ਰਣਵੀਰ ਬਰਾੜ ਬਿਹਤਰੀਨ ਸ਼ੈੱਫ ਤਾਂ ਪਹਿਲਾਂ ਹੀ ਹੈ। ਹੁਣ ਉਹ ਹੰਸਲ ਮਹਿਤਾ ਵੱਲੋਂ ਨਿਰਦੇਸ਼ਤ ਫਿਲਮ ‘ਦਿ ਬਕਿੰਘਮ ਮਰਡਰਜ਼’ ਰਾਹੀਂ ਇਹ ਸਾਬਿਤ ਕਰ ਰਿਹਾ ਹੈ ਕਿ ਸਹੀ ਤਰ੍ਹਾਂ ਦੇ ਮਸਾਲੇ ਪਾਉਣ ਨਾਲ ਜ਼ਿੰਦਗੀ ਆਪਣੇ ਆਪ ਹੀ ਖ਼ੂਬਸੂਰਤ ਬਣ ਜਾਂਦੀ ਹੈ।
ਮੋਨਾ
ਖਾਣ-ਪੀਣ ਦੇ ਸ਼ੌਕੀਨਾਂ ’ਚ ਰਣਵੀਰ ਬਰਾੜ ਇੱਕ ਜਾਣਿਆ-ਪਛਾਣਿਆ ਨਾਂ ਹੈ। ਉਸ ਦਾ ਆਪਣਾ ਇੱਕ ਵੱਖਰਾ ਪ੍ਰਸ਼ੰਸਕ ਵਰਗ ਹੈ। ਇੱਕ ਰੈਸਤਰਾਂ ਮਾਲਕ, ਲੇਖਕ ਤੇ ‘ਮਾਸਟਰਸ਼ੈੱਫ’ ਦੇ ਜੱਜ ਵਜੋਂ ਉਹ ਕਦੇ ਵੀ ਕੈਮਰੇ ਮੂਹਰੇ ਆਉਣ ਤੋਂ ਨਹੀਂ ਸੰਗਿਆ। ਕਈ ਮਸ਼ਹੂਰ ਪ੍ਰੋਗਰਾਮਾਂ- ‘ਥੈਂਕ ਗੌਡ ਇਟਸ ਫਰਾਈਡੇਅ’, ‘ਦੀ ਗ੍ਰੇਟ ਇੰਡੀਅਨ ਰਸੋਈ’ ਤੇ ‘ਹਿਮਾਲਿਆਜ਼ ਦਿ ਆਫਬੀਟ ਅਡਵੈਂਚਰ’ ਦੇ ਮੇਜ਼ਬਾਨ ਦੇ ਤੌਰ ’ਤੇ ਸ਼ੈੱਫ ਬਰਾੜ ਅਦਾਕਾਰੀ ਦੇ ਖੇਤਰ ਵੱਲ ਹੌਲੀ-ਹੌਲੀ ਪਰ ਪੱਕੇਂ ਪੈਰੀਂ ਵਧ ਰਿਹਾ ਹੈ।
‘ਬਾਈ’ ਅਤੇ ‘ਮੌਡਰਨ ਲਵ ਮੁੰਬਈ’ ’ਚ ਆਪਣੀਆਂ ਭੂਮਿਕਾਵਾਂ ਨੂੰ ਸਕਾਰਾਤਮਕ ਹੁੰਗਾਰਾ ਮਿਲਣ ਤੋਂ ਬਾਅਦ ਬਰਾੜ ਨੇ ਹੁਣ ਹੰਸਲ ਮਹਿਤਾ ਵੱਲੋਂ ਨਿਰਦੇਸ਼ਿਤ ‘ਦਿ ਬਕਿੰਘਮ ਮਰਡਰਜ਼’ ਵਿੱਚ ਦਿਲਚਸਪ ਭੂਮਿਕਾ ਅਦਾ ਕੀਤੀ ਹੈ। ਹੱਤਿਆ ਦੇ ਰਹੱਸਮਈ ਕੇਸ ਦੀ ਇਸ ਕਹਾਣੀ ’ਚ ਕਰੀਨਾ ਕਪੂਰ ਖਾਨ ਮੁੱਖ ਭੂਮਿਕਾ ਨਿਭਾ ਰਹੀ ਹੈ; ਉਹ ਫਿਲਮ ਦੀ ਨਿਰਮਾਤਾ ਵੀ ਹੈ। ਅਸੀਂ ਬਰਾੜ ਨੂੰ ਪੁੱਛਿਆ ਕਿ ਉਸ ਨੇ ਕੀ ਸੋਚ ਕੇ ਇਸ ਫਿਲਮ ਨੂੰ ਹਾਂ ਕੀਤੀ। ‘‘ਹੰਸਲ ਸਰ ਨੂੰ ਨਾਂਹ ਕਹਿਣਾ ਬਹੁਤ ਮੁਸ਼ਕਿਲ ਹੈ। ਉਹ ਬਿਹਤਰੀਨ ਨਿਰਦੇਸ਼ਕਾਂ ਵਿੱਚੋਂ ਇੱਕ ਹਨ। ਉਨ੍ਹਾਂ ਨਾਲ ‘ਮੌਡਰਨ ਲਵ ਮੁੰਬਈ’ ਕਰ ਕੇ ਮੈਂ ਕਾਫ਼ੀ ਕੁਝ ਸਿੱਖਿਆ। ਇਸ ਨੇ ਮੈਨੂੰ ਬਿਹਤਰ ਸ਼ੈੱਫ ਤੇ ਬਿਹਤਰ ਇਨਸਾਨ ਬਣਾਇਆ। ਇਹ ਫਿਲਮ ਚੰਗੀ ਕਿਸਮਤ ਨਾਲ ਮਿਲੀ ਸੀ ਜਿਸ ਨੂੰ ਮੈਂ ਜਾਣ ਨਹੀਂ ਸੀ ਦੇਣਾ ਚਾਹੁੰਦਾ।’’
ਬਰਾੜ ਨੇ ਫਿਲਮ ਵਿੱਚ ਦਲਜੀਤ ਕੋਹਲੀ ਦਾ ਕਿਰਦਾਰ ਨਿਭਾਇਆ ਹੈ, ਜਿਸ ਦੇ ਬੇਟੇ ਦੀ ਫਿਲਮ ਵਿੱਚ ਹੱਤਿਆ ਹੋ ਜਾਂਦੀ ਹੈ। ਉਸ ਨੇ ਦੱਸਿਆ, ‘‘ਕਹਾਣੀ ਇੰਗਲੈਂਡ ਦੀ ਹੈ ਤੇ ਮੇਰਾ ਕਿਰਦਾਰ ਪੰਜਾਬ ਤੋਂ ਹੈ, ਇਸ ਲਈ ਮੈਂ ਫਿਲਮ ਵਿੱਚ ਹਿੰਦੀ ਨਾਲੋਂ ਵੱਧ ਪੰਜਾਬੀ ਬੋਲੀ ਹੈ।’’ ਬਰਾੜ ਨੇ ਸਹਿ-ਅਭਿਨੇਤਰੀ ਕਰੀਨਾ ਕਪੂਰ ਖਾਨ ਤੇ ਨਿਰਦੇਸ਼ਕ ਮਹਿਤਾ ਦੀਆਂ ਕਾਫ਼ੀ ਸਿਫ਼ਤਾਂ ਕੀਤੀਆਂ। ‘‘ਹੰਸਲ ਸਰ ਦੀ ਸਭ ਤੋਂ ਵਧੀਆ ਚੀਜ਼ ਹੈ ਕਿ ਉਹ ਤੁਹਾਨੂੰ ਇੱਕ ਸ਼ਖ਼ਸੀਅਤ ਵਜੋਂ ਅਤੇ ਤੁਹਾਡੇ ਕਿਰਦਾਰ ਨੂੰ ਚੰਗੀ ਤਰ੍ਹਾਂ ਸਮਝਦੇ ਹਨ, ਤੇ ਹਰ ਕਿਸੇ ਨੂੰ ਸੰਜਮ ਨਾਲ ਸਫ਼ਰ ’ਤੇ ਆਪਣੇ ਨਾਲ ਤੋਰਦੇ ਹਨ। ਇੱਕ ਉਹ ਹੀ ਹਨ ਜੋ ‘ਰੀਅਲ’ ਤੇ ‘ਰੀਲ੍ਹ’ ਕਿਰਦਾਰ ਨੂੰ ਨਾਲੋ-ਨਾਲ ਰੱਖ ਕੇ ਚੱਲ ਸਕਦੇ ਹਨ।’’
ਕਰੀਨਾ ਕਪੂਰ ਖਾਨ ਨਾਲ ਅਦਾਕਾਰੀ ਕਰਨ ਦੀਆਂ ਵੱਖਰੀਆਂ ਸ਼ਰਤਾਂ ਹਨ। ਬਰਾੜ ਨੂੰ ਚੰਗੀ ਤਰ੍ਹਾਂ ਤਿਆਰੀ ਕਰਨ ਤੇ ਇੱਕ ਸਟਾਰ ਅਭਿਨੇਤਰੀ ਦਾ ਸਮਾਂ ਖ਼ਰਾਬ ਨਾ ਕਰਨ ਲਈ ਕਿਹਾ ਗਿਆ ਸੀ। ਕਰੀਨਾ ਬਾਰੇ ਉਹ ਕਹਿੰਦਾ ਹੈ, ‘‘ਇਹ ਉਸ ਦੀ 68ਵੀਂ ਜਾਂ 69ਵੀਂ ਫਿਲਮ ਸੀ। ਇਸ ਤਰ੍ਹਾਂ ਦੇ ਤਜਰਬੇ ਨਾਲ, ਉਹ ਅਦਾਕਾਰੀ ਵਿੱਚ ਖ਼ੁਦ ਇੱਕ ‘ਮਾਸਟਰ ਕਲਾਸ’ ਹੈ। ਇਸ ਦੇ ਨਾਲ ਹੀ ਉਹ ਬੜੀ ਸੱਚੀ-ਸੁੱਚੀ ਹੈ। ਉਹ ਆਪਣੀ ਮੌਜ ’ਚ ਰਹਿਣ ਵਾਲੀ ਸੁਹਜ ਹਸਤੀ ਹੈ ਜੋ ਕਿ ਬਹੁਤ ਵਿਲੱਖਣ ਹੈ।’’
ਬਰਾੜ ਕਹਿੰਦਾ ਹੈ, ‘‘ਅਦਾਕਾਰੀ ਅਜਿਹੀ ਚੀਜ਼ ਹੈ ਜਿਸ ਨੂੰ ਮੈਂ ਬਹੁਤ ਗੰਭੀਰਤਾ ਨਾਲ ਲੈ ਰਿਹਾ ਹਾਂ। ਸੱਚ ਕਹਾਂ ਤਾਂ ਇਹ ਮੈਨੂੰ ਇੱਕ ਬਿਹਤਰ ਸ਼ੈੱਫ ਤੇ ਬਿਹਤਰ ਵਿਅਕਤੀ ਬਣਾ ਰਹੀ ਹੈ, ਇਸੇ ਲਈ ਮੈਂ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਵਿੱਚ ਲੱਗਾ ਰਹਿੰਦਾ ਹਾਂ।’’