ਗੁਰਦਾਸ ਸਿੰਘ ਸੇਖੋਂ
ਮਨੁੱਖੀ ਸੂਰਤ ਨੂੰ ਸੀਰਤ ਦਾ ਰੂਪ ਪ੍ਰਦਾਨ ਕਰਨ ਅਤੇ ਜੀਵਨ ਨੂੰ ਸਫਲ, ਸੁਖਾਲਾ ਤੇ ਸ਼੍ਰੇਸ਼ਟ ਬਣਾਉਣ ਲਈ ਚੰਗੀਆਂ ਕਿਤਾਬਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਕਿਤਾਬਾਂ ਜਿੱਥੇ ਮਨੁੱਖੀ ਦਿਮਾਗ਼ ਨੂੰ ਰੌਸ਼ਨ ਕਰਦੀਆਂ ਹਨ, ਉੱਥੇ ਉਸ ਦੀ ਕਲਪਨਾ, ਰੁਚੀ ਤੇ ਰੁਝਾਨ ਨੂੰ ਵਿਕਸਤ ਕਰਦੀਆਂ ਹਨ। ਇਹ ਕਿਤਾਬਾਂ ਹੀ ਹਨ ਜੋ ਸਾਡੇ ਵਿਚਾਰਾਂ ਨੂੰ ਸਾਣ ’ਤੇ ਲਾਉਂਦੀਆਂ ਹਨ ਅਤੇ ਸਾਨੂੰ ਪ੍ਰਗਤੀਸ਼ੀਲ ਤੇ ਚਿੰਤਨਸ਼ੀਲ ਸਾਹਿਤ ਰਾਹੀਂ ਸਮਾਜਿਕ ਸਰੋਕਾਰਾਂ ਨਾਲ ਜੋੜਦੀਆਂ ਹਨ। ਚੰਗੀ ਕਿਤਾਬ ਪੜ੍ਹਦੇ ਸਮੇਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਦੁਨੀਆ ਦੇ ਮਹਾਨ ਤੇ ਬਿਹਤਰੀਨ ਮਨੁੱਖ ਨਾਲ ਗੱਲਾਂ ਕਰ ਰਹੇ ਹੋਈਏ। ਸੋ ਕਿਤਾਬਾਂ ਨਾਲ ਦੋਸਤੀ ਪਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਚੰਗੀ ਕਿਤਾਬ ਤੁਹਾਡਾ ਆਚਾਰ ਵਿਹਾਰ ਬਦਲ ਕੇ ਜ਼ਿੰਦਗੀ ਵਿੱਚ ਉਤਸ਼ਾਹਜਨਕ ਤਬਦੀਲੀ ਲਿਆ ਦਿੰਦੀ ਹੈ। ਲਾਰਡ ਬਾਇਰਨ ਵੀ ਇਸੇ ਵਿਚਾਰ ਦੀ ਹਾਮੀ ਭਰਦਾ ਲਿਖਦਾ ਹੈ ਕਿ ‘ਸਿਆਹੀ ਦਾ ਇੱਕ ਕਤਰਾ ਲੱਖਾਂ ਲੋਕਾਂ ਦੀ ਸੋਚ ਵਿੱਚ ਹਿਲਜੁਲ ਮਚਾ ਦਿੰਦਾ ਹੈ।’ ਕਿਤਾਬਾਂ ਰਾਹੀਂ ਸ਼ਬਦ ਭੰਡਾਰ ਵਿੱਚ ਵਾਧਾ ਤੇ ਭਾਸ਼ਾ ਵਿੱਚ ਮੁਹਾਰਤ ਹਾਸਲ ਹੁੰਦੀ ਹੈ ਜਿਸ ਨਾਲ ਸ਼ਖ਼ਸੀਅਤ ਵਿੱਚ ਨਿਖਾਰ ਆਉਂਦਾ ਹੈ।
