ਰਵਨਜੋਤ ਕੌਰ ਸਿੱਧੂ ਰਾਵੀ
ਪੰਜਾਬੀ ਸੱਭਿਆਚਾਰ ਹਰ ਪੱਖ ਤੋਂ ਬਹੁਤ ਅਮੀਰ ਹੈ। ਇਸ ਵਿੱਚ ਜਿੱਥੇ ਮਹੀਨਿਆਂ, ਤਿਉਹਾਰਾਂ ਨੂੰ ਸੋਹਣੇ-ਸੋਹਣੇ ਗੀਤਾਂ, ਬੋਲੀਆਂ ਵਿੱਚ ਪਰੋਇਆ ਹੋਇਆ ਹੈ, ਉੱਥੇ ਹੀ ਪੰਜਾਬੀ ਸੱਭਿਆਚਾਰ ਵਿੱਚ ਰੁੱਤਾਂ ਦਾ ਵੀ ਬਹੁਤ ਮਹੱਤਵ ਹੈ। ਪੰਜਾਬ ਵਿੱਚ ਅੱਤ ਦੀ ਗਰਮੀ ਹਾੜ੍ਹ ਮਹੀਨੇ ਹੁੰਦੀ ਹੈ। ਹਾੜ੍ਹ ਮਹੀਨੇ ਵਿੱਚ ਗਰਮੀ ਨਾਲ ਢਾਬਾਂ, ਟੋਭੇ, ਚੋਆਂ, ਛੱਪੜ ਸੁੱਕ ਜਾਂਦੇ ਹਨ। ਪਾਣੀ ਦੀ ਘਾਟ ਕਾਰਨ ਫ਼ਸਲਾਂ ਵੀ ਸੁੱਕਣੀਆਂ ਤੇ ਮੱਚਣੀਆਂ ਸ਼ੁਰੂ ਹੋ ਜਾਂਦੀਆਂ ਹਨ। ਚੁਫ਼ੇਰੇ ਗਰਮ-ਗਰਮ ਲੋਆਂ ਵਗਦੀਆਂ ਹਨ। ਪਿੰਡੇ ਮੁੜ੍ਹਕੇ ਨਾਲ ਚੋਂਦੇ ਹਨ। ਧੁੱਪ ਚੜ੍ਹਦਿਆਂ ਹੀ ਜਾਨਵਰ ਆਲ੍ਹਣਿਆਂ ਵਿੱਚ ਲੁਕ ਜਾਂਦੇ ਹਨ। ਗਰਮੀ ਨਾਲ ਹਰ ਜੀਵ-ਜੰਤੂ, ਪਸ਼ੂ, ਜਾਨਵਰ, ਬਨਸਪਤੀ ਤ੍ਰਾਹ-ਤ੍ਰਾਹ ਕਰਦਾ ਆਕਾਸ਼ ਵੱਲ ਵੇਖਦਾ ਮੰਗ ਕਰਦਾ ਹੈ ਕਿ ‘ਰੱਬਾ ਮੀਂਹ ਪਾ’। ਪਰ ਹਾੜ੍ਹ ਮਹੀਨੇ ਵਿੱਚ ਮੀਂਹ ਨਹੀ ਪੈਂਦਾ। ਜਦੋਂ ਸਾਉਣ ਮਹੀਨੇ ਦੀ ਸੰਗਰਾਂਦ ਹੁੰਦੀ ਹੈ ਤਾਂ ਸਾਰੇ ਲੋਕਾਂ ਨੂੰ ਪੂਰਨ ਆਸ ਬੱਝ ਜਾਂਦੀ ਹੈ ਕਿ ਹੁਣ ਤਾਂ ਸਾਉਣ ਚੜ੍ਹ ਗਿਆ ਹੁਣ ਤਾਂ ਮੀਂਹ ਪਵੇਗਾ। ਗੁਰੂ ਨਾਨਕ ਦੇਵ ਜੀ ਵੀ ਗੁਰਬਾਣੀ ਵਿੱਚ ਇਹੋ ਬਿਆਨ ਕਰਦੇ ਹਨ:
ਨਾਨਕ ਸਾਵਣਿ ਜੇ ਵਸੈ, ਚਹੁ ਉਮਾਹਾ ਹੋਇ।।
ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ ਹੋਇ।।
ਭਾਵ ਗੁਰੂ ਨਾਨਕ ਦੇਵ ਜੀ ਵੀ ਗੁਰਬਾਣੀ ਵਿੱਚ ਇਹੋ ਬਿਆਨ ਕਰਦੇ ਹਨ ਕਿ ਸਾਉਣ ਵਿੱਚ ਮੀਂਹ ਪੈਣ ਨਾਲ ਚੁਫ਼ੇਰੇ ਖ਼ੁਸ਼ੀਆਂ ਫੈਲ ਜਾਂਦੀਆਂ ਹਨ। ਜਿੱਥੇ ਜੀਵ-ਜੰਤੂ, ਨਾਗ, ਮਿਰਗ, ਮੱਛੀਆਂ ਨੂੰ ਪਾਣੀ ਮਿਲ ਜਾਂਦਾ ਹੈ, ਉੱਥੇ ਮੀਂਹ ਨਾਲ ਚੰਗੀਆਂ ਫ਼ਸਲਾਂ ਪੈਦਾ ਹੁੰਦੀਆਂ ਹਨ ਅਤੇ ਘਰ ਵਿੱਚ ਧਨ ਆਉਣ ਲਈ ਵੀ ਰਾਹ ਖੁੱਲ੍ਹ ਜਾਂਦਾ ਹੈ।
ਸਾਉਣ ਮਹੀਨੇ ਵਿੱਚ ਕਾਲੀਆਂ ਘਟਾਵਾਂ ਚੜ੍ਹਨ, ਬੱਦਲ ਗਰਜਣ ਨਾਲ ਮੀਂਹ ਦੀ ਛਹਬਿਰ ਲੱਗ ਜਾਂਦੀ ਹੈ। ਮੀਂਹ ਪੈਣ ਨਾਲ ਫ਼ਸਲਾਂ ਝੂਮਣ ਲੱਗਦੀਆਂ ਹਨ। ਮੀਂਹ ਪੈਣ ਨਾਲ ਜਿੱਥੇ ਪਸ਼ੂ, ਪੰਛੀ, ਚਿੜੀਆਂ, ਘੁੱਗੀਆਂ, ਕੋਇਲਾਂ, ਗੁਟਾਰਾਂ, ਪਪੀਹੇ, ਇੱਲ੍ਹਾਂ, ਤੋਤੇ ਸਭ ਖ਼ੁਸ਼ੀ ਦਾ ਰਾਗ ਅਲਾਪਦੇ ਹਨ, ਉੱਥੇ ਮੋਰ ਵੀ ਮਿੱਠੀ-ਮਿੱਠੀ ਧੁਨ ਵਿੱਚ ਆਵਾਜ਼ਾਂ ਕੱਢਦੇ ਹਨ ਅਤੇ ਪੈਲ੍ਹਾਂ ਪਾਉਂਦੇ ਹਨ। ਸਾਉਣ ਮਹੀਨੇ ਵਿੱਚ ਮੋਰਾਂ ਦੀ ਖੁਸ਼ੀ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਵਿੱਚ ਕੁਝ ਇਸ ਤਰ੍ਹਾਂ ਫਰਮਾਇਆ ਹੈ:
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ।
ਸਾਉਣ ਮਹੀਨਾ ਕੁੜੀਆਂ ਲਈ ਖੁਸ਼ੀਆਂ ਭਰਿਆ ਮਹੀਨਾ ਹੁੰਦਾ ਹੈ। ਬੇੜੀ ਦੇ ਪੂਰ ਵਾਂਗ ਵਿੱਛੜ ਕੇ ਸਹੁਰੇ ਘਰ ਗਈਆਂ ਕੁੜੀਆਂ ਨੂੰ ਮੁੜ ਮਿਲਣ ਦਾ ਸਬੱਬ ਵੀ ਸਾਉਣ ਦੀਆਂ ਤੀਆਂ ਵਿੱਚ ਹੀ ਹੁੰਦਾ ਹੈ। ਸਹੇਲੀਆਂ ਨਾਲ ਗੱਲਾਂ ਕਰਕੇ ਮਨ ਹਲਕਾ ਕਰਦੀਆਂ ਹਨ। ਪਹਿਲੇ ਵੇਲਿਆਂ ਵਿੱਚ ਸਾਉਣ ਮਹੀਨੇ ਨੂੰਹ-ਸੱਸ ਆਹਮੋ-ਸਾਹਮਣੇ ਨਹੀਂ ਹੁੰਦੀਆਂ ਸਨ। ਇਸ ਕਰਕੇ ਸੱਜ ਵਿਆਹੀਆਂ ਕੁੜੀਆਂ ਪੇਕੇ ਆ ਜਾਂਦੀਆਂ। ਭਰਾ ਆਪਣੀ ਭੈਣ ਨੂੰ ਸਹੁਰਿਆਂ ਤੋਂ ਲੈ ਜਾਂਦੇ, ਪਰ ਕਈ ਵਾਰੀ ਭਰਾਵਾਂ ਕੋਲ ਇੰਨੀ ਵਿਹਲ ਨਹੀਂ ਹੁੰਦੀ ਕਿ ਉਹ ਆਪਣੀ ਭੈਣ ਨੂੰ ਸਹੁਰੇ ਘਰੋਂ ਆ ਕੇ ਲੈ ਜਾਵੇ। ਉਸ ਵਕਤ ਸੱਸ ਵੀ ਮਿਹਣੇ-ਤਾਅਨੇ ਮਾਰਦੀ ਹੈ:
ਬਹੁਤਿਆਂ ਭਰਾਵਾਂ ਵਾਲੀਏ,
ਤੈਨੂੰ ਤੀਆਂ ਨੂੰ ਲੈਣ ਨਾ ਆਏ।
ਤਾਂ ਨੂੰਹ ਜਵਾਬ ਵਿੱਚ ਆਪਣੀ ਸੱਸ ਨੂੰ ਕਹਿੰਦੀ ਹੈ:
ਸੱਸੀਏ ਨੀਂ ਆਕੜ ਖੋਰੀਏ, ਤੈਥੋਂ ਡਰਦੇ ਲੈਣ ਨਾ ਆਏ।
ਜਦੋਂ ਕੁੜੀਆਂ ਸਹੁਰਿਆਂ ਤੋਂ ਪੇਕੇ ਘਰ ਆ ਜਾਂਦੀਆਂ ਹਨ ਤਾਂ ਸਹੇਲੀਆਂ ਮਿਲ ਕੇ ਬੈਠਦੀਆਂ ਹਨ ਭਾਵ ਤੀਆਂ ਲੱਗਦੀਆਂ। ਹਰ ਪਿੰਡ ਵਿੱਚ ਤੀਆਂ ਲੱਗਣ ਦੀ ਥਾਂ ਮੁਕੱਰਰ ਹੁੰਦੀ ਹੈ। ਕਈ ਪਿੰਡਾਂ ਵਿੱਚ ਤੀਆਂ ਟੋਭੇ ਦੇ ਆਲੇ ਦੁਆਲੇ, ਪਿੱਪਲਾਂ-ਬੋਹੜਾਂ ਦੇ ਝੁੰਡ ਵਿੱਚ ਲੱਗਦੀਆਂ ਹਨ। ਜਿੱਥੇ ਕੁੜੀਆਂ ਪੀਂਘਾਂ ਝੂਟਦੀਆਂ ਹਨ ਅਤੇ ਗਿੱਧੇ ਦੀਆਂ ਧਮਾਲਾਂ ਪਾਉਂਦੀਆਂ ਹਨ। ਝਾਂਜਰਾਂ ਵਾਲੀਆਂ ਅੱਡੀਆਂ ਦੀ ਧਮਕਾਰ ਇਕਮਿਕ ਹੋ ਜਾਂਦੀ ਹੈ। ਬੋਲੀ ਦੀ ਆਵਾਜ਼ ਨਾਲ ਸਾਉਣ ਦੀਆਂ ਕਾਲੀਆਂ ਘਟਾਵਾਂ ਚੜ੍ਹ ਆਉਂਦੀਆਂ ਹਨ। ਕੁੜੀਆਂ ਚਰਖੇ ਕੱਤਦੀਆਂ, ਨੱਚਦੀਆਂ ਤੇ ਇੱਕ ਦੂਜੀ ਨਾਲ ਦੁੱਖ-ਸੁੱਖ ਫੋਲ ਕੇ ਮਨ ਨੂੰ ਹਲਕਾ ਕਰਦੀਆਂ ਸਨ। ਸਾਉਣ ਮਹੀਨੇ ਕੁੜੀਆਂ ਜਦੋਂ ਇਕੱਠੀਆਂ ਹੁੰਦੀਆਂ ਤਾਂ ਸੱਸ ਨੂੰ ਲੈ ਕੇ ਬੋਲੀਆਂ ਪਾਉਂਦੀਆਂ:
ਸੁਣ ਨੀਂ ਸੱਸੀਏ ਵੜੇਵੇਂ ਅੱਖੀਏ
ਤੈਨੂੰ ਵਾਰ-ਵਾਰ ਸਮਝਾਵਾਂ
ਗਾਲ੍ਹ ਭਰਾਵਾਂ ਦੀ ਮੈਂ ਨਾ ਡਾਢੀਏ ਖਾਵਾਂ।
ਜਦੋਂ ਕੁੜੀਆਂ ਬੈਠੀਆਂ ਚਰਖੇ ਕੱਤਦੀਆਂ, ਨੱਚਦੀਆਂ, ਪੀਘਾਂ ਝੂਟਦੀਆਂ ਤਾਂ ਕਈ ਵਾਰ ਮੀਂਹ ਪੈਣ ਲੱਗ ਜਾਂਦਾ। ਮੁਟਿਆਰਾਂ ਮੀਂਹ ਵਿੱਚ ਭਿੱਜ ਕੇ ਘਰ ਵੜਦੀਆਂ ਜਿਸ ਦਾ ਵਰਣਨ ਸਾਡੀਆਂ ਲੋਕ ਬੋਲੀਆਂ ਵਿੱਚ ਇੰਜ ਮਿਲਦਾ ਹੈ:
ਆਇਆ ਸਾਵਣ ਦਿਲ ਪਰਚਾਵਣ,
ਝੜੀ ਲੱਗ ਗਈ ਭਾਰੀ।
ਝੂਟੇ ਲੈਂਦੀ ਮਰੀਆਂ ਭਿੱਜ ਗਈ, ਨਾਲੇ ਰਾਮ ਪਿਆਰੀ।
ਕੁੜਤੀ ਹਰੋ ਦੀ ਭਿੱਜੀ ਵਰੀ ਦੀ,
ਨੱਬਿਆਂ ਦੀ ਫੁਲਕਾਰੀ।
ਹਰਨਾਮੀ ਦੀ ਸੁੱਥਣ ਭਿੱਜਗੀ, ਬਹੁਤੇ ਗੋਟੇ ਵਾਲੀ।
ਪੀਂਘ ਝੂਟਦੀ ਸੱਸੀ ਡਿੱਗ ਪਈ, ਨਾਲੇ ਨਾਭੇ ਵਾਲੀ।
ਸ਼ਾਮੋ ਕੁੜੀ ਦੀ ਝਾਂਜਰ ਗੁਆਚੀ, ਆ ਰੱਖੀ ਨੇ ਭਾਲੀ।
ਭਿੱਜ ਗਈ ਲਾਜੋ ਵੇ, ਬਹੁਤੇ ਹਰਖਾਂ ਵਾਲੀ।
ਸਾਉਣ ਦਾ ਮਹੀਨਾ ਜਿੱਥੇ ਨੱਚਣ-ਟੱਪਣ ਦਾ ਮਹੀਨਾ ਹੈ, ਉੱਥੇ ਖਾਣ-ਪੀਣ ਲਈ ਇਹ ਮਹੀਨਾ ਖੀਰ, ਪੂੜਿਆਂ, ਗੁਲਗਲੇ ਤੇ ਮੱਠੀਆਂ ਲਈ ਵਿਸ਼ੇਸ਼ ਹੈ। ਸਾਉਣ ਮਹੀਨੇ ਵਿੱਚ ਘਰਾਂ ਦੀਆਂ ਸੁਆਣੀਆਂ ਖੀਰ ਪੂੜੇ ਜ਼ਰੂਰ ਬਣਾਉਂਦੀਆਂ ਹਨ। ਇਸ ਦਾ ਜ਼ਿਕਰ ਸਾਡੇ ਪੰਜਾਬੀ ਲੋਕ ਗੀਤ ਅਤੇ ਕਹਾਵਤਾਂ ਵਿੱਚ ਹੈ:
ਸਾਉਣ ਮਹੀਨੇ ਬੱਦਲ ਜ਼ੋਰ।
ਵਰ੍ਹਦਾ ਮੀਂਹ ਕਿਨਾਰੇ ਤੋੜ।
ਤੀਆਂ, ਰੱਖੜੀਆਂ ਦੇ ਚਾਅ।
ਖਾਈਏ ਪੂੜੇ, ਖੀਰ, ਕੜਾਹ।
ਇਹ ਕਹਾਵਤ ਹੈ ਕਿ ‘ਸਾਉਣ ਖੀਰ ਨਾ ਖਾਧੀਆਂ, ਕਿਉਂ ਜੰਮਿਆ ਅਪਰਾਧੀਆ।’
ਸਾਉਣ ਮਹੀਨੇ ਵਿੱਚ ਕੁੜੀਆਂ ਇਕੱਠੀਆਂ ਹੋ ਕੇ ਗੁੱਡੀ ਫੂਕਦੀਆਂ ਹਨ ਅਤੇ ਗੀਤ ਗਾਉਂਦੀਆਂ:
ਕਾਲੀਆਂ ਇੱਟਾਂ ਕਾਲੇ ਰੋੜ
ਮੀਂਹ ਵਰ੍ਹਾ ਦੇ ਜ਼ੋਰੋ ਜ਼ੋਰ
***
ਰੱਬਾ-ਰੱਬਾ ਮੀਂਹ ਬਰਸਾ, ਸਾਡੀ ਕੋਠੀ ਦਾਣੇ ਪਾ।
ਇਹ ਮੰਨਿਆ ਜਾਂਦਾ ਸੀ ਕਿ ਗੁੱਡੀ ਫੂਕਣ ਨਾਲ ਮੀਂਹ ਪੈਂਦਾ ਹੈ। ਗੁੱਡੀ ਫੂਕਣ ਤੋਂ ਇਲਾਵਾ ਸਾਉਣ ਮਹੀਨੇ ਹੀ ਅੰਬਾਂ ’ਤੇ ਜਵਾਨੀ ਆਉਂਦੀ ਹੈ। ਇਸ ਸਮੇਂ ਬਾਗਾਂ ਵਿੱਚ ਅੰਬੀਆਂ ਦੀਆਂ ਟਾਹਣੀਆਂ ਅੰਬਾਂ ਦੇ ਭਾਰ ਨਾਲ ਲਟਕਦੀਆਂ ਦਿਖਾਈ ਦਿੰਦੀਆਂ ਹਨ। ਇੱਕ ਅਜੀਬ ਜਿਹੀ ਮਹਿਕ ਬਾਗਾਂ ਵਿੱਚੋਂ ਆਉਣ ਲੱਗਦੀ ਹੈ। ਬਾਗਾਂ ਵਿੱਚ ਕੋਇਲ ਵੀ ਸਾਉਣ ਮਹੀਨੇ ਆਉਂਦੀ ਹੈ ਅਤੇ ਮਿੱਠੇ ਮਿੱਠੇ ਗੀਤ ਸੁਣਾਉਂਦੀ ਹੈ।
ਸਾਉਣ ਮਹੀਨੇ ਜਿਹੜੀਆਂ ਕੁੜੀਆਂ ਆਪਣੇ ਪੇਕੇ ਨਹੀਂ ਆਉਂਦੀਆਂ ਉਨ੍ਹਾਂ ਨੂੰ ਉਨ੍ਹਾਂ ਦੇ ਪੇਕੇ ਸੰਧਾਰਾ ਦਿੰਦੇ ਅਤੇ ਜਦੋਂ ਤੀਆਂ ਦਾ ਤਿਉਹਾਰ ਮਨਾਉਣ ਮਗਰੋਂ ਉਹ ਆਪਣੇ ਸਹੁਰੇ ਘਰ ਜਾਂਦੀਆਂ ਤਾਂ ਉਨ੍ਹਾਂ ਨੂੰ ਸੰਧਾਰਾ ਦਿੱਤਾ ਜਾਂਦਾ। ਇਸ ਵਿੱਚ ਮਹਿੰਦੀ, ਕੱਪੜੇ ਲੱਤੇ, ਚੂੜੀਆਂ ਅਤੇ ਖਾਣ ਲਈ ਸਾਮਾਨ ਦਿੱਤਾ ਜਾਂਦਾ ਹੈ ਅਤੇ ਕੋਈ-ਕੋਈ ਪੁੱਗਦਾ ਪਰਿਵਾਰ ਗਹਿਣਾ ਗੱਟਾ ਵੀ ਤੁਰਨ ਲੱਗਿਆਂ ਆਪਣੀ ਧੀ ਨੂੰ ਦਿੰਦਾ। ਸੰਧਾਰੇ ਦੇ ਰੂਪ ਵਿੱਚ ਮੱਠੀਆਂ, ਕੱਪੜੇ, ਬਿਸਕੁਟ ਤੇ ਹੋਰ ਮਠਿਆਈਆਂ ਲੈ ਕੇ ਜਾਂਦੇ।
ਜਦੋਂ ਵੀਰਾ ਸੰਧਾਰਾ ਲੈ ਕੇ ਭੈਣ ਦੇ ਘਰ ਪਹੁੰਚਦਾ ਤਾਂ ਭੈਣ ਦਾ ਚਾਅ ਨਹੀਂ ਸੀ ਚੁੱਕਿਆ ਜਾਂਦਾ। ਭੈਣ ਖੁਸ਼ੀ ਵਿੱਚ ਕਹਿੰਦੀ :
ਮੇਰਾ ਵੀਰ ਸੰਧਾਰਾ ਲਿਆਇਆ,
ਨੀਂ ਲੰਮੇ ਚੀਰ ਕੇ ਪੈਂਡੇ ਆਇਆ
ਅੰਮੜੀ ਦੇ ਜਾਇਆ ਵੇ ਗਲ਼ ਲੱਗ ਮਿਲੀਏ ਆ ਭੈਣ ਭਰਾ
ਉਹ ਸੰਧਾਰਾ ਫੇਰ ਸ਼ਰੀਕੇ ਵਿੱਚ ਵੰਡਿਆ ਜਾਂਦਾ ਸੀ। ਭੈਣ ਦਾ ਵੀਰ ਇੱਕ ਦੋ ਦਿਨ ਭੈਣ ਕੋਲ ਰਹਿੰਦਾ ਤੇ ਸੁੱਖ ਸਾਂਦ ਲੈ ਕੇ ਆ ਜਾਂਦਾ। ‘ਸੰਧਾਰੇ’ ਨੂੰ ਸਾਵਿਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਸਾਉਣ ਮਹੀਨੇ ਤੋਂ ਬਾਅਦ ਭਾਦੋਂ ਆਉਂਦੀ ਹੈ। ਭਾਦੋਂ ਲਈ ਇੱਕ ਕਹਾਵਤ ਹੈ ‘ਸਾਉਣ ਵੀਰ ਮਿਲਾਵੇ, ਭਾਦੋਂ ਚੰਦਰੀ ਵਿਛੋੜੇ ਪਾਵੇ।’
ਜਦੋਂ ਸਾਉਣ ਖਤਮ ਹੁੰਦਾ ਹੈ ਤਾਂ ਕੁੜੀਆਂ ਦਾ ਵਿਛੋੜਾ ਸ਼ੁਰੂ ਹੋ ਜਾਂਦਾ ਹੈ। ਕੁੜੀਆਂ ਦੇ ਸਹੁਰਿਆਂ ਤੋਂ ਸੁਨੇਹੇ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਪੰਜਾਬੀ ਬੋਲੀਆਂ ਵਿੱਚ ਜ਼ਿਕਰ ਇਵੇਂ ਮਿਲਦਾ ਹੈ:
ਚੜਿ੍ਹਆ ਸੀ ਸਾਉਣ, ਸਹੁਰੇ ਦਿੱਤੀਆਂ ਵੇ ਛੁੱਟੀਆਂ।
ਚੜ੍ਹ ਗਈ ਭਾਦੋਂ, ਸਹੁਰੇ ਪਾਉਣ ਵੀਰ ਚਿੱਠੀਆਂ।
ਅੱਜ-ਕੱਲ੍ਹ ਤਾਂ ਕੁੜੀਆਂ ਸਾਉਣ ਮਹੀਨੇ ਵਿੱਚ ਇੱਕ ਰਸਮ ਹੀ ਪੂਰੀ ਕਰਨ ਲਈ ਪੇਕੇ ਘਰ ਆਉਂਦੀਆਂ ਹਨ। ਮਗਰੋਂ ਉਸ ਦਾ ਪਤੀ ਉਸ ਨੂੰ ਲੈਣ ਲਈ ਆ ਜਾਂਦਾ ਹੈ ਤਾਂ ਇਹ ਸਤਰਾਂ ਬੋਲਦੀਆਂ ਹਨ:
ਇਹਦੇ ਮਾਰੋ ਨੀਂ ਘੋਟਣਾ ਨਿੰਮ ਦਾ,
ਤੀਆਂ ਵਿੱਚ ਲੈਣ ਆ ਗਿਆ।
ਹੁਣ ਤਾਂ ਪੱਛਮੀ ਸੰਗੀਤ ਨੇ ਡਿਸਕੋ-ਡਾਂਸ ਨਾਲ ਹੀ ਲੋਕਾਂ ਦਾ ਮਨੋਰੰਜਨ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਤਾਂ ਸਾਉਣ ਮਹੀਨੇ ਵਿੱਚ ਗਿੱਧੇ ਵੀ ਕਿਤੇ-ਕਿਤੇ ਹੀ ਪੈਂਦੇ ਸੁਣਦੇ ਹਨ। ਹੁਣ ਤਾਂ ਕੁੜੀਆਂ ਨੂੰ ਸਹੁਰੇ ਘਰਾਂ ਤੋਂ ਵਿਹਲ ਹੀ ਨਹੀਂ ਮਿਲਦੀ। ਗੁੱਡੀ ਫੂਕਣ ਦੀ ਰਸਮ ਤਾਂ ਹੁਣ ਖਤਮ ਹੀ ਹੋ ਗਈ ਲੱਗਦੀ ਹੈ। ਹੁਣ ਅੰਬਾਂ ਦੇ ਬਾਗ ਵੀ ਨਹੀਂ ਮਿਲਦੇ, ਅੰਬਾਂ ਦੇ ਬੂਟਿਆਂ ਨੂੰ ਜ਼ਿਆਦਾ ਕੱਟਿਆ ਜਾ ਰਿਹਾ ਹੈ। ਸਾਉਣ ਮਹੀਨਾ ਗਰੀਬਾਂ ਲਈ ਬਹੁਤਾ ਚੰਗਾ ਨਹੀਂ ਹੁੰਦਾ। ਮੀਂਹ ਕਰਨ ਬਹੁਤਾ ਕੰਮ ਕਾਰ ਨਹੀਂ ਚੱਲਦਾ। ਗਰੀਬਾਂ ਦੀ ਆਰਥਿਕ ਹਾਲਤ ਖਰਾਬ ਹੋ ਜਾਂਦੀ ਹੈ, ਪਰ ਜੋ ਵੀ ਹੈ ਸਾਉਣ ਮਹੀਨਾ ਬਹੁਤ ਪਿਆਰਾ ਮਹੀਨਾ ਹੈ। ਸਾਉਣ ਮਹੀਨਾ ਸੱਜ ਵਿਆਹੀ ਦੀ ਤਰ੍ਹਾਂ ਹੁੰਦਾ ਹੈ। ਜੋ ਰੌਣਕ ਲਾਈ ਰੱਖਦਾ ਹੈ। ਦਰੱਖਤ ’ਤੇ ਹੁਸਨ ਦੀਆਂ ਬਹਾਰਾਂ ਆ ਜਾਂਦੀਆਂ ਹਨ।
ਸੰਪਰਕ: 82830-66125