ਮੇਜਰ ਸਿੰਘ ਜਖੇਪਲ
ਉਹ ਬੜਾ ਸਪੱਸ਼ਟਵਾਦੀ ਬੰਦਾ ਹੈ। ਉਸ ਕੋਲ ਸ਼ਬਦਾਂ ਦਾ ਬੇਸ਼ੁਮਾਰ ਭੰਡਾਰ ਹੈ। ਉਹ ਹਰ ਗੱਲ ਬੜੀ ਸਹਿਜਤਾ, ਸਪੱਸ਼ਟਤਾ, ਸਲੀਕੇ ਤੇ ਤਰਕ ਨਾਲ ਕਰਦਾ ਹੈ। ਦੂਜਿਆਂ ਦੀ ਨਿੰਦਾ ਕਰਨਾ ਉਸ ਦੇ ਸੁਭਾਅ ਵਿੱਚ ਸ਼ਾਮਲ ਨਹੀਂ। ਭਾਵੇਂ ਉਹ ਟੀਸੀ ’ਤੇ ਬੈਠਾ ਹੈ, ਪਰ ਉਸ ਦੇ ਪੈਰ ਜ਼ਮੀਨ ’ਤੇ ਟਿਕੇ ਹੋਏ ਹਨ। ਉਸ ਦੇ ਲਿਖੇ ਸਾਰੇ ਗੀਤ ਯਥਾਰਥ ਨਾਲ ਜੁੜੇ ਹੋਏ ਹਨ। ਇਸੇ ਕਰਕੇ ਇਨ੍ਹਾਂ ਗੀਤਾਂ ਵਿੱਚੋਂ ਪੰਜਾਬੀ ਤੇ ਪੰਜਾਬੀ ਸੱਭਿਆਚਾਰ ਦੀ ਸੁਗੰਧ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਸੈਂਕੜੇ ਗੀਤਾਂ ਨੂੁੰ ਜਨਮ ਦੇਣ ਵਾਲੀ ਇਸ ਖੂਬਸੂਰਤ ਕਲਮ ਦਾ ਨਾਂ ਅਲਬੇਲ ਬਰਾੜ ਉਰਫ਼ ਦਿਓਣ ਵਾਲਾ ਅਲਬੇਲਾ ਹੈ।
ਬਠਿੰਡਾ ਤੋਂ 12 ਕਿਲੋਮੀਟਰ ਦੂਰ ਉਹਦਾ ਪਿੰਡ ਦਿਓਣ ਹੈ, ਜਿੱਥੇ 4 ਮਈ 1961 ਨੂੰ ਪਿਤਾ ਫਰਨੈਲ ਸਿੰਘ ਤੇ ਮਾਤਾ ਬਸੰਤ ਕੌਰ ਦੇ ਘਰ ਉਸ ਦਾ ਜਨਮ ਹੋਇਆ। ਉਸ ਨੇ ਮੁੱਢਲੀ ਪੜ੍ਹਾਈ ਪਿੰਡ ਤੇ ਕਾਲਜ ਦੀ ਪੜ੍ਹਾਈ ਡੀ.ਏ.ਵੀ. ਕਾਲਜ ਬਠਿੰਡਾ ਤੋਂ ਪ੍ਰਾਪਤ ਕੀਤੀ।
ਉਸ ਨੂੰ ਗੀਤ ਲਿਖਣ ਦਾ ਸ਼ੌਕ ਸਕੂਲ ਵਿੱਚ ਸ਼ਨਿਚਰਵਾਰ ਨੂੰ ਹੋਣ ਵਾਲੀਆਂ ਬਾਲ ਸਭਾਵਾਂ ਤੋਂ ਪਿਆ। ਉਹ ਇਨ੍ਹਾਂ ਸਭਾਵਾਂ ਵਿੱਚ ਸੁਰਿੰਦਰ ਕੌਰ, ਨਰਿੰਦਰ ਬੀਬਾ ਤੇ ਜਗਮੋਹਣ ਕੌਰ ਦੇ ਗਾਏ ਗੀਤ ਸੁਣਾਉਂਦਾ ਹੁੰਦਾ ਸੀ। ਮਾਣਕ ਦੇ ਗੀਤਾਂ ਵਿੱਚ ਵੱਜਦੇ ‘ਦੇਵ ਥਰੀਕੇ’ ਵਾਲੇ ਦੇ ਨਾਂ ਨੇ, ਉਹਨੂੰ ਗੀਤਾਂ ਦੀ ਤੁਕਬੰਦੀ ਕਰਨ ਲਾਇਆ। ਗੀਤ ਲਿਖਣੇ ਜਾਂ ਗਾਉਣੇ ਉਸ ਦੇ ਪਰਿਵਾਰ ਨੂੰ ਪਸੰਦ ਨਹੀਂ ਸਨ, ਪਰ ਉਹ ਘਰਦਿਆਂ ਤੋਂ ਡਰਦਾ ਆਪਣੀ ਗੀਤਾਂ ਵਾਲੀ ਕਾਪੀ ਨੂੰ ਲੁਕਾ ਕੇ ਰੱਖਦਾ ਸੀ।
ਜਦੋਂ ਇੱਕ ਦਿਨ ਉਸ ਨੇ ਆਪਣੇ ਗੀਤ, ਆਪਣੀ ਮਾਸੀ ਦੇ ਮੁੰਡੇ ਨਿਰਭੈ ਸਿੰਘ ਨੂੰ ਵਿਖਾਏ ਤਾਂ ਉਸ ਨੇ ਗੀਤਾਂ ਦੀ ਤਾਰੀਫ਼ ਕਰਦਿਆਂ, ਕੁਲਦੀਪ ਮਾਣਕ ਕੋਲ ਜਾਣ ਦੀ ਸਲਾਹ ਦਿੱਤੀ। ਉਹ ਅਗਲੇ ਦਿਨ ਬੱਸ ਚੜ੍ਹ ਕੇ ਲੁਧਿਆਣਾ ਮਾਣਕ ਨੂੰ ਜਾ ਮਿਲਿਆ। ਮਾਣਕ ਨੇ ਗੀਤ ਵੇਖ ਕੇ ਸਾਬਾਸ਼ ਦਿੱਤੀ। ਜਦੋਂ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਉਸ ਦਾ ਪਲੇਠਾ ਗੀਤ ‘ਅੱਖਾ ਮੂਹਰੇ ਦੀਹਦਾ ਰਹਿੰਦਾ ਹੈ ਰੜਕਦਾ-ਛੱਡੀਏ ਨਾ ਵੈਰੀ’ ਨੂੰ ਰਿਕਾਰਡ ਕਰਵਾਇਆ ਤਾਂ ਇਹ ਗੀਤ ਲੋਕਾਂ ਦੇ ਸਿਰ ਚੜ੍ਹ ਬੋਲਿਆ ਤੇ ਅਲਬੇਲ ਬਰਾੜ ਲਈ ਗੀਤਕਾਰੀ ਦੇ ਦਰਵਾਜ਼ੇ ਖੋਲ੍ਹ ਦਿੱਤੇ। ਆਪਣੇ ਪੁੱਤ ਦਾ ਪਹਿਲਾ ਗੀਤ ਸੁਣਕੇ ਪਿਉ ਨੇ ਉਸ ਨੂੰ ਘੁੱਟ ਕੇ ਗਲ ਨਾਲ ਲਾ ਲਿਆ ਤੇ ਕਿਹਾ, ‘ਪੁੱਤਰਾ ਜੇ ਲਿਖਣਾ ਹੈ ਤਾਂ ਅਜਿਹਾ ਹੀ ਲਿਖੀਂ। ਅਸੀਂ ਨਹੀਂ ਰੋਕਦੇ।’ ਪਿਉ ਦੇ ਥਾਪੜੇ ਨੇ ਉਸ ਦੇ ਅੰਦਰ ਹੋਰ ਜੋਸ਼ ਭਰ ਦਿੱਤਾ।
ਇਸ ਗੀਤ ਤੋਂ ਬਾਅਦ ਤਾਂ ਚੱਲ ਸੋ ਚੱਲ-ਕੁਲਦੀਪ ਮਾਣਕ ਨੇ ਅਲਬੇਲ ਬਰਾੜ ਦੇ ਲਿਖੇ 114 ਗੀਤ ਰਿਕਾਰਡ ਕਰਵਾਏ, ਜਿਨ੍ਹਾਂ ਵਿੱਚ ‘ਹੋਇਆ ਕੀ ਜੇ ਧੀ ਜੰਮ ਪਈ’, ‘ਨਖਰੇ ਬਿਨ ਸੋਹਣੀ ਤੀਵੀਂ’, ‘ਤੇਰੇ ਨੱਕ ਦਾ ਨੀਂ ਕੋਕਾ’, ‘ਮਣਾਂ ਮੂੰਹੀਂ ਰੂਪ ਦਾ ਗੁਮਾਨ ਕਰਦੀ’, ‘ਦਫਾ ਹੋਜਾ ਨੀਂ ਅੱਖਾਂ ਤੋਂ ਉਹਲੇ’, ‘ਸੱਚੀ ਗੱਲ ਜ਼ੁਬਾਨ ’ਤੇ ਆਇਆਂ ਨਹੀਂ ਰੁਕਦੀ’, ‘ਪਿਉ-ਪੁੱਤ ਦੀ ਯਾਰੀ’, ‘ਉਹ ਕੀ ਬੰਦੇ ਜਿਹੜੇ ਖਾਣ ਕਮਾਈ ਰੰਨਾਂ ਦੀ’, ‘ਖੁਦਾ ਤੋਂ ਤੇਰੀ ਖੈਰ ਮੰਗਦੀ’ ਤੇ ਹੋਰ ਅਨੇਕਾਂ ਗੀਤ ਸ਼ਾਮਲ ਹਨ।
‘ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ’ (ਬਲਕਾਰ ਸਿੱਧੂ), ‘ਅੱਜ ਨਿਕਲੀ ਸਰੋਂ ਦਾ ਫੁੱਲ ਬਣਕੇ’ (ਰੌਸ਼ਨ ਪ੍ਰਿੰਸ), ‘ਬਾਰਾਂ ਡੱਬੇ ਲੱਗੇ ਨੀਂ ਬਠਿੰਡੇ ਵਾਲੀ ਰੇਲ ਨੂੰ’ (ਜਸਵਿੰਦਰ ਬਰਾੜ) ਗੀਤਾਂ ਨੂੰ ਵੀ ਅਲਬੇਲ ਬਰਾੜ ਨੇ ਹੀ ਲਿਖਿਆ ਹੈ। ਇਨ੍ਹਾਂ ਤੋਂ ਬਿਨਾਂ ਜੈਜ਼ੀ ਬੀ, ਸੁਰਜੀਤ ਬਿੰਦਰਖੀਆ, ਜਗਮੋਹਣ ਕੌਰ, ਸੁਰਿੰਦਰ ਛਿੰਦਾ, ਕਰਤਾਰ ਰਮਲਾ, ਅੰਗਰੇਜ਼ ਅਲੀ, ਯੁੱਧਵੀਰ ਮਾਣਕ, ਮੇਜਰ ਰਾਜਸਥਾਨੀ, ਦਿਲਸ਼ਾਦ ਅਖ਼ਤਰ, ਪਰਗਟ ਭਾਗੂ, ਪਾਲੀ ਦੇਤਵਾਲੀਆ, ਰਣਜੀਤ ਮਣੀ, ਸ਼ੰਕਰ ਸਾਹਨੀ, ਸੁਚੇਤ ਬਾਲਾ, ਹਰਦੇਵ ਮਾਹੀਨੰਗਲ, ਧਰਮਪ੍ਰੀਤ, ਫਕੀਰ ਚੰਦ ਪਤੰਗਾ, ਬਲਵੀਰ ਚੋਟੀਆਂ ਸਮੇਤ ਸੌ ਦੇ ਕਰੀਬ ਕਲਾਕਾਰਾਂ ਨੇ ਅਲਬੇਲ ਬਰਾੜ ਦੇ ਗੀਤ ਰਿਕਾਰਡ ਕਰਵਾਏ ਹਨ। ਉਸ ਦੇ ਰਿਕਾਰਡ ਗੀਤਾਂ ਦੀ ਗਿਣਤੀ 450 ਤੋਂ ਉੱਪਰ ਹੈ ਤੇ ਉਸ ਦੀ ਕਲਮ ਹਜ਼ਾਰ ਤੋਂ ਵਧੇਰੇ ਗੀਤਾਂ ਦੀ ਸਿਰਜਣਾ ਕਰ ਚੁੱਕੀ ਹੈ।
ਅਲਬੇਲ ਬਰਾੜ ਨੇ ਕਿਹਾ, ‘ਮੇਰਾ ਕੋਈ ਵੀ ਗੀਤ ਕਲਪਨਾ ’ਤੇ ਆਧਾਰਿਤ ਨਹੀਂ ਹੈ, ਸਾਰੇ ਹੀ ਗੀਤ ਯਥਾਰਥ ਦੀ ਤਰਜ਼ਮਾਨੀ ਕਰਦੇ ਹਨ।’’ ਉਸ ਦੇ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਰਿਕਾਰਡ ਹੋਏ ਗੀਤ, ‘ਹੋਇਆ ਕੀ ਜੇ ਧੀ ਜੰਮ ਪਈ’ ਨੇ ਲੋਕਾਂ ਦੀ ਸੋਚ ਨੂੰ ਬਦਲ ਕੇ ਰੱਖ ਦਿੱਤਾ ਸੀ ਅਤੇ ਲੋਕ ਧੀਆਂ ਦੀ ਲੋਹੜੀ ਮਨਾਉਣ ਲੱਗ ਪਏ ਸਨ। ਇਹ ਗੀਤ ਅਲਬੇਲ ਬਰਾੜ ਨੇ ਆਪਣੀ ਇਕਲੌਤੀ ਧੀ ਦੇ ਜਨਮ ਵੇਲੇ ਲਿਖਿਆ ਸੀ।