ਸੰਕਟ ਤੇ ਨਿਰਾਸ਼ਾ ਸਮੇਂ ਜਦੋਂ ਕਿਸੇ ਨਜ਼ਦੀਕੀ ਦਾ ਸਹਾਰਾ ਨਹੀਂ ਮਿਲਦਾ ਤਾਂ ਕਿਤਾਬਾਂ ਹੀ ਰਾਹ ਦਸੇਰਾ, ਮਾਰਗ ਦਰਸ਼ਕ ਤੇ ਸੱਚੇ ਮਿੱਤਰ ਬਣਦੀਆਂ ਹਨ। ਪੁਸਤਕਾਂ ਸਾਨੂੰ ਦੁੱਖ ਵਿੱਚ ਸਹਾਰੇ ਦਾ ਅਤੇ ਦਰਦ ਵਿੱਚ ਆਰਾਮ ਦਾ ਅਹਿਸਾਸ ਕਰਾਉਂਦੀਆਂ ਹਨ। ਸੰਘਰਸ਼ੀ, ਸਿਰੜੀ ਤੇ ਸਫਲ ਇਨਸਾਨਾਂ ਦੀਆਂ ਜੀਵਨੀਆਂ ਢੇਰੀ ਢਾਹ ਚੁੱਕੇ ਇਨਸਾਨਾਂ ਵਿੱਚ ਜੋਸ਼, ਜਜ਼ਬਾ ਤੇ ਜਨੂੰਨ ਭਰ ਦਿੰਦੀਆਂ ਹਨ।
ਜਦੋਂ ਅਸੀਂ ਕੋਈ ਨਵੀਂ ਕਿਤਾਬ ਖੋਲ੍ਹਦੇ ਹਾਂ ਤਾਂ ਅਸੀਂ ਨਵੇਂ ਸੰਸਾਰ ਦੇ ਰੂਬਰੂ ਹੋ ਰਹੇ ਹੁੰਦੇ ਹਾਂ। ਇਹ ਨਵਾਂ ਸੰਸਾਰ ਸਾਡੇ ਗਿਆਨ ਵਿੱਚ ਅਥਾਹ ਵਾਧਾ ਕਰਦਾ ਹੈ ਅਤੇ ਜ਼ਿੰਦਗੀ ਦੀਆਂ ਨਵੀਆਂ ਮੰਜ਼ਿਲਾਂ ਸਰ ਕਰਨ ਵਿੱਚ ਸਹਾਇਤਾ ਕਰਦਾ ਹੈ। ਹੁਣ ਤੱਕ ਹੋਏ ਵਿਕਾਸ ਅਤੇ ਭਵਿੱਖ ਦੀਆਂ ਸੰਭਾਵਿਤ ਪ੍ਰਾਪਤੀਆਂ ਨੂੰ ਕਿਤਾਬਾਂ ਦੀ ਦੁਨੀਆਂ ਵਿੱਚੋਂ ਹੀ ਵੇਖਿਆ ਜਾ ਸਕਦਾ ਹੈ।
ਮਨੋਵਿਗਿਆਨਕ ਤਰਕ ਹੈ ਕਿ ਜਦੋਂ ਗੁੱਸਾ ਜਾਂ ਕਰੋਧ ਆ ਰਿਹਾ ਹੋਵੇੇ ਤਾਂ ਅਜਿਹੇ ਸਮੇਂ ਜੇ ਅਸੀਂ ਕੋਈ ਸਕਾਰਾਤਮਕ ਜਾ ਪ੍ਰੇਰਨਾਦਾਇਕ ਕਿਤਾਬ ਦਾ ਸਹਾਰਾ ਲੈ ਲਈਏ ਤਾਂ ਇੱਕ ਨਹੀਂ ਬਲਕਿ ਅਨੇਕਾਂ ਸਮੱਸਿਆਵਾਂ ਦੇ ਹੱਲ ਲੱਭ ਜਾਂਦੇ ਹਨ। ਦੁਨੀਆ ਵਿੱਚ ਕੋਈ ਸਮੱਸਿਆ ਨਹੀਂ ਜਿਸ ਦਾ ਹੱਲ ਕਿਸੇ ਕਿਤਾਬ ਵਿੱਚ ਨਾ ਹੋਵੇ। ਜਿਸ ਤਰ੍ਹਾਂ ਸਰੀਰਕ ਤੰਦਰੁਸਤੀ ਲਈ ਭੋਜਨ, ਉਸੇ ਤਰ੍ਹਾਂ ਮਾਨਸਿਕ ਸੰਤੁਲਨ ਤੇ ਤੰਦਰੁਸਤੀ ਲਈ ਚੰਗੀਆਂ ਪੁਸਤਕਾਂ ਦਾ ਅਧਿਐਨ ਜ਼ਰੂਰੀ ਹੈ। ਮਾਨਸਿਕ ਤਣਾਅ ਨੂੰ ਦੂਰ ਕਰਨ ਦਾ ਸਾਧਨ ਕਿਤਾਬਾਂ ਹਨ। ਕਿਤਾਬਾਂ ਵਿੱਚ ਇੰਨੀ ਸਮੱਰਥਾ ਹੁੰਦੀ ਹੈ ਕਿ ਇਹ ਵਿਕਾਰੀ ਮਨੁੱਖ ਨੂੰ ਵੀ ਮਹਾਂਪੁਰਸ਼ ਬਣਾ ਸਕਦੀਆਂ ਹਨ। ਇਹ ਮਨੁੱਖ ਦੇ ਸੋਚਣ-ਵਿਚਾਰਨ ਦੇ ਦਾਇਰੇ ਨੂੰ ਵਿਸ਼ਾਲ ਕਰਨ ਅਤੇ ਜ਼ਿੰਦਗੀ ਜਿਉਣ ਦੇ ਢੰਗ ਵਿੱਚ ਵੱਡਾ ਇਨਕਲਾਬ ਲਿਆਉਂਦੀਆਂ ਹਨ। ਚੰਗੀ ਪੁਸਤਕ ਪੜ੍ਹਨ ਤੋਂ ਬਾਅਦ ਪਾਠਕ ਅੰਦਰ ਤਬਦੀਲੀ ਸੁਭਾਵਿਕ ਹੈ ਤੇ ਉਸ ਦਾ ਵਿਹਾਰ, ਬੋਲਚਾਲ ਤੇ ਗਿਆਨ ਉਹ ਨਹੀਂ ਰਹਿ ਜਾਂਦਾ ਜੋ ਇਸ ਤੋਂ ਪਹਿਲਾਂ ਸੀ।
ਕਿਤਾਬਾਂ ਦਾ ਗਿਆਨ ਅਸੀਮ, ਅਮੁੱਲ ਤੇ ਅਮੁੱਕ ਹੁੰਦਾ ਹੈ ਅਤੇ ਇਹੀ ਗਿਆਨ ਮਨੁੱਖ ਦੀ ਸਭ ਤੋਂ ਵੱਡੀ ਸ਼ਕਤੀ ਹੈ। ਗਿਆਨ ਦੀ ਸ਼ਕਤੀ ਦੁਆਰਾ ਮਨੁੱਖ ਕੁਝ ਵੀ ਹਾਸਲ ਕਰ ਸਕਦਾ ਹੈ, ਪਰ ਇਸ ਲਈ ਕਿਤਾਬਾਂ ਦਾ ਲਗਾਤਾਰ ਅਭਿਆਸ ਜ਼ਰੂਰੀ ਹੈ। ਚੰਗੀਆਂ ਪੁਸਤਕਾਂ ਦਾ ਮੁੱਲ ਹੀਰਿਆਂ ਤੋਂ ਵੀ ਵਧੇਰੇ ਹੁੰਦਾ ਹੈ ਕਿਉਂਕਿ ਹੀਰਾ ਤਾਂ ਕੇਵਲ ਬਾਹਰਲੀ ਸੁੰਦਰਤਾ ਦਿਖਾਉਂਦਾ ਹੈ, ਪਰ ਕਿਤਾਬਾਂ ਮਨੁੱਖ ਦੇ ਅੰਦਰੂਨੀ ਸੰਸਾਰ ਨੂੰ ਵੀ ਰੌਸ਼ਨ ਕਰਦੀਆਂ ਹਨ। ਪੁਸਤਕ ਪੜ੍ਹਨ ਨਾਲ ਕੁਝ ਨਾ ਕੁਝ ਨਵਾਂ ਸਿੱਖਣ ਦੀ ਜਗਿਆਸਾ ਅਤੇ ਹੌਲੀ ਹੌਲੀ ਅੰਤਰੀਵੀ ਵਲਵਲੇ ਨਵਾਂ ਲਿਖਣ ਲਈ ਵੀ ਉਕਸਾਉਣ ਲੱਗਦੇ ਹਨ। ਇਹ ਵੀ ਅਟੱਲ ਸਚਾਈ ਹੈ ਕਿ ਇੱਕ ਵਧੀਆ ਪਾਠਕ ਹੀ ਸ਼ਾਹਕਾਰ ਰਚਨਾਵਾਂ ਦਾ ਸਿਰਜਕ ਬਣ ਸਕਦਾ ਹੈ।
