ਮੁੰਬਈ: ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ਨੈੱਟਫਲਿਕਸ ’ਤੇ ਆਪਣੀ ਪਹਿਲੀ ਵੈੱਬਸੀਰੀਜ਼ ‘ਦਿ ਫੇਮ ਗੇਮ’ ਰਾਹੀਂ ਡਿਜੀਟਲ ਪਲੈਟਫਾਰਮ ’ਤੇ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੀ ਹੈ। ਉਹ 21 ਸਾਲਾਂ ਬਾਅਦ ਅਦਾਕਾਰ ਸੰਜੈ ਕਪੂਰ ਨਾਲ ਮੁੜ ਸਕਰੀਨ ’ਤੇ ਦਿਖਾਈ ਦੇਵੇਗੀ। ਇਸ ਸੀਰੀਜ਼ ਬਾਰੇ ਗੱਲ ਕਰਦਿਆਂ ਮਾਧੁਰੀ ਨੇ ਆਪਣੇ ਸਹਿ ਕਲਾਕਾਰ ਸੰਜੈ ਕਪੂਰ ਨਾਲ ਲੰਮੇ ਅਰਸੇ ਮਗਰੋਂ ਕੰਮ ਕਰਨ ਅਤੇ ਅਦਾਕਾਰ ਮਾਨਵ ਕੌਲ ਨਾਲ ਪਹਿਲੀ ਵਾਰ ਕੰਮ ਕਰਨ ਬਾਰੇ ਗੱਲ ਕਰਦਿਆਂ ਕਿਹਾ, ‘ਮੇਰਾ ਤਜਰਬਾ ਬਹੁਤ ਹੀ ਵਧੀਆ ਰਿਹਾ। ਸੀਰੀਜ਼ ਦੀ ਸ਼ੂਟਿੰਗ ਦੌਰਾਨ ਕਈ ਪੁਰਾਣੀਆਂ ਯਾਦਾਂ ਤਾਜ਼ਾ ਹੋਈਆਂ। ਮੈਨੂੰ ਸੰਜੈ ਨਾਲ ਕੰਮ ਕਰਕੇ ਬਹੁਤ ਮਜ਼ਾ ਆਇਆ ਕਿਉਂਕਿ ਅਸੀਂ ਬਹੁਤ ਲੰਮੇ ਅਰਸੇ ਬਾਅਦ ਇਕੱਠੇ ਹੋਏ ਸੀ। ਸ਼ੂਟਿੰਗ ਦੌਰਾਨ ਅਸੀਂ ਬਹੁਤ ਸਾਰੇ ਕਿੱਸੇ ਯਾਦ ਕੀਤੇ। ਇਹ ਇੱਕ ਬਹੁਤ ਪੁਰਾਣੇ ਮਿੱਤਰ ਨੂੰ ਮਿਲਣ ਵਾਂਗ ਸੀ।’ ਮਾਨਵ ਨਾਲ ਕੰਮ ਕਰਨ ਦੇ ਤਜਰਬੇ ਬਾਰੇ ਮਾਧੁਰੀ ਨੇ ਕਿਹਾ, ‘ਮਾਨਵ ਨਾਲ ਕੰਮ ਕਰਨ ਦਾ ਮੇਰਾ ਇਹ ਪਹਿਲਾ ਤਜਰਬਾ ਹੈ। ਉਹ ਬਹੁਤ ਹੀ ਬਿਹਤਰੀਨ ਅਦਾਕਾਰ ਹੈ ਤੇ ਉਸ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਸਾਡੇ ਦੋਵਾਂ ਵਿਚ ਬਹੁਤ ਹੀ ਵਧੀਆ ਤਾਲਮੇਲ ਰਿਹਾ। ਇਨ੍ਹਾਂ ਦੋਵੇਂ ਬਾਕਮਾਲ ਕਲਾਕਾਰਾਂ ਨਾਲ ਕੰਮ ਕਰਕੇ ਮੈਨੂੰ ਬਹੁਤ ਹੀ ਚੰਗਾ ਲੱਗਿਆ।’ ਜ਼ਿਕਰਯੋਗ ਹੈ ਕਿ ਮਾਧੁਰੀ ਤੇ ਸੰਜੈ ਨੇ ਪਹਿਲਾਂ ‘ਰਾਜਾ’ ਤੇ ‘ਮੋਹੱਬਤ’ ਵਰਗੀਆਂ ਸਫ਼ਲ ਫਿਲਮਾਂ ਵਿੱਚ ਇਕੱਠਿਆਂ ਕੰਮ ਕੀਤਾ ਹੈ।
ਦੂਜੇ ਪਾਸੇ ਅਦਾਕਾਰ ਸੰਜੈ ਕਪੂਰ ਨੇ ਮਾਧੁਰੀ ਬਾਰੇ ਕਿਹਾ, ‘ਮੇਰੇ ਲਈ ਇਸ ਪ੍ਰਾਜੈਕਟ ਦੌਰਾਨ ਹਰ ਪਲ ਬਹੁਤ ਹੀ ਖੁਸ਼ੀ ਵਾਲਾ ਸੀ। ਅਸੀਂ ਲੰਮੇ ਅਰਸੇ ਬਾਅਦ ਇਕੱਠਿਆਂ ਕੰਮ ਕਰ ਰਹੇ ਸੀ ਤੇ ਮੈਨੂੰ ਇੱਕ ਪਲ ਲਈ ਵੀ ਇੰਜ ਨਹੀਂ ਲੱਗਿਆ ਕਿ ਅਸੀਂ ਇੰਨੇ ਲੰਮੇ ਸਮੇਂ ਬਾਅਦ ਇਕੱਠੇ ਕੰਮ ਕਰ ਰਹੇ ਹਾਂ।’ ਅਦਾਕਾਰ ਨੇ ਕਿਹਾ ਕਿ ਇਹ ਗੱਲ ਸਾਰੇ ਹੀ ਜਾਣਦੇ ਹਨ ਕਿ ਮਾਧੁਰੀ ਇੱਕ ਬਾਕਮਾਲ ਅਦਾਕਾਰਾ ਹੈ, ਪਰ ਉਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਉਹ ਬਹੁਤ ਹੀ ਨਿਮਰ ਹੈ। ਜ਼ਿਕਰਯੋਗ ਹੈ ਕਿ ਇਹ ਵੈੱਬਸੀਰੀਜ਼ 25 ਫਰਵਰੀ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ। -ਆਈਏਐੱਨਐੱਸ