ਮਨਦੀਪ ਸਿੰਘ ਸਿੱਧੂ
ਜਸਪਾਲ ਸਿੰਘ ਦੀ ਪੈਦਾਇਸ਼ 28 ਮਾਰਚ 1943 ਨੂੰ ਅੰਮ੍ਰਿਤਸਰ ਦੇ ਸਿੱਖ ਪਰਿਵਾਰ ’ਚ ਹੋਈ। ਮੁਹੰਮਦ ਰਫ਼ੀ ਨੂੰ ਆਪਣਾ ਆਦਰਸ਼ ਮੰਨਣ ਵਾਲੇ ਜਸਪਾਲ ਸਿੰਘ ਨੇ ਸੰਗੀਤਕ ਇਲਮ ਮਸ਼ਹੂਰ ਗੁਲੂਕਾਰ ਤੇ ਵਾਇਲਨ-ਵਾਦਕ ਮੋਹਿੰਦਰਜੀਤ ਸਿੰਘ ਵਸੀਰ, ਬੰਬਈ ਤੋਂ ਹਾਸਲ ਕੀਤਾ। ਅੰਮ੍ਰਿਤਸਰ ਰਹਿੰਦਿਆਂ ਹੀ ਆਪਣੇ ਵੱਡੇ ਭਰਾ ਤੋਂ ਮਿਲੀ ਹੌਸਲਾ ਅਫ਼ਜ਼ਾਈ ਸਦਕਾ ਉਹ ਮੁਕੰਮਲ ਤੌਰ ’ਤੇ ਗੀਤ-ਸੰਗੀਤ ਨੂੰ ਸਮਰਪਿਤ ਹੋ ਗਏ। ਸਾਲ 1961 ਵਿੱਚ ‘ਸੁਰ-ਸਿੰਗਰ ਐਵਾਰਡ’ ਪ੍ਰਾਪਤ ਕਰਕੇ ਉਹ ਪੰਜਾਬ ਦੇ ਸਰਵੋਤਮ ਗੁਲੂਕਾਰ ਸਿੱਧ ਹੋਏ। 1966 ’ਚ ਉਨ੍ਹਾਂ ਪਸ-ਏ-ਪਰਦਾ ਗੁਲੂਕਾਰੀ ਵਿੱਚ ਦਿਲਚਸਪੀ ਦੇ ਚੱਲਦਿਆਂ ਬੰਬਈ ਦਾ ਰੁਖ਼ ਕੀਤਾ। ਇੱਥੇ ਉਹ ਆਪਣੇ ਇੱਕ ਰਿਸ਼ਤੇਦਾਰ ਦੇ ਜ਼ਰੀਏ ਮੌਸੀਕਾਰਾ ਊਸ਼ਾ ਖੰਨਾ ਨੂੰ ਮਿਲੇ ਜਿਨ੍ਹਾਂ ਨੇ ਜਸਪਾਲ ਨੂੰ ਆਪਣੀ ਬਣ ਰਹੀ ਹਿੰਦੀ ਫ਼ਿਲਮ ਵਿੱਚ ਬਤੌਰ ਗੁਲੂਕਾਰ ਪੇਸ਼ ਕਰਨ ਦਾ ਵਾਅਦਾ ਕੀਤਾ।
ਜਦੋਂ ਜਸਬੀਰ ਤੇ ਜਾਨਕੀ ਨੇ ਆਪਣੇ ਫ਼ਿਲਮਸਾਜ਼ ਅਦਾਰੇ ਜੇ. ਜੇ. ਫ਼ਿਲਮਜ਼, ਬੰਬੇ ਦੇ ਬੈਨਰ ਹੇਠ ਚਰਨਦਾਸ ਸ਼ੋਖ ਦੀ ਹਿਦਾਇਤਕਾਰੀ ਵਿੱਚ ਹਿੰਦੀ ਫ਼ਿਲਮ ‘ਬੰਦਿਸ਼’ (1969) ਸ਼ੁਰੂ ਕੀਤੀ ਤਾਂ ਫ਼ਿਲਮ ਦੀ ਮੌਸੀਕਾਰਾ ਊਸ਼ਾ ਖੰਨਾ ਨੇ ਜਸਪਾਲ ਸਿੰਘ ਨੂੰ ਨਵੇਂ ਗੁਲੂਕਾਰ ਵਜੋਂ ਮੁਤਆਰਿਫ਼ ਕਰਵਾਇਆ। ਜਸਪਾਲ ਸਿੰਘ ਨੇ ਜਸਪਾਲ ਫੋਕੇਲਾ ਦੇ ਨਾਮ ਨਾਲ ਅਕਮੜ ਹੈਦਰਾਬਾਦੀ ਦਾ ਲਿਖਿਆ ਗੀਤ ‘ਦੇਖੋ ਲੋਗੋ ਯੇ ਕੈਸਾ ਜ਼ਮਾਨਾ ਸੰਭਾਲੋ-ਸੰਭਾਲੋ ਹੂਆ ਮੈਂ ਦੀਵਾਨਾ’ ਗਾਇਆ ਜੋ ਮਜ਼ਾਹੀਆ ਅਦਾਕਾਰ ਬ੍ਰਹਮਚਾਰੀ ’ਤੇ ਫ਼ਿਲਮਾਇਆ ਗਿਆ। ਇਹ ਗੀਤ ਸੰਗੀਤ-ਮੱਦਾਹਾਂ ਨੇ ਬੜਾ ਪਸੰਦ ਕੀਤਾ ਤੇ ਰੇਡੀਓ ਸੀਲੋਨ ਨੇ ਵੀ ਖ਼ੂਬ ਚਲਾਇਆ। ਆਨੰਦਰਾਓ ਐੱਸ. ਬ੍ਰਹਮਭੱਟ ਤੇ ਐੱਚ. ਬੀ. ਮਿਸਤਰੀ ਦੇ ਫ਼ਿਲਮਸਾਜ਼ ਅਦਾਰੇ ਆਨੰਦ ਫ਼ਿਲਮਜ਼, ਬੰਬੇ ਦੀ ਬਾਬੂਭਾਈ ਮਿਸਤਰੀ ਨਿਰਦੇਸ਼ਿਤ ਫ਼ਿਲਮ ‘ਅਨਜਾਨ ਹੈ ਕੋਈ’ (1969) ’ਚ ਸਰਦਾਰ ਬੀਕਾਨੇਰੀ ਦਾ ਲਿਖਿਆ ਤੇ ਊਸ਼ਾ ਖੰਨਾ ਦਾ ਸੰਗੀਤਬੱਧ ਮਜ਼ਾਹੀਆ ਗੀਤ ‘ਮਟਕਾ ਹਾਏ ਰੇ ਮਟਕਾ ਬੇਟਾ ਖੇਲ ਮਤ ਮਟਕਾ’ (ਮਹਿੰਦਰ ਕਪੂਰ, ਜਸਪਾਲ ਸਿੰਘ) ਜੋ ਕਾਮੇਡੀਅਨ ਮੋਹਨ ਚੋਟੀ ਤੇ ਸਾਥੀਆਂ ’ਤੇ ਫ਼ਿਲਮਾਇਆ ਗਿਆ। ਇਹ ਦੋਵੇਂ ਫ਼ਿਲਮਾਂ ਨਾਕਾਮ ਸਾਬਤ ਹੋਈਆਂ ਤੇ ਜਸਪਾਲ ਸਿੰਘ ਦੀ ਗਾਇਕੀ ਵੱਲ ਕਿਸੇ ਨੇ ਬਹੁਤੀ ਤਵੱਜੋ ਨਹੀਂ ਦਿੱਤੀ। ਇਸ ਤੋਂ ਬਾਅਦ ਮੂਵੀ ਮੁਗਲਜ਼, ਬੰਬੇ ਦੀ ਪ੍ਰਕਾਸ਼ ਮਹਿਰਾ ਨਿਰਦੇਸ਼ਿਤ ਰੰਗੀਨ ਫ਼ਿਲਮ ‘ਆਨ ਬਾਨ’ (1972) ’ਚ ਸ਼ੰਕਰ-ਜਯਕਿਸ਼ਨ ਦੇ ਸੰਗੀਤ ’ਚ ਇੱਕ ਗੀਤ ਜਸਪਾਲ ਸਿੰਘ ਨੇ ਗਾਇਆ, ਪਰ ਜਦੋਂ ਫ਼ਿਲਮ ਨੁਮਾਇਸ਼ ਹੋਈ ਤਾਂ ਗੀਤ ਵਿੱਚ ਸ਼ਾਮਲ ਨਹੀਂ ਕੀਤਾ ਗਿਆ।
ਖ਼ੈਰ! ਜੇ ਆਵਾਜ਼ ਵਿੱਚ ਕਸ਼ਿਸ਼ ਹੋਵੇ ਤਾਂ ਉੁਸ ਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇੰਜ ਹੀ ਇੱਕ ਦਿਨ ਉਨ੍ਹਾਂ ਦੀ ਮੁਲਾਕਾਤ ਨਬੀਨੇ ਸੰਗੀਤਕਾਰ ਰਵਿੰਦਰ ਜੈਨ ਨਾਲ ਹੋਈ ਜੋ ਉਸ ਵੇਲੇ ਤਾਰਾਚੰਦ ਬੜਜਾਤੀਆ ਦੇ ਫ਼ਿਲਮਸਾਜ਼ ਅਦਾਰੇ ਰਾਜਸ਼੍ਰੀ ਪ੍ਰੋਡਕਸ਼ਨਜ਼ ਪ੍ਰਾਈਵੇਟ ਲਿਮਟਿਡ, ਬੰਬੇ ਦੀ ਹੀਰੇਨ ਨਾਗ ਨਿਰਦੇਸ਼ਿਤ ਫ਼ਿਲਮ ‘ਗੀਤ ਗਾਤਾ ਚਲ’ (1975) ਦੀ ਮੌਸੀਕੀ ਮੁਰੱਤਬਿ ਕਰ ਰਹੇ ਸਨ। ਉਨ੍ਹਾਂ ਨੇ ਜਸਪਾਲ ਸਿੰਘ ਕੋਲੋਂ ਰਵਿੰਦਰ ਜੈਨ ਦੇ ਲਿਖੇ 4 ਗੀਤ ਗਵਾਏ, ਜਿਨ੍ਹਾਂ ’ਚੋਂ ਫ਼ਿਲਮ ਦੇ ਟਾਈਟਲ ਗੀਤ ‘ਗੀਤ ਗਾਤਾ ਚਲ ਓ ਸਾਥੀ ਗੁਨਗੁਨਾਤਾ ਚਲ’ (ਜਸਪਾਲ ਸਿੰਘ) ਤੇ ਦੂਸਰਾ ‘ਸ਼ਿਆਮ ਤੇਰੀ ਬੰਸੀ ਪੁਕਾਰੇ…’ (ਜਸਪਾਲ ਸਿੰਘ, ਆਰਤੀ ਮੁਖਰਜੀ) ਗੀਤ ਹੱਦ ਦਰਜਾ ਮਕਬੂਲ ਹੋਏ।
ਇਸ ਤੋਂ ਬਾਅਦ ਜਸਪਾਲ ਸਿੰਘ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਨ੍ਹਾਂ ਦੇ ਗਾਏ ਚੰਦ ਮਕਬੂਲ ਜ਼ਮਾਨਾ ਗੀਤਾਂ ਦੇ ਬੋਲ ਹਨ ‘ਜਬ ਤੂ ਮੇਰੇ ਸਾਮਨੇ ਆਏ’, ‘ਸਾਥੀ ਰੇ ਕਬੀ ਅਪਨਾ ਸਾਥ ਨਾ ਛੁਟੇ’ (ਸ਼ਿਆਮ ਤੇਰੇ ਕਿਤਨੇ ਨਾਮ/1977), ‘ਸਾਵਨ ਕੋ ਆਨੇ ਦੋ’ (ਨਾਲ ਕਲਿਆਣੀ ਮਿੱਤਰਾ/ਸਾਵਨ ਕੋ ਆਨੇ ਦੋ/1979), ‘ਕੌਨ ਦਿਸ਼ਾ ਮੇਂ ਲੇ ਕੇ ਚਲਾ ਰੇ’ (ਨਾਲ ਹੇਮਲਤਾ/ਨਦੀਆ ਕੇ ਪਾਰ/1982) ਆਦਿ ਤੋਂ ਇਲਾਵਾ ਉਨ੍ਹਾਂ ਦੀ ਆਖ਼ਰੀ ਫ਼ਿਲਮਾਂ ’ਚ ਸ਼ਾਮਲ ਸ਼ਕੀਲ ਪ੍ਰੋਡਕਸ਼ਨਜ਼, ਬੰਬੇ ਦੀ ‘ਸ਼ੜਯੰਤਰ’ (1990) ਸੀ, ਜਿਸ ਵਿੱਚ ਰਵਿੰਦਰ ਜੈਨ ਦੇ ਸੰਗੀਤ ’ਚ ਹੀ ਉਨ੍ਹਾਂ ਨੇ 2 ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਹਾਲਾਂਕਿ ਫਿਰ ਉਨ੍ਹਾਂ ਨੇ ‘ਭੂਚਾਲ’ (1993), ‘ਤਾਰਾ ਰਾਨੀ ਕੀ ਅਮਰ ਕਥਾ’ (1994), ‘ਪਰਮ ਕਰਤਵਯ’ (1996) ਫ਼ਿਲਮਾਂ ’ਚ ਵੀ ਗੀਤ ਗਾਏ, ਪਰ ਉਹ ਪਹਿਲੇ ਗੀਤਾਂ ਵਾਂਗ ਕਮਾਲ ਨਾ ਵਿਖਾ ਸਕੇ। ਹੌਲੀ-ਹੌਲੀ ਉਨ੍ਹਾਂ ਨੇ ਫ਼ਿਲਮੀ ਗੁਲੂਕਾਰੀ ਤੋਂ ਕਿਨਾਰਾਕਸ਼ੀ ਕਰ ਲਈ।
ਹਿੰਦੀ ਫ਼ਿਲਮਾਂ ਤੋਂ ਇਲਾਵਾ ਜਸਪਾਲ ਸਿੰਘ ਨੇ ਪੰਜਾਬੀ ਫ਼ਿਲਮਾਂ ਲਈ ਕਈ ਮਸ਼ਹੂਰ ਗੀਤ ਗਾਏ। ਜਦੋਂ ਪਰਵੇਸ਼ ਸੀ. ਮਹਿਰਾ ਨੇ ਆਪਣੇ ਫ਼ਿਲਮਸਾਜ਼ ਅਦਾਰੇ ਈਗਲ ਫ਼ਿਲਮਜ਼, ਬੰਬੇ ਦੇ ਬੈਨਰ ਹੇਠ ਏ. ਸ਼ਾਲਮ ਦੀ ਹਿਦਾਇਤਕਾਰੀ ਵਿੱਚ ਪੰਜਾਬੀ ਫ਼ਿਲਮ ‘ਚੜ੍ਹੀ ਜਵਾਨੀ ਬੁੱਢੇ ਨੂੰ’ (1976) ਸ਼ੁਰੂ ਕੀਤੀ ਤਾਂ ਫ਼ਿਲਮ ਦੇ ਮੌਸੀਕਾਰ ਰਵਿੰਦਰ ਜੈਨ ਨੇ ਜਸਪਾਲ ਸਿੰਘ ਕੋਲੋਂ ਐੱਸ. ਪੀ. ਬਖ਼ਸ਼ੀ (ਹਿਦਾਇਤਕਾਰ) ਦਾ ਲਿਖਿਆ ਗੀਤ ਗਵਾਇਆ। ਪ੍ਰੇਮ ਨਾਥ ਦੇ ਫ਼ਿਲਮਸਾਜ਼ ਅਦਾਰੇ ਪੀ. ਐੱਨ. ਫ਼ਿਲਮਜ਼, ਬੰਬੇ ਦੀ ਚਮਨ ਨੀਲੈ ਨਿਰਦੇਸ਼ਿਤ ਫ਼ਿਲਮ ‘ਸਤਿ ਸ੍ਰੀ ਅਕਾਲ’ (1977) ਸਰਦਾਰ ਮਲਿਕ ਤੇ ਪ੍ਰੇਮ ਨਾਥ ਦੇ ਸਾਂਝੇ ਸੰਗੀਤ ਵਿੱਚ ਕਮਰ ਜਲਾਲਾਬਾਦੀ ਦੇ ਲਿਖੇ 2 ਗੀਤ ਜਸਪਾਲ ਸਿੰਘ ਕੋਲੋਂ ਗਵਾਏ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ (ਨਾਲ ਪਾਸਕਲ ਪਾਲ, ਮੁਹੰਮਦ ਰਫ਼ੀ) ਤੇ ਦੂਜਾ ਭੰਗੜਾ ਗੀਤ ‘ਏਸ ਪਿਆਰ ਨੇ ਯਾਰਾ ਵੇਖੋ ਬਦਲੇ ਰੰਗ ਹਜ਼ਾਰ’ (ਨਾਲ ਆਸ਼ਾ ਭੌਸਲੇ, ਪਾਸਕਲ ਪਾਲ) ਬੇਹੱਦ ਹਿੱਟ ਗੀਤ ਸੀ। ਸੀ. ਐੱਸ. ਤ੍ਰਿਵੇਦੀ ਦੇ ਫ਼ਿਲਮਸਾਜ਼ ਅਦਾਰੇ ਵਿਨਾਇਕ ਫ਼ਿਲਮਜ਼, ਬੰਬੇ ਦੀ ਸੋਮ ਹਕਸਰ ਨਿਰਦੇਸ਼ਿਤ ਫ਼ਿਲਮ ‘ਨੱਚਦੀ ਜਵਾਨੀ’ (1977) ’ਚ ਸੰਗੀਤਕਾਰ ਜੋੜੀ ਸਪਨ-ਜਗਮੋਹਨ ਨੇ ਜਸਪਾਲ ਸਿੰਘ ਕੋਲੋਂ 4 ਗੀਤ ਗਵਾਏ ‘ਸਰਦੀ ਆ ਕੇ…’, ‘ਇਹ ਸੱਧਰਾਂ ਵਾਲੀ ਰਾਤ…’, ‘ਵੱਖ-ਵੱਖ ਦੋ ਪਿੰਜਰੇ ਇੱਕ ਵਿੱਚ ਤੋਤਾ’ (ਨਾਲ ਆਸ਼ਾ ਭੌਸਲੇ) ਤੋਂ ਇਲਾਵਾ ਰੋਮੇਸ਼ ਸ਼ਰਮਾ ਤੇ ਮੀਨਾ ਰਾਏ ’ਤੇ ਫ਼ਿਲਮਾਇਆ ਗਿਆ ਰੁਮਾਨੀ ਗੀਤ ‘ਸੁਣ ਢੋਲ ਜਾਨੀ ਬੋਲ ਮੇਰੀ ਰਾਣੀ…’ (ਨਾਲ ਆਸ਼ਾ) ਹੱਦ ਦਰਜਾ ਮਕਬੂਲ ਹੋਇਆ। ਅਮਰੀਸ਼ ਐੱਲ. ਭਾਖੜੀ ਦੇ ਫ਼ਿਲਮਸਾਜ਼ ਅਦਾਰੇ ਭਾਖੜੀ ਫ਼ਿਲਮਜ਼, ਬੰਬੇ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਜੱਟ ਪੰਜਾਬੀ’ (1979) ’ਚ ਪੰਜਾਬੀ ਸੰਗੀਤਕਾਰ ਹੰਸ ਰਾਜ ਬਹਿਲ ਨੇ ਜਸਪਾਲ ਸਿੰਘ ਕੋਲੋਂ ਮੁਨਸਿਫ਼ ਦੇ ਲਿਖੇ 2 ਗੀਤ ਗਵਾਏ ‘ਬੁਲ੍ਹੇ ਸ਼ਾਹ…ਦਾਣਾ ਮਿੱਟੀ ਫਿਰ ਮਿੱਟੀ’ (ਨਾਲ ਮਹਿੰਦਰ ਕਪੂਰ, ਸਵਿਤਾ ਸਾਥੀ) ਤੇ ਦੂਜਾ ਮੁਜਰਾ ਗੀਤ ‘ਦੂਰ ਜਦੋਂ…’ (ਨਾਲ ਆਸ਼ਾ ਭੌਸਲੇ, ਸਵਿਤਾ ਸੁਮਨ, ਮਹਿੰਦਰ ਕਪੂਰ) ਗਾਏ ਸਨ। ਡਾ. ਮਨੋਹਰ ਕੌਰ ਅਰਪਨ ਦੇ ਫ਼ਿਲਮਸਾਜ਼ ਅਦਾਰੇ ਪੰਜਾਬ ਨਾਟਕ ਅਕੈਡਮੀ, ਪਟਿਆਲਾ ਦੀ ਡਾ. ਸੁਰਜੀਤ ਸਿੰਘ ਸੇਠੀ ਨਿਰਦੇਸ਼ਿਤ ਤਾਰੀਖ਼ੀ ਫ਼ਿਲਮ ‘ਮੁਗਲਾਨੀ ਬੇਗਮ’ (1979) ’ਚ ਪੰਜਾਬੀ ਸੰਗੀਤ-ਨਿਰਦੇਸ਼ਿਕ ਐੱਸ. ਮੋਹਿੰਦਰ ਨੇ ਜਸਪਾਲ ਸਿੰਘ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ’ਚੋਂ ਲਏ ਗਏ 2 ਸ਼ਬਦ ਗਵਾਏ। ਇਸ ਫ਼ਿਲਮ ਨੂੰ ਸਾਲ 1980 ਵਿੱਚ ਸਟੇਟ ਐਵਾਰਡ ਮਿਲਿਆ ਸੀ।
ਡੀ. ਬੀ. ਕੋਛੜ ਤੇ ਜਸਵੰਤ ਸਿੰਘ ਨਾਰੰਗ ਦੇ ਫ਼ਿਲਮਸਾਜ਼ ਅਦਾਰੇ ਡੀ. ਜੇ. ਫ਼ਿਲਮਜ਼, ਬੰਬੇ ਦੀ ਧਰਮ ਕੁਮਾਰ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਫੌਜੀ ਚਾਚਾ’ (1980) ’ਚ ਇੱਕ ਵਾਰ ਫਿਰ ਐੱਸ. ਮੋਹਿੰਦਰ ਨੇ ਇੰਦਰਜੀਤ ਹਸਨਪੁਰੀ ਦੇ ਲਿਖੇ 2 ਗੀਤ ਗਵਾਏ ‘ਏ ਬੀ ਸੀ ਡੀ ਤੈਨੂੰ ਸਿਖਾਵਾਂ’ (ਨਾਲ ਆਸ਼ਾ ਭੌਸਲੇ) ਤੇ ਦੂਜਾ ‘ਜੇ ਦੁਨੀਆ ਵਿੱਚ ਮਿਲ ਕੇ ਚੱਲਣ ਮਾਲਕ ਤੇ ਮਜ਼ਦੂਰ’ (ਨਾਲ ਮੁਹੰਮਦ ਰਫ਼ੀ, ਦੇਵੀ ਦਾਸ ਦਾਸ ਕੋਛੜ, ਮੀਨੂੰ ਪ੍ਰਸ਼ੋਤਮ) ਗੀਤ ਵੀ ਖ਼ੂਬ ਚੱਲੇ। ਸੀ. ਆਰ. ਭੱਸੀ ਤੇ ਸ਼੍ਰੀਮਤੀ ਸੰਤੋਸ਼ ਰਾਣੀ ਦੇ ਫ਼ਿਲਮਸਾਜ਼ ਅਦਾਰੇ ਕਲਾਦੀਪ ਮੂਵੀਜ਼, ਬੰਬੇ ਦੀ ਪਵਨ ਦੇਵ (ਅਦਾਕਾਰ) ਨਿਰਦੇਸ਼ਿਤ ਫ਼ਿਲਮ ‘ਵੇਹੜਾ ਲੰਬੜਾਂ ਦਾ’ (1982) ’ਚ ਇੱਕ ਵਾਰ ਫਿਰ ਸੁਰਿੰਦਰ ਕੋਹਲੀ ਨੇ ਸ਼ਬਾਬ ਅਲਾਵਲਪੁਰੀ ਦਾ ਲਿਖਿਆ ਮਜ਼ਾਹੀਆ ਗੀਤ ‘ਏਸ ਪਿੰਡ ਦੇ ਵਿੱਚ ਕੰਮ ਦੇ ਬੰਦੇ’ (ਮਹਿੰਦਰ ਕਪੂਰ, ਜਸਪਾਲ ਸਿੰਘ) ਗਾਇਆ। ਫਰੈਂਡ ਐਂਡ ਫਰੈਂਡਜ਼ ਫ਼ਿਲਮਜ਼, ਚੰਡੀਗੜ੍ਹ ਦੀ ਹਰੀ ਦੱਤ ਨਿਰਦੇਸ਼ਿਤ ਫ਼ਿਲਮ ‘ਮਾਮਲਾ ਗੜਬੜ’ (1983) ’ਚ ਸਪਨ-ਜਗਮੋਹਨ ਦੇ ਸੰਗੀਤ ’ਚ ਸਵਿਤਾ ਸਾਥੀ ਤੇ ਜਸਪਾਲ ਸਿੰਘ ਨੇ ਫ਼ਿਲਮ ਦਾ ਨੰਬਰਿੰਗ ਗੀਤ ‘ਵੇ ਸੱਜਣਾਂ ਜਦ ਬਣਿਆ ਤੂੰ ਰਾਂਝਾ’ ਗਾਇਆ, ਜਿਸ ਦੇ ਬੋਲ ਸਿਕੰਦਰ ਭਾਰਤੀ ਨੇ ਲਿਖੇ ਸਨ। ਗੁਰਮੇਲ ਮਾਹਲ ਤੇ ਸੰਤੋਖ ਸੰਧੂ ਦੇ ਫ਼ਿਲਮਸਾਜ਼ ਅਦਾਰੇ ਦੋਸਤ ਫ਼ਿਲਮਜ਼, ਬੰਬੇ ਦੀ ਅਵਤਾਰ ਭੋਗਲ ਨਿਰਦੇਸ਼ਿਤ ਫ਼ਿਲਮ ‘ਦੂਜਾ ਵਿਆਹ’ (1984) ’ਚ ਸੰਗੀਤਕਾਰ ਜੋੜੀ ਸਪਨ-ਜਗਮੋਹਨ ਨੇ ਜਸਪਾਲ ਸਿੰਘ ਕੋਲੋਂ ਪ੍ਰੇਮ ਜਲੰਧਰੀ ਦੇ ਲਿਖੇ 3 ਗੀਤ ਗਵਾਏ। ਇਸ ਦਾ ਪ੍ਰੀਤੀ ਸਪਰੂ ਤੇ ਸ਼ਸ਼ੀ ਪੁਰੀ ’ਤੇ ਫ਼ਿਲਮਾਇਆ ‘ਤੈਨੂੰ ਵੇਖਿਆਂ ਸਬਰ ਨਾ ਆਵੇ ਵੇ ਸੱਜਣਾਂ ਵਟਾ ਲੈ ਅੱਖੀਆਂ (ਨਾਲ ਦਿਲਰਾਜ ਕੌਰ) ਗੀਤ ਬੜਾ ਹਿੱਟ ਹੋਇਆ। ਕੰਵਲ ਬਿਆਲਾ ਦੇ ਫ਼ਿਲਮਸਾਜ਼ ਅਦਾਰੇ ਆਸ਼ੂਰਾਜ ਪਿਕਚਰਜ਼, ਬੰਬੇ ਦੀ ਕੰਵਲ ਬਿਆਲਾ ਨਿਰਦੇਸ਼ਿਤ ਰੁਮਾਨੀ ਫ਼ਿਲਮ ‘ਸੋਹਣੀ ਮਹੀਂਵਾਲ’ (1984) ’ਚ ਸੁਰਿੰਦਰ ਕੋਹਲੀ ਨੇ ਜਸਪਾਲ ਸਿੰਘ ਕੋਲੋਂ 3 ਗੀਤ ਗਵਾਏ। ਕਿਰਪਾਲ ਕੇ. ਐੱਮ. (ਨਾਲ ਰਾਮੇਸ਼ ਟੀ. ਆਰ) ਦੇ ਫ਼ਿਲਮਸਾਜ਼ ਅਦਾਰੇ ਕੇ. ਕੇ. ਆਰਟ ਇੰਟਰਨੈਸ਼ਨਲ, ਬੰਬੇ ਦੀ ਸੁਖਦੇਵ ਆਹਲੂਵਾਲੀਆ ਨਿਰਦੇਸ਼ਿਤ ਫ਼ਿਲਮ ‘ਤਕਰਾਰ’ (1985) ’ਚ ਸਪਨ-ਜਗਮੋਹਨ ਦੇ ਸੰਗੀਤ ’ਚ ਜਸਪਾਲ ਸਿੰਘ ਨੇ ਨਕਸ਼ ਲਾਇਲਪੁਰੀ ਦੇ ਲਿਖੇ 2 ਗੀਤ ਗਾਏ ‘ਜੋ ਤਿਸ ਭਾਵੇ…ਆਪ ਕਰੇ ਤੇ ਆਪ ਕਰਾਏ’ ਤੇ ਦੂਜਾ ਚਰਿੱਤਰ ਅਦਾਕਾਰ ਮਨਮੋਹਨ ਕ੍ਰਿਸ਼ਨ ਤੇ ਸਾਥੀਆਂ ’ਤੇ ਫ਼ਿਲਮਾਇਆ ‘ਹੋ…ਪਿਆਰ ਦੇ ਸਹਾਰੇ ਬੀਬਾ ਉਮਰਾਂ ਬਿਤਾ ਲੈ ਜਿੱਥੋਂ ਮਿਲੇ ਜਿੰਨਾ ਮਿਲੇ ਪਿਆਰ ਪੱਲੇ ਪਾ ਲੈ’ ਬੇਹੱਦ ਮਕਬੂਲ ਹੋਇਆ। ਲਕਸ਼ਮੀ ਸੋਬਤੀ ਦੇ ਫ਼ਿਲਮਸਾਜ਼ ਅਦਾਰੇ ਐੱਸ. ਐੱਫ਼. ਕੰਬਾਇਨ, ਬੰਬੇ ਦੀ ਵੀ. ਕੇ. ਸੋਬਤੀ ਨਿਰਦੇਸ਼ਿਤ ਪਹਿਲੀ ਸਿਨਮਾ ਸਕੋਪ ਪੰਜਾਬੀ ਫ਼ਿਲਮ ‘ਵੈਰੀ ਜੱਟ’ (1985) ’ਚ ਜਸਪਾਲ ਸਿੰਘ ਨੇ ਸੁਰਿੰਦਰ ਕੋਹਲੀ ਦੇ ਸੰਗੀਤ ’ਚ ਬਲਬੀਰ ਨਿਰਦੋਸ਼ ਦਾ ਲਿਖਿਆ ਗੀਤ ‘ਕੀ ਹੈ ਜੀਣਾ ਤੇਰੇ ਬਿਨਾਂ ਹੰਝੂ ਵੱਗਦੇ ਪਏ’ (ਨਾਲ ਸਵਿਤਾ ਸਾਥੀ) ਤੇ ਦੂਜਾ ਸ਼ਬਾਬ ਅਲਾਵਲਪੁਰੀ ਦਾ ਲਿਖਿਆ ਗੀਤ ‘ਚੰਨ ਬੱਦਲਾਂ ’ਚੋਂ ਰੋਜ਼ ਮੈਨੂੰ ਮਾਰੇ ਝਾਤੀਆਂ ਤੈਨੂੰ ਦੱਸਦੀ ਪਈ… (ਨਾਲ ਸਵਿਤਾ ਸਾਥੀ) ਗਾਇਆ ਜੋ ਦਿਲਜੀਤ ਕੌਰ ਤੇ ਵਰਿੰਦਰ ’ਤੇ ਫ਼ਿਲਮਾਇਆ ਗਿਆ ਖ਼ੂਬਸੂਰਤ ਗੀਤ ਸੀ। ਸਰਵ ਸ਼ਕਤੀ ਫ਼ਿਲਮਜ਼, ਬੰਬੇ ਦੀ ਹਰਦੇਵ ਰਾਜ ਨਿਰਦੇਸ਼ਿਤ ਫ਼ਿਲਮ ‘ਜਾਕੋ ਰਾਖੇ ਸਾਈਆਂ’ (1986) ’ਚ ਐੱਸ. ਮਦਨ ਦੇ ਸੰਗੀਤ ਵਿੱਚ ਜਸਪਾਲ ਸਿੰਘ ਨੇ ਇੱਕ ਗੀਤ ਗਾਇਆ। ਐੱਮ. ਡੀ. ਫ਼ਿਲਮਜ਼, ਬੰਬੇ ਦੀ ਐੱਸ. ਪੀ. ਬਖ਼ਸ਼ੀ ਨਿਰਦੇਸ਼ਿਤ ਫ਼ਿਲਮ ‘ਮੁੰਡਾ ਨਰਮ ਤੇ ਕੁੜੀ ਗਰਮ’ (1986) ’ਚ ਸਪਨ-ਜਗਮੋਹਨ ਦੇ ਸੰਗੀਤ ਵਿੱਚ ਐੱਸ. ਪੀ. ਬਖ਼ਸ਼ੀ ਦਾ ਲਿਖਿਆ ‘ਮਿੱਤਰਾ ਓ ਕੋਈ ਪੂਰਬ ਜਾਸੀ’ (ਜਸਪਾਲ ਸਿੰਘ) ਗਾਇਆ। ਢੇਰੇ ਸ਼ਾਹ ਫ਼ਿਲਮਜ਼, ਬੰਬੇ ਦੀ ਬਲਰਾਜ ਕਪੂਰ ਨਿਰਦੇਸ਼ਿਤ ਫ਼ਿਲਮ ‘ਕੁੜਮਾਈ’ (1987) ’ਚ ਐੱਸ. ਮਦਨ ਦੇ ਸੰਗੀਤ ਵਿੱਚ ਸ਼ਬਾਬ ਅਲਾਵਲਪੁਰੀ ਦੇ ਲਿਖੇ 3 ਗੀਤ ਜਸਪਾਲ ਸਿੰਘ ਕੋਲੋਂ ਗਵਾਏ। ਕਰਨੈਲ ਸਿੰਘ ਕਲੇਰ ਫ਼ਿਲਮਜ਼, ਬੰਬੇ ਦੀ ਕਮਲ ਸਾਹਨੀ ਨਿਰਦੇਸ਼ਿਤ ਫ਼ਿਲਮ ‘ਜੱਗ ਵਾਲਾ ਮੇਲਾ’ (1988) ’ਚ ਹੇਮਰਾਜ ਤੇ ਤਾਨ ਮੋਹਨ ਦੇ ਸੰਗੀਤ ’ਚ ਨਕਸ਼ ਲਾਇਲਪੁਰੀ ਦੇ ਲਿਖੇ 4 ਗੀਤ ਜਸਪਾਲ ਸਿੰਘ (ਨਾਲ ਊਸ਼ਾ ਮੰਗੇਸ਼ਕਰ) ਤੋਂ ਗਵਾਏ। ਐੱਨ. ਐੱਫ. ਡੀ. ਸੀ. ਅਤੇ ਦੂਰਦਰਸ਼ਨ ਦੀ ਸੁਰਿੰਦਰ ਸਿੰਘ ਨਿਰਦੇਸ਼ਿਤ ਨੈਸ਼ਨਲ ਐਵਾਰਡਯਾਫ਼ਤਾ ਫ਼ਿਲਮ ‘ਮੜ੍ਹੀ ਦਾ ਦੀਵਾ’ (1989) ’ਚ ਮੋਹਿੰਦਰਜੀਤ ਸਿੰਘ ਦੇ ਸੰਗੀਤ ’ਚ ਨਕਸ਼ ਲਾਇਲਪੁਰੀ ਦਾ ਲਿਖਿਆ ਇੱਕੋ ਗੀਤ ‘ਇਸ਼ਕੇ ਦਾ ਰੋਗ ਬੁਰਾ’ ਜੋ ਦੀਪਤੀ ਨਵਲ, ਗੋਪੀ ਭੱਲਾ, ਰਾਜ ਬੱਬਰ ’ਤੇ ਫ਼ਿਲਮਾਇਆ ਗਿਆ ਸੀ।
‘ਤਾਨਸੈਨ ਐਵਾਰਡ’ ਪ੍ਰਾਪਤ ਅਜ਼ੀਮ ਗੁਲੂਕਾਰ ਜਸਪਾਲ ਸਿੰਘ ਅੱਜ ਮੁੰਬਈ ਵਿਖੇ ਆਪਣੇ ਪਰਿਵਾਰ ਨਾਲ ਖ਼ੁਸ਼ਹਾਲ ਜ਼ਿੰਦਗ਼ੀ ਬਸਰ ਕਰ ਰਹੇ ਹਨ।
ਸੰਪਰਕ: 97805-09545