ਅਸ਼ੋਕ ਬਾਂਸਲ ਮਾਨਸਾ
ਇੰਡੀਅਨ ਵਰਕਰਜ਼ ਐਸੋਸੀਏਸ਼ਨ ਗਰੇਟ ਬ੍ਰਿਟੇਨ ਐਂਡ ਇੰਡੀਅਨ ਪੀਪਲਜ਼ ਇਨ ਨਾਰਥ ਅਮਰੀਕਾ (ਇਪਾਨਾ) ਦੇ ਸਾਂਝੇ ਉੱਦਮ ਸਦਕਾ ਕੈਨੇਡਾ ਦੀ ਧਰਤੀ ’ਤੇ ਇੱਕ ਐੱਲ. ਪੀ. ਰਿਕਾਰਡ ਬਣਿਆ ਸੀ ਜਿਸ ਦੇ ਗੀਤਕਾਰ ਤੇ ਗਾਇਕ ਸਨ ‘ਸੰਤ ਰਾਮ ਉਦਾਸੀ’। ਇਹ ਰਿਕਾਰਡ ਸੰਤ ਰਾਮ ਉਦਾਸੀ ਦੀ 1979 ਕੈਨੇਡਾ ਫੇਰੀ ਸਮੇਂ ਬਣਿਆ ਸੀ।
ਇਸ ਰਿਕਾਰਡ ਦਾ ਟਾਈਟਲ ਸੀ, ‘ਸੰਤ ਰਾਮ ਉਦਾਸੀ ਦੇ ਗੀਤ’ ਤੇ ਨਾਲ ਹੀ ਅੰਗਰੇਜ਼ੀ ਵਿੱਚ ਲਿਖਿਆ ਸੀ, ‘REVOLUTIONARY SONGS FROM INDIA’ ਇਸ ਰਿਕਾਰਡ ’ਤੇ ਸਾਰੀ ਇਬਾਰਤ ਅੰਗਰੇਜ਼ੀ ਵਿੱਚ ਹੀ ਲਿਖੀ ਹੋਈ ਸੀ। ਜਿਸ ਦਾ ਪੰਜਾਬੀ ਵਿੱਚ ਤਰਜਮਾ ਇਸ ਤਰ੍ਹਾਂ ਹੈ;
‘‘ਸੰਤ ਰਾਮ ਉਦਾਸੀ ਲੋਕਾਂ ਦਾ ਆਦਮੀ ਅਤੇ ਕਵੀ ਹੈ। ਉਸ ਦਾ ਜਨਮ ਪੰਜਾਬ ਵਿੱਚ ਇੱਕ ਬੇਜ਼ਮੀਨੇ ‘ਦਲਿਤ’ ਪਰਿਵਾਰ ’ਚ ਹੋਇਆ। ਭਾਰਤੀ ਲੋਕਾਂ ਦੀਆਂ ਇਨਕਲਾਬੀ ਜੱਦੋਜਹਿਦਾਂ ’ਚ ਸਰਗਰਮੀ ਨਾਲ ਹਿੱਸਾ ਲੈਣ ਦੇ ਨਾਲ ਨਾਲ, ਉਦਾਸੀ ਨੇ ਇਨ੍ਹਾਂ ਜੱਦੋਜਹਿਦਾਂ ਵਿੱਚ ਆਪਣੀ ਕਵਿਤਾ ਰਾਹੀਂ ਵੀ ਯੋਗਦਾਨ ਪਾਇਆ ਹੈ। ਉਸ ਦੇ ਸਿਆਸੀ ਵਿਚਾਰਾਂ ਕਰਕੇ ਭਾਰਤੀ ਸਟੇਟ ਵੱਲੋਂ ਉਸ ਨੂੰ ਕਈ ਵਾਰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਉੱਤੇ ਅੰਨ੍ਹਾ ਤਸ਼ੱਦਦ ਢਾਹਿਆ ਗਿਆ ਜਿਸ ਕਾਰਨ ਉਸ ਦੀਆਂ ਅੱਖਾਂ ਦੀ ਲੋਅ ਬਹੁਤ ਘਟ ਗਈ।’’
