ਚੇਨੱਈ: ਅਦਾਕਾਰ ਮਾਧਵਨ ਦੇ ਪੁੱਤਰ ਵੇਦਾਂਤ ਮਾਧਵਨ ਨੇ ਤੈਰਾਕੀ ਦੇ 1500 ਮੀਟਰ ਮੁਕਾਬਲੇ ਵਿੱਚ ਕੌਮੀ ਜੂਨੀਅਰ ਰਿਕਾਰਡ ਤੋੜਿਆ ਹੈ, ਜਿਸ ’ਤੇ ਉਸ ਦੇ ਪਿਤਾ ਨੂੰ ਫਖ਼ਰ ਹੈ। ਮਾਧਵਨ ਨੇ ਸੋਸ਼ਲ ਮੀਡੀਆ ’ਤੇ ਐਲਾਨ ਕਰਦਿਆਂ ਕਿਹਾ, ‘‘ਪ੍ਰਮਾਤਮਾ ਦੀ ਮਿਹਰ ਅਤੇ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਸਦਕਾ ਵੇਦਾਂਤ ਨੇ ਕੌਮੀ ਜੂਨੀਅਰ ਐਕੁਏਟਿਕ ਮੀਟ ਦੌਰਾਨ ਤੈਰਾਕੀ ਦੇ 1500 ਮੀਟਰ ਫ੍ਰੀਸਟਾਈਲ ਮੁਕਾਬਲੇ ਵਿੱਚ ਰਿਕਾਰਡ ਬਣਾਇਆ ਹੈ।’’ ਅਦਾਕਾਰ ਨੇ ਮੁਕਾਬਲੇ ਦਾ ਲਿੰਕ ਸਾਂਝਾ ਕਰਦਿਆਂ ਕਿਹਾ, ‘‘48ਵੀਂ ਜੂਨੀਅਰ ਨੈਸ਼ਨਲ ਐਕੁਏਟਿਕ ਚੈਂਪੀਅਨਸ਼ਿਪ 2022 (ਫਾਈਨਲ)। ਵੇਦਾਂਤ 1500 ਮੀਟਰ ਜੂਨੀਅਰ ਕੌਮੀ ਫਾਈਨਲ ਵਿੱਚ ਹੈ। ਹੁਣੇ ਲਾਈਵ ਦੇਖੋ।’’ ਉਸ ਨੇ ਲਿਖਿਆ, ‘‘ਕਦੇ ਹਾਰ ਨਾ ਮੰਨੋ। ਤੈਰਾਕੀ ਦਾ 1500 ਮੀਟਰ ਫ੍ਰੀਸਟਾਈਲ ਕੌਮੀ ਜੂਨੀਅਰ ਰਿਕਾਰਡ ਟੁੱਟ ਗਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਵੇਦਾਂਤ ਨੇ ਤੈਰਾਕੀ ਵਿੱਚ ਤਗ਼ਮਾ ਜਿੱਤਿਆ ਹੋਵੇ। ਉਸ ਨੇ ਇਸ ਸਾਲ ਦੇ ਸ਼ੁਰੂ ਵਿੱਚ ਕੋਪਨਹੇਗਨ ਵਿੱਚ ਹੋਏ ਡੈਨਿਸ਼ ਓਪਨ ਦੌਰਾਨ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਗ਼ਮਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸੀ।’’ ਪਿਛਲੇ ਸਾਲ ਬੰਗਲੁਰੂ ਵਿੱਚ ਹੋਈ 47ਵੀਂ ਜੂਨੀਅਰ ਨੈਸ਼ਨਲ ਐਕੁਏਟਿਕ ਚੈਂਪੀਅਨਸ਼ਿਪਜ਼ ਦੌਰਾਨ 16 ਸਾਲਾ ਵੇਦਾਂਤ ਨੇ ਤੈਰਾਕੀ ਵਿੱਚ ਚਾਰ ਚਾਂਦੀ ਦੇ ਤਗ਼ਮੇ ਅਤੇ ਤਿੰਨ ਕਾਂਸੀ ਦੇ ਤਗ਼ਮੇ ਜਿੱਤੇ ਸਨ। ਇਸ ਤੋਂ ਪਹਿਲਾਂ ਪਿਛਲੇ ਸਾਲ ਮਾਰਚ ਮਹੀਨੇ ਉਸ ਨੇ ਲਾਤਵੀਅਨ ਓਪਨ ਤੈਰਾਕੀ ਚੈਂਪੀਅਨ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। -ਆਈਏਐੱਨਐੱਸ