ਮਨਦੀਪ ਸਿੰਘ ਸਿੱਧੂ
ਸਿਨੇ ਪੰਜਾਬੀ
ਯਾਦਾਂ ਤੇ ਯਾਦਗਾਰਾਂ
ਦਾਊਦ ਹਾਸ਼ਮ ਚਾਂਦ ਉਰਫ਼ ਦਾਊਦ ਚਾਂਦ ਦੀ ਪੈਦਾਇਸ਼ 15 ਜੂਨ 1914 ਨੂੰ ਭਾਰਤੀ ਸੂਬੇ ਗੁਜਰਾਤ ਦੇ ਜ਼ਿਲ੍ਹਾ ਜੂਨਾਗੜ੍ਹ ਦੇ ਮੁਸਲਿਮ ਪਰਿਵਾਰ ਵਿਚ ਹੋਈ। ਇੰਟਰ ਤੱਕ ਤਾਲੀਮ ਮੁਕੰਮਲ ਕਰਨ ਤੋਂ ਬਾਅਦ ਉਹ ਪ੍ਰੈੱਸ ਵਿਚ ਕੰਪੋਜ਼ੀਟਰ ਦੇ ਤੌਰ ’ਤੇ ਕੰਮ ਕਰਦੇ ਰਹੇ। ਇਸ ਤੋਂ ਬਾਅਦ ਫ਼ਿਲਮਾਂ ਨਾਲ ਦਿਲਚਸਪੀ ਦੇ ਚੱਲਦਿਆਂ ਪਹਿਲਾਂ ਵੈਦ ਪ੍ਰੋਡਕਸ਼ਨਜ਼, ਬੰਬੇ ਅਤੇ ਫਿਰ ਇੰਦਰਾ ਮੂਵੀਟੋਨ, ਕਲਕੱਤਾ ਵਿਚ ਹਿਦਾਇਤਕਾਰ ਦੀ ਹੈਸੀਅਤ ਨਾਲ ਸ਼ਾਮਲ ਹੋ ਗਏ।
ਜਦੋਂ ਆਰ. ਐੱਨ. ਵੈਦ ਨੇ ਆਪਣੇ ਫ਼ਿਲਮਸਾਜ਼ ਅਦਾਰੇ ਵੈਦ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿਚ ਹਿੰਦੀ ਫ਼ਿਲਮ ‘ਬਾਂਕੇ ਸਿਪਾਹੀ’ ਉਰਫ਼ ‘ਪੈਟਰੀਓਟ’ ਉਰਫ਼ ‘ਦੇਸ਼ ਸੇਵਕ’ (1937) ਸ਼ੁਰੂ ਕੀਤੀ ਤਾਂ ਦਾਊਦ ਹਾਸ਼ਮ ਚਾਂਦ ਨੂੰ ਸਹਾਇਕ ਹਿਦਾਇਤਕਾਰ ਵਜੋਂ ਪੇਸ਼ ਕੀਤਾ। ਕਹਾਣੀ, ਗੀਤ ਤੇ ਮੁਕਾਲਮੇ ਮੁਣਸ਼ੀ ਐੱਚ. ਐੱਸ. ਰਵੇਲ (ਪਿਤਾ ਰਾਹੁਲ ਰਵੇਲ) ਅਤੇ ਸੰਗੀਤ ਗ਼ੁਲਾਮ ਮੁਹੰਮਦ ਨੇ ਤਰਤੀਬ ਦਿੱਤਾ। ਮਿਸ ਲਕਸ਼ਮੀ ਦੇਵੀ ਤੇ ਬਾਬੂਰਾਓ ਪਹਿਲਵਾਨ ਦੇ ਮਰਕਜ਼ੀ ਕਿਰਦਾਰ ਵਾਲੀ ਇਸ ਫ਼ਿਲਮ ਦਾ ਕੋਈ ਗ੍ਰਾਮੋਫ਼ੋਨ ਰਿਕਾਰਡ ਜਾਰੀ ਨਹੀਂ ਹੋਇਆ ਸੀ। ਜਦੋਂ ਇੰਦਰਾ ਮੂਵੀਟੋਨ, ਕਲਕੱਤਾ ਦੇ ਬੈਨਰ ਹੇਠ ਹਿਦਾਇਤਕਾਰ ਆਰ. ਐੱਨ. ਵੈਦ ਨੇ ਫ਼ਿਲਮ ‘ਨਾ ਹੋਨੇ ਵਾਲੀ ਬਾਤ’ ਉਰਫ਼ ‘ਇੰਪੌਸੀਬਲ’ (1938) ਬਣਾਈ, ਤਾਂ ਇਸ ਵਿਚ ਵੀ ਸਹਾਇਕ ਹਿਦਾਇਤਕਾਰੀ ਦੇ ਫ਼ਰਜ਼ ਦਾਊਦ ਹਾਸ਼ਮ ਚਾਂਦ ਨੇ ਅੰਜਾਮ ਦਿੱਤੇ। ਫ਼ਿਲਮ ਦੀਆਂ ਮੁੱਖ ਭੂਮਿਕਾਵਾਂ ਵਿਚ ਮਿਸ ਪ੍ਰਤਿਮਾ ਦਾਸ ਗੁਪਤਾ ਤੇ ਬਾਬੂਰਾਓ ਪਹਿਲਵਾਨ ਮੌਜੂਦ ਸਨ।
ਆਜ਼ਾਦ ਹਿਦਾਇਤਕਾਰ ਵਜੋਂ ਦਾਊਦ ਹਾਸ਼ਮ ਚਾਂਦ ਦੀ ਦਾਊਦ ਦੇ ਨਾਮ ਨਾਲ ਪਹਿਲੀ ਹਿੰਦੀ ਫ਼ਿਲਮ ‘ਵੀਰ ਕੇਸਰੀ’ (1938) ਸੀ। ਗੀਤ ਐੱਚ. ਐੱਸ. ਰਵੇਲ (ਹਰਨਾਮ ਸਿੰਘ ਰਵੇਲ) ਤੇ ਮੌਸੀਕਾਰ ਬਾਬਾ ਜੀ. ਏੇ. ਚਿਸ਼ਤੀ ਸਨ। ਫ਼ਿਲਮ ਵਿਚ ਪੁਸ਼ਪਾ ਰਾਣੀ ਤੇ ਬਾਬੂਰਾਓ ਪਹਿਲਵਾਨ ਨੇ ਮਰਕਜ਼ੀ ਕਿਰਦਾਰ ਅਦਾ ਕੀਤੇ। ਦੀਗ਼ਰ ਫ਼ਨਕਾਰਾਂ ਵਿਚ ਮਿਸ ਸ਼ਾਹਜਹਾਂ (ਬੇਗ਼ਮ ਦਾਊਦ ਚਾਂਦ), ਧੀਰਜ ਲਾਲ, ਸੁੰਦਰ ਸਿੰਘ (ਬਾਅਦ ’ਚ ਸੁੰਦਰ), ਦਰ ਕਸ਼ਮੀਰੀ, ਰਾਮੇਸ਼ ਸਿਨਹਾ ਨੁਮਾਇਆਂ ਸਨ। ਇਹ ਫ਼ਿਲਮ 31 ਜੁਲਾਈ 1938 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ। ਇੰਦਰਾ ਮੂਵੀਟੋਨ, ਕਲਕੱਤਾ ਦੀ ਫ਼ਿਲਮ ‘ਜੋਸ਼-ਏ-ਇਸਲਾਮ’ (1939) ਵਿਚ ਹਿਦਾਇਤਕਾਰ ਦਾਊਦ ਦੀ ਹਿਦਾਇਤ ’ਚ ਮਿਸ ਪੁਸ਼ਪਾ ਰਾਣੀ (ਕੰਤੂਰਾ), ਬਾਬੂਰਾਓ ਪਹਿਲਵਾਨ (ਮੁਨੀਰ), ਮਿਸ ਸ਼ਾਹਜਹਾਨ (ਮੁਸਲਮ ਮੱਲਿਕਾ), ਦਰ ਕਸ਼ਮੀਰ (ਮੁਸਲਿਮ ਵਜ਼ੀਰ), ਨਜ਼ੀਰ ਬੇਗ਼ਮ (ਬੇਲਾ), ਸੁੰਦਰ ਸਿੰਘ (ਜ਼ੈਬੂਜ਼ੀ), ਗ਼ੁਲਾਮ ਮੁਹੰਮਦ (ਸੰਮਨ) ਆਦਿ ਨੇ ਬਿਹਤਰੀਨ ਕੰਮ ਕੀਤਾ। ਕਹਾਣੀ, ਮੁਕਾਲਮੇ ਤੇ ਗੀਤ ਐੱਫ਼. ਡੀ. ਸ਼ਰਫ਼ ਅਤੇ ਸੰਗੀਤ ਮਾਸਟਰ ਧੂਮੀ ਖ਼ਾਨ ਰਾਮਪੁਰੀ ਨੇ ਮੁਰੱਤਬਿ ਕੀਤਾ।
ਜਦੋਂ ਇੰਦਰਾ ਮੂਵੀਟੋਨ, ਕਲਕੱਤਾ ਨੇ ਰੁਮਾਨੀ ਦਾਸਤਾਨ ’ਤੇ ਆਧਾਰਿਤ ਪੰਜਾਬੀ ਫ਼ਿਲਮ ‘ਸੱਸੀ ਪੁਨੂੰ’ (1939) ਸ਼ੁਰੂ ਕੀਤੀ, ਤਾਂ ਇਸ ਦੀ ਹਿਦਾਇਤਕਾਰੀ ਦਾ ਮੌਕਾ ਵੀ ਉਨ੍ਹਾਂ ਨੇ ਦਾਊਦ ਚਾਂਦ (ਸਹਾਇਕ ਐੱਫ਼. ਡੀ. ਸ਼ਰਫ਼, ਹਸਨ ਅਲੀ ਮਰਚੰਟ) ਨੂੰ ਦਿੱਤਾ। ਕਹਾਣੀ, ਗੀਤ (12) ਤੇ ਮੁਕਾਲਮੇ ਐੱਫ਼. ਡੀ. ਸ਼ਰਫ਼ (ਫ਼ੀਰੋਜ਼ਦੀਨ ਸ਼ਰਫ਼) ਤੇ ਸੰਗੀਤ ਮਾਸਟਰ ਧੂਮੀ ਖ਼ਾਨ ‘ਰਾਮਪੁਰੀ’ ਨੇ ਮੁਰੱਤਬਿ ਕੀਤਾ। ਫ਼ਿਲਮ ਵਿਚ ਦਾਊਦ ਦੀ ਹਿਦਾਇਤ ਵਿਚ ਬੇਬੀ ਨੂਰਜਹਾਂ (ਛੋਟੀ ਸੱਸੀ), ਬਾਲੋ ਉਰਫ਼ ਇਕਬਾਲ ਬੇਗ਼ਮ (ਵੱਡੀ ਸੱਸੀ), ਮੁਹੰਮਦ ਅਸਲਮ (ਪੁਨੂੰ/ਨਵਾਂ ਚਿਹਰਾ), ਹੈਦਰ ਬਾਂਦੀ, ਈਦਨ ਬਾਈ, ਪੁਸ਼ਪਾ ਰਾਣੀ, ਨਜ਼ੀਰ ਬੇਗ਼ਮ, ਮੁਬਾਰਕ ਬੇਗ਼ਮ, ਅਬਦੁੱਲ ਰਹਿਮਾਨ ਕਸ਼ਮੀਰੀ, ਦਰ ਕਸ਼ਮੀਰੀ, ਸੁੰਦਰ ਸਿੰਘ, ਮੁਹੰਮਦ ਅਲੀ (ਮਾਹੀਆ/ਸਬੀਹਾ ਖ਼ਾਨਮ ਦਾ ਪਿਓ), ਕਮਲਾ ਝਰੀਆ (ਰੇਡੀਓ ਸਿੰਗਰ), ਬਰਕਤ ਅਲੀ ਆਦਿ ਨੇ ਆਪੋ-ਆਪਣੇ ਕਿਰਦਾਰਾਂ ਨੂੰ ਬੜੀ ਉਮਦਗੀ ਨਾਲ ਪੇਸ਼ ਕੀਤਾ। ਇਹ ਫ਼ਿਲਮ 23 ਜੂਨ 1939 ਨੂੰ ਰੀਜੈਂਟ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ।
