ਜਗਜੀਤ ਸਿੰਘ ਗਣੇਸ਼ਪੁਰ
ਵਰਤਮਾਨ ਸਮੇਂ ਜਦੋਂ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਕੁੜੀਆਂ ਦੇ ਸਿੱਖਿਆ ਅਧਿਕਾਰਾਂ ਦੀ ਗੱਲ ਚੱਲਦੀ ਹੈ ਤਾਂ ਇਕ ਨਾਮ ਜੋ ਆਪ-ਮੁਹਾਰੇ ਹਰ ਇਕ ਦੀ ਜ਼ੁਬਾਨ ਉੱਪਰ ਸਭ ਤੋਂ ਪਹਿਲਾਂ ਆਉਂਦਾ ਹੈ, ਉਹ ਹੈ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ। ਅੱਜ ਦੇ ਸਮੇਂ ਉਹ ਕੁੜੀਆਂ ਦੇ ਸਿੱਖਿਆ ਅਧਿਕਾਰਾਂ ਦੀ ਅੰਤਰਰਾਸ਼ਟਰੀ ਆਵਾਜ਼ ਬਣ ਚੁੱਕੀ ਹੈ। ਹਾਲ ਹੀ ਵਿਚ ਬਰਤਾਨਵੀ ਫੈਸ਼ਨ ਮੈਗਜ਼ੀਨ ‘ਵੋਗ’ ਵਿਚ ਦਿੱਤੀ ਇਕ ਇੰਟਰਵਿਊ ਵਿਚ ਉਸ ਨੇ ਕਿਹਾ ਕਿ ਉਹ ਜਾਣਦੀ ਹੈ ਕਿ ਇਕ ਕੁੜੀ ਆਪਣੇ ਦਿਲ ਵਿਚ ਕਿੰਨੀ ਤਾਕਤ ਰੱਖਦੀ ਹੈ ਜਦੋਂ ਉਸ ਕੋਲ ਆਲੇ-ਦੁਆਲੇ ਘਟ ਰਹੀਆਂ ਘਟਨਾਵਾਂ ਨੂੰ ਸਮਝਣ ਵਾਲੀ ਸੋਚ ਅਤੇ ਭਵਿੱਖ ਲਈ ਮਿਸ਼ਨ ਹੋਵੇ।
ਮਲਾਲਾ ਯੂਸਫ਼ਜ਼ਈ ਦਾ ਜਨਮ 12 ਜੁਲਾਈ 1997 ਨੂੰ ਪਾਕਿਸਤਾਨ ਦੀ ਸਵਾਤ ਘਾਟੀ ਦੇ ਛੋਟੇ ਜਿਹੇ ਕਸਬੇ ਮਿਗੋਰਾ ’ਚ ਹੋਇਆ। ਆਪਣੇ ਤੋਂ ਉਮਰ ਵਿਚ ਦੋ ਛੋਟੇ ਭਰਾਵਾਂ ਦੀ ਇਸ ਭੈਣ ਦਾ ਨਾਮ ਉਸ ਦੇ ਪਰਿਵਾਰ ਨੇ ਦੱਖਣੀ ਅਫ਼ਗ਼ਾਨਿਸਤਾਨ ਦੀ ਮਸ਼ਹੂਰ ਪਸ਼ਤੂ ਯੋਧਾ ਔਰਤ (ਮਲਾਲਾ-ਏ-ਮੇਵਨਦ) ਦੇ ਨਾਮ ਤੋਂ ਰੱਖਿਆ ਜਿਸ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਬਰਤਾਨਵੀ ਰਾਜ ਵਿਰੁੱਧ 1880 ਵਿਚ ਮੇਵਨਦ ਦੀ ਜੰਗ ਲੜੀ ਸੀ। ਉਸ ਦਾ ਅੰਤਿਮ ਨਾਮ ਯੂਸਫ਼ਜ਼ਈ ਇਕ ਵੱਡੇ ਪਸ਼ਤੂਨ ਕਬੀਲੇ ਦਾ ਹੈ ਜੋ ਵਧੇਰੇ ਕਰਕੇ ਪਾਕਿਸਤਾਨ ਦੀ ਸਵਾਤ ਘਾਟੀ ਵਿਚ ਵੱਸਦਾ ਹੈ।
ਮਲਾਲਾ ਦੇ ਪਿਤਾ ਖ਼ੁਦ ਕਵੀ ਹੋਣ ਦੇ ਨਾਲ-ਨਾਲ ਆਪਣਾ ਸਕੂਲ ਵੀ ਚਲਾਉਂਦੇ ਰਹੇ ਹਨ। ਮਲਾਲਾ ਦੇ ਪਿਤਾ ਹਮੇਸ਼ਾਂ ਬੱਚਿਆਂ ਨੂੰ ਸਕੂਲੀ ਸਿੱਖਿਆ ਮੁਹੱਈਆ ਕਰਵਾਉਣ ਲਈ ਆਪਣੀ ਆਵਾਜ਼ ਬੁਲੰਦ ਕਰਦੇ ਰਹਿੰਦੇ। ਇਸੇ ਸਿਲਸਿਲੇ ਵਿਚ ਸਤੰਬਰ 2008 ’ਚ ਉਹ ਮਲਾਲਾ ਨੂੰ ਪੇਸ਼ਾਵਰ ਵਿਚ ਸਥਾਨਕ ਪ੍ਰੈੱਸ ਕਲੱਬ ਵਿਚ ਲੈ ਕੇ ਗਏ ਜਿੱਥੇ ਮਲਾਲਾ ਨੂੰ ਵੀ ਪਹਿਲੀ ਵਾਰ ਬੋਲਣ ਦਾ ਮੌਕਾ ਮਿਲਿਆ ਅਤੇ ਉਸ ਦੀ ਇਸ ਵਾਰਤਾ ਨੂੰ ਸਥਾਨਕ ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ ਨੇ ਕਵਰ ਕੀਤਾ। 2009 ’ਚ ਯੂਸਫ਼ਜ਼ਈ ਨੇ ‘ਵਾਰ ਐਂਡ ਪੀਸ’ ਨਾਮਕ ਇਕ ਸੰਸਥਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਸ ਦਾ ਮਕਸਦ ਬੱਚਿਆਂ ਨੂੰ ਸਮਾਜਿਕ ਸਰੋਕਾਰਾਂ, ਮੁਸ਼ਕਲਾਂ ਲਈ ਵਿਚਾਰ ਵਟਾਂਦਰਾ ਕਰਨ ਲਈ ਉਤਸ਼ਾਹਿਤ ਕਰਨਾ ਸੀ। 2009 ’ਚ ਹੀ ਮਲਾਲਾ ਦੇ ਪਿਤਾ ਨੇ ਆਪਣੀ ਹੋਣਹਾਰ ਪੁੱਤਰੀ ਨੂੰ ਬੀ.ਬੀ.ਸੀ. ਦੀ ਉਰਦੂ ਵੈੱਬਸਾਈਟ ’ਤੇ ਬਲਾਗ ਲਿਖਣ ਲਈ ਰਜ਼ਾਮੰਦੀ ਦੇ ਦਿੱਤੀ ਜਿਸ ਵਿਚ ਕੁੜੀਆਂ ’ਤੇ ਸਵਾਤ ਘਾਟੀ ਵਿਚ ਤਾਲਿਬਾਨ ਵੱਲੋਂ ਲਗਾਈਆਂ ਜਾਂਦੀਆਂ ਪਾਬੰਦੀਆਂ ਬਾਰੇ ਲਿਖਣਾ ਸੀ। 3 ਜਨਵਰੀ 2009 ਨੂੰ ਮਲਾਲਾ ਦਾ ਪਹਿਲਾ ਬਲਾਗ ਬੀ.ਬੀ.ਸੀ. ਦੀ ਉਰਦੂ ਵੈੱਬਸਾਈਟ ’ਤੇ ਪੋਸਟ ਕੀਤਾ ਗਿਆ ਜਿਸ ਵਿਚ ਉਸ ਨੇ ਸਵਾਤ ਵਿਚ ਅਤਿਵਾਦੀਆਂ ਦੇ ਡਰ ਕਾਰਨ ਕੁਝ ਹੀ ਕੁੜੀਆਂ ਦੇ ਸਕੂਲ ਜਾਣ ਅਤੇ ਅੰਤ ਵਿਚ ਸਕੂਲ ਦੇ ਬੰਦ ਹੋਣ ਦਾ ਤੌਖਲਾ ਪ੍ਰਗਟ ਕੀਤਾ ਸੀ। ਤਾਲਿਬਾਨ ਨੇ 15 ਜਨਵਰੀ 2009 ’ਚ ਕੁੜੀਆਂ ਦੇ ਸਕੂਲ ਜਾਣ ਵਿਰੁੱਧ ਫ਼ਤਵਾ ਜਾਰੀ ਕਰਕੇ ਮੁਕੰਮਲ ਪਾਬੰਦੀ ਲਗਾ ਦਿੱਤੀ। ਉਨ੍ਹਾਂ ਵੱਲੋਂ 400 ਸਕੂਲਾਂ ਨੂੰ ਬੰਬਾ ਨਾਲ ਉਡਾ ਦਿੱਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਕੁੜੀਆਂ ਦੇ ਸਕੂਲ ਸ਼ਾਮਲ ਸਨ।
ਮਲਾਲਾ ਇਸ ਸਾਰੇ ਬਿਰਤਾਂਤ ਦਾ ਪ੍ਰਗਟਾਵਾ ਆਪਣੇ ਬਲਾਗ ’ਤੇ ਕਰਦੀ ਰਹੀ। 2011 ’ਚ ਉਸ ਨੂੰ ਪਾਕਿਸਤਾਨ ਦੇ ਰਾਸ਼ਟਰੀ ਨੌਜਵਾਨ ਸ਼ਾਂਤੀ ਪੁਰਸਕਾਰ ਨਾਲ ਨਿਵਾਜਿਆ ਗਿਆ ਅਤੇ ਉਸ ਨੂੰ ਇਸ ਪੁਰਸਕਾਰ ਨਾਲ ਉਸ ਸਮੇਂ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸਫ਼ ਰਾਜਾ ਗਿਲਾਨੀ ਨੇ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਦੇ ਦਖਲ ਤੋਂ ਬਾਅਦ ਸਵਾਤ ਘਾਟੀ ਵਿਚ ਇਕ ਆਈ.ਟੀ. ਕੈਂਪਸ ਦੀ ਸਥਾਪਨਾ ਵੀ ਹੋਈ। ਮਲਾਲਾ ਇਸ ਤੋਂ ਬਾਅਦ ਵੀ ਲੜਕੀਆਂ ਦੇ ਅਧਿਕਾਰਾਂ ਦੀ ਆਵਾਜ਼ ਵੱਖ-ਵੱਖ ਮਾਧਿਅਮ ਰਾਹੀਂ ਬੁਲੰਦ ਕਰਦੀ ਰਹੀ। ਜਿਸ ਰਫ਼ਤਾਰ ਨਾਲ ਮਲਾਲਾ ਦੀ ਆਵਾਜ਼ ਮਨੁੱਖ ਅਧਿਕਾਰਾਂ ਲਈ ਬੁਲੰਦ ਹੋ ਰਹੀ ਸੀ, ਓਨੀ ਹੀ ਤੇਜ਼ੀ ਨਾਲ ਉਸ ਦੀ ਜਾਨ ਨੂੰ ਵੀ ਖ਼ਤਰਾ ਵਧ ਰਿਹਾ ਸੀ।
9 ਅਕਤੂਬਰ 2012 ਨੂੰ ਜਦੋਂ ਮਲਾਲਾ ਆਪਣੀਆਂ ਸਹੇਲੀਆਂ ਨਾਲ ਸਕੂਲ ਤੋਂ ਬੱਸ ਰਾਹੀਂ ਘਰ ਨੂੰ ਆ ਰਹੀ ਸੀ ਤਾਂ ਇਕ ਬਦੂੰਕਧਾਰੀ ਨੇ ਬੱਸ ਅੰਦਰ ਦਾਖਲ ਹੋ ਕੇ ਮਲਾਲਾ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾਇਆ ਜੋ ਉਸ ਦੇ ਸਿਰ ਤੋਂ ਹੁੰਦੀ ਹੋਈ ਉਸ ਦੇ ਮੋਢੇ ਤਾਂ ਜਾ ਲੱਗੀ। ਮਲਾਲਾ ਦੇ ਇਲਾਜ ਲਈ ਪੂਰੀ ਦੁਨੀਆ ਤੋਂ ਪੇਸ਼ਕਸ਼ਾਂ ਆ ਰਹੀਆਂ ਸਨ ਤੇ ਆਖ਼ਰਕਾਰ 15 ਅਕਤੂਬਰ ਨੂੰ ਯੂਸਫ਼ਜ਼ਈ ਨੂੰ ਬਰਤਾਨੀਆ ਲਿਜਾਣ ਦਾ ਫ਼ੈਸਲਾ ਕੀਤਾ ਗਿਆ ਤੇ ਲੰਮੇ ਸਮੇਂ ਬਾਅਦ ਉਸ ਨੂੰ 3 ਜਨਵਰੀ 2013 ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਮਲਾਲਾ ਤੇ ਹੋਏ ਇਸ ਤਾਲਿਬਾਨੀ ਹਮਲੇ ਦੀ ਜਿੱਥੇ ਚਾਰ ਚੁਫ਼ੇਰੇ ਨਿੰਦਾ ਹੋਈ ਉੱਥੇ ਹੀ ਉਸ ਵੱਲੋਂ ਕੀਤੇ ਗਏ ਸ਼ੁੱਭ ਕੰਮਾਂ ਦੀ ਦੁਨੀਆ ਦੇ ਹਰ ਕੋਨੇ ਤੋਂ ਪ੍ਰਸੰਸਾ ਹੋਈ। ਮਲਾਲਾ ਨੇ ਇਸ ਤੋਂ ਬਾਅਦ ਵੀ ਆਪਣੀ ਕੁੜੀਆਂ ਦੇ ਸਿੱਖਿਆ ਅਤੇ ਹੋਰ ਬੁਨਿਆਦੀ ਅਧਿਕਾਰਾਂ ਦੀ ਪ੍ਰਾਪਤੀ ਲਈ ਲੜਾਈ ਜਾਰੀ ਰੱਖੀ। ਮਲਾਲਾ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਜਿੱਥੇ 2013 ਵਿਚ ਵਿਸ਼ਵ ਪ੍ਰਸਿੱਧ ‘ਟਾਈਮਜ਼ ਮੈਗਜ਼ੀਨ’ ਨੇ ਮਲਾਲਾ ਨੂੰ ਦੁਨੀਆ ਦੀਆਂ ਪ੍ਰਸਿੱਧ 100 ਹਸਤੀਆਂ ਵਿਚ ਸ਼ੁਮਾਰ ਕਰ ਕੇ ਆਪਣੇ ਰਸਾਲੇ ਦੇ ਮੁੱਖ ਪੰਨੇ ਉੱਪਰ ਜਗ੍ਹਾ ਦਿੱਤੀ। ਇਸ ਸਾਲ ਹੀ ਉਸ ਨੂੰ ਮਸ਼ਹੂਰ ‘ਸਾਖਰੋਵ ਪੁਰਸਕਾਰ’ ਨਾਲ ਨਿਵਾਜਿਆ ਗਿਆ ਜੋ ਯੂਰੋਪੀਅਨ ਪਾਰਲੀਮੈਂਟ ਵੱਲੋਂ ਮਨੁੱਖੀ ਅਧਿਕਾਰਾਂ ਲਈ ਕਾਰਜ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਉੱਥੇ ਹੀ, ਉਸ ਦੇ ਸੰਘਰਸ਼ ਨੂੰ ਸਨਮਾਨ ਦਿੰਦੇ ਹੋਏ 2013 ’ਚ ਸੰਯੁਕਤ ਰਾਸ਼ਟਰ ਨੇ 12 ਜੁਲਾਈ ਨੂੰ ਅੰਤਰਰਾਸ਼ਟਰੀ ਮਲਾਲਾ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ।
