ਗੁਣਗੁਣਾਉਂਦਾ ਰਹਿੰਦਾ ਸੀ।
ਛੇਵੀਂ ਜਮਾਤ ਵਿੱਚ ਪੜ੍ਹਦਿਆਂ ਉਹ ਸਕੂਲ ਦੀ ਬਾਲ ਸਭਾ ਵਿੱਚ ਕਵਿਤਾਵਾਂ ਗਾਉਣ ਲੱਗ ਪਿਆ ਸੀ। ਟੱਲੇਵਾਲ ਪੜ੍ਹਦਿਆਂ ਇੱਕ ਹੋਰ ਸਬੱਬ ਬਣਿਆ ਜੋ ਚਮਕੌਰ ਦੇ ਸ਼ੌਕ ਦੇ ਪਲਰਣ ਵਿੱਚ ਸਹਾਈ ਹੋਇਆ। ਏਥੋਂ ਦੇ ਤਿੰਨ ਮੁੰਡੇ ਗੁਰਚਰਨ ਸਿੰਘ ਸਿੱਧੂ, ਕਰਨੈਲ ਸਿੰਘ ਸਿੱਧੂ ਅਤੇ ਸੁਖਦੇਵ ਸਿੰਘ ਕਵੀਸ਼ਰੀ ਕਰਦੇ ਸਨ। ਸਕੂਲ ਦੀ ਛੁੱਟੀ ਤੋਂ ਬਾਅਦ ਚਮਕੌਰ ਉਨ੍ਹਾਂ ਕੋਲ ਚਲਾ ਜਾਂਦਾ ਸੀ। ਉਨ੍ਹਾਂ ਨੇ ਇੱਕ ਦੋ ਕਵਿਤਾਵਾਂ ਉਸ ਨੂੰ ਦੇ ਦੇਣੀਆਂ ਜੋ ਉਸ ਨੇ ਯਾਦ ਕਰ ਲੈਣੀਆਂ। ਇਸ ਤਰ੍ਹਾਂ ਉਨ੍ਹਾਂ ਦੇ ਨਾਲ ਗਾਉਣ ਕਾਰਨ ਚਮਕੌਰ ਦੀ ਰੁਚੀ ਹੋਰ ਵਧਦੀ ਗਈ। ਜਦੋਂ ਉਹ ਅੱਠਵੀਂ ਜਮਾਤ ਪਾਸ ਕਰਕੇ ਨੌਵੀਂ ਵਿੱਚ ਹੋਇਆ ਤਾਂ ਉਨ੍ਹਾਂ ਵਿੱਚੋਂ ਇੱਕ ਮੁੰਡਾ ਕਿਸੇ ਮਜਬੂਰੀ ਕਾਰਨ ਛੱਡ ਕੇ ਚਲਾ ਗਿਆ। ਬਾਕੀ ਦੋਵੇਂ ਕਹਿਣ ਲੱਗੇ ਕਿ ਤੂੰ ਸਾਡੇ ਨਾਲ ਪ੍ਰੋਗਰਾਮ ਲੁਆ ਦਿਆ ਕਰ ਨਾਲੇ ਪੜ੍ਹੀਂ ਚੱਲ। ਸੋ ਉਨ੍ਹਾਂ ਨਾਲ ਪ੍ਰੋਗਰਾਮਾਂ ’ਤੇ ਜਾਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਗਾਇਕੀ ਵੱਲ ਲਗਨ ਵਧਦੀ ਗਈ, ਪੜ੍ਹਾਈ ਪੱਛੜਦੀ ਗਈ ਅਤੇ ਦਸਵੀਂ ਵੀ ਪਾਸ ਨਾ ਕਰ ਸਕਿਆ।