ਇੱਕ ਵਧੀਆ ਕਿਤਾਬ ਕਿਸੇ ਲੇਖਕ ਦੀ ਕਈ ਵਰ੍ਹਿਆਂ ਦੀ ਤਪੱਸਿਆ, ਸਿਆਣਪ ਤੇ ਤਜ਼ਰਬੇ ਦਾ ਨਿਚੋੜ ਹੁੰਦੀ ਹੈ ਜਿਸ ਨੂੰ ਪੜ੍ਹ ਕੇ ਕੋਈ ਵੀ ਅਸਫਲ ਇਨਸਾਨ ਆਪਣੀ ਹਾਰੀ ਜ਼ਿੰਦਗੀ ਵਿੱਚ ਦੁਬਾਰਾ ਰੰਗ ਭਰਕੇ ਸਫਲਤਾ ਦੇ ਝੰਡੇ ਲਹਿਰਾ ਸਕਦਾ ਹੈ। ਸਾਲ ਵਿੱਚ ਤਿਮਾਹੀ ਛਿਮਾਹੀ ਬਾਜ਼ਾਰ ਵਿੱਚ ਖ਼ਰੀਦਦਾਰੀ ਕਰਦੇ ਸਮੇਂ ਇੱਕ ਦੋ ਕਿਤਾਬਾਂ ਵੀ ਖ਼ਰੀਦ ਕੇ ਅਲਮਾਰੀ ਦਾ ਸ਼ਿੰਗਾਰ ਬਣਾ ਲੈਣ ਦੀ ਆਦਤ ਪਾ ਲੈਣੀ ਚਾਹੀਦੀ ਹੈ। ਇਸ ਖ਼ਰੀਦੀ ਕਿਤਾਬ ਨੂੰ ਜੇਕਰ ਆਪ ਨਹੀਂ, ਕਦੇ ਤਾਂ ਕੋਈ ਪੜ੍ਹੇਗਾ ਹੀ। ਅਲਮਾਰੀਆਂ ਵਿੱਚ ਪਈਆਂ ਕਿਤਾਬਾਂ ਨੂੰ ਪਈਆਂ ਵੇਖ ਕੇ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਬਹੁਤ ਸਾਰੇ ਸਾਹਿਤਕਾਰ ਤੇ ਵਿਦਵਾਨ ਸਿਰ ਜੋੜ ਕੇ ਗੋਸ਼ਟੀ ਕਰ ਰਹੇ ਹੋਣ।
ਕਿਸੇ ਕੌਮ ਦਾ ਅਸਲੀ ਸਰਮਾਇਆ ਨੌਜਵਾਨ ਹੁੰਦੇ ਹਨ। ਜੇਕਰ ਨੌਜਵਾਨਾਂ ਨੂੰ ਚੰਗੇ ਇਨਸਾਨ ਬਣਾਉਣ ਲਈ ਉਸਾਰੂ ਦਿਸ਼ਾ ਪ੍ਰਦਾਨ ਕਰਨੀ ਹੈ ਤਾਂ ਉਨ੍ਹਾਂ ਦੇ ਮਨਾਂ ਵਿੱਚ ਤਬਦੀਲੀ ਲਿਆਉਣੀ ਪਵੇਗੀ ਤੇ ਇਸ ਤਬਦੀਲੀ ਲਈ ਚੰਗੀਆਂ ਕਿਤਾਬਾਂ ਤੋਂ ਬਿਨਾਂ ਹੋਰ ਕੋਈ ਵਧੀਆ ਸਾਧਨ ਨਹੀਂ ਹੋ ਸਕਦਾ। ਕਿਤਾਬਾਂ ਮਨੁੱਖ, ਸਮਾਜ ਤੇ ਰਾਸ਼ਟਰ ਦਾ ਮਾਰਗ-ਦਰਸ਼ਨ ਕਰਦੀਆਂ ਹਨ। ਸੋ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਬਹੁਤ ਜ਼ਰੂਰੀ ਹੈ। ਜਿਨ੍ਹਾਂ ਦੇਸ਼ਾਂ ਵਿੱਚ ਪੁਸਤਕ ਸੱਭਿਆਚਾਰ ਵਿਦਮਾਨ ਹੈ, ਉਹ ਦੇਸ਼ ਹਰ ਪੱਖੋਂ ਸੋਹਣੀ, ਸ਼ਾਂਤਮਈ ਤੇ ਸਕੂਨ ਦੀ ਜ਼ਿੰਦਗੀ ਜਿਉੁੁਂ ਰਹੇ ਹਨ। ਪੱਛਮੀ ਦੇਸ਼ਾਂ ਦੇ ਵਧੇਰੇ ਵਿਕਸਤ ਹੋਣ ਪਿੱਛੇ ਵੀ ਪੁਸਤਕ ਸੱਭਿਆਚਾਰ ਹੈ। ਉੱਥੇ ਸਾਡੇ ਨਾਲੋਂ ਜਿੱਥੇ ਲਾਇਬ੍ਰੇਰੀਆਂ ਵਧੇਰੇ ਹਨ, ਉੱਥੇ ਉਹ ਲੋਕ ਰੁਝੇਵੇਂ ਭਰੀ ਜ਼ਿੰਦਗੀ ਵਿੱਚੋਂ ਕਿਤਾਬਾਂ ਪੜ੍ਹਨ ਦਾ ਸਮਾਂ ਕੱਢਣ ਲਈ ਵੀ ਸਾਡੇ ਨਾਲੋਂ ਕਾਫ਼ੀ ਅੱਗੇ ਹਨ। ਉੱਥੋਂ ਦੇ ਬੱਚੇ ਵੀ ਲਾਇਬ੍ਰੇਰੀ ਨਾਲ ਸਾਡੇ ਨਾਲੋਂ ਵਧੇਰੇ ਜੁੜੇ ਹੋਏ ਹਨ। ਉਹ ਰੇਲਵੇ ਸਟੇਸ਼ਨਾਂ, ਬੱਸਾਂ, ਪਾਰਕਾਂ, ਕਾਲਜਾਂ ਆਦਿ ਸਾਂਝੀਆਂ ਥਾਵਾਂ ’ਤੇ ਵਿਹਲੇ ਸਮੇਂ ਦੀ ਵਰਤੋਂ ਲਈ ਕਿਤਾਬਾਂ ਪੜ੍ਹਦੇ ਹਨ। ਉਹ ਲੋਕ ਜਨਮ ਦਿਨ ਜਾਂ ਹੋਰ ਖ਼ੁਸ਼ੀ ਮੌਕੇ ਕਿਤਾਬਾਂ ਦੇ ਤੋਹਫ਼ੇ ਦਿੰਦੇ ਹਨ। ਜਦੋਂਕਿ ਅਸੀਂ ਵਿਹਲ ਭਰੀ ਤੇ ਆਰਾਮਪ੍ਰਸਤ ਜ਼ਿੰਦਗੀ ਨੂੰ ਖ਼ੁਸ਼ਨੁਮਾ ਮਹਿਸੂਸ ਕਰਦੇ ਹਾਂ ਤੇ ਪੁਸਤਕਾਂ ਦੀ ਥਾਂ ਮੋਬਾਈਲ, ਟੀ.ਵੀ. ਜਾਂ ਫਾਲਤੂ ਗੱਲਾਂ-ਬਾਤਾਂ ਵਿੱਚ ਵਧੇਰੇ ਵਿਅਸਤ ਰਹਿੰਦੇ ਹਾਂ।
ਲੋਕਾਂ ਨੂੰ ਪੁਸਤਕਾਂ ਨਾਲ ਜੋੜਨ ਲਈ ਹਰ ਪਿੰਡ ਵਿੱਚ ਲਾਇਬ੍ਰੇਰੀ ਹੋਣੀ ਚਾਹੀਦੀ ਹੈ। ਸੰਸਥਾਵਾਂ ਦੇ ਨਾਲ-ਨਾਲ ਹਰ ਘਰ ਵਿੱਚ ਵੀ ਸਮਰੱਥਾ ਅਨੁਸਾਰ ਛੋਟੀ ਜਿਹੀ ਲਾਇਬ੍ਰੇਰੀ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਚੰਗੀਆਂ ਕਿਤਾਬਾਂ ਘਰ ਨੂੰ ਸਵਰਗ ਬਣਾ ਸਕਦੀਆਂ ਹਨ। ਕਿਤਾਬਾਂ ਸਾਨੂੰ ਬਣਾਉਟੀ ਜ਼ਿੰਦਗੀ ਤੋਂ ਨਿਜਾਤ ਦਿਵਾ ਕੇ ਅਸਲੀ ਇਨਸਾਨ ਬਣਾਉਂਦੀਆਂ ਹਨ। ਕਿਸੇ ਰਾਸ਼ਟਰ ਦੀ ਬੌਧਿਕ ਤਰੱਕੀ ਦਾ ਸਹੀ ਅੰਦਾਜ਼ਾ ਵੀ ਉਸ ਰਾਸ਼ਟਰ ਵਿਚਲੀਆਂ ਲਾਇਬ੍ਰੇਰੀਆਂ ਦੀ ਗਿਣਤੀ ਤੇ ਉਨ੍ਹਾਂ ਦੇ ਮਿਆਰ ਤੋਂ ਲਗਾਇਆ ਜਾ ਸਕਦਾ ਹੈ। ਕਿਤਾਬਾਂ ਸਾਨੂੰ ਚੌਕ ਵਿੱਚ ਖੜ੍ਹੇ ਸਿਪਾਹੀ ਵਾਂਗ ਸਹੀ ਰਸਤਾ ਦਿਖਾਉਂਦੀਆਂ ਹਨ। ਇਹ ਸਾਨੂੰ ਸਮਾਜਿਕ ਕੁਰੀਤੀਆਂ ਜਿਵੇਂ ਨਸ਼ੇ, ਚੋਰੀ, ਹਿੰਸਾ ਤੇ ਅਤਿਵਾਦ ਤੋਂ ਕੋਹਾਂ ਦੂਰ ਕਰਕੇ ਸੋਹਣਾ-ਸੁਚੱਜਾ ਅਤੇ ਸੰਤੁਸ਼ਟ ਜੀਵਨ ਜਿਉਣ ਦਾ ਬਲ ਬਖ਼ਸ਼ਦੀਆਂ ਹਨ। ਚੰਗੀਆਂ ਕਿਤਾਬਾਂ ਨਾਲ ਸ਼ਿੰਗਾਰੀ ਇੱਕ ਲਾਇਬ੍ਰੇਰੀ ਕਈ ਜੇਲ੍ਹਾਂ ਬੰਦ ਕਰਨ ਦਾ ਕ੍ਰਿਸ਼ਮਾ ਕਰ ਸਕਦੀ ਹੈ। ਕਿਤਾਬ ਪ੍ਰੇਮੀ ਘਰ ਬੈਠਿਆਂ ਹੀ ਵਿਦੇਸ਼ਾਂ ਤੇ ਬ੍ਰਹਿਮੰਡ ਦੀ ਸੈਰ ਕਰ ਲੈਂਦਾ ਹੈ। ਇਹ ਸਾਨੂੰ ਅਜਿਹੀ ਦੌਲਤ ਨਾਲ ਮਾਲੋ-ਮਾਲ ਕਰਦੀਆਂ ਹਨ ਜਿਸ ਨੂੰ ਚੋਰ ਚੁਰਾ ਨਹੀਂ ਸਕਦਾ, ਪਾਣੀ ਰੋੜ੍ਹ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ। ਕਿਤਾਬਾਂ ਆਪਣੇ ਮਿੱਠੇ ਸੁਭਾਅ ਅਤੇ ਸਿਆਣੇ ਬੋਲਾਂ ਨਾਲ ਸਾਡਾ ਹੌਸਲਾ ਵਧਾਉਂਦੀਆਂ ਹਨ ਤੇ ਸਾਨੂੰ ਢਾਰਸ ਦਿੰਦੀਆਂ ਹਨ। ਮਨੁੱਖ ਦੀ ਹਜ਼ਾਰਾਂ ਵਰ੍ਹਿਆਂ ਦੀ ਸਿਆਣਪ ਅਤੇ ਤਜ਼ਰਬਿਆਂ ਦਾ ਨਿਚੋੜ ਇਨ੍ਹਾਂ ਵਿੱਚ ਛੁਪਿਆ ਹੁੰਦਾ ਹੈ। ਕਿਤਾਬਾਂ ਦੇ ਦਰ ਹਰ ਛੋਟੇ-ਵੱਡੇ, ਉੱਚੇ -ਨੀਵੇਂ ਅਤੇ ਅਮੀਰ-ਗ਼ਰੀਬ ਲਈ ਸਦਾ ਖੁੱਲ੍ਹੇ ਰਹਿੰਦੇ ਹਨ।
ਮੁੱਖ ਤੌਰ ’ਤੇ ਕਿਤਾਬਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ – ਸਾਹਿਤਕ ਤੇ ਅਕਾਦਮਿਕ। ਅਕਾਦਮਿਕ ਕਿਤਾਬਾਂ ਸਾਨੂੰ ਮੁਕਾਬਲਾ ਪ੍ਰੀਖਿਆਵਾਂ ਰਾਹੀਂ ਰੁਜ਼ਗਾਰ ਦੇ ਕਾਬਲ ਬਣਾਉਂਦੀਆਂ ਹਨ ਤੇ ਸਾਹਿਤਕ ਕਿਤਾਬਾਂ ਮਨੁੱਖ ਦੀ ਵਿਵੇਕ, ਕਲਪਨਾ, ਸੰਵੇਦਨਾ ਤੇ ਜੀਵਨ ਦ੍ਰਿਸ਼ਟੀਕੋਣ ਨੂੰ ਵਿਸ਼ਾਲ ਬਣਾ ਕੇ ਸਰਵਪੱਖੀ ਵਿਕਾਸ ਕਰਨ ਵਿੱਚ ਸਹਾਈ ਹੁੰਦੀਆਂ ਹਨ। ਦੋਵੇਂ ਤਰ੍ਹਾਂ ਦੀਆਂ ਕਿਤਾਬਾਂ ਆਪਣਾ-ਆਪਣਾ ਮਹੱਤਵ ਰੱਖਦੀਆਂ ਹਨ। ਬੱਚੇ ਦੇ ਕੋਰੇ ਮਨ ਉੱਤੇ ਪੁਸਤਕਾਂ ਅਜਿਹੀ ਸਦੀਵੀ ਇਬਾਰਤ ਲਿਖ ਦਿੰਦੀਆਂ ਹਨ ਜੋ ਉਸ ਦੇ ਵਿਅਕਤੀਤਵ ਨੁੂੰ ਨਵੀਂ ਦਿਸ਼ਾ ਤੇ ਦਸ਼ਾ ਪ੍ਰਦਾਨ ਕਰਦੀਆਂ ਹਨ। ਬੱਚੇ ਨੂੰ ਸਮੇਂ ਦਾ ਹਾਣੀ ਬਣਨ ਲਈ, ਵਿਗਿਆਨਕ ਤੇ ਤਰਕ ਸ਼ਕਤੀ ਦਾ ਵਿਕਾਸ ਕਰਨ ਲਈ ਵਹਿਮਾਂ-ਭਰਮਾਂ ਵਿੱਚੋਂ ਨਿਕਲਣ ਲਈ ਕਿਤਾਬਾਂ ਤੋਂ ਵੱਡਾ ਕੋਈ ਅਗਵਾਈ ਕਰਤਾ ਨਹੀਂ ਹੋ ਸਕਦਾ। ਬਾਦਲੀਲ ਤੇ ਤੱਥ ਭਰਪੂਰ ਤੇ ਲੱਛੇਦਾਰ ਵਕਤਾ ਬਣਨਾ ਕਠਿਨ ਕਾਰਜ ਨਹੀਂ, ਲੋੜ ਹੈ ਬਸ ਕਿਤਾਬਾਂ ਨਾਲ ਨੇੜਤਾ ਬਣਾਉਣ ਦੀ।
ਕਿਤਾਬਾਂ ਨਾਲ ਸਾਂਝ ਤੋਂ ਬਿਨਾਂ ਸਾਡੇ ਅੰਦਰ ਸੋਚਣ-ਸਮਝਣ ਤੇ ਤਰਕ-ਬੁੱਧੀ ਦੀ ਅਣਹੋਂਦ ਰਹਿੰਦੀ ਹੈ। ਵਿਚਾਰਾਂ ਵਿੱਚ ਦੁਬਿਧਾ, ਅਵਿਸ਼ਵਾਸ, ਝਗੜਾਲੂਪਣ ਤੇ ਹੀਣਤਾ ਦੀ ਭਾਵਨਾ ਵੀ ਕਿਤਾਬਾਂ ਤੋਂ ਸੱਖਣੇ ਜੀਵਨ ਦਾ ਹੀ ਨਤੀਜਾ ਹੈ, ਸੋ ਹਰ ਮਨੁੱਖ ਲਈ ਕਿਤਾਬਾਂ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਵਧੇਰੇ ਕਿਤਾਬੀ ਗਿਆਨ ਹਾਸਲ ਕਰਕੇ ਉਸ ਦੀ ਸਹੀ ਵਰਤੋਂ ਵੀ ਜ਼ਰੂਰੀ ਹੈ, ਨਹੀਂ ਤਾਂ ਹਉਮੈ ਦਾ ਵਿਕਾਰ ਪੈਦਾ ਹੋ ਕੇ ਗਿਆਨ ਵਰ ਦੀ ਥਾਂ ਸਰਾਪ ਬਣ ਸਕਦਾ ਹੈ।