ਸੰਯੁਕਤ ਰਾਸ਼ਟਰ ਵਿਖੇ ਆਪਣੀ ਤਕਰੀਰ ਵਿਚ ਮਲਾਲਾ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਆਪਣੇ ਵੱਲੋਂ ਆਰੰਭੇ ਕਾਰਜਾਂ ਤੋਂ ਕਦੇ ਡਰ ਕੇ ਪਿੱਛੇ ਨਹੀਂ ਹਟੇਗੀ। 10 ਅਕਤੂਬਰ 2014 ’ਚ ਮਲਾਲਾ ਯੂਸਫ਼ਜ਼ਈ ਨੂੰ ਬੱਚਿਆਂ ਦੇ ਸਿੱਖਿਆ ਸਬੰਧੀ ਅਧਿਕਾਰਾਂ ਦੀ ਬੜੀ ਦਲੇਰੀ ਨਾਲ ਲੜਾਈ ਲੜਦੇ ਹੋਏ ਕੀਤੇ ਗਏ ਸੰਘਰਸ਼ ਨੂੰ ਸਲਾਮ ਕਰਦੇ ਹੋਏ ਸੰਸਾਰ ਦੇ ਸਭ ਤੋਂ ਵੱਡੇ ਸਨਮਾਨ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹ ਸਤਾਰਾਂ ਸਾਲ ਦੀ ਸਭ ਤੋਂ ਘੱਟ ਉਮਰ ਵਿਚ ਇਹ ਸਨਮਾਨ ਪ੍ਰਾਪਤ ਕਰਨ ਵਾਲੀ ਬਣੀ। 2015 ਵਿਚ ਮਲਾਲਾ ਦੇ ਸਨਮਾਨ ਵਿਚ ‘ਨਾਸਾ ਨਿਊਵਾਈਸ ਸਪੇਸ ਕਰਾਫਟ’ ਵੱਲੋਂ ਖੋਜੇ ਗਏ ਇਕ ਤਾਰੇ ਨੂੰ ‘ਮਲਾਲਾ 316201’ ਦਾ ਨਾਮ ਦਿੱਤਾ ਗਿਆ।
ਮਲਾਲਾ ਦੇ ਜੀਵਨ ਉੱਪਰ ਇਕ ਅਮਰੀਕਨ ਦਸਤਾਵੇਜ਼ੀ ਫ਼ਿਲਮ ‘ਹੀ ਨੇਮਡ ਮੀ ਮਲਾਲਾ’ 2015 ਵਿਚ ਬਣ ਚੁੱਕੀ ਹੈ। ਆਪਣੇ ਜੀਵਨ ਨੂੰ ਸੰਘਰਸ਼ ਬਿਆਨ ਕਰਨ ਵੇਲੇ ਉਹ ਆਖਦੀ ਹੈ ਕਿ ਮੈਂ ਆਪਣੀ ਕਹਾਣੀ ਇਸ ਲਈ ਨਹੀਂ ਸੁਣਾਉਂਦੀ ਕਿ ਇਹ ਵਿਲੱਖਣ ਹੈ ਬਲਕਿ ਇਸ ਕਰਕੇ ਕਿ ਇਹ ਕਈਆਂ ਕੁੜੀਆਂ ਦੀ ਕਹਾਣੀ ਹੈ। ਆਪਣੇ ਉੱਪਰ ਹਮਲੇ ਤੋਂ ਬਾਅਦ ਸਿਹਤਯਾਬ ਹੋ ਕੇ ਮਲਾਲਾ ਨੇ ਕਿਹਾ ਸੀ ਕਿ ਉਸ ਵੇਲੇ ਮੇਰੇ ਸਾਹਮਣੇ ਦੋ ਰਸਤੇ ਸਨ, ਪਹਿਲਾ ਕਿ ਮੈਂ ਚੁੱਪਚਾਪ ਆਪਣੀ ਆਮ ਜ਼ਿੰਦਗੀ ਗੁਜ਼ਾਰਾ ਜਾਂ ਫਿਰ ਇਸ ਨਵੇਂ ਮਿਲੇ ਜੀਵਨ ਵਿਚ ਕੁਝ ਵੱਡਾ ਕਰਨ ਦਾ ਅਹਿਦ ਲਵਾਂ। ਮੈਂ ਦ੍ਰਿੜ ਇਰਾਦੇ ਨਾਲ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ।
ਮਲਾਲਾ ਦੀ ਸੰਸਥਾ ਆਪਣੇ ਆਨਲਾਈਨ ਪੋਰਟਲ ਜ਼ਰੀਏ ਦੁਨੀਆ ਭਰ ਦੀਆਂ ਕੁੜੀਆਂ ਨੂੰ ਉਨ੍ਹਾਂ ਦੀਆਂ ਸੰਘਰਸ਼ਮਈ ਕਹਾਣੀਆਂ ਪੂਰੀ ਦੁਨੀਆ ਨਾਲ ਸਾਂਝੀਆਂ ਕਰਨ ਵਿਚ ਸਹਾਇਤਾ ਕਰ ਰਹੀ ਹੈ। ‘ਗੁੱਲਮਕਈ’ ਇਕ ਅਜਿਹੇ ਸਿੱਖਿਆ ਖੇਤਰ ਨਾਲ ਜੁੜੇ ਕਾਰਕੁਨਾਂ ਦਾ ਨੈੱਟਵਰਕ ਹੈ, ਜਿਹੜੇ ਉਨ੍ਹਾਂ ਦੇਸ਼ਾਂ ਵਿਚ ਆਪਣੀਆਂ ਸੇਵਾਵਾਂ ਦਿੰਦੇ ਹਨ ਜਿੱਥੇ ਕੁੜੀਆਂ ਨੂੰ ਸਭ ਤੋਂ ਵੱਧ ਔਖੇ ਹਾਲਾਤ, ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਲਾਲਾ ਫੰਡ ਮੁੱਖ ਤੌਰ ’ਤੇ ਅਫ਼ਗ਼ਾਨਿਸਤਾਨ, ਬ੍ਰਾਜ਼ੀਲ, ਨਾਈਜੀਰੀਆ, ਸੀਰੀਆ, ਭਾਰਤ, ਪਾਕਿਸਤਾਨ, ਲਬਿਨਾਨ ਅਤੇ ਤੁਰਕੀ ਵਿਚ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਮਲਾਲਾ ਨੇ 11 ਸਾਲ ਦੀ ਉਮਰ ਵਿਚ ਬੀ.ਬੀ.ਸੀ. ਲਈ ਲਿਖਣਾ ਵੀ ਇਸੇ ਨਾਮ ਹੇਠ ਸ਼ੁਰੂ ਕੀਤਾ ਸੀ ਅਤੇ ਇਸੇ ਨਾਮ ’ਤੇ ਉਸ ’ਤੇ ਬੌਲੀਵੁੱਡ ਫ਼ਿਲਮ ਵੀ ਬਣ ਚੁੱਕੀ ਹੈ।
ਮਲਾਲਾ ਆਮ ਤੌਰ ’ਤੇ ਆਪਣੇ ਭਾਸ਼ਣ ਵਿਚ ਇਹ ਵਿਚਾਰ ਪ੍ਰਗਟ ਕਰਦੀ ਰਹਿੰਦੀ ਹੈ ਕਿ ਇਕ ਬੱਚਾ, ਇਕ ਅਧਿਆਪਕ, ਇਕ ਕਿਤਾਬ ਅਤੇ ਇਕ ਕਲਮ ਦੁਨੀਆ ਬਦਲ ਸਕਦੇ ਹਨ, ਉਸ ਦੇ ਕਹਿਣ ਤੋਂ ਭਾਵ ਇਹ ਹੈ ਕਿ ਦੁਨੀਆ ਦੇ ਦੇਸ਼ਾਂ ਨੂੰ ਹਥਿਆਰਾਂ ਨਾਲੋਂ ਜ਼ਿਆਦਾ ਪੈਸੇ ਪੜ੍ਹਾਈ-ਲਿਖਾਈ ’ਤੇ ਨਿਵੇਸ਼ ਕਰਨੇ ਚਾਹੀਦੇ ਹਨ ਤਾਂ ਜੋ ਇਕ ਆਦਰਸ਼ ਸਮਾਜ ਦੀ ਸਿਰਜਣਾ ਸੰਭਵ ਹੋ ਸਕੇ। ਮਲਾਲਾ ਅਕਸਰ ਕਹਿੰਦੀ ਹੈ ਕਿ ਉਸ ਨੂੰ ਵਿਸ਼ਵਾਸ ਹੈ ਕਿ ਅਸੀਂ ਸਾਰੇ ਇਕ ਦਿਨ ਹਰ ਕੁੜੀ ਨੂੰ ਸਕੂਲ ਜਾਂਦਾ ਜ਼ਰੂਰ ਵੇਖਾਂਗੇ। 2017 ਵਿਚ ਉਸ ਦੀਆਂ ਸਿੱਖਿਆ ਅਤੇ ਵਿਸ਼ਵ ਸ਼ਾਂਤੀ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਉਸ ਨੂੰ ਸੰਯੁਕਤ ਰਾਸ਼ਟਰ ਦੀ ਸ਼ਾਂਤੀ ਦੂਤ ਬਣਾਇਆ ਗਿਆ। 2017 ਵਿਚ ਹੀ ਮਲਾਲਾ ਨੇ ਦੋ ਹੋਰ ਕੀਰਤੀਮਾਨ ਆਪਣੇ ਨਾਮ ਕੀਤੇ, ਜਦੋਂ ਉਹ ਕੈਨੇਡਾ ਦੇ ਦੋਹਾਂ ਸਦਨਾਂ ਨੂੰ ਸੰਯੁਕਤ ਰੂਪ ਵਿਚ ਸੰਬੋਧਨ ਕਰਨ ਵਾਲੀ ਅਤੇ ਦੇਸ਼ ਦੀ ਆਨਰੇਰੀ ਨਾਗਰਿਕਤਾ ਪ੍ਰਾਪਤ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਇਨਸਾਨ ਬਣੀ। ਮਲਾਲਾ ਦੀ ਪਹਿਲੀ ਬੱਚਿਆਂ ਲਈ ਸਚਿੱਤਰ ਕਿਤਾਬ ‘ਮਲਾਲਾ ਮੈਜ਼ਿਕ ਪੈਨਸਿਲ’ 2017 ਵਿਚ ਪ੍ਰਕਾਸ਼ਿਤ ਹੋਈ ਜਿਸ ਵਿਚ ਉਸ ਦੀ ਬਚਪਨ ਦੀ ਇੱਛਾ ਨੂੰ ਬੜੇ ਹੀ ਸੰਜੀਦਾ ਢੰਗ ਨਾਲ ਪੇਸ਼ ਕੀਤਾ ਹੈ ਕਿ ਕਿਵੇਂ ਉਹ ਇਕ ਅਜਿਹੀ ਪੈਨਸਿਲ ਦੀ ਇੱਛਾ ਪ੍ਰਗਟ ਕਰਦੀ ਹੈ ਜਿਸ ਨਾਲ ਉਹ ਦੁਨੀਆ ਉੱਪਰ ਸਭ ਬੁਰਾਈਆਂ ਨੂੰ ਮਿਟਾ ਦੇਵੇ ਅਤੇ ਇਸ ਸੰਸਾਰ ਨੂੰ ਲੋਕਾਂ ਦੇ ਰਹਿਣ ਲਈ ਬਿਹਤਰ ਸਥਾਨ ਬਣਾ ਦੇਵੇ।
ਮਲਾਲਾ ਦੀਆਂ ਉਪਲੱਬਧੀਆਂ ਨਾਲ ਇਹ ਇਕ ਵਾਰ ਫਿਰ ਸਿੱਧ ਹੋ ਗਿਆ ਕਿ ਇਲਮ ਦੀ ਤਾਕਤ ਬੰਦੂਕ ਦੀ ਗੋਲੀ ਤੋਂ ਕਿਤੇ ਵੱਧ ਪ੍ਰਭਾਵ ਰੱਖਦੀ ਹੈ।
ਸੰਪਰਕ: 94655-76022