‘‘ਉਦਾਸੀ ਦੇ ਗੀਤ ਭਾਰਤੀ ਲੋਕਾਂ ਦੀ ਜੱਦੋਜਹਿਦ ਅਤੇ ਹੌਸਲੇ ਦਾ ਜਸ਼ਨ ਮਨਾਉਂਦੇ ਹਨ। ਉਹ ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਦੱਬੇ ਕੁਚਲੇ ਲੋਕਾਂ ਦੇ ਗੀਤ ਗਾਉਂਦਾ ਹੈ। ਉਹ ਲੋਕਾਂ ਦੀਆਂ ਦੱਬੀਆਂ ਕੁਚਲੀਆਂ ਹਾਲਤਾਂ, ਜਾਗੀਰਦਾਰਾਂ, ਸੂਦਖੋਰਾਂ ਅਤੇ ਅਮੀਰਾਂ ਵੱਲੋਂ ਹੁੰਦੀ ਲੁੱਟ-ਖਸੁੱਟ ਪ੍ਰਤੀ ਨਫ਼ਰਤ ਅਤੇ ਲੋਕਾਂ ਵੱਲੋਂ ਆਪਣੀ ਆਜ਼ਾਦੀ ਵਾਸਤੇ ਹਥਿਆਰਬੰਦ ਘੋਲ ਕਰਨ ਦੇ ਬੁਲੰਦ ਇਰਾਦਿਆਂ ਦੇ ਗੀਤ ਗਾਉਂਦਾ ਹੈ। ਇਨ੍ਹਾਂ ਗੀਤਾਂ ਦਾ ਸੋਮਾ ਭਾਰਤੀ ਲੋਕਾਂ ਦੇ ਸੱਭਿਆਚਾਰ ਦੇ ਨਾਲ ਨਾਲ ਨਕਸਲਬਾੜੀ ਲਹਿਰ ਦਾ ਇਨਕਲਾਬੀ ਘੋਲ ਵੀ ਹੈ। ਇਹ ਗੀਤ ਭਾਰਤ ਦੇ ਨਵ-ਜਮਹੂਰੀ ਇਨਕਲਾਬ ਦੇ ਗੀਤ ਹਨ।’’
ਇਸ ਰਿਕਾਰਡ ਦੇ ਦੋਵੇਂ ਪਾਸੇ ਛੇ-ਛੇ ਗੀਤ ਸਨ, ਭਾਵ ਕੁੱਲ ਬਾਰਾਂ ਗੀਤ। ਇਨ੍ਹਾਂ ਗੀਤਾਂ ਵਿੱਚ ਕਿਸੇ ਕਿਸਮ ਦਾ ਕੋਈ ਸੰਗੀਤ ਨਹੀਂ ਸੀ। ਰਿਕਾਰਡ ’ਤੇ ਗੀਤਾਂ ਦਾ ਵੇਰਵਾ ਇਸ ਤਰ੍ਹਾਂ ਸੀ: ਸਾਈਡ-1- ਸਾਡੀ ਬੀਹੀ ਵਿੱਚ ਚੂੜੀਆਂ ਦਾ ਹੋਕਾ, ਦੇਸ਼ ਹੈ ਪਿਆਰਾ ਸਾਨੂੰ, ਸਾਡਾ ਅੰਮੀਓ ਕਰੋ ਨਾ ਜ਼ਰਾ ਝੋਰਾ, ਕੰਮੀਆਂ ਦਾ ਵਿਹੜਾ, ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਪਹਿਲਾਂ ਅਤੇ ਡੋਲੀ। ਸਾਈਡ-2 ’ਤੇ ਹਨ- ਮੇਰੇ ਮਿੱਤਰਾ, ਉੱਠਣ ਦਾ ਵੇਲਾ, ਜੱਟ ਤੇ ਸੀਰੀ ਦਾ ਹਾਲ, ਲੋਕੋ ਬਾਜ਼ ਆ ਜਾਓ ਝੂਠੇ ਲੀਡਰਾਂ ਤੋਂ, ਮਾਰੇ ਗਏ ਮਿੱਤਰਾਂ ਦੇ ਪਿੰਡ ਅਤੇ ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼।
ਉਸ ਵੇਲੇ ਇਹ ਰਿਕਾਰਡ ਸਿੱਧੇ ਰੂਪ ’ਚ ਪੰਜਾਬ ਨਹੀਂ ਸੀ ਅੱਪੜਿਆ। ਵਿੰਗੇ-ਟੇਢੇ ਢੰਗ ਨਾਲ ਰਿਕਾਰਡ ਦੀਆਂ ਇੱਕ-ਦੋ ਕਾਪੀਆਂ ਜਾਂ ਕੈਸੇਟਾਂ ਦੇ ਰੂਪ ਵਿੱਚ ਇਹ ਭਾਰਤ ਪਹੁੰਚਿਆ। ਇਸ ਰਿਕਾਰਡ ਦੇ ਗੀਤ ਪੰਜਾਬ ਦੀਆਂ ਫ਼ਿਜ਼ਾਵਾਂ ’ਚ ਤੂਤੜੇ ਦੀ ਧੂਣੀ ਵਾਂਗੂ ਧੁਖਦੇ ਰਹੇ ਤੇ ਅੱਜ ਤੱਕ ਧੁਖ ਰਹੇ ਹਨ, ਪਰ ਅਜੇ ਤੱਕ ਭਾਂਬੜ ਨਹੀਂ ਬਣੇ। ਜਿਵੇਂ ਰਿਕਾਰਡ ’ਤੇ ਲਿਖੀ ਇਬਾਰਤ ਹੀ ਦੱਸਦੀ ਹੈ ਕਿ ਇਹ ਗੀਤ ਮਿਹਨਤਕਸ਼ ਮਜ਼ਦੂਰਾਂ ਦੇ ਗੀਤ ਹਨ ਤੇ ਸਾਮਰਾਜਵਾਦ ਦੇ ਦੌਰ ਵਿੱਚ ਪੂੰਜੀਪਤੀ, ਸ਼ਾਹੂਕਾਰੇ, ਸੂਦਖੋਰੇ ਸਮਾਜ ਵਿੱਚ ਮਿਹਨਤਕਸ਼ ਤੇ ਮਜ਼ਦੂਰ ਦੀ ਆਵਾਜ਼ ਤੂਤੜੇ ਦੀ ਧੂਣੀ ਵਾਂਗ ਹੀ ਧੁਖਦੀ ਰਹਿੰਦੀ ਹੈ। ਇਨ੍ਹਾਂ ਗੀਤਾਂ ਵਿੱਚੋਂ ਉਸ ਦਾ ਸਮੁੱਚਾ ਵਿਅਕਤਿਤਵ ਨਜ਼ਰ ਆ ਜਾਂਦਾ ਹੈ। ਉਦਾਸੀ ਆਪਣੇ ਗੀਤਾਂ ਵਿੱਚ ਕਿਰਤੀਆਂ ਦੀ ਬਾਤ ਪਾਉਂਦਾ ਹੈ। ਉਦਾਸੀ ਲਿਖਦਾ ਹੈ ਕਿ ਮੈਨੂੰ ਮੇਰਾ ਦੇਸ਼ ਮੇਰੀ ਜਿੰਦ ਨਾਲੋਂ ਪਿਆਰਾ ਹੈ। ਪਰ ਜੇ ਮੇਰੇ ਦੇਸ਼ ਦਾ ਮਿਹਨਤਕਸ਼ ਤਬਕਾ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ ਹੈ ਤਾਂ ਇਸ ਤਬਕੇ ਨੂੰ ਲਾਮਬੰਦ ਕਰ ਕੇ ਲਹੂ ਪੀਣੀਆਂ ਜੋਕਾਂ ਤੋਂ ਖਹਿੜਾ ਛੁਡਾਉਣਾ ਹੀ ਪਵੇਗਾ:
ਦੇਸ਼ ਹੈ ਪਿਆਰਾ, ਸਾਨੂੰ ਜ਼ਿੰਦਗੀ ਪਿਆਰੀ ਨਾਲੋਂ
ਪਰ ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ
ਅਸੀਂ ਤੋੜ ਦੇਣੀ, ਲਹੂ ਪੀਣੀ ਜੋਕ ਹਾਣੀਆਂ
ਅਗਲੇ ਗੀਤ ਵਿੱਚ ਗੀਤਕਾਰ ਇੱਕ ਸੰਘਰਸ਼ਸ਼ੀਲ ਯੋਧੇ ਦੇ ਮਾਂ-ਬਾਪ ਨੂੰ ਮੁਖਾਤਿਬ ਹੋ ਕੇ ਲਿਖਦੈ;
ਸਾਡੇ ਵੀਰਾਂ ਨੂੰ ਵਰਜ ਕੇ ਘਰਾਂ ਅੰਦਰ
ਜਿਉਂਦੀ ਮਾਰਿਓ ਨਾ ਸਾਡੀ ਆਬ ਮਾਤਾ
ਭਗਤ ਸਿੰਘ ਦੀ ਮਾਤਾ ਬੇਸ਼ੱਕ ਬਣਿਓ
ਹਾੜੇ ਬਣਿਓ ਨਾ ਕਿਤੇ ਪੰਜਾਬ ਮਾਤਾ
ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ
ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਬਾਪੂ
ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ
ਏਡੀ ਲੰਮੀ ਏ ਸਾਡੀ ਕਤਾਰ ਬਾਪੂ।
ਅਗਲੇ ਗੀਤ ਵਿੱਚ ਉਦਾਸੀ ‘ਕੰਮੀਆਂ’ ਦੀ ਅੰਦਰਲੀ ਅੱਗ ਨੂੰ ਸੂਰਜ ਵਾਂਗ ਮਘਣ ਲਈ ਅਰਜ਼ੋਈ ਕਰਦਾ ਹੈ ਕਿ ਉਹ ਅੱਗ ਠੰਢੀ ਨਾ ਪਵੇ। ਉਹ ਆਖਦਾ ਹੈ;
ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ
ਜਿੱਥੇ ਬੰਦਾ ਜੰਮਦਾ ਸੀਰੀ ਹੈ, ਟਕਿਆਂ ਦੀ ਮੀਰੀ ਪੀਰੀ ਹੈ
ਜਿੱਥੇ ਕਰਜ਼ੇ ਹੇਠ ਪੰਜੀਰੀ ਹੈ
ਪਿਉਆਂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜਿਹੜੇ
ਸੰਤ ਰਾਮ ਉਦਾਸੀ ’ਤੇ ਸਿੱਖ ਇਤਿਹਾਸ ਦਾ ਬਹੁਤ ਵੱਡਾ ਪ੍ਰਭਾਵ ਰਿਹਾ ਹੈ। ਉਹ ਦਿੱਲੀ ਦੇ ਤਖ਼ਤ ਨੂੰ ਵੰਗਾਰਦਾ ਹੋਇਆ ਲਿਖਦਾ ਹੈ;
ਦਿੱਲੀਏ ਦਿਆਲਾ ਦੇਖ, ਦੇਗ ’ਚ ਉਬਲਦਾ ਨੀਂ
ਅਜੇ ਤੇਰਾ ਦਿਲ ਨਾ ਠਰੇ
ਪੂੰਜੀਪਤੀ ਯੁੱਗ ਵਿੱਚ ਗ਼ਰੀਬ ਦੀ ਧੀ ਸੁਰੱਖਿਅਤ ਨਹੀਂ ਹੈ। ਸੰਤ ਰਾਮ ਉਦਾਸੀ ਦਾ ਗੀਤ ‘ਡੋਲੀ’ ਮੁਟਿਆਰ ਹੋਈ ਗ਼ਰੀਬ ਦੀ ਧੀ ਦੇ ਵਲਵਲੇ ਇਸ ਤਰ੍ਹਾਂ ਦਰਸਾਉਂਦਾ ਹੈ;
ਹੱਸ ਹੱਸ ਤੋਰ ਦੇ ਤੂੰ ਡੋਲੀ ਮੇਰੇ ਬਾਬਲਾ ਵੇ
ਕਿਹੜੀ ਗੱਲੋਂ ਰਿਹਾ ਏਂ ਤੂੰ ਝੂਰ
ਜਿਵੇਂ ਸਾਡਾ ਸਾਰਿਆਂ ਦਾ ਢਿੱਡ ਰੋਟੀ ਮੰਗਦਾ ਏ
ਮਾਂਗ ਮੇਰੀ ਮੰਗਦੀ ਸੰਧੂਰ
ਅਗਲੇ ਗੀਤ ਵਿੱਚ ਉਹ ਕਿਰਤੀ ਕਾਮਿਆਂ ਨੂੰ ਹਲੂਣ ਕੇ ਜਗਾਉਂਦਾ ਹੋਇਆ ਲਿਖਦੈ;
ਉੱਠ ਕਿਰਤੀਆ ਉੱਠ ਵੇ ਉੱਠਣ ਦਾ ਵੇਲਾ
ਜੜ ਵੈਰੀ ਦੀ ਪੁੱਟ ਵੇ, ਪੁੱਟਣ ਦਾ ਵੇਲਾ
ਉੱਠ ਕਿਸਾਨਾਂ ਉੱਠ ਵੇ, ਉੱਠਣ ਦਾ ਵੇਲਾ
ਕਿਸਾਨ ਤੇ ਸੀਰੀ ਦੀ ਸਾਂਝੀ ਵਿੱਥਿਆ ਨੂੰ ਬਿਆਨ ਕਰਦਾ ਉਦਾਸੀ ਆਖਦਾ ਹੈ ਕਿ ਮਿਹਨਤ ਮਜ਼ਦੂਰੀ ਕਰਕੇ ਪੈਦਾ ਕੀਤੀ ਫ਼ਸਲ ਦਾ ਮੰਡੀ ਵਿੱਚ ਸਹੀ ਮੁੱਲ ਨਹੀਂ ਪੈਂਦਾ;
ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ
ਬੋਹਲਾਂ ਵਿੱਚੋਂ ਨੀਰ ਵਗਿਆ
ਲਿਆ ਤਗਲੀ ਨਸੀਬਾਂ ਨੂੰ ਫਰੋਲੀਏ
ਤੂੜੀ ਵਿੱਚੋਂ ਪੁੱਤ ਜੱਗਿਆ
ਲੋਕਾਂ ਨੂੰ ਲਾਰੇ ਲਾ ਕੇ, ਵੋਟਾਂ ਲੈ ਕੇ, ਨਿੱਜੀ ਐਸ਼ੋ-ਆਰਾਮ ਕਰਨ ਵਾਲੇ ਲੀਡਰਾਂ ਤੋਂ ਲੋਕਾਂ ਨੂੰ ਸੁਚੇਤ ਕਰਦਾ ਹੋਇਆ ਉਹ ਲਿਖਦਾ ਹੈ;
ਲੋਕੋ ਬਾਜ ਆ ਜਾਓ, ਝੂਠੇ ਲੀਡਰਾਂ ਤੋਂ
ਇਨ੍ਹਾਂ ਦੇਸ਼ ਨੂੰ ਬਿਲੇ ਲਗਾ ਛੱਡਣੈ
ਇਨ੍ਹਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ
ਇਨ੍ਹਾਂ ਥੋਨੂੰ ਵੀ ਵੇਚ ਕੇ ਖਾ ਛੱਡਣੈ
ਸ਼ਹਾਦਤ ਦਾ ਜਾਮ ਪੀ ਚੁੱਕੇ ਨੌਜਵਾਨਾਂ ਦੇ ਪਿੰਡ ਦੇ ਹਾਲਾਤ, ਬਜ਼ੁਰਗ ਮਾਪਿਆਂ ਦੇ ਹਾਲਾਤ ਤੇ ਪਰਿਵਾਰ ਦੀ ਚਿੰਤਾ ਉਦਾਸੀ ਦੇ ਗੀਤ ਵਿੱਚ ਇੰਝ ਆਉਂਦੀ ਹੈ;
ਮਾਰੇ ਗਏ ਮਿੱਤਰਾਂ ਦੇ ਪਿੰਡ ਦੀਏ ’ਵਾਏ
ਖੈਰ-ਸੁੱਖ ਦਾ ਸੁਨੇਹੜਾ ਕੋਈ ਲਿਆ
ਓਸ ਮਾਂ ਦਾ ਬਣਿਆ ਕੀ ਆਂਦਰਾਂ ਦੀ ਅੱਗ ਜੀਹਦੀ
ਗਈ ਕਸਤੂਰੀਆਂ ਖਿੰਡਾ
ਇਪਾਨਾ ਦੁਆਰਾ ਕੈਨੇਡਾ ਵਿਖੇ ਉਦਾਸੀ ਦੇ ਇਨ੍ਹਾਂ ਗੀਤਾਂ ਦੀ ਰਿਕਾਰਡਿੰਗ ਤੋਂ ਪੂਰੇ ਦਸ ਵਰ੍ਹਿਆਂ ਬਾਅਦ ਇਹ ਗੀਤ ਫਿਰ ਚਰਚਾ ਵਿੱਚ ਆਏ, ਜਦੋਂ ਸੰਤ ਰਾਮ ਉਦਾਸੀ ਦੇ ਇਨ੍ਹਾਂ ਗੀਤਾਂ ਨੂੰ ਪੰਜਾਬ ਵਿੱਚ ਸ਼ਿੰਗਾਰਾ ਸਿੰਘ ਚਹਿਲ ਨੇ 1989 ਵਿੱਚ ਕੈਸੇਟ ਦੇ ਰੂਪ ਵਿੱਚ ਟਾਈਟਲ ‘ਚੂੜੀਆਂ ਦਾ ਹੋਕਾ’ ਹੇਠ ਰਿਕਾਰਡ ਕਰਵਾਇਆ। ਇਸ ਤਰ੍ਹਾਂ ਇਹ ਗੀਤ ਧੁਖਦੇ-ਧੁਖਦੇ ਲੰਮੀ ਖਾਮੋਸ਼ੀ ਬਾਅਦ ਆਮ ਪੰਜਾਬੀ ਸਰੋਤਿਆਂ ਤੱਕ ਅੱਪੜੇ। ਇਹ ਕੈਸੇਟ ਬਹੁਤ ਵੱਡੀ ਗਿਣਤੀ ਵਿੱਚ ਵਿਕੀ। ਇਸ ਦੀ ਸਫਲਤਾ ਤੋਂ ਚਾਰ ਕੁ ਮਹੀਨਿਆਂ ਬਾਅਦ ਹੀ ਦੂਜੀ ਕੈਸੇਟ ‘ਕੰਮੀਆਂ ਦਾ ਵਿਹੜਾ’ ਵੀ ਇਨ੍ਹਾਂ ਵਿੱਚੋਂ ਬਾਕੀ ਚੋਣਵੇਂ ਗੀਤ ਲੈ ਕੇ ਰਿਕਾਰਡ ਕਰਵਾਈ ਗਈ ਅਤੇ ਉਹ ਵੀ ਪੂਰੀ ਤਰ੍ਹਾਂ ਸਫਲ ਰਹੀ। ਅਸਲ ਵਿੱਚ ਇਨ੍ਹਾਂ ਕੈਸੇਟਾਂ ਦੀ ਸਫਲਤਾ ਦਾ ਪੈਮਾਨਾ ਨਿੱਜੀ ਫਾਇਦਾ ਨਾ ਹੋ ਕੇ ਸੰਤ ਰਾਮ ਉਦਾਸੀ ਦੀ ਗੀਤਕਾਰੀ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਸੀ। ਇਸ ਤੋਂ ਬਾਅਦ ਤਾਂ ਪੰਜਾਬੀ ਦੇ ਕਮਰਸ਼ੀਅਲ ਗਾਇਕਾਂ ਵਿੱਚੋਂ ਜਸਬੀਰ ਜੱਸੀ ਅਤੇ ਦਵਿੰਦਰ ਕੋਹੇਨੂਰ ਨੇ ਉਸ ਦੇ ਗੀਤਾਂ ਨੂੰ ਆਪਣੀ ਆਵਾਜ਼ ਵਿੱਚ ਰਿਕਾਰਡ ਕਰਵਾਇਆ ।
ਪੰਜਾਬੀ ਕਾਵਿ ਸਾਹਿਤ ਵਿੱਚ ਇਨਕਲਾਬੀ ਪੁੱਠ ਵਾਲਾ ਕਾਵਿ ਕੋਈ ਨਿਵੇਕਲਾ ਸੰਕਲਪ ਨਹੀਂ ਹੈ। ਇਹ ਪੁਰਾਤਨ ਪੰਜਾਬੀ ਸਾਹਿਤ ਤੋਂ ਮੱਧਕਾਲੀ ਪੰਜਾਬੀ ਸਾਹਿਤ ਰਾਹੀਂ ਆਧੁਨਿਕ ਪੰਜਾਬੀ ਗੀਤਾਂ ਅਤੇ ਵੱਖ-ਵੱਖ ਕਾਵਿ ਰੂਪਾਂ ਵਿੱਚ ਆਇਆ ਹੈ। ਸਿੱਖ ਫ਼ਲਸਫ਼ਾ ਇਨਕਲਾਬੀ ਸਾਹਿਤ ਨਾਲ ਭਰਿਆ ਪਿਆ ਹੈ। ਮੌਜੂਦਾ ਦੌਰ ਵਿੱਚ ਜਦੋਂ ਅਸੀਂ ਸੰਤ ਰਾਮ ਉਦਾਸੀ ਦੀ ਕਾਵਿ ਕਲਾ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਆਧੁਨਿਕ ਦੌਰ ਵਿੱਚ ਸੰਤ ਰਾਮ ਉਦਾਸੀ ਪੰਜਾਬੀ ਦੇ ਉਨ੍ਹਾਂ ਇੱਕਾ-ਦੁੱਕਾ ਕਵੀਆਂ ਗੀਤਕਾਰਾਂ ਵਿੱਚ ਆਉਂਦਾ ਹੈ, ਜਿਨ੍ਹਾਂ ਨੇ ਇਨਕਲਾਬੀ ਸੁਰ ਨੂੰ ਦਗਦੇ ਰੂਪ ਵਿੱਚ ਪੇਸ਼ ਕੀਤਾ ਹੈ। ਜਿਸ ਕਾਰਨ ਉਸ ਦੀ ਆਪਣੇ ਸਮੇਂ ਦੇ ਸਮਕਾਲੀ ਕਵੀਆਂ ਤੇ ਗੀਤਕਾਰਾਂ ਤੋਂ ਇੱਕ ਵੱਖਰੀ ਪਛਾਣ ਨਜ਼ਰ ਆਉਂਦੀ ਹੈ।
ਅਸਲ ਵਿੱਚ ਪੰਜਾਬੀ ਦੇ ਬਹੁਤ ਸਾਰੇ ਕਵੀਆਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਕਵਿਤਾ ਵਿੱਚ ਇਨਕਲਾਬੀ ਰੰਗ ਨਜ਼ਰ ਆਉਂਦਾ ਹੈ, ਪਰ ਘੋਖ ਕਰਨ ’ਤੇ ਪਤਾ ਚੱਲਦਾ ਹੈ ਕਿ ਉਨ੍ਹਾਂ ਦਾ ਇਨਕਲਾਬੀ ਰੰਗ ਸਮੇਂ ਦੀਆਂ ਲੋਕ ਮਾਰੂ ਤਾਕਤਾਂ ਦੇ ਖ਼ਿਲਾਫ ਉਲਾਂਭੇ ਤੋਂ ਅਗਾਂਹ ਨਹੀਂ ਜਾਂਦਾ। ਤੁਹਾਨੂੰ ਅਜਿਹਾ ਰੰਗ ਬਹੁਤ ਸਾਰੇ ਕਵੀਆਂ ਤੇ ਗੀਤਕਾਰਾਂ ਦੀਆਂ ਕਿਰਤਾਂ ਵਿੱਚ ਨਜ਼ਰ ਆ ਜਾਵੇਗਾ ਜਿਸ ਕਾਰਨ ਸਮੇਂ ਦੀਆਂ ਲੋਕ ਮਾਰੂ ਤਾਕਤਾਂ ਨੂੰ ਇਨ੍ਹਾਂ ਤੋਂ ਕੋਈ ਬਹੁਤੀ ਤਕਲੀਫ਼ ਵੀ ਨਹੀਂ ਹੁੰਦੀ। ਦੂਜੇ ਪਾਸੇ ਸੰਤ ਰਾਮ ਉਦਾਸੀ ਇਨ੍ਹਾਂ ਤਾਕਤਾਂ ਖ਼ਿਲਾਫ਼ ਉਲਾਂਭੇ ਤੋਂ ਅਗਾਂਹ ਜਾ ਕੇ ਲੋਟੂ ਨਿਜ਼ਾਮ ਖ਼ਿਲਾਫ਼ ਤਿੱਖੀ, ਸਿੱਧੀ ਅਤੇ ਪ੍ਰਭਾਸ਼ਾਲੀ ਚੋਟ ਕਰਦਾ ਹੈ, ਜਿਸ ਕਾਰਨ ਉਹ ਸਿੱਧੇ ਰੂਪ ਵਿੱਚ ਸਥਾਪਿਤ ਇਨ੍ਹਾਂ ਲੋਟੂ ਤਾਕਤਾਂ ਦੀ ਨਾਰਾਜ਼ਗੀ ਸਹੇੜ ਲੈਂਦਾ ਹੈ। ਉਹ ਇੱਕ ਕਵੀ ਅਤੇ ਗੀਤਕਾਰ ਤੋਂ ਇੱਕ ਕਦਮ ਅਗਾਂਹ ਵਧ ਕੇ ਲੋਕਾਂ ਅਤੇ ਲੋਟੂ ਨਿਜ਼ਾਮ ਵਿੱਚ ਚੱਲ ਰਹੇ ਦਵੰਦ ਦਾ ਹਿੱਸਾ ਬਣ ਜਾਂਦਾ ਹੈ।