ਕਵੀਸ਼ਰੀ ਕਰਦਾ ਕਰਦਾ ਚਮਕੌਰ ਢਾਡੀ ਗਾਇਕੀ ਵੱਲ ਖਿੱਚਿਆ ਗਿਆ। 1967 ਵਿੱਚ ਉਸ ਨੇ ਸਾਰੰਗੀ ਵਜਾਉਣੀ ਸਿੱਖਣੀ ਸ਼ੁਰੂ ਕਰ ਦਿੱਤੀ। ਆਪਣੇ ਸਮੇਂ ਦੇ ਪ੍ਰਸਿੱਧ ਢਾਡੀ ਕੇਸਰ ਸਿੰਘ ਚੱਠੇ ਦੇ ਜੋਟੀਦਾਰ ਢਾਡੀ ਜਗਮੇਲ ਸਿੰਘ ਚੱਠੇ ਪਿੰਡ ਚੱਠੇ ਰੋਟੀ ਰਾਮ ਪਾਸੋਂ ਸਾਰੰਗੀ ਦੀ ਮੁੱਢਲੀ ਜਾਣਕਾਰੀ ਪ੍ਰਾਪਤ ਕੀਤੀ। ਕੁਝ ਸਮਾਂ ਗੁਰਦੇਵ ਸਿੰਘ ਜੋਗੀ ਦੇ ਜਥੇ ਨਾਲ ਬਤੌਰ ਸਾਰੰਗੀ ਮਾਸਟਰ ਸਾਥ ਦਿੱਤਾ। ਇਸ ਦੇ ਨਾਲ ਨਾਲ ਸਾਜ਼ੀ ਬਲਦੇਵ ਸਿੰਘ ਬਠਿੰਡਾ ਪਾਸੋਂ ਵੀ ਸਾਰੰਗੀ ਦੇ ਗੁਰ ਸਿੱਖੇ। ਏਸੇ ਸਮੇਂ ਦੌਰਾਨ ਬਾਪੂ ਕਰਨੈਲ ਸਿੰਘ ਪਾਰਸ ਹੋਰਾਂ ਨੇ ਕਵੀਸ਼ਰੀ ਤੋਂ ਢਾਡੀ ਗਾਇਕੀ ਵੱਲ ਮੋੜਾ ਪਾ ਲਿਆ ਸੀ ਤੇ ਜਥੇ ਦੀ ਅਗਵਾਈ ਬਲਵੰਤ ਸਿੰਘ ਨੇ ਸੰਭਾਲ ਲਈ ਸੀ। ਇੱਕ ਸਾਰੰਗੀ ਵਾਦਕ ਦੀ ਲੋੜ ਸੀ। ਉਨ੍ਹਾਂ ਦੇ ਸਾਥੀ ਕਰਤਾਰ ਸਿੰਘ ਮੰਡੀ ਕਲਾਂ ਦੀ ਪ੍ਰੇਰਨਾ ਸਦਕਾ ਚਮਕੌਰ ਰਾਮੂਵਾਲੀਆ ਦੇ ਜਥੇ ਵਿੱਚ ਸ਼ਾਮਲ ਹੋ ਗਿਆ। ਲੰਮਾਂ ਸਮਾਂ ਬਲਵੰਤ ਸਿੰਘ ਰਾਮੂਵਾਲੀਆ ਦੀ ਅਗਵਾਈ ਵਿੱਚ ਕਰਤਾਰ ਸਿੰਘ ਮੰਡੀ ਕਲਾਂ ਨਾਲ ਸਾਥ ਨਿਭਾਇਆ ਤੇ ਉਹ ਸਾਰੰਗੀ ਮਾਸਟਰ ਚਮਕੌਰ ਸਿੰਘ ਸੇਖੋਂ ਵਜੋਂ ਸਥਾਪਿਤ ਹੋ ਗਿਆ।
1977 ਵਿੱਚ ਬਲਵੰਤ ਸਿੰਘ ਰਾਮੂਵਾਲੀਆ ਦੇ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਬਾਪੂ ਕਰਨੈਲ ਸਿੰਘ ਪਾਰਸ ਦੀ ਅਗਵਾਈ ਅਧੀਨ ਰਾਮੂਵਾਲੀਆ ਜਥਾ ਸਰਗਰਮ ਰਿਹਾ। 1979 ਵਿੱਚ ਪਾਰਸ ਦੀ ਅਗਵਾਈ ਵਿੱਚ ਹੀ ਜਥਾ ਇੰਗਲੈਂਡ ਗਿਆ। ਅਗਲੇ ਸਾਲ 1980 ਵਿੱਚ ਇਹ ਜਥਾ ਕੈਨੇਡਾ ਦੇ ਦੌਰੇ ’ਤੇ ਗਿਆ ਅਤੇ ਦੋ ਸਾਲ ਕੈਨੇਡਾ ਵਸਦੇ ਪੰਜਾਬੀਆਂ ਦੇ ਅੰਗ ਸੰਗ ਬਿਤਾਏ। 