ਉਸਾਰੂ ਤੇ ਚੰਗੀ ਕਿਤਾਬ ਚੁਣਨਾ ਵੀ ਇੱਕ ਵੱਡੀ ਚੁਣੌਤੀ ਹੈ ਕਿਉਂਕਿ ਨੀਵੇਂ ਪੱਧਰ ਦਾ ਸਾਹਿਤ ਜਾਂ ਗ਼ਲਤ ਤੱਥ ਭਰਪੂਰ ਅਕਾਦਮਿਕ ਗਿਆਨ ਵੀ ਪਾਠਕ ਨੂੰ ਬੌਧਿਕ ਨਿਵਾਣ ਵੱਲ ਲੈ ਜਾਂਦਾ ਹੈ ਅਤੇ ਪਾਠਕ ਗਿਆਨ ਦੀ ਬਜਾਏ ਅਗਿਆਨਤਾ ਦੀ ਹਨੇਰੀ ਵੱਲ ਚਲਾ ਜਾਂਦਾ ਹੈ। ਪ੍ਰੋ. ਮੋਹਨ ਸਿੰਘ ਦੇ ਕਾਵਿਕ ਬੋਲ ਹਨ- ‘ਪੜ੍ਹ-ਪੜ੍ਹ ਪੁਸਤਕ ਢੇਰ ਕੁੜੇ, ਮੇਰਾ ਵਧਦਾ ਜਾਏ ਹਨੇਰ ਕੁੜੇ’। ਇਸ ਲਈ ਕਿਤਾਬ ਪੜ੍ਹਨ ਤੋਂ ਪਹਿਲਾਂ ਕਿਸੇ ਆਲੋਚਕ, ਸਾਹਿਤਕਾਰ, ਅਧਿਆਪਕ ਆਦਿ ਨਾਲ ਕਿਤਾਬ ਦੇ ਵਿਸ਼ੇ ਤੇ ਮਿਆਰ ਬਾਰੇ ਵਿਚਾਰ ਕਰ ਲੈਣਾ ਚਾਹੀਦਾ ਹੈ ਕਿਉਂਕਿ ਸਾਹਿਤ ਜਗਤ ਵਿੱਚ ਚੰਗੇ ਸਾਹਿਤ ਦੇ ਨਾਲ-ਨਾਲ ਕੱਚ-ਘਰੜ, ਨਿਮਨ, ਭੜਕਾਊ ਤੇ ਅਸ਼ਲੀਲ ਸਾਹਿਤ ਵੀ ਪਰੋਸਿਆ ਜਾ ਰਿਹਾ ਹੈ। ਉੱਤਮ ਤੇ ਉੱਚਕੋਟੀ ਲਿਖਾਰੀ ਦਾ ਰੁਤਬਾ ਤਾਂ ਕੋਈ ਵਿਰਲਾ ਹੀ ਹਾਸਲ ਕਰ ਸਕਦਾ ਹੈ, ਅਜਿਹੇ ਮਾਣਮੱਤੇ ਲਿਖਾਰੀਆਂ ਬਾਰੇ ਸ੍ਰੀ ਗੁਰੂੁ ਨਾਨਕ ਦੇਵ ਜੀ ਲਿਖਦੇ ਹਨ- ‘ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ।।’
ਸਾਡੇ ਸਮਕਾਲ ਦੀ ਵਿਡੰਬਨਾ ਇਹ ਹੈ ਕਿ ਪੰਜਾਬ ਦੀ ਜਿਸ ਧਰਤੀ ਉੱਪਰ ਵੇਦਾਂ ਅਤੇ ਸ੍ਰੀ ਗੁਰੂ ਗ੍ਰੰਥ ਦੀ ਰਚਨਾ ਹੋਈ ਹੋਵੇ, ਉੱਥੇ ਵਰਤਮਾਨ ਸਮੇਂ ਅਸੀਂ ਕਿਤਾਬ ਅਤੇ ਸ਼ਬਦ ਸੱਭਿਆਚਾਰ ਤੋਂ ਬੇਮੁੱਖ ਹੋ ਕੇ ਬੌਧਿਕ ਕੰਗਾਲੀ ਦੇ ਹਨੇਰਮਈ ਖੂਹ ਵਿੱਚ ਡਿੱਗਦੇ ਜਾ ਰਹੇ ਹਾਂ। ਸੋ ਆਓ! ਅਸੀਂ ਆਪਣੇ ਵਰਤਮਾਨ ਨੂੰ ਕਿਤਾਬਾਂ ਸੰਗ ਬਿਤਾ ਕੇ ਤੰਦਰੁਸਤ ਮਾਨਸਿਕਤਾ ਸਿਰਜੀਏ ਅਤੇ ਭੂਤਕਾਲ ਵਿੱਚ ਹੋਈਆਂ ਗ਼ਲਤੀਆਂ ਤੋਂ ਸਬਕ ਸਿੱਖੀਏ ਤਾਂ ਜੋ ਭਵਿੱਖ ਨੂੰ ਸੁਨਹਿਰੀ ਬਣਾਇਆ ਜਾ ਸਕੇ।
ਸੰਪਰਕ: 98721-77666