ਮਨਦੀਪ ਸਿੰਘ ਸਿੱਧੂ
ਸਿਨੇ ਪੰਜਾਬੀ
ਯਾਦਾਂ ਤੇ ਯਾਦਗਾਰਾਂ
ਭਾਰਤੀ ਫ਼ਿਲਮਾਂ ਦੇ ਮਾਰੂਫ਼ ਪੰਜਾਬੀ ਅਦਾਕਾਰ ਰਾਜਿੰਦਰ ਸਿੰਘ ਅਰੋੜਾ ਉਰਫ਼ ਰਾਜਿੰਦਰ ਸਿੰਘ ਦੀ ਪੈਦਾਇਸ਼ 11 ਅਕਤੂਬਰ 1916 ਨੂੰ ਲਾਹੌਰ ਦੇ ਪੰਜਾਬੀ ਸਿੱਖ ਪਰਿਵਾਰ ਵਿਚ ਹੋਈ। ਇਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਨਰਾਇਣ ਸਿੰਘ ਸੀ ਜੋ ਸਨਾਤਨ ਧਰਮ ਕਾਲਜ ਕਾਹਨਪੁਰ ਦੇ ਪ੍ਰਿੰਸੀਪਲ ਸਨ। ਬਾਲ ਵਰੇਸੇ ਹੀ ਰਾਜਿੰਦਰ ਸਿੰਘ ਨੂੰ ਗਾਉਣ ਦਾ ਬੜਾ ਸ਼ੌਕ ਸੀ। ਲਾਹੌਰ ਤੋਂ ਬੀ. ਐੱਸ. ਸੀ. ਕਰਨ ਤੋਂ ਬਾਅਦ ਉਸ ਨੇ ਕਲਾਸੀਕਲ ਸੰਗੀਤ ਵਿਚ ਚੰਗੀ ਮੁਹਾਰਤ ਹਾਸਲ ਕਰ ਲਈ। ਸਭ ਤੋਂ ਪਹਿਲਾਂ ਉਸ ਨੇ 1937 ਵਿਚ ਸ੍ਰੀ ਰਣਜੀਤ ਫ਼ਿਲਮ ਕੰਪਨੀ ਵਿਚ ਪ੍ਰਵੇਸ਼ ਕੀਤਾ। ਉਸ ਤੋਂ ਬਾਅਦ ਫ਼ਿਲਮ ਕਾਰਪੋਰੇਸ਼ਨ ਆਫ਼ ਇੰਡੀਆ, ਤਲਵਾੜ ਪ੍ਰੋਡਕਸ਼ਨਜ਼ ਤੇ ਫਿਰ ਯੂਨਿਟੀ ਪ੍ਰੋਡਕਸ਼ਨਜ਼ ਵਿਚ ਕੰਮ ਕਰਦਾ ਰਿਹਾ।
ਫ਼ਿਲਮ ਕਾਰਪੋਰੇਸ਼ਨ ਆਫ਼ ਇੰਡੀਆ, ਕਲਕੱਤਾ ਦੀ ਕੇਦਾਰ ਸ਼ਰਮਾ (ਪਹਿਲੀ ਫ਼ਿਲਮ) ਨਿਰਦੇਸ਼ਿਤ ਫ਼ਿਲਮ ‘ਦਿਲ ਹੀ ਤੋ ਹੈ’ ਉਰਫ਼ ‘ਔਲਾਦ’ (1939) ਵਿਚ ਉਸ ਨੇ ‘ਬੰਸੀ’ ਦਾ ਅਤੇ ਰਮੋਲਾ ਨੇ ‘ਸ਼ੀਲਾ’ ਦਾ ਕਿਰਦਾਰ ਨਿਭਾਇਆ। ਕਹਾਣੀ, ਮੰਜ਼ਰਨਾਮਾ, ਮੁਕਾਲਮੇ ਤੇ ਗੀਤ ਕੇਦਾਰ ਸ਼ਰਮਾ ਅਤੇ ਸੰਗੀਤ ਭੀਸ਼ਮ ਦੇਵ ਚੈਟਰਜੀ ਨੇ ਮੁਰੱਤਬਿ ਕੀਤਾ। ਫ਼ਿਲਮ ਦੇ 12 