ਗੁਹਾਟੀ: ਨੌਜਵਾਨ ਨਿਰਦੇਸ਼ਕ ਮਹਾਰਿਸ਼ੀ ਤੁਹਿਨ ਕਸ਼ਯਪ ਦੀ 15 ਮਿੰਟ ਦੀ ਅਸਾਮੀ ਫਿਲਮ ‘ਮੁਰ ਘੁਰਾਰ ਦੁਰਾਂਤੋ ਗੋਟੀ’ (ਦਿ ਹੌਰਸ ਫਰਾਮ ਹੈਵਨ) ਆਸਕਰ ਐਵਾਰਡ ਲਈ ਨਾਮਜ਼ਦ ਹੋਈ ਹੈ। ਇਹ ਫਿਲਮ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਹੈ ਜੋ ਸਮਝਦਾ ਹੈ ਕਿ ਉਸ ਕੋਲ ਦੁਨੀਆ ਦਾ ਸਭ ਤੋਂ ਤੇਜ਼ ਦੌੜਨ ਵਾਲਾ ਘੋੜਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਹਰ ਦੌੜ ਜਿੱਤੇ ਪਰ ਉਸ ਨੂੰ ਇਹ ਨਹੀਂ ਪਤਾ ਕਿ ਇਹ ਘੋੜਾ ਨਹੀਂ ਹੈ ਬਲਕਿ ਗਧਾ ਹੈ। 27 ਸਾਲਾ ਨਿਰਦੇਸ਼ਕ ਨੇ ਦੱਸਿਆ ਕਿ ਉਸ ਦੀ ਫਿਲਮ ਆਸਕਰ ਲਈ ਨਾਮਜ਼ਦ ਹੋਣ ਨਾਲ ਉਸ ਦਾ ਸੁਫ਼ਨਾ ਪੂਰਾ ਹੋਇਆ ਹੈ। ਇਹ ਫਿਲਮ ਸੱਤਿਆਜੀਤ ਰੇਅ ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਕੋਲਕਾਤਾ ਵਿੱਚ ਇੱਕ ਵਿਦਿਆਰਥੀ ਵੱਲੋਂ ਪ੍ਰਾਜੈਕਟ ਤਹਿਤ ਬਣਾਈ ਗਈ ਸੀ ਜਿਸ ਨੇ ਹਾਲ ਹੀ ਵਿੱਚ ਬੰਗਲੂਰੂ ਇੰਟਰਨੈਸ਼ਨਲ ਸ਼ਾਰਟ ਫਿਲਮ ਫੈਸਟੀਵਲ (ਬੀਆਈਐਸਐਫਐਫ) ਵਿੱਚ ਸਰਵੋਤਮ ਫਿਲਮ ਦਾ ਪੁਰਸਕਾਰ ਜਿੱਤਿਆ ਸੀ। ਉਨ੍ਹਾਂ ਦੱਸਿਆ ਕਿ ਆਸਕਰ ਲਈ ਨਾਮਜ਼ਦ ਹੋਣ ਲਈ ਦੂਜੀਆਂ ਫਿਲਮਾਂ ਦੇ ਮੁਕਾਬਲੇ ਲਘੂ ਫਿਲਮਾਂ ਨੂੰ ਬੀਆਈਐਸਐਫਐਫ ਵਿਚ ਐਵਾਰਡ ਜਿੱਤਣਾ ਪੈਂਦਾ ਹੈ। ਬੀਆਈਐਸਐਫਐਫ ਦੇ ਨਿਰਦੇਸ਼ਕ ਆਨੰਦ ਵਰਦਰਾਜ ਨੇ ਦੱਸਿਆ ਕਿ ਮਹਾਰਿਸ਼ੀ ਕਸ਼ਯਪ ਦੀ ਲਘੂ ਫਿਲਮ ਨੇ ਵੱਡਾ ਮਾਅਰਕਾ ਮਾਰਿਆ ਹੈ। ਇਸ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਕੋਲਕਾਤਾ ਦੇ ਕਾਲਜ ਕੈਂਪਸ ਵਿਚ ਹੋਈ ਹੈ ਤੇ ਕੁਝ ਹਿੱਸਾ ਕੋਲਕਾਤਾ ਦੇ ਬਾਹਰਵਾਰ ਫਿਲਮਾਇਆ ਗਿਆ ਹੈ। -ਪੀਟੀਆਈ