ਕੁਲਦੀਪ ਮਾਣਕ ਦੀ ਗੱਲ ਤੁਰਦਿਆਂ ਉਹ ਆਖਦਾ ਹੈ, ‘‘ਮਾਣਕ ਦਿਲ ਦਾ ਸੱਚਾ ਬੰਦਾ ਸੀ। ਕਲਾਕਾਰੀ ਦਾ ਅਥਾਹ ਸਮੁੰਦਰ। ਉਹ ਇੱਕ ਸੰਸਥਾ ਦਾ ਨਾਂ ਹੈ। ਜੇ ਮਾਣਕ ਨਾ ਹੁੰਦਾ ਤਾਂ ਅਲਬੇਲ ਬਰਾੜ ਨਾ ਹੁੰਦਾ।’’ ਉਸ ਨੂੰ ਮਾਣਕ ਦੀ ਦੋਸਤੀ ’ਤੇ ਮਾਣ ਹੈ। ਉਸ ਦਾ ਮੰਨਣਾ ਹੈ ਕਿ ਕੁਲਦੀਪ ਮਾਣਕ ਦੇ ਤੁਰ ਜਾਣ ਨਾਲ ਲੋਕ-ਗਾਥਾਵਾਂ ਗਾਉਣ ਦਾ ਯੁੱਗ ਵੀ ਖਤਮ ਹੋ ਗਿਆ ਹੈ। ਗੀਤਕਾਰੀ ਵਿੱਚ ਅਨੇਕਾਂ ਮਾਣ-ਸਨਮਾਨ ਉਸ ਦੀ ਝੋਲੀ ਪਏ ਹਨ। ਪ੍ਰੋ. ਮੋਹਣ ਸਿੰਘ ਮੇਲਾ ਲੁਧਿਆਣਾ 2017, ਪੰਜਾਬੀ ਸਾਹਿਤ ਸਭਾ ਬ੍ਰਿਸਬੇਨ (ਆਸਟਰੇਲੀਆ), ਸੱਭਿਆਚਾਰ ਚੇਤਨਾ ਮੰਚ ਮਾਨਸਾ, ਗੁਰੂ ਗੋਬਿੰਦ ਸਿੰਘ ਗਰੁੱਪ ਆਫ ਇੰਸਟੀਚਿਊਟ, ਤਲਬੰਡੀ ਸਾਬੋ, ਸੁਰ ਸਾਗਰ ਕਲਾ ਮੰਚ, ਬਠਿੰਡਾ, ਮਾਲਵਾ ਸੱਭਿਆਚਾਰਕ ਸੱਥ, ਬਰਨਾਲਾ ਤੋਂ ਇਲਾਵਾ ਚਾਰ ਸੌ ਦੇ ਕਰੀਬ ਹੋਰ ਸਨਮਾਨ ਵੀ ਮਿਲੇ ਹਨ। ਉਂਜ ਉਸ ਦਾ ਕਹਿਣ ਹੈ ਕਿ ਸਭ ਤੋਂ ਵੱਡਾ ਸਨਮਾਨ ਤਾਂ ਸਰੋਤੇ ਹੀ ਹੁੰਦੇ ਹਨ।
ਅਜੋਕੀ ਅਤੇ ਪੁਰਾਤਨ ਗਾਇਕੀ ਤੇ ਗੀਤਕਾਰੀ ਬਾਰੇ ਉਸ ਦਾ ਕਹਿਣਾ ਹੈ, ‘‘ਦੋਵਾਂ ਵਿੱਚ ਜ਼ਮੀਨ- ਅਸਮਾਨ ਦਾ ਫਰਕ ਹੈ। ਅੱਜ ਦਾ ਸਮਾਂ ਵੀ ਮਾੜਾ ਨਹੀਂ ਹੈ। ਤਕਨੀਕ ਦੇ ਜ਼ਰੀਏ ਇਹ ਗੱਲਾਂ ਲੋਕਾਂ ਦੇ ਹੋਰ ਨੇੜੇ ਆ ਗਈਆਂ ਹਨ। ਲੰਬਾ ਸਮਾਂ ਪਾਵਰਕਾਮ ਵਿੱਚ ਸੇਵਾਵਾਂ ਨਿਭਾਉਣ ਵਾਲਾ ਇਹ ਅਲਬੇਲਾ ਗੀਤਕਾਰ ਮਈ 2019 ਵਿੱਚ ਸੁਪਰਡੈਂਟ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਕੇ ਹੁਣ ਬਠਿੰਡਾ ਵਿਖੇ ਆਪਣੀ ਪਤਨੀ ਤੇ ਬੇਟੀ ਨਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ।
ਸੰਪਰਕ: 94631-28483