ਗੀਤਾਂ ’ਚੋਂ ਰਾਜਿੰਦਰ ਦੇ ਗਾਏ ਤੇ ਉਸੇ ’ਤੇ ਫ਼ਿਲਮਾਏ 2 ਗੀਤ ‘ਬਾਂਸੁਰੀਆ ਬ੍ਰਿਜਰਾਜ ਤਿਹਾਰੀ ਮਨ ਕੋ ਲੁਭਾਏ’ (ਨਾਲ ਰਮੋਲਾ, ਸਿੱਦੇਸ਼ਵਰ), ‘ਨਿਰਾਲੀ ਨਿਰਾਲੀ ਪ੍ਰੀਤ’ (ਨਾਲ ਰਮੋਲਾ, ਰਾਮ ਦੁਲਾਰੀ, ਸਿੱਦੇਸ਼ਵਰ) ਪਸੰਦ ਕੀਤੇ ਗਏ। ਫ਼ਿਲਮ ਕਾਰਪੋਰੇਸ਼ਨ ਆਫ਼ ਇੰਡੀਆ, ਕਲਕੱਤਾ ਦੀ ਰਣਜੀਤ ਸੇਨ ਨਿਰਦੇਸ਼ਿਤ ਫ਼ਿਲਮ ‘ਦਿ ਰਾਈਜ਼’ ਉਰਫ਼ ‘ਤੁਮਹਾਰੀ ਜੀਤ’ (1939) ਸਹਾਇਕ ਅਦਾਕਾਰ ਵਜੋਂ ਰਾਜਿੰਦਰ ਸਿੰਘ ਦੀ ਦੂਜੀ ਹਿੰਦੀ ਫ਼ਿਲਮ ਸੀ। ਗੀਤ, ਮੁਕਾਲਮੇ ਕੇਦਾਰ ਸ਼ਰਮਾ ਅਤੇ ਸੰਗੀਤਕਾਰ ਭੀਸ਼ਮ ਦੇਵ ਚੈਟਰਜੀ ਸਨ। ਇਹ ਫ਼ਿਲਮ ਰੀਗਲ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ। ਇਸੇ ਬੈਨਰ ਦੀ ਹੀ ਰਾਮ ਦਰਯਾਨੀ ਨਿਰਦੇਸ਼ਿਤ ਫ਼ਿਲਮ ‘ਹਿੰਦੋਸਤਾਨ ਹਮਾਰਾ ਹੈ’ (1940) ’ਚ ਉਸ ਨੇ ਸਹਾਇਕ ਹੀਰੋ ਦਾ ਕਿਰਦਾਰ ਨਿਭਾਇਆ ਜਦੋਂ ਕਿ ਮਰਕਜ਼ੀ ਕਿਰਦਾਰ ’ਚ ਪਦਮਾ ਦੇਵੀ ਤੇ ਨੰਦਰੇਰਕਰ ਮੌਜੂਦ ਸਨ। ਗੀਤ ਅਰਜੂ ਅਤੇ ਸੰਗੀਤ ਭੀਸ਼ਮਦੇਵ ਚੈਟਰਜੀ ਨੇ ਤਰਤੀਬ ਕੀਤਾ। ਫ਼ਿਲਮ ਕਾਰਪੋਰੇਸ਼ਨ ਦੀ ਹੀ ਕੇਦਾਰ ਸ਼ਰਮਾ ਨਿਰਦੇਸ਼ਿਤ ਸ਼ਾਸਤਰੀ ਸੰਗੀਤ ਪ੍ਰਧਾਨ ਫ਼ਿਲਮ ‘ਚਿੱਤਰਲੇਖਾ’ (1941) ’ਚ ਉਸ ਨੇ ‘ਸ਼ਵੇਤਨਕਾ’ ਦਾ ਕਿਰਦਾਰ ਨਿਭਾਇਆ ਜਦੋਂ ਕਿ ਟਾਈਟਲ ਰੋਲ ਮਹਿਤਾਬ ਅਦਾ ਕਰ ਰਹੀ ਸੀ। ਗੀਤ ਕੇਦਾਰ ਸ਼ਰਮਾ ਅਤੇ ਸੰਗੀਤ ਝੰਡੇ ਖ਼ਾਨ ਤੇ ਏ. ਐੱਸ. ਗਿਆਨੀ ਨੇ ਤਰਤੀਬ ਕੀਤਾ। ਫ਼ਿਲਮ ’ਚ ਰਾਜਿੰਦਰ ਸਿੰਘ ਨੇ ਇਕ ਦੋਗਾਣਾ ਰਾਮ ਦੁਲਾਰੀ ਨਾਲ ਗਾਇਆ ‘ਜਾਗਾ ਕਿਰਨੋਂ ਵਾਲਾ ਚਾਰੋਂ ਔਰ ਉਜਾਲਾ’। ਇਹ ਫ਼ਿਲਮ 18 ਜੁਲਾਈ 1941 ਨੂੰ ਪੈਲੇਸ ਥੀਏਟਰ, ਮੈਕਲੋਡ ਰੋਡ, ਲਾਹੌਰ ਵਿਖੇ ਨੁਮਾਇਸ਼ ਹੋਈ ਤੇ ਕਾਮਯਾਬ ਫ਼ਿਲਮ ਕਰਾਰ ਪਾਈ।
ਜਦੋਂ ਆਰ. ਸੀ. ਤਲਵਾੜ ਨੇ ਆਪਣੇ ਫ਼ਿਲਮਸਾਜ਼ ਅਦਾਰੇ ਤਲਵਾੜ ਪ੍ਰੋਡਕਸ਼ਨਜ਼, ਕਲਕੱਤਾ ਦੀ ਆਪਣੀ ਫ਼ਿਲਮਕਾਰੀ ਤੇ ਹਿਦਾਇਤਕਾਰੀ ਵਿਚ ਪਹਿਲੀ ਪੰਜਾਬੀ ਫ਼ਿਲਮ ‘ਪਰਦੇਸੀ ਢੋਲਾ’ (1941) ਬਣਾਈ ਤਾਂ ਰਾਜਿੰਦਰ ਸਿੰਘ ਨੂੰ ਹੀਰੋ ਦਾ ਕਿਰਦਾਰ ਦਿੱਤਾ। ਫ਼ਿਲਮ ਵਿਚ ਉਸ ਨੇ ‘ਰਾਜਿੰਦਰ’ ਦਾ ਕਿਰਦਾਰ ਅਤੇ ਅਦਾਕਾਰਾ ਰਮੋਲਾ ‘ਪਗਲੀ’ ਦਾ ਪਾਰਟ ਨਿਭਾ ਰਹੀ ਸੀ। ਕਹਾਣੀ ਤੇ ਮੁਕਾਲਮੇ ਵਲੀ ਸਾਹਬ, ਗੀਤ ਏ. ਐੱਸ. ਗਿਆਨੀ, ਹਿੰਮਤ ਰਾਏ ਸ਼ਰਮਾ, ਵਲੀ ਸਾਹਬ ਅਤੇ ਮੌਸੀਕੀ ਜੀ. ਏ. ਚਿਸ਼ਤੀ (ਗੁਣਾਚੌਰ) ਨੇ ਮੁਰੱਤਬਿ ਕੀਤੀ। ਰਾਜਿੰਦਰ ਤੇ ਰਮੋਲਾ ’ਤੇ ਫ਼ਿਲਮਾਏ ਗੀਤ ‘ਮੈਨੂੰ ਤਾਂ ਦੇਰ ਹੋ ਗਈ ਮੈਂ ਜਾਵਾਂ’, ‘ਆ ਪੀਂਘ ਵਧਾ ਲਈਏ’ (ਰਾਜਿੰਦਰ ਸਿੰਘ, ਰਮੋਲਾ), ‘ਮੈਂ ਕਿਸ ਲਈ ਔਸੀਆਂ ਪਾਉਣੀ ਆਂ’, ‘ਬਰਖਾ ਦੀ ਰਾਣੀ ਆਈ’ (ਰਮੋਲਾ, ਏ. ਐੱਸ. ਗਿਆਨੀ), ‘ਫਿਰ ਰੁੱਸੀਆਂ ਸੱਧਰਾਂ ਮੰਨ ਪਈਆਂ’ (ਏ. ਐੱਸ. ਗਿਆਨੀ), ‘ਸਾਵਣ ਮੇਂ ਘਰ ਆਜਾ’ ਆਦਿ ਗੀਤ ਬੜੇ ਮਕਬੂਲ ਹੋਏ। ਇਹ ਫ਼ਿਲਮ 24 ਜੁਲਾਈ 1941 ਨੂੰ ਵਲਿੰਗਟਨ ਸਿਨਮਾ, ਭਾਟੀ ਗੇਟ, ਲਾਹੌਰ ਅਤੇ ਪੈਲੇਸ ਸਿਨਮਾ, ਲਾਹੌਰ ਵਿਖੇ 17 ਅਕਤੂਬਰ 1941 ਨੂੰ ਰਿਲੀਜ਼ ਹੋਈ ਅਤੇ ਸੁਪਰਹਿੱਟ ਫ਼ਿਲਮ ਕਰਾਰ ਪਾਈ।
ਉਸ ਦੀ ਚਰਿੱਤਰ ਅਦਾਕਾਰ ਵਜੋਂ ਦੂਜੀ ਪੰਜਾਬੀ ਫ਼ਿਲਮ ਪਦਮ ਮਾਹੇਸ਼ਵਰੀ ਦੇ ਫ਼ਿਲਮਸਾਜ਼ ਅਦਾਰੇ ਮਾਹੇਸ਼ਵਰੀ ਪਿਕਚਰਜ਼, ਬੰਬੇ ਦੀ ‘ਸਤਲੁਜ ਦੇ ਕੰਢੇ’ (1964) ਸੀ। ਇਸ ਫ਼ਿਲਮ ਵਿਚ ਉਸ ਨੇ ਮਜ਼ਾਹੀਆ ਅਦਾਕਾਰ ਗੋਪਾਲ ਸਹਿਗਲ ਦੇ ਪਿਓ ਤੇ ਬੇਈਮਾਨ ਠੇਕੇਦਾਰ ‘ਈਸ਼ਵਰ ਦਾਸ’ ਦਾ ਕਿਰਦਾਰ ਨਿਭਾਇਆ। ਆਪਣੀ ਬਿਹਤਰੀਨ ਕਹਾਣੀ ਸਦਕਾ ਜਿੱਥੇ ਇਹ ਫ਼ਿਲਮ ਵਿਦੇਸ਼ੀ ਫ਼ਿਲਮ ਫੈਸਟੀਵਲ ’ਚ ਚੁਣੀ ਜਾਣ ਵਾਲੀ ਪਹਿਲੀ ਫ਼ਿਲਮ ਬਣੀ ਉੱਥੇ ਇਸ ਨੂੰ ਸਾਲ 1967 ਦਾ ਬੈਸਟ ਪੰਜਾਬੀ ਫ਼ੀਚਰ ਫ਼ਿਲਮ ਦਾ ਨੈਸ਼ਨਲ ਐਵਾਰਡ ਮਿਲਿਆ।
ਰਣਜੀਤ ਮੂਵੀਟੋਨ, ਬੰਬਈ ਦੀ ਕੇਦਾਰ ਸ਼ਰਮਾ ਨਿਰਦੇਸ਼ਿਤ ਫ਼ਿਲਮ ‘ਅਰਮਾਨ’ (1942) ’ਚ ਉਸ ਨੇ ਸਹਾਇਕ ਅਦਾਕਾਰ ਦਾ ਕਿਰਦਾਰ ਨਿਭਾਇਆ। ਜੇਯੰਤ ਫ਼ਿਲਮਜ਼, ਬੰਬਈ ਦੀ ਮੋਹਨ ਸਿਨਹਾ ਨਿਰਦੇਸ਼ਿਤ ਫ਼ਿਲਮ ‘ਪ੍ਰੀਤਮ’ (1942) ਵਿਚ ਉਸ ਦੇ ਸਨਮੁੱਖ ਹੀਰੋਇਨ ਦਾ ਕਿਰਦਾਰ ਮਾਯਾ ਬੈਨਰਜੀ ਨੇ ਨਿਭਾਇਆ। ਯੂਨਿਟੀ ਪ੍ਰੋਡਕਸ਼ਨਜ਼, ਬੰਬਈ ਦੀ ਜੀ. ਕੇ. ਮਹਿਤਾ ਨਿਰਦੇਸ਼ਿਤ ਫ਼ਿਲਮ ‘ਭਾਈਚਾਰਾ’ ਉਰਫ਼ ‘ਬ੍ਰਦਰਹੁੱਡ’ (1943) ’ਚ ਰਾਜਿੰਦਰ ਅਦਾਕਾਰ ਭਾਰਤ ਭੂਸ਼ਨ ਨਾਲ ਦੂਜੇ ਹੀਰੋ ਵਜੋਂ ਮੌਜੂਦ ਸਨ। ਰਣਜੀਤ ਮੂਵੀਟੋਨ ਦੀ ਹੀ ਕੇਦਾਰ ਸ਼ਰਮਾ ਨਿਰਦੇਸ਼ਿਤ ਫ਼ਿਲਮ ‘ਗੌਰੀ’ (1943) ’ਚ ਉਸ ਨੇ ਸਹਾਇਕ ਅਦਾਕਾਰ ਦਾ ਰੋਲ ਕੀਤਾ ਜਦੋਂ ਕਿ ਮਰਕਜ਼ੀ ਕਿਰਦਾਰ ਪ੍ਰਿਥਵੀਰਾਜ ਤੇ ਸ਼ਮੀਮ (ਪਤਨੀ ਅਨਵਰ ਕਮਲ ਪਾਸ਼ਾ) ਨਿਭਾ ਰਹੇ ਸਨ। ਫ਼ਿਲਮ ’ਚ ਰਾਜਿੰਦਰ ਨੇ ਖ਼ੇਮਚੰਦ ਪ੍ਰਕਾਸ਼ ਦੇ ਸੰਗੀਤ ’ਚ ਕੇਦਾਰ ਸ਼ਰਮਾ ਦਾ ਲਿਖਿਆ ਇਕ ਗੀਤ ਬ੍ਰਿਜਮਾਲਾ ਨਾਲ ਗਾਇਆ ‘ਕਹੋ ਤੋ ਪਾਨੀ ਬਚਪਨ ਔਰ ਬੁੜਾਪਾ ਰੇਂਗੇ’। ਰਣਜੀਤ ਮੂਵੀਟੋਨ ਦੀ ਹੀ ਚਤੁਰਭੁੱਜ ਏ. ਦੋਸ਼ੀ ਨਿਰਦੇਸ਼ਿਤ ਪੌਰਾਣਿਕ ਫ਼ਿਲਮ ‘ਸ਼ੰਕਰ ਪਾਰਵਤੀ’ (1943) ’ਚ ਉਸ ਨੇ ਅਹਿਮ ਕਿਰਦਾਰ ਨਿਭਾਇਆ ਜਦੋਂਕਿ ‘ਸ਼ੰਕਰ’ ਦਾ ਰੋਲ ਅਰੁਣ ਅਹੂਜਾ ਅਤੇ ‘ਪਾਰਵਤੀ’ ਦਾ ਪਾਰਟ ਸਾਧਨਾ ਬੋਸ ਨਿਭਾ ਰਹੀ ਸੀ। ਰਣਜੀਤ ਮੂਵੀਟੋਨ ਦੀ ਹੀ ਕੇਦਾਰ ਸ਼ਰਮਾ ਨਿਰਦੇਸ਼ਿਤ ਫ਼ਿਲਮ ‘ਵਿਸ਼ ਕੱਨਯਾ’ (1943) ਵਿਚ ਉਸ ਨੇ ਸੁਰਿੰਦਰ ਨਾਥ ਤੇ ਪ੍ਰਿਥਵੀਰਾਜ ਕਪੂਰ ਨਾਲ ਸੋਹਣਾ ਕੰਮ ਕੀਤਾ।
ਭਾਰਤ ਪ੍ਰੋਡਕਸ਼ਨਜ਼, ਬੰਬਈ ਦੀ ਨੀਰੇਨ ਲਾਹਿੜੀ ਨਿਰਦੇਸ਼ਿਤ ਫ਼ਿਲਮ ‘ਅਨਬਨ’ (1944) ’ਚ ਉਸ ਨੇ ਸਹਾਇਕ ਅਦਾਕਾਰ ਦਾ ਰੋਲ ਕੀਤਾ। ਰਣਜੀਤ ਮੂਵੀਟੋਨ ਦੀ ਕੇਦਾਰ ਸ਼ਰਮਾ ਨਿਰਦੇਸ਼ਿਤ ਭਗਤੀ ਪ੍ਰਧਾਨ ਫ਼ਿਲਮ ‘ਧੰਨਾ ਭਗਤ’ (1945) ’ਚ ਉਸ ਨੇ ਅਹਿਮ ਪਾਰਟ ਅਦਾ ਕੀਤਾ ਜਦੋਂਕਿ ‘ਧੰਨਾ ਭਗਤ’ ਦਾ ਟਾਈਟਲ ਰੋਲ ਕਮਲ ਜ਼ਿਮੀਂਦਾਰ ਨਿਭਾ ਰਿਹਾ ਸੀ। ਫ਼ਿਲਮੀਸਤਾਨ ਲਿਮਟਿਡ, ਬੰਬਈ ਦੀ ਵੀ. ਮਿੱਤਰਾ ਨਿਰਦੇਸ਼ਿਤ ਫ਼ਿਲਮ ‘ਸਫ਼ਰ’ (1946) ’ਚ ਉਸ ਨੇ ਸਹਾਇਕ ਹੀਰੋ ਦਾ ਰੋਲ ਅਦਾ ਕੀਤਾ। ਰਣਜੀਤ ਮੂਵੀਟੋਨ ਦੀ ਹੀ ਅਸਪੀ ਨਿਰਦੇਸ਼ਿਤ ਫ਼ਿਲਮ ‘ਛੀਨ ਲੇ ਆਜ਼ਾਦੀ’ (1947) ’ਚ ਰਾਜਿੰਦਰ ਸਿੰਘ ਨੇ ‘ਛੋਟੂ’ ਦਾ ਪਾਰਟ ਨਿਭਾਇਆ। ਓਰੀਐਂਟਲ ਪਿਕਚਰਜ਼, ਬੰਬਈ ਦੀ ਕੇਦਾਰ ਸ਼ਰਮਾ ਨਿਰਦੇਸ਼ਿਤ ਫ਼ਿਲਮ ‘ਨੀਲ ਕਮਲ’ (1947) ਵਿਚ ਉਸ ਨੇ ‘ਗੁਰੂਦੇਵ’ ਦਾ ਰੋਲ ਕੀਤਾ। ਫ਼ਿਲਮੀਸਤਾਨ ਲਿਮਟਿਡ, ਬੰਬਈ ਦੀ ਮੁਣਸ਼ੀ ਦਿਲ ਨਿਰਦੇਸ਼ਿਤ ਫ਼ਿਲਮ ‘ਦੋ ਭਾਈ’ ਅਤੇ ‘ਸਿੰਧੂੂਰ’ (1947) ’ਚ ਰਾਜਿੰਦਰ ਸਿੰਘ ਸਹਾਇਕ ਅਦਾਕਾਰ ਵਜੋਂ ਮੌਜੂਦ ਸਨ। ਇੰਡੀਆ ਫ਼ਿਲਮ ਕਾਰਪੋਰੇਸ਼ਨ, ਬੰਬਈ ਦੀ ਸ਼ੁਭਕਰਨ ਔਝਾ ਨਿਰਦੇਸ਼ਿਤ ਫ਼ਿਲਮ ‘ਨਈ ਰੀਤ’ (1948) ਵਿਚ ਉਸ ਦੇ ਮੁਕਾਬਿਲ ਹੀਰੋਇਨ ਦਾ ਕਿਰਦਾਰ ਸੁਲੋਚਨਾ ਚੈਟਰਜੀ ਨੇ ਨਿਭਾਇਆ। ਗੀਤ ਤੇ ਮੁਕਾਲਮੇ ਕੁਮਾਰ ਗੁਪਤਾ ਅਤੇ ਸੰਗੀਤ ਐੱਸ. ਕੇ. ਪਾਲ ਨੇ ਮੁਰੱਤਬਿ ਕੀਤਾ। ਇਹ ਫ਼ਿਲਮ 5 ਮਾਰਚ 1949 ਸੈਂਟਰਲ ਸਿਨਮਾ, ਬੰਬੇ ਵਿਖੇ ਨੁਮਾਇਸ਼ ਹੋਈ।
ਰਣਜੀਤ ਮੂਵੀਟੋਨ ਦੀ ਰਤੀਭਾਈ ਪੁਨਾਤਰ ਨਿਰਦੇਸ਼ਿਤ ਫ਼ਿਲਮ ‘ਨੀਲੀ’ (1950) ’ਚ ਉਸ ਨੇ ਬਿਹਤਰੀਨ ਰੋਲ ਕੀਤਾ। ਫ਼ਿਲਮੀਸਤਾਨ ਲਿਮਟਿਡ, ਬੰਬੇ ਦੀ ਬੀ. ਮਿੱਤਰਾ ਨਿਰਦੇਸ਼ਿਤ ਫ਼ਿਲਮ ‘ਸ਼ਬਿਸਤਾਨ’ (1951) ’ਚ ਉਸ ਨੇ ‘ਮਸਖਰੇ’ ਦਾ ਪਾਰਟ ਨਿਭਾਇਆ। ਉਸ ਨੇ ਗੁਰੂਦੱਤ ਪ੍ਰੋਡਕਸ਼ਨਜ਼, ਬੰਬੇ ਦੀ ਗੁਰੂਦੱਤ ਨਿਰਦੇਸ਼ਿਤ ਫ਼ਿਲਮ ‘ਆਰ ਪਾਰ’ (1954), ਫ਼ਿਲਮ ਆਰਟਸ, ਬੰਬੇ ਦੀ ਰਾਜ ਖੋਸਲਾ ਨਿਰਦੇਸ਼ਿਤ ਫ਼ਿਲਮ ‘ਮਿਲਾਪ’ (1955), ਰੇਵਤੀ ਪ੍ਰੋਡਕਸ਼ਨਜ਼, ਬੰਬੇ ਦੀ ਗਿਆਨ ਮੁਖਰਜੀ ਨਿਰਦੇਸ਼ਿਤ ਫ਼ਿਲਮ ‘ਸ਼ਤਰੰਜ’ (1956) ’ਚ ਯਾਦਗਾਰੀ ਕਿਰਦਾਰ ਨਿਭਾਏ। ਫ਼ਿਲਮੀਸਤਾਨ ਲਿਮਟਿਡ, ਬੰਬੇ ਦੀ ਸੁਬੋਧ ਮੁਖਰਜੀ ਨਿਰਦੇਸ਼ਿਤ ਫ਼ਿਲਮ ‘ਪੇਇੰਗ ਗੇਸਟ’ (1957) ’ਚ ਰਾਜਿੰਦਰ ਨੇ ‘ਨਵਾਬ ਸਾਹਬ’ ਦਾ ਵਧੀਆ ਰੋਲ ਕੀਤਾ ਕੀਤਾ। ਇਸ ਤੋਂ ਇਲਵਾ ਵੀ. ਏ. ਆਰ. ਪ੍ਰੋਡਕਸ਼ਨਜ਼, ਬੰਬੇ ਦੀ ਦੀਪਕ ਆਸ਼ਾ ਉਰਫ਼ ਧਰਮ ਕੁਮਾਰ ਨਿਰਦੇਸ਼ਿਤ ਫ਼ਿਲਮ ‘ਦੀਵਾਲੀ ਕੀ ਰਾਤ’ (1956), ਐੱਨ. ਸੀ. ਫ਼ਿਲਮਜ਼, ਬੰਬੇ ਦੀ ਕੇਦਾਰ ਕਪੂਰ ਨਿਰਦੇਸ਼ਿਤ ਫ਼ਿਲਮ ‘ਮਿਸ ਬੰਬੇ’ (1957), ਮਿੱਤਰਾ ਪ੍ਰੋਡਕਸ਼ਨਜ਼, ਬੰਬੇ ਦੀ ਬੀ. ਮਿੱਤਰਾ ਨਿਰਦੇਸ਼ਿਤ ਫ਼ਿਲਮ ‘ਫਾਗੁਣ’ (1958), ਫ਼ਿਲਮੀਸਤਾਨ ਲਿਮਟਿਡ, ਬੰਬੇ ਦੀ ਨਾਸਿਰ ਹੁਸੈਨ ਨਿਰਦੇਸ਼ਿਤ ਫ਼ਿਲਮ ‘ਤੁਮਸਾ ਨਹੀਂ ਦੇਖਾ’ (1957/ਤਾਂਗੇਵਾਲਾ), ਐੱਨ. ਸੀ. ਫ਼ਿਲਮਜ਼, ਬੰਬੇ ਦੀ ਰਮੇਸ਼ ਤਿਵਾੜੀ ਨਿਰਦੇਸ਼ਿਤ ਫ਼ਿਲਮ ‘ਸਾਵਨ’ (1959), ਈਗਲ ਫ਼ਿਲਮਜ਼, ਬੰਬੇ ਦੀ ਨਰੇਸ਼ ਸਹਿਗਲ ਨਿਰਦੇਸ਼ਿਤ ‘ਉਜਾਲਾ’ (1959), ਮਿੱਤਰਾ ਪ੍ਰੋਡਕਸ਼ਨਜ਼, ਬੰਬੇ ਦੀ ਬਿਭੂਤੀ ਮਿੱਤਰਾ ਨਿਰਦੇਸ਼ਿਤ ਫ਼ਿਲਮ ‘ਬਸੰਤ’ (1960), ‘ਸਾਹਿਬ ਬੀਬੀ ਔਰ ਗ਼ੁਲਾਮ’ (1962), ‘ਫਿਰ ਵੋਹੀ ਦਿਲ ਲਾਇਆ ਹੂੰ’ (1963) ਅਤੇ ‘ਬਹਾਰੋਂ ਕੇ ਸਪਨੇ’ (1967) ਫ਼ਿਲਮਾਂ ਵਿਚ ਰਾਜਿੰਦਰ ਨੇ ਸ਼ਾਨਦਾਰ ਚਰਿੱਤਰ ਕਿਰਦਾਰ ਨਿਭਾਏ। ਫ਼ਿਲਮੀਸਤਾਨ, ਬੰਬੇ ਦੀ ‘ਪਾਯਲ ਕੀ ਝਨਕਾਰ’ (1968) ’ਚ ਉਸ ਨੇ ‘ਮਿਸਟਰ ਪਰਮਾਨੰਦ’ ਦਾ ਯਾਦਗਾਰੀ ਕਾਮੇਡੀ ਰੋਲ ਕੀਤਾ।
ਬਾਲਾਜੀ ਕਲਾ ਮੰਦਿਰ, ਬੰਬੇ ਦੀ ਮਜ਼ਾਹੀਆ ਫ਼ਿਲਮ ‘ਦੋ ਫੂਲ’ (1973), ‘ਹਮ ਕਿਸੀ ਸੇ ਕਮ ਨਹੀਂ’ (1977), ‘ਜ਼ਮਾਨੇ ਕੋ ਦੀਖਾਨਾ ਹੈ’ (1981) ਆਦਿ ਰਾਜਿੰਦਰ ਸਿੰਘ ਦੀ ਚਰਿੱਤਰ ਅਦਾਕਾਰੀ ਵਾਲੀਆਂ ਆਖ਼ਰੀ ਫ਼ਿਲਮਾਂ ਸਨ। ਲਾਹੌਰ ਦੇ ਜਾਏ ਰਾਜਿੰਦਰ ਸਿੰਘ ਨੇ ਪੰਜਾਬ ਵੰਡ ਤੋਂ ਬਾਅਦ ਪਾਕਿਸਤਾਨ ਜਾਣ ਦੀ ਬਜਾਏ ਭਾਰਤ ਰਹਿਣਾ ਪਸੰਦ ਕੀਤਾ। ਆਪਣੀ ਹਿਆਤੀ ਦੇ ਆਖ਼ਰੀ ਲਮਹਾਤ ਉਨ੍ਹਾਂ ਨੇ ਬੰਬੇ ਦੀਆਂ ਫ਼ਿਲਮਾਂ ਵਿਚ ਕੰਮ ਕਰਦਿਆਂ ਗੁਜ਼ਾਰੇ। ਬੰਬੇ ਰਹਿੰਦਆਂ ਉਨ੍ਹਾਂ ਦਾ ਵਿਆਹ ਕਿਸ ਨਾਲ ਹੋਇਆ, ਕਦੋਂ ਫ਼ੌਤ ਹੋਏ ਕਾਫ਼ੀ ਤਹਿਕੀਕ ਕਰਨ ਤੋਂ ਬਾਅਦ ਵੀ ਕੁਝ ਪਤਾ ਨਹੀਂ ਲੱਗਿਆ। ਪੰਜਾਬੀ ਅਦਾਕਾਰ ਰਾਜਿੰਦਰ ਸਿੰਘ ਭਾਰਤੀ ਸਿਨਮਾ ਵਿਚ ਆਪਣੀ ਬਿਹਤਰੀਨ ਅਦਾਕਾਰੀ ਸਦਕਾ ਹਮੇਸ਼ਾਂ ਯਾਦ ਕੀਤੇ ਜਾਂਦੇ ਰਹਿਣਗੇ।
ਸੰਪਰਕ: 97805-09545