1982 ਵਿੱਚ ਵਾਪਸ ਪੰਜਾਬ ਆ ਕੇ ਲਗਾਤਾਰ ਪ੍ਰੋਗਰਾਮ ਕਰਦੇ ਰਹੇ। ਚਮਕੌਰ ਸਿੰਘ ਨੇ 1985 ਵਿੱਚ ਦੁਬਾਰਾ ਫੇਰ ਕੈਨੇਡਾ ਦਾ ਟੂਰ ਲਾਇਆ, ਸਾਥੀ ਸਨ ਬੂਟਾ ਸਿੰਘ ਬਲਾਸਪੁਰੀ ਅਤੇ ਮਲਕੀਤ ਸਿੰਘ ਰਾਮਗੜ੍ਹੀਆ। ਇਸ ਵਾਰ ਚਮਕੌਰ ਸਿੰਘ ਪੱਕੇ ਤੌਰ ’ਤੇ ਕੈਨੇਡਾ ਨਿਵਾਸੀ ਬਣ ਗਿਆ।
ਇਸ ਅਰਸੇ ਦੌਰਾਨ ਚਮਕੌਰ ਸਿੰਘ ਸੇਖੋਂ ਦੀ ਵੱਖ-ਵੱਖ ਸਾਥੀਆਂ ਨਾਲ ਬਹੁਤ ਸਾਰੀ ਰਿਕਾਰਡਿੰਗ ਵੀ ਹੋਈ ਮਿਲਦੀ ਹੈ। ਪਹਿਲੀ ਰਿਕਾਰਡਿੰਗ ਕਵੀਸ਼ਰੀ ਰੂਪ ਵਿੱਚ ਹੋਈ ਜੋ ਸੰਸਾਰ ਪ੍ਰਸਿੱਧ ਕੰਪਨੀ ਐੱਚ.ਐੱਮ.ਵੀ. ਨੇ 1974 ਵਿੱਚ ਕੀਤੀ। ਅਗਲੇ ਸਾਲ ਹੀ ਇਸੇ ਕੰਪਨੀ ਵੱਲੋਂ ਇੱਕ ਹੋਰ ਈ.ਪੀ. ਤਵਾ ਕਵੀਸ਼ਰੀ ਅਤੇ ਢਾਡੀ ਗਾਇਕੀ ਦਾ ਸੀ। ਇਹ ਰਿਕਾਰਡਿੰਗ ਬਲਵੰਤ ਸਿੰਘ ਰਾਮੂਵਾਲੀਏ ਨਾਲ ਸੀ। 1980 ਵਿੱਚ ਕੈਨੇਡਾ ਫੇਰੀ ਦੌਰਾਨ ਬਾਪੂ ਕਰਨੈਲ ਸਿੰਘ ਪਾਰਸ ਦੀ ਅਗਵਾਈ ਅਧੀਨ ਵੀ ਇੱਕ ਧਾਰਮਿਕ ਰਚਨਾਵਾਂ ਦਾ ਐੱਲ.ਪੀ. ਰਿਕਾਰਡ ਹੋਇਆ। ਇਸ ਵਿੱਚ ਅੱਠ ਰਚਨਾਵਾਂ ਸਨ। 1984 ਵਿੱਚ ਕੈਪਕੋ ਰਿਕਾਰਡਿੰਗ ਕੰਪਨੀ ਦਿੱਲੀ ਵੱਲੋਂ ਚਮਕੌਰ ਸਿੰਘ ਸੇਖੋਂ ਦੀ ਅਗਵਾਈ ਅਧੀਨ ‘ਢਾਡੀ ਲੋਕ ਗਾਥਾਵਾਂ’ ਦਾ ਇੱਕ ਐੱਲ.ਪੀ. ਰਿਲੀਜ਼ ਕੀਤਾ ਗਿਆ, ਜਿਸ ਵਿੱਚ ਸੇਖੋਂ ਦਾ ਸਾਥ ਮਲਕੀਤ ਸਿੰਘ ਰਾਮਗੜ੍ਹੀਆ ਨੇ ਨਿਭਾਇਆ ਹੈ। ਇਸੇ ਤਰ੍ਹਾਂ ਕਈ ਆਡੀਓ ਕੈਸੇਟਾਂ ਵੀ ਸੇਖੋਂ ਹੁਰਾਂ ਦੀ ਆਵਾਜ਼ ਵਿੱਚ ਸਮੇਂ-ਸਮੇਂ ’ਤੇ ਰਿਲੀਜ਼ ਹੋਈਆਂ ਹਨ। ਇਨ੍ਹਾਂ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਹੋਈਆਂ ਰਚਨਾਵਾਂ ਵਿੱਚੋਂ ਕੁਝ ਕੁ ਮੁੱਖੜੇ ਹਨ:-
- ਆਓ ਭੈਣੋ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀਂ
- ਐਸਾ ਸਾਜੂੰ ਸਿੱਖ ਛੁਪੇ ਨਾ ਲੱਖਾਂ ਵਿੱਚ ਖੜ੍ਹਾ
- ਕੁੰਡਲੀਆ ਸੱਪ ਵੀਰ ਖਾਲਸਾ ਅਜੇ ਨਹੀਂ ਮਰਿਆ
- ਨੰਗੇ ਪੈਰੀਂ ਮਾਲਕ ਅਨੰਦਪੁਰ ਦੇ ਚੱਲੇ ਮਾਛੀਵਾੜੇ ਨੂੰ
- ਮਿੱਤਰ ਪਿਆਰੇ ਨੂੰ ਜਾ ਪੌਣੇ ਕਹਿਦੇ ਹਾਲ ਮੁਰੀਦਾਂ ਦਾ (ਧਾਰਮਿਕ ਬਲਵੰਤ ਸਿੰਘ ਰਾਮੂਵਾਲੀਆ ਨਾਲ)
- ਚਾਕਰ ਲੱਗ ਕੇ ਤੇਰੇ ਵੇਲਾ ਪੂਰਾ ਕਰਲਾਂਗੇ। ਤਖਤ ਹਜ਼ਾਰਾ ਛੱਡ ਕੇ ਆਗੇ ਹਾਂ ਪਛਾੜੀ ਨੀਂ। (ਹੀਰ)
- ਆਖਾਂ ਗੱਲ ਮੈਂ ਨਣਦੇ ਕਹਿਕੇ ਨੀਂ ਸੁਣਾ ਦਿਆਂ, ਮੇਰੀ ਜਿੰਦੜੀ ਹੁੰਦੀ ਜਾਂਦੀ ਤੰਗ ਨਣਾਨੇ ਨੀਂ।
- ਮਾਂ ਸਾਹਿਬਾਂ ਦੀ ਘੂਰਦੀ ਕੁੜੀਏ ਕਿਉਂ ਹੋਈ ਐਂ ਨਿਰਲੱਜ (ਮਿਰਜ਼ਾ)
- ਸੌਂ ਲੈਣ ਦੇ ਸਾਹਿਬਾਂ ਰੱਜ ਕੇ, ਮੈਨੂੰ ਕਾਹਤੋਂ ਰਹੀ ਖਦੇੜ
- ਰਾਠਾ ਬੋਲ ਵੇ ਸੁਲੱਖਣੀ ਜ਼ੁਬਾਨ ’ਚੋਂ, ਹਾਕਾਂ ਮਾਰ ਕੇ ਬੁਲਾਵਾਂ ਮੀਆਂ ਮਿਰਜ਼ਿਆ।
- ਏਸ ਇਸ਼ਕ ਝਨਾਂ ਵਿੱਚ ਸਾਹਿਬਾਂ, ਪੂਰਾਂ ਦੇ ਡੁੱਬ ਗੇ ਪੂਰ
- ਤੇਰੇ ਪੂਰਨ ਪੁੱਤ ਨੇ, ਆਹ ਕੀਤੀ ਕਰਤੂਤ (ਪੂਰਨ)
- ਸੁਣੋ ਪਿਤਾ ਸਲਵਾਨ ਜੀ, ਨਾ ਆਵੋ ਵਿੱਚ ਜੋਸ਼
- ਰਸਾਲੂ ਖ਼ੁਦ ਮੈਂ ਆ ਗਿਆ (ਕੌਲਾਂ)