ਸੰਤ ਰਾਮ ਉਦਾਸੀ ਦਾ ਜਨਮ 20 ਅਪਰੈਲ 1939 ਨੂੰ ਮਾਤਾ ਧੰਨ ਕੌਰ ਅਤੇ ਪਿਤਾ ਮੇਹਰ ਸਿੰਘ ਦੇ ਘਰ ਪਿੰਡ ਰਾਏਸਰ, ਜ਼ਿਲ੍ਹਾ ਸੰਗਰੂਰ ਵਿੱਚ ਹੋਇਆ। ਉਸ ਨੂੰ ਵਿਰਾਸਤ ਵਿੱਚ ਸਿਰਫ਼ ਗ਼ਰੀਬੀ ਦਾ ਸੇਕ ਹੀ ਮਿਲਿਆ। ਔਖੇ ਸੌਖੇ ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖੀ। ਪਿੰਡ ਦੇ ਸਕੂਲ ਤੋਂ ਦਸਵੀਂ ਤੇ ਜੇ.ਬੀ.ਟੀ. ਕਰ ਲਈ।
ਉਸ ਨੇ ਗੋਰਕੀ, ਲੈਨਿਨ, ਮਾਰਕਸ, ਏਂਗਲਜ਼ ਜੂਲੀਅਸ, ਤਾਲਸਤਾਏ ਵਰਗੇ ਲੇਖਕਾਂ ਨੂੰ ਪੜ੍ਹਿਆ। 1967 ’ਚ ਨਕਸਲਬਾੜੀ ਲਹਿਰ ਦੇ ਉਭਾਰ ਵੇਲੇ ਸੰਤ ਰਾਮ ਇਸ ਲਹਿਰ ਨਾਲ ਜੁੜ ਗਿਆ। ਅਨੇਕਾਂ ਵਾਰ ਗ੍ਰਿਫ਼ਤਾਰ ਹੋਇਆ ਅਤੇ ਪੁਲੀਸ ਦੇ ਤਸ਼ੱਦਦ ਦਾ ਸ਼ਿਕਾਰ ਵੀ ਹੋਇਆ। ਉਸ ਨੇ ਜੋ ਤਨ ’ਤੇ ਹੰਢਾਇਆ, ਉਹ ਹੀ ਲਿਖਿਆ। ਉਹ ਕਹਿੰਦਾ ਸੀ ਕਿ ਮੈਂ ਤਾਂ ਆਪਣੇ ਲੋਕਾਂ ਨਾਲ ਮੁਹੱਬਤ ਕਰਦਿਆਂ ਉਨ੍ਹਾਂ ਦਾ ਦਰਦ ਮਹਿਸੂਸ ਕੀਤਾ ਤੇ ਲਿਖਿਆ ਹੈ। ਸੰਤ ਰਾਮ ਨੇ ‘ਚੌਹੁਨੁਕਰੀਆਂ ਸੀਖਾਂ’, ‘ਲਹੂ ਭਿੱਜੇ ਬੋਲ’ ਤੇ ‘ਸੈਨਤਾਂ’ ਪੁਸਤਕਾਂ ਲਿਖੀਆਂ। 6 ਨਵੰਬਰ 1986 ਨੂੰ ਹਜ਼ੂਰ ਸਾਹਿਬ ਤੋਂ ਆਉਂਦੇ ਸਮੇਂ ਮਨਵਾੜ ਵਿੱਚ ਰੇਲ ਗੱਡੀ ’ਚ ਉਸ ਨੇ ਆਖ਼ਰੀ ਸਾਹ ਲਿਆ। ਸੰਤ ਰਾਮ ਆਪਣੀ ਵਸੀਅਤ ਵਿੱਚ ਲਿਖ ਗਿਆ ਸੀ;
ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ
ਮੇਰੇ ਲਹੂ ਦਾ ਕੇਸਰ, ਰੇਤੇ ’ਚ ਨਾ ਰਲਾਇਓ
ਮੇਰੀ ਵੀ ਜ਼ਿੰਦਗੀ ਕੀ?, ਬਸ ਬੂਰ ਸਰਕੜੇ ਦਾ
ਆਹਾਂ ਦਾ ਸੇਕ ਕਾਫ਼ੀ, ਤੀਲ੍ਹੀ ਬੇਸ਼ੱਕ ਨਾ ਲਾਇਓ
ਹੋਣਾ ਨਹੀਂ ਮੈਂ ਚਾਹੁੰਦਾ, ਸੜ ਕੇ ਸੁਆਹ ਇਕੇਰਾਂ
ਜਦ ਜਦ ਢਲੇਗਾ ਸੂਰਜ, ਕਣ ਕਣ ਮੇਰਾ ਜਲਾਇਓ
ਸੰਪਰਕ: 98151-30226