ਵਿੱਕੀ ਸੁਰਖ਼ਾਬ
ਰਿਸ਼ਤਿਆਂ ਦਾ ਸਾਡੇ ਜੀਵਨ ਅਤੇ ਸਮਾਜ ਵਿੱਚ ਬਹੁਤ ਮਹੱਤਵ ਹੈ। ਇਹ ਸਾਡੇ ਜੀਵਨ ਨੂੰ ਨਿਰੰਤਰ ਚੱਲਦੇ ਰੱਖਣ ਵਿੱਚ ਬਹੁਤ ਮਦਦਗਾਰ ਸਾਬਤ ਹੁੰਦੇ ਹਨ। ਰਿਸ਼ਤਿਆਂ ਨਾਤਿਆਂ ਦਾ ਮੋਹ ਇਨਸਾਨ ਨੂੰ ਜਿਉਣ ਲਈ ਪ੍ਰੇਰਿਤ ਕਰਦਾ ਹੈ। ਰਿਸ਼ਤੇ ਵਿਚਲਾ ਮੋਹ ਸਾਨੂੰ ਹਜ਼ਾਰਾਂ ਮੀਲ ਦੂਰ ਬੈਠੇ ਆਪਣਿਆਂ ਨਾਲੋਂ ਟੁੱਟਣ ਨਹੀਂ ਦਿੰਦਾ। ਰਿਸ਼ਤੇ ਪਿਆਰ, ਅਹਿਸਾਸ ਅਤੇ ਭਰੋਸੇ ਦੇ ਭੁੱਖੇ ਹੁੰਦੇ ਹਨ ਜਿਵੇਂ ਦਿਲ ਨੂੰ ਧੜਕਣਾਂ ਦੀ ਜ਼ਰੂਰਤ ਹੁੰਦੀ ਹੈ, ਉਵੇਂ ਹੀ ਜ਼ਿੰਦਗੀ ਜਿਉਣ ਲਈ ਰਿਸ਼ਤੇ ਜ਼ਰੂਰੀ ਹਨ। ਪਰ ਅੱਜਕੱਲ੍ਹ ਦੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਰਿਸ਼ਤਿਆਂ ਵਿਚਲਾ ਮੋਹ ਘਟਦਾ ਨਜ਼ਰ ਆਉਂਦਾ ਹੈ। ਅਸੀਂ ਆਪਣੇ ਕੰਮਕਾਜ ਵਿੱਚ ਏਨੇ ਮਸਰੂਫ਼ ਹੋ ਗਏ ਹਾਂ ਕਿ ਸਾਨੂੰ ਰਿਸ਼ਤਿਆਂ ਦੀ ਅਹਿਮੀਅਤ ਤੱਕ ਭੁੱਲ ਚੁੱਕੀ ਹੈ। ਅਸੀਂ ਆਪਣੀ ਜ਼ਿੰਦਗੀ ਦਾ ਰੁਤਬਾ ਕਾਇਮ ਰੱਖਣ ਲਈ ਕਿਸੇ ਹੱਦ ਤੱਕ ਵੀ ਚਲੇ ਜਾਂਦੇ ਹਾਂ। ਅੱਗੇ ਵਧਣਾ ਚੰਗੀ ਗੱਲ ਹੈ, ਪਰ ਰਿਸ਼ਤੇ ਨਾਤਿਆਂ ਨੂੰ ਵਿਸਾਰ ਕੇ ਨਹੀਂ। ਜਦੋਂ ਅਸੀਂ ਕਿਸੇ ਮੁਕਾਮ ’ਤੇ ਪਹੁੰਚ ਜਾਂਦੇ ਹਾਂ ਤਾਂ ਉਦੋਂ ਸਾਡੇ ਨਾਲ ਸਾਡੇ ਆਪਣੇ ਹੋਣ ਤਾਂ ਉਸ ਮੰਜ਼ਿਲ ਅਤੇ ਕਾਮਯਾਬੀ ਦੀ ਖੁਸ਼ੀ ਦੁੱਗਣੀ ਹੋਵੇਗੀ। ਸਭ ਕੁਝ ਜਾਣਨ ਦੇ ਬਾਵਜੂਦ ਸਾਡੇ ਆਲੇ-ਦੁਆਲੇ ਦੇ ਰਿਸ਼ਤੇ- ਨਾਤਿਆਂ ਨੂੰ ਅਸੀਂ ਦਿਨੋਂ ਦਿਨ ਗੁਆ ਰਹੇ ਹਾਂ।
ਵੱਡੇ ਸ਼ਹਿਰਾਂ ਦਾ ਹਾਲ ਹੋਰ ਵੀ ਘਾਤਕ ਹੈ। ਪਿੰਡ ਵੀ ਏਸੇ ਰਸਤੇ ’ਤੇ ਤੁਰ ਪਏ ਹਨ। ਵੱਡੇ ਸ਼ਹਿਰਾਂ ਵਿੱਚ ਜਦੋਂ ਮਾਪੇ ਕੰਮ ਲਈ ਨਿਕਲਦੇ ਹਨ ਤਾਂ ਬੱਚੇ ਸੌਂ ਰਹੇ ਹੁੰਦੇ ਹਨ ਅਤੇ ਜਦੋਂ ਉਹ ਵਾਪਸ ਘਰ ਮੁੜਦੇ ਹਨ ਤਾਂ ਬੱਚੇ ਫੇਰ ਨੀਂਦ ਵਿੱਚ ਹੁੰਦੇ ਹਨ। ਉਨ੍ਹਾਂ ਕੋਲ ਆਪਣੇ ਬੱਚਿਆਂ ਲਈ ਵੀ ਵਕਤ ਨਹੀਂ ਹੈ, ਬਾਕੀ ਰਿਸ਼ਤਿਆਂ ਦੀ ਉਮੀਦ ਕਰਨੀ ਬੇਬੁਨਿਆਦ ਹੈ। ਉਹ ਬਚਪਨ ਵਿੱਚ ਨਾਨਕੇ ਘਰ ਜਾ ਕੇ ਕੀਤੀ ਮਸਤੀ ਦੇ ਪਲਾਂ ਤੋਂ ਵੀ ਵਾਂਝੇ ਰਹਿੰਦੇ ਹਨ। ਸਰੀਰਕ ਭਾਰ ਤੋਂ ਜ਼ਿਆਦਾ ਬਸਤਿਆਂ ਦਾ ਭਾਰ ਉਨ੍ਹਾਂ ਨੂੰ ਰਿਸ਼ਤਿਆਂ ਵੱਲ ਵਧਣ ਨਹੀਂ ਦਿੰਦਾ। ਕਸੂਰਵਾਰ ਬੱਚੇ ਨਹੀਂ ਹਨ, ਮਾਪਿਆਂ ਦੀ ਪੈਸੇ ਦੇ ਪਿੱਛੇ ਲੱਗੀ ਦੌੜ ਉਨ੍ਹਾਂ ਨੂੰ ਹਰ ਰਿਸ਼ਤੇ ਵਿੱਚੋਂ ਮਨਫ਼ੀ ਕਰ ਰਹੀ ਹੈ। ਦੂਜੇ ਪਾਸੇ ਅਸੀਂ ਪਿੰਡਾਂ ਦੇ ਲੋਕ ਵੀ ਉਸੇ ਰਸਤੇ ਤੁਰੇ ਹਾਂ। ਘਰ ਵਿੱਚ ਹੀ ਕੋਈ ਆਪਸ ਵਿੱਚ ਬੈਠ ਕੇ ਖੁਸ਼ ਨਹੀਂ ਹੈ। ਨਾ ਇੱਕਠਿਆਂ ਬੈਠ ਕੇ ਰੋਟੀ ਪਾਣੀ ਖਾਇਆ ਜਾਂਦਾ ਹੈ ਤਾਂ ਨਾ ਹੀ ਕੋਈ ਦੁਖ- ਸੁਖ ਸਾਂਝਾ ਕੀਤਾ ਜਾਂਦਾ ਹੈ। ਸਭ ਆਪੋ ਆਪਣੇ ਕਮਰਿਆਂ ਵਿੱਚ ਟੈਲੀਵਿਜ਼ਨ ਨਾਲ ਜਾਂ ਮੋਬਾਈਲ ਨਾਲ ਸਾਂਝ ਰੱਖਦੇ ਹਨ। ਕੋਈ ਕਿਸੇ ਨੂੰ ਬਾਹਰ ਨਿਕਲ ਕੇ ਪਾਣੀ ਦਾ ਗਲਾਸ ਦੇ ਕੇ ਖੁਸ਼ ਨਹੀਂ, ਉਂਜ ਅਸੀਂ ਸੇਵਾ ਦੇ ਨਾਂ ’ਤੇ ਦਿਖਾਵਾ ਜ਼ਰੂਰ ਕਰਦੇ ਹਾਂ। ਸੇਵਾ ਕਰਨੀ ਮਾੜੀ ਗੱਲ ਨਹੀਂ, ਪਰ ਇਹ ਸੇਵਾ ਘਰ ਤੋਂ ਸ਼ੁਰੂ ਹੋਵੇ ਤਾਂ ਗੁਰੂ ਘਰ ਦੀ ਸੇਵਾ ਜ਼ਰੂਰ ਕਬੂਲ ਹੋਵੇਗੀ। ਨਾਨਕੇ, ਮਾਸੀਆਂ, ਭੂਆਂ, ਚਾਚੇ, ਤਾਏ ਸਭ ਰਿਸ਼ਤੇ ਕਮਜ਼ੋਰ ਹੋ ਗਏ ਹਨ। ਕਸੂਰਵਾਰ ਰਿਸ਼ਤੇ ਨਹੀਂ, ਅਸੀਂ ਖ਼ੁਦ ਹਾਂ। ਛੋਟੀਆਂ ਛੋਟੀਆਂ ਗੱਲਾਂ ਨੂੰ ਮਨ ਅੰਦਰ ਰੱਖ ਕੇ ਗ਼ਲਤਫਹਿਮੀ ਦਾ ਸ਼ਿਕਾਰ ਹੋਣਾ ਆਮ ਗੱਲ ਹੈ, ਚੰਗਾ ਹੋਵੇ ਬੈਠ ਕੇ ਗਿਲੇ ਸ਼ਿਕਵੇ ਮਿਟਾਏ ਜਾਣ। ਨਜ਼ਰਅੰਦਾਜ਼ੀ ਰਿਸ਼ਤਿਆਂ ਦਾ ਗਲ਼ ਬਾਖੂਬੀ ਨਾਲ ਘੁੱਟਦੀ ਹੈ। ਇਹ ਰਿਸ਼ਤਿਆਂ ’ਤੇ ਲੱਗਾ ਸਭ ਤੋਂ ਵੱਡਾ ਗ੍ਰਹਿਣ ਹੈ। ਰਿਸ਼ਤੇ ਵਕਤ ਦੇ ਮੋਹਤਾਜ਼ ਹੁੰਦੇ ਹਨ। ਜੇ ਤੁਹਾਡੇ ਕੋਲ ਰਿਸ਼ਤਿਆਂ ਪ੍ਰਤੀ ਵਕਤ, ਮੋਹ ਤੇ ਅਹਿਸਾਸ ਹੈ ਤਾਂ ਤੁਹਾਡਾ ਰਿਸ਼ਤਾ ਕਦੇ ਮਰ ਨਹੀਂ ਸਕਦਾ ਭਾਵੇਂ ਰਿਸ਼ਤੇ ਵਿਚਲੀ ਦੂਰੀ ਲੱਖਾਂ ਮੀਲਾਂ ਦੀ ਕਿਉਂ ਨਾ ਹੋਵੇ।
ਹੁਣ ਸਵਾਲ ਉੱਠਦਾ ਹੈ ਕਿ ਅੱਜਕੱਲ੍ਹ ਦੇ ਸਮੇਂ ਵਿੱਚ ਰਿਸ਼ਤੇ ਮਨਫ਼ੀ ਕਿਉਂ ਹੋ ਰਹੇ ਹਨ। ਪੁਰਾਣੇ ਸਮਿਆਂ ਵਿੱਚ ਵਿਆਹ ਦੇ ਸਮੇਂ ਵਿਆਹ ਵਾਲੇ ਘਰ ਰਿਸ਼ਤੇਦਾਰ ਕਈ- ਕਈ ਦਿਨ ਰੁਕਦੇ ਸਨ, ਸਭ ਬੈਠ ਕੇ ਗੱਲਬਾਤ ਕਰਦੇ ਹੋਏ ਰਿਸ਼ਤਿਆਂ ਦਾ ਨਿੱਘ ਮਾਣਦੇ ਸਨ। ਕੁੜੀ ਵਾਲੇ ਘਰ ਬਰਾਤ ਵੀ ਕਈ ਦਿਨ ਰੁਕਦੀ ਸੀ। ਪਰ ਹੁਣ ਇਹ ਸਭ ਕੁਝ ਬਦਲ ਚੁੱਕਾ ਹੈ। ਅਸੀਂ ਮਜਬੂਰੀ ਵਿੱਚ ਕਿਤੇ ਸ਼ਰੀਕ ਹੁੰਦੇ ਹਾਂ ਤਾਂ ਉਹ ਵੀ ਘੜੀ ਪਲ਼ ਦੇ ਲਈ। ਕਰੀਬੀ ਰਿਸ਼ਤੇਦਾਰ ਦੇ ਵਿਆਹ ਵਿੱਚ ਵੀ ਬੇਗਾਨਿਆ ਵਾਂਗ ਫੇਰਾ ਪਾ ਕੇ ਮੁੜਦੇ ਹਾਂ। ਰਿਸ਼ਤੇਦਾਰਾਂ ਦੇ ਘਰ ਰਾਤ ਰਹਿਣਾ ਹੁਣ ਬੀਤੇ ਦੀ ਗੱਲ ਹੋ ਗਈ ਹੈ। ਇਹੀ ਹਾਲ ਸਾਡਾ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਣ ’ਤੇ ਵੀ ਹੋ ਗਿਆ। ਕਿਸੇ ਮਰਗ ਜਾਂ ਭੋਗ ’ਤੇ ਜਾਣਾ ਹੋਵੇ ਤਾਂ ਫੋਨ ਕਰ ਕੇ ਪੁੱਛਦੇ ਹਾਂ ਕਿ ਸੰਸਕਾਰ ਕਿਹੜੇ ਸਮੇਂ ਦਾ ਹੈ, ਭੋਗ ਦਾ ਕੀ ਸਮਾਂ ਹੈ। ਬਸ ਉੱਥੇ ਪੁੰਹਚ ਕੇ ਅਸੀਂ ਆਪਣੀ ਹਾਜ਼ਰੀ ਲਵਾਉਣੀ ਜ਼ਰੂਰੀ ਸਮਝਦੇ ਹਾਂ। ਅਫ਼ਸੋਸ ਕਰਦੇ ਸਮੇਂ ਵੀ ਸਾਡਾ ਧਿਆਨ ਫੋਨ ਵਿੱਚ ਜਾਂ ਪਿੱਛੇ ਚੱਲਦੇ ਕੰਮਕਾਜ ਵਿੱਚ ਹੀ ਹੁੰਦਾ ਹੈ। ਪਹਿਲਾਂ ਟੈਲੀਵਿਜ਼ਨ ਤੇ ਹੁਣ ਮੋਬਾਈਲ ਨੇ ਆਪਸੀ ਗੱਲਬਾਤ ਵੀ ਮਨਫ਼ੀ ਕਰ ਦਿੱਤੀ ਹੈ। ਦੋ ਆਦਮੀ ਕੋਲ ਬੈਠੇ ਇੱਕ ਦੂਜੇ ਨਾਲ ਗੱਲ ਕਰਨਾ ਪਸੰਦ ਨਹੀਂ ਕਰਦੇ ਸਗੋਂ ਮੋਬਾਈਲ ’ਤੇ ਸਮਾਂ ਬਿਤਾਉਣਾ ਜ਼ਿਆਦਾ ਪਸੰਦ ਕਰਦੇ ਹਨ। ਕੁਝ ਰਿਸ਼ਤੇ ਗਲਤਫਹਿਮੀਆਂ ਦੇ ਸ਼ਿਕਾਰ ਹੋ ਗਏ ਤੇ ਕੁਝ ਕੁ ਅਸੀਂ ਜਾਣਬੁੱਝ ਕੇ ਆਪਣੀ ਆਕੜ ਤੇ ਮਸਰੂਫ਼ੀਅਤ ਵਿੱਚ ਗੁਆ ਲਏ ਹਨ। ਰਿਸ਼ਤੇ ਨਾਤੇ ਤਦੇ ਸਥਿਰ ਚੱਲਦੇ ਹਨ ਜੇਕਰ ਰਿਸ਼ਤਿਆਂ ਦਾ ਭਾਰ ਤੱਕੜੀ ਵਾਂਗ ਬਰਾਬਰ ਰਹੇ। ਜੇ ਕੋਈ ਇੱਕ ਦਿਲੋਂ ਰਿਸ਼ਤਾ ਨਿਭਾ ਰਿਹਾ ਹੈ ਅਤੇ ਦੂਸਰਾ ਸਿਰਫ਼ ਮਤਲਬ ਲਈ ਤਾਂ ਉਸ ਰਿਸ਼ਤੇ ਦਾ ਅੰਤ ਹੋਣਾ ਲਾਜ਼ਮੀ ਹੈ ਅਤੇ ਉਸ ਰਿਸ਼ਤੇ ਵਿੱਚੋਂ ਉੱਠਿਆ ਵਿਸ਼ਵਾਸ ਬਾਕੀ ਰਿਸ਼ਤਿਆਂ ਨੂੰ ਵੀ ਢਾਹ ਲਾਉਣ ਦਾ ਕੰਮ ਕਰਦਾ ਹੈ। ਜਿਸ ਨੂੰ ਅਸੀਂ ਪਰਿਵਾਰਕ ਤੌਰ ’ਤੇ ਸ਼ਰੀਕੇਬਾਜ਼ੀ ਦਾ ਨਾਮ ਦੇ ਦਿੱਤਾ ਦਰਅਸਲ, ਉਹ ਵੀ ਰਿਸ਼ਤਿਆਂ ਦੇ ਬੋਹੜ ਦੀਆਂ ਜੜ੍ਹਾਂ ਹੀ ਹਨ ਜਿਨ੍ਹਾਂ ਨੂੰ ਵੱਢਣ ਨਾਲ ਰਿਸ਼ਤਿਆਂ ਦਾ ਰੁੱਖ ਸੁੱਕ ਜ਼ਰੂਰ ਜਾਂਦਾ ਹੈ।
ਜਿਹੜੇ ਲੋਕ ਇਹ ਸੋਚ ਕੇ ਇਕੱਲੇ ਰਹਿਣਾ ਪਸੰਦ ਕਰਦੇ ਹਨ ਕਿ ਜੀਵਨ ਵਿੱਚ ਸਾਨੂੰ ਕਿਸੇ ਦੀ ਜ਼ਰੂਰਤ ਨਹੀਂ ਹੈ। ਅਸੀਂ ਕਿਸੇ ਤੋਂ ਕੀ ਲੈਣਾ ਹੈ, ਉਹ ਲੋਕ ਬਹੁਤ ਵੱਡੇ ਭਰਮ ਦਾ ਸ਼ਿਕਾਰ ਹਨ। ਜਿਉਂਦੇ ਜੀਅ ਗਲ਼ੀ ਦੇ ਕੱਖਾਂ ਦੀ ਵੀ ਲੋੜ ਪੈ ਜਾਂਦੀ ਹੈ, ਇਨਸਾਨ ਤਾਂ ਫੇਰ ਰੱਬ ਦਾ ਰੂਪ ਮੰਨਿਆ ਗਿਆ ਹੈ। ਕਿਸੇ ਵੀ ਰਿਸ਼ਤੇ ਨੂੰ ਦਰਕਿਨਾਰ ਨਾ ਕਰੋ, ਭਾਵੇਂ ਉਹ ਪਰਿਵਾਰਕ ਮੈਂਬਰ ਹਨ, ਰਿਸ਼ਤੇਦਾਰ ਜਾਂ ਸੱਜਣ ਮਿੱਤਰ ਹਨ। ਸਭ ਨੂੰ ਉਨ੍ਹਾਂ ਦੀ ਬਣਦੀ ਜਗ੍ਹਾ ਦੇ ਕੇ ਉਨ੍ਹਾਂ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ। ਜੀਵਨ ਇੱਕ ਵਾਰ ਮਿਲਿਆ ਹੈ ਪਤਾ ਨਹੀਂ ਕਦੋਂ ਬੁਲਾਵਾ ਆ ਜਾਵੇ। ਜੋ ਰੱਬ ਨੇ ਲੋਕਾਂ ਨਾਲ ਮੇਲ ਕਰਾਏ ਹਨ, ਉਨ੍ਹਾਂ ਨੂੰ ਜ਼ਰੂਰ ਸਾਂਭ ਕੇ ਰੱਖੋ।
ਸੰਪਰਕ: 84274-57224