- ਕੌਲਾਂ ਤੇਰਾਂ ਤਾਲੀਏ ਕੀ ਕੀਤੀ ਕਰਤੂਤ
ਚਮਕੌਰ ਸਿੰਘ ਸੇਖੋਂ ਇੱਕ ਮਾਹਿਰ ਸਾਰੰਗੀ ਵਾਦਕ ਹੈ। ਉਸ ਦੇ ਪੋਟੇ ਸਾਰੰਗੀ ਦੀਆਂ ਤਰਬਾਂ ’ਤੇ ਇਸ ਤਰ੍ਹਾਂ ਫਿਰਦੇ ਹਨ ਜਿਵੇਂ ਪਾਣੀ ’ਤੇ ਲਹਿਰਾਂ। ਉਸ ਦਾ ਨਾਂ ਗਿਣਤੀ ਦੇ ਸਾਰੰਗੀ ਵਾਦਕਾਂ ਵਿੱਚ ਸ਼ਾਮਲ ਹੈ। ਇਸ ਦੇ ਨਾਲ ਨਾਲ ਜਿੱਥੇ ਉਹ ਇੱਕ ਵਧੀਆ ਸਾਰੰਗੀ ਵਾਦਕ ਹੈ, ਉੱਥੇ ਉਹ ਉੱਚੀ ਤੇ ਬੁਲੰਦ ਆਵਾਜ਼ ਵਾਲਾ ਸੁਰੀਲਾ ਢਾਡੀ ਗਾਇਕ ਵੀ ਹੈ। ਉਸ ਦਾ ਉਚਾਰਨ ਸਪੱਸ਼ਟ ਹੈ, ਜਿਸ ਕਾਰਨ ਉਸ ਦੀ ਗਾਇਕੀ ਆਮ ਸਰੋਤੇ ਨੂੰ ਵੀ ਸਾਫ਼ ਸਮਝ ਆਉਂਦੀ ਹੈ। ਸੇਖੋਂ ਨੇ ਜਿੰਨਾ ਵੀ ਗਾਇਆ ਹੈ, ਉਹ ਸਾਰੀ ਦੀ ਸਾਰੀ ਰਚਨਾ ਕਵੀਸ਼ਰ ਕਰਨੈਲ ਸਿੰਘ ਪਾਰਸ ਦੀ ਹੈ। ਇੱਕ ਚੰਗੇ ਕਵੀ ਦੀ ਰਚਨਾ ਨੂੰ ਇੱਕ ਚੰਗੇ ਗਾਇਕ ਵੱਲੋਂ ਗਾਇਆ ਜਾਣਾ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ।
ਚਮਕੌਰ ਸਿੰਘ ਸੇਖੋਂ ਨੇ ਦੱਸਿਆ ਕਿ ਕੈਨੇਡਾ ਆ ਕੇ ਸ਼ੁਰੂ-ਸ਼ੁਰੂ ਵਿੱਚ ਤਾਂ ਗਾਇਕੀ ਨਾਲੋਂ ਰਾਬਤਾ ਟੁੱਟ ਹੀ ਗਿਆ ਸੀ। ਹੌਲੀ ਹੌਲੀ ਏਥੇ ਢਾਡੀ ਗਾਇਕੀ ਵਿੱਚ ਰੁਚੀ ਰੱਖਣ ਵਾਲੇ ਕੁਝ ਨੌਜਵਾਨ ਮਿਲ ਗਏ। ਇਨ੍ਹਾਂ ਵਿੱਚ ਨਵਦੀਪ ਸਿੰਘ ਗਿੱਲ ਮੰਡੀ ਕਲਾਂ ਵਾਲਾ ਅਤੇ ਰਾਜ ਸਿੰਘ ਸਿੱਧੂ ਕਾਉਂਕਿਆਂ ਵਾਲਾ ਖਾਸ ਜ਼ਿਕਰਯੋਗ ਹਨ। ਨਵਦੀਪ ਨੂੰ ਇਸ ਗਾਇਕੀ ਨਾਲ ਬਚਪਨ ਤੋਂ ਹੀ ਲਗਾਓ ਸੀ ਕਿਉਂਕਿ ਪ੍ਰਸਿੱਧ ਢਾਡੀ ਕਵੀਸ਼ਰ ਕਰਤਾਰ ਸਿੰਘ ਮੰਡੀ ਕਲਾਂ ਉਸ ਦੇ ਤਾਇਆ ਲੱਗਦੇ ਸਨ। ਰਾਜਾ ਸਿੰਘ ਸਿੱਧੂ ਨੇ ਵੀ ਮਿਹਨਤ ਕਰਕੇ ਚਮਕੌਰ ਸਿੰਘ ਸੇਖੋਂ ਹੁਰਾਂ ਕੋਲੋਂ ਢਾਡੀ ਗਾਇਕੀ ਦੇ ਗੁਰ ਸਿੱਖ ਲਏ। ਇਹ ਭਾਵੇਂ ਕੋਈ ਪੇਸ਼ੇਵਰ ਜਥਾ ਨਹੀਂ ਹੈ, ਪਰ ਜਿੱਥੇ ਕਿਤੇ ਚਾਹਵਾਨ ਸਰੋਤਿਆਂ ਵੱਲੋਂ ਇਨ੍ਹਾਂ ਨੂੰ ਬੁਲਾਇਆ ਜਾਂਦਾ ਹੈ ਤਾਂ ਇਹ ਉੱਥੇ ਆਪਣੀ ਕਲਾ ਰਾਹੀਂ ਉਨ੍ਹਾਂ ਦਾ ਭਰਪੂਰ ਮਨੋਰੰਜਨ ਕਰਦੇ ਹਨ।
ਗਾਇਕੀ ਦੇ ਨਾਲ ਨਾਲ ਚਮਕੌਰ ਸਿੰਘ ਸੇਖੋਂ ਇੱਕ ਕਵੀ ਵੀ ਹੈ। ਉਸ ਨੇ ਹਾਲਾਤ ਦੀ ਮੰਗ ਅਨੁਸਾਰ ਬਹੁਤ ਸਾਰੀ ਰਚਨਾ ਕੀਤੀ। ਹੁਣ ਤੱਕ ਉਸ ਦੀਆਂ ਚਾਰ ਪੁਸਤਕਾਂ ‘ਵਾਰਾਂ ਗੁਰ ਇਤਿਹਾਸ ਦੀਆਂ-2016’, ‘ਯੋਧਿਆਂ ਦੀਆਂ ਵਾਰਾਂ-2017’, ‘ਸੰਘਰਸ਼ੀ ਯੋਧੇ-2022’ (ਕਿਸਾਨ ਮੋਰਚਾ ਦਿੱਲੀ) ਅਤੇ ‘ਖਾਲੀ ਪਿਆ ਪੰਜਾਬ ਕੁੜੇ (ਕਾਵਿ ਸੰਗ੍ਰਹਿ)-2022’ ਛਪ ਚੁੱਕੀਆਂ ਹਨ। ਅੱਗੇ ਕਾਵਿ ਰਚਨਾ ਦਾ ਉਸ ਦਾ ਸਫ਼ਰ ਜਾਰੀ ਹੈ। ਏਨੇ ਗੁਣਾਂ ਦੇ ਬਾਵਜੂਦ ਸੇਖੋਂ ਵਿੱਚ ਕੋਈ ਫੂੰ ਫਾਂ ਨਹੀਂ। ਉਹ ਇੱਕ ਨਿਮਰ ਸੁਭਾਅ ਵਾਲਾ ਨੇਕ ਇਨਸਾਨ ਹੈ। ਦੂਜਿਆਂ ਨੂੰ ਇੱਜ਼ਤ ਦੇਣੀ ਉਸ ਦੇ ਸੁਭਾਅ ਦਾ ਖਾਸਾ ਹੈ। ਇਸ ਕਾਰਨ ਉਹ ਛਿਅੱਤਰ ਬਹਾਰਾਂ ਹੰਢਾ ਕੇ ਵੀ ਨੌਜਵਾਨਾਂ ਵਾਲਾ ਦਮਖਮ ਰੱਖਦਾ ਹੈ। ਪਰਮਾਤਮਾ ਉਸ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਕਿ ਉਹ ਆਪਣੇ ਵਿਰਸੇ ਅਤੇ ਸੱਭਿਆਚਾਰ ਦੀ ਸੇਵਾ ਕਰਦਾ ਰਹੇ।
ਸੰਪਰਕ: 84271-00341