ਇੰਦਰਾ ਮੂਵੀਟੋਨ, ਕਲਕੱਤਾ ਦੀ ਸਟੰਟ ਫ਼ਿਲਮ ‘ਸਿਪਾਹੀ’ (1941) ’ਚ ਹਿਦਾਇਤਕਾਰ ਦਾਊਦ ਦੀ ਹਿਦਾਇਤ ਵਿਚ ਮਾਧਵੀ (ਲੀਲਾ), ਅਲਕਾਬ (ਮਿਸ ਮੈਰੀ), ਮਿਸ ਸ਼ਾਹਜਹਾਨ (ਚੰਪਾ), ਹੀਰਾ ਲਾਲ (ਸਿਪਾਹੀ ਪ੍ਰਤਾਪ ਸਿੰਘ), ਏ. ਜੀ. ਬੱਟ (ਅਮਰ ਸਿੰਘ), ਸੁੰਦਰ ਸਿੰਘ (ਮੱਖਣ ਸਿੰਘ), ਬਾਬੂਰਾਓ ਪਹਿਲਵਾਨ (ਸ਼ਿਆਮ ਲਾਲ), ਗ਼ੁਲਾਮ ਮੁਹੰਮਦ (ਨੌਕਰ), ਗਨਪਤ ਪ੍ਰੇਮੀ (ਮੈਜਿਸਟ੍ਰੇਟ), ਐੱਮ. ਡੀ. ਸੋਜ਼ (ਐਡਵੋਕੇਟ) ਆਦਿ ਨੇ ਸ਼ਾਨਦਾਰ ਕਿਰਦਾਰਨਿਗ਼ਾਰੀ ਕੀਤੀ। ਵਤਨਪ੍ਰਸਤੀ ਦੇ ਜਜ਼ਬੇ ਨੂੰ ਦਰਸਾਉਂਦੀ ਇਸ ਫ਼ਿਲਮ ਉੱਤੇ ਬ੍ਰਿਟਿਸ਼ ਹਕੂਮਤ ਨੇ ਪਾਬੰਦੀ ਲਾ ਦਿੱਤੀ ਸੀ। ਲਿਹਾਜ਼ਾ ਦੋ ਸਾਲ ਬਾਅਦ ਇਹ ਫ਼ਿਲਮ ‘ਜੰਗੀ ਜਵਾਨ’ (1943) ਦੇ ਸਿਰਲੇਖ ਹੇਠ ਦੁਬਾਰਾ ਰਿਲੀਜ਼ ਹੋਈ। ਇੰਦਰਾਪੁਰੀ ਸਟੂਡੀਓਜ਼, ਕਲਕੱਤਾ ਦੀ ਸ਼ਮਸੂਦੀਨ ਨਿਰਦੇਸ਼ਿਤ ਫ਼ਿਲਮ ‘ਇਰਾਦਾ’ (1944) ਦੀ ਕਹਾਣੀ ਵੀ ਦਾਊਦ ਚਾਂਦ ਨੇ ਲਿਖੀ ਸੀ।
ਇਸ ਤੋਂ ਬਾਅਦ ਦਾਊਦ ਚਾਂਦ ਆਪਣੀ ਅਦਾਕਾਰਾ ਪਤਨੀ ਸ਼ਾਹਜਹਾਂ ਬੇਗ਼ਮ ਨੂੰ ਨਾਲ ਲੈ ਕੇ ਪੱਕੇ ਤੌਰ ’ਤੇ ਲਾਹੌਰ ਆ ਗਏ। ਐਨ ਇੰਡੀਆ ਯੂਨਾਈਟਿਡ ਪਿਕਚਰਜ਼, ਲਾਹੌਰ ਦੀ ਫ਼ਿਲਮ ‘ਪਰਾਏ ਬਸ ਮੇਂ’ (1946) ਵਿਚ ਦਾਊਦ ਚਾਂਦ ਦੀ ਹਿਦਾਇਤਕਾਰੀ ਵਿਚ ਅਦਾਕਾਰ ਪ੍ਰਾਣ (ਪ੍ਰੇਮ), ਆਸ਼ਾ ਪੌਸਲੇ (ਨੀਲੂ), ਰਾਮ ਲਾਲ (ਜੀਵਨਦਾਸ), ਜ਼ਹੂਰ ਸ਼ਾਹ (ਕੁੰਦਨਲਾਲ), ਗ਼ੁਲਾਮ ਕਾਦਰ (ਬਨਵਾਰੀ ਲਾਲ), ਮਾਲਾ (ਮਾਲਾ), ਦੀਪਕ (ਠਾਕੁਰ), ਬੇਬੀ ਰਜ਼ੀਆ (ਪੁਸ਼ਪਾ), ਸਲੀਮ ਰਜ਼ਾ (ਡਾ. ਕਪੂਰ) ਤੇ ਮਜ਼ਾਹੀਆ ਅਦਾਕਾਰ ਨਜ਼ਰ ਨੇ ‘ਰੰਗੀ’ ਦੇ ਕਿਰਦਾਰ ਵਿਚ ਆਪਣੇ ਫ਼ਨ ਦੀ ਸੋਹਣੀ ਨੁਮਾਇਸ਼ ਕੀਤੀ। ਇਹ ਕਾਮਯਾਬ ਫ਼ਿਲਮ 20 ਦਸੰਬਰ 1946 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਰਿਲੀਜ਼ ਹੋਈ। ਜੀਵਨ ਪਿਕਚਰਜ਼, ਲਾਹੌਰ ਦੀ ਦਾਊਦ ਚਾਂਦ ਨਿਰਦੇਸ਼ਿਤ ਫ਼ਿਲਮ ‘ਆਰਸੀ’ (1947) ਵਿਚ ਮੀਨਾ (ਬਾਅਦ ’ਚ ਮੀਨਾ ਸ਼ੋਰੀ) ਤੇ ਅਲ ਨਾਸਿਰ ਦੀ ਜੋੜੀ ਤੋਂ ਇਲਾਵਾ ਅਜਮਲ, ਆਸ਼ਾ ਪੌਸਲੇ, ਜ਼ਹੂਰ ਸ਼ਾਹ, ਰਾਮ ਲਾਲ, ਕਮਲਾ, ਇਕਬਾਲ ਸ਼ੇਖ਼, ਪੀ. ਐੱਨ. ਬਾਲੀ, ਪ੍ਰਾਣ ਤੇ ਕੁੱਕੂ (ਡਾਂਸਰ) ਆਦਿ ਨੇ ਬਿਹਤਰੀਨ ਅਦਾਕਾਰੀ ਕੀਤੀ। ਗੀਤ ਤੇ ਮੁਕਲਾਮੇ ਸਰਸ਼ਾਰ ਸੈਲਾਨੀ, ਸੰਗੀਤ ਲੱਛੀ ਰਾਮ ਤੇ ਸ਼ਿਆਮ ਸੁੰਦਰ ਨੇ ਤਿਆਰ ਕੀਤਾ। ਇਹ ਫ਼ਿਲਮ 10 ਅਪਰੈਲ 1948 ਨੂੰ ਮੈਜਿਸਟਿਕ ਸਿਨਮਾ, ਬੰਬੇ ਵਿਚ ਪਰਦਾਪੇਸ਼ ਹੋਈ। ਗੁਪਤਾ ਆਰਟ ਪ੍ਰੋਡਕਸ਼ਨਜ਼, ਲਾਹੌਰ ਦੀ ਦਾਊਦ ਚਾਂਦ ਨਿਰਦੇਸ਼ਿਤ ਫ਼ਿਲਮ ‘ਏਕ ਰੋਜ਼’ (1947) ਵਿਚ ਅਦਾਕਾਰਾ ਨਸਰੀਨ (ਮਾਂ ਸਲਮਾ ਆਗਾ) ਤੇ ਅਲ ਨਾਸਿਰ ਦੀ ਜੋੜੀ ਤੋਂ ਇਲਾਵਾ ਆਸ਼ਾ ਪੌਸਲੇ, ਅਜਮਲ, ਨਫ਼ੀਸ ਬੇਗ਼ਮ, ਸਲੀਮ ਰਜ਼ਾ, ਰਾਣੀ ਕਿਰਨ, ਸ਼ਾਹਿਦਾ, ਸ਼ਾਮ ਲਾਲ, ਗੁਲ ਜ਼ਮਾਨ, ਫ਼ਜ਼ਲ ਸ਼ਾਹ ਆਦਿ ਨੇ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ। ਕਹਾਣੀ ਏ. ਰਹੀਮ, ਮੁਕਾਮਲੇ ਸ਼ਾਤਿਰ ਗ਼ਜ਼ਨਵੀ, ਮੰਜ਼ਰਨਾਮਾ ਖ਼ਾਦਿਮ ਮੋਹੀਓਦੀਨ, ਗੀਤ ਸਰਸ਼ਾਰ ਸੈਲਾਨੀ ਅਤੇ ਸੰਗੀਤਕ ਧੁੰਨਾਂ ਸ਼ਿਆਮ ਸੁੰਦਰ ਨੇ ਬਣਾਈਆਂ।
ਵੰਡ ਤੋਂ ਬਾਅਦ ਪਾਕਿਸਤਾਨੀ ਫ਼ਿਲਮ ਸਨਅਤ ਵਿਚ ਬਣਨ ਵਾਲੀ ਪਹਿਲੀ ਉਰਦੂ ਫ਼ਿਲਮ ਦੀਵਾਨ ਸਰਦਾਰੀ ਲਾਲ (ਸਹਿਯੋਗੀ ਦੀਵਾਨ ਡੀ. ਐੱਫ਼ ਸਿੰਘਾ) ਦੇ 115, ਅੱਪਰ ਮਾਲ ਰੋਡ ਉੱਤੇ ਬਣੇ ਫ਼ਿਲਮਸਾਜ਼ ਅਦਾਰੇ ਦੀਵਾਨ ਪਿਕਚਰਜ਼, ਲਾਹੌਰ ਦੀ ‘ਤੇਰੀ ਯਾਦ’ (1948) ਸੀ, ਜਿਸ ਦੇ ਪਹਿਲੇ ਹਿਦਾਇਤਕਾਰ ਬਣਨ ਦਾ ਸ਼ਰਫ਼ ਦਾਊਦ ਚਾਂਦ ਨੂੰ ਹਾਸਲ ਹੋਇਆ। ਕਹਾਣੀ, ਮੰਜ਼ਰਨਾਮਾ ਤੇ ਮੁਕਾਲਮੇ ਖ਼ਾਦਿਮ ਮੋਹੀਓਦੀਨ ਬੀ.ਏ., ਗੀਤ ਕਤੀਲ ਸ਼ਿਫ਼ਾਈ (ਇਕ ਗੀਤ), ਤਨਵੀਰ ਨੱਕਵੀ, ਤੂਫ਼ੈਲ ਹੁਸ਼ਿਆਰਪੁਰੀ ਅਤੇ ਸੰਗੀਤ ਮਾਸਟਰ ਨਾਥ ਤੇ ਅਨਵਰ ਕਰੀਮ ਨੇ ਤਾਮੀਰ ਕੀਤਾ। ਫ਼ਿਲਮ ਵਿਚ ਆਸ਼ਾ ਪੌਸਲੇ ਤੇ ਨਾਸਿਰ ਖ਼ਾਨ (ਭਰਾ ਦਲੀਪ ਕੁਮਾਰ) ਨੇ ਮੁੱਖ ਭੂਮਿਕਾਵਾਂ ਨਿਭਾਈਆਂ ਜਦੋਂਕਿ ਦੀਗ਼ਰ ਫ਼ਨਕਾਰਾਂ ਵਿਚ ਰਾਣੀ ਕਿਰਨ (ਵੱਡੀ ਭੈਣ ਆਸ਼ਾ ਪੌਸਲੇ), ਜ਼ੂਬੈਦਾ, ਨਜ਼ਰ, ਜਹਾਂਗੀਰ, ਮਾਸਟਰ ਗ਼ੁਲਾਮ ਕਾਦਰ, ਸਰਦਾਰ ਮੁਹੰਮਦ ਨੁਮਾਇਆ ਸਨ। ਇਹ ਕਾਮਯਾਬ ਫ਼ਿਲਮ 7 ਅਗਸਤ 1948 ਨੂੰ ਪ੍ਰਭਾਤ ਸਿਨਮਾ, ਮੈਕਲੋਡ ਰੋਡ, ਲਾਹੌਰ ਵਿਖੇ ਨੁਮਾਇਸ਼ ਲਈ ਪੇਸ਼ ਕਰ ਦਿੱਤੀ ਗਈ। ਪੰਚੋਲੀ ਆਰਟ ਸਟੂਡੀਓ, ਲਾਹੌਰ ਵਿਚ ਬਣਨ ਵਾਲੀ ਇਸ ਫ਼ਿਲਮ ਦਾ ਕੋਈ ਵੀ ਗ੍ਰਾਮੋਫ਼ੋਨ ਰਿਕਾਰਡ ਜਾਰੀ ਨਹੀਂ ਹੋਇਆ ਸੀ।
ਜਦੋਂ ਸ਼ੇਖ਼ ਮੁਹੰਮਦ ਹੁਸੈਨ ਨੇ ਆਪਣੇ ਫ਼ਿਲਮਸਾਜ਼ ਅਦਾਰੇ ਸ਼ੇਖ਼ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਫ਼ਿਲਮ ‘ਹਿਚਕੋਲੇ’ (1949) ਸ਼ੁਰੂ ਕੀਤੀ, ਤਾਂ ਹਿਦਾਇਤਕਾਰੀ ਦਾ ਜ਼ਿੰਮਾ ਦਾਊਦ ਚਾਂਦ (ਸਹਾਇਕ ਸ਼ਕੂਰ ਕਾਦਰੀ, ਰਫ਼ੀਕ ਮਲਿਕ) ਨੂੰ ਸੌਂਪਿਆ। ਕਹਾਣੀ, ਗੀਤ ਤੇ ਮੁਕਾਲਮੇ (ਡਾਇਲਾਗ) ਸੈਫ਼ੂ ਦੀਨ ਸੈਫ਼, ਮੰਜ਼ਰਨਾਮਾ (ਸਕਰੀਨਪਲੇਅ) ਸ਼ਕੂਰ ਕਾਦਰੀ ਅਤੇ ਸੰਗੀਤਕਾਰ ਮਾਸਟਰ ਇਨਾਇਤ ਹੁਸੈਨ ਸਨ। ਦਾਊਦ ਦੀ ਹਿਦਾਇਤ ਵਿਚ ਨਜ਼ਮਾ ਤੇ ਸੁਧੀਰ (ਦੋਵਾਂ ਦੀ ਪਾਕਿਸਤਾਨ ਵਿਚ ਪਹਿਲੀ ਫ਼ਿਲਮ) ਦੀ ਜੋੜੀ ਤੋਂ ਇਲਾਵਾ ਮੁਹੰਮਦ ਅਜਮਲ, ਨਜ਼ਰ, ਨਫ਼ੀਸ ਬੇਗ਼ਮ, ਆਸ਼ਿਕ ਹੁਸੈਨ (ਡਾਂਸ ਡਾਇਰੈਕਟਰ), ਐੱਮ. ਇਸਮਾਇਲ ਵਗ਼ੈਰਾ ਨੇ ਆਪਣੇ ਫ਼ਨ ਦੀ ਪੇਸ਼ਕਾਰੀ ਕੀਤੀ। ਜਦੋਂ ਆਗਾ ਜੀ. ਏ. ਗੁਲ ਨੇ ਆਪਣੇ ਫ਼ਿਲਮਸਾਜ਼ ਅਦਾਰੇ ਐਵਰ ਨਿਊ ਪਿਕਚਰਜ਼, ਲਾਹੌਰ ਦੀ ਪਹਿਲੀ ਪੰਜਾਬੀ ਫ਼ਿਲਮ ‘ਮੁੰਦਰੀ’ (1949) ਸ਼ੁਰੂ ਕੀਤੀ, ਤਾਂ ਹਿਦਾਇਤਕਾਰੀ ਲਈ ਦਾਊਦ ਚਾਂਦ ਨੂੰ ਚੁਣਿਆ। ਦਾਊਦ ਦੀ ਹਿਦਾਇਤ ਵਿਚ ਰਾਗਿਨੀ ਤੇ ਇਲਆਸ ਕਸ਼ਮੀਰੀ ਦੀ ਜੋੜੀ ਅਤੇ ਨੂਰ ਮੁਹੰਮਦ ਨਰਤਕੀ ਕੁੱਕੂ (ਪਾਕਿਸਤਾਨ ਵਿਚ ਪਹਿਲੀ ਪੰਜਾਬੀ ਫ਼ਿਲਮ) ਅਤੇ ਹੋਰਨਾਂ ਫ਼ਨਕਾਰਾਂ ਵਿਚ ਐੱਮ. ਇਸਮਾਇਲ, ਗ਼ੁਲਾਮ ਮੁਹੰਮਦ, ਸਲੀਮ ਰਜ਼ਾ, ਮਾਇਆ ਦੇਵੀ, ਜ਼ੀਨਤ, ਜੀ. ਐੱਨ. ਬੱਟ, ਮੁਹੰਮਦ ਅਜਮਲ, ਕਮਰ ਸਰਹੱਦੀ ਆਦਿ ਨੇ ਆਪਣੇ ਫ਼ਨ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ। ਕਹਾਣੀ ਤੇ ਮੁਕਾਲਮੇ ਐੱਫ਼. ਡੀ. ਸ਼ਰਫ਼, ਗੀਤ ਤਨਵੀਰ ਨੱਕਵੀ (ਇਕ ਗੀਤ), ਜੀ. ਏ. ਚਿਸ਼ਤੀ ਤੇ ਐੱਫ਼. ਡੀ. ਸ਼ਰਫ਼ ਅਤੇ ਸੰਗੀਤ ਜੀ. ਏ. ਚਿਸ਼ਤੀ ਨੇ ਬਣਾਇਆ। ਇਸ ਤੋਂ ਬਾਅਦ ਲਾਹੌਰ ਵਿਚ ਦਾਊਦ ਚਾਂਦ ਦੀ ਹਿਦਾਇਤਕਾਰੀ ਵਿਚ ਬਣੀਆਂ ਉਰਦੂ ਫ਼ਿਲਮਾਂ ‘ਸੱਸੀ’ (1954), ‘ਮਿਰਜ਼ਾ ਸਾਹਿਬਾਂ’ (1955), ‘ਹਾਤਿਮ’ (1956), ‘ਮੁਰਾਦ’ (1957), ‘ਆਲਮਆਰਾ’ (1959), ‘ਸਪੇਰਨ’ (1961), ‘ਗ਼ਜ਼ਾਲਾ’ (1963), ‘ਖ਼ੈਬਰ ਪਾਸ’ (1964), ‘ਰੇਸ਼ਮਾ’ (1970) ਅਤੇ ਪੰਜਾਬੀ ਫ਼ਿਲਮਾਂ ਵਿਚ ‘ਬੁਲਬੁਲ’ (1955), ‘ਬਹਾਦੁਰਾ’ (1973) ਤੇ ਆਖ਼ਰੀ ਪੰਜਾਬੀ ਫ਼ਿਲਮ ‘ਭੁਲੇਖਾ’ (1975) ਦੇ ਨਾਮ ਸ਼ਾਮਲ ਹਨ।
ਭਾਰਤ-ਪਾਕਿ ਫ਼ਿਲਮਾਂ ਦਾ ਅਜ਼ੀਮ ਹਿਦਾਇਤਕਾਰ ਦਾਊਦ ਚਾਂਦ 22 ਮਈ 1975 ਨੂੰ 61 ਸਾਲਾਂ ਦੀ ਉਮਰ ਵਿਚ ਫ਼ੌਤ ਹੋ ਗਿਆ। ਜਦੋਂ ਕਦੇ ਦੋਵਾਂ ਮੁਲਕਾਂ ਦੇ ਸਿਨਮਾ ਦੀ ਗੱਲ ਹੋਵੇਗੀ ਤਾਂ ਦਾਊਦ ਚਾਂਦ ਦਾ ਨਾਮ ਹਮੇਸ਼ਾਂ ਫ਼ਖ਼ਰ ਨਾਲ ਲਿਆ ਜਾਵੇਗਾ।
ਸੰਪਰਕ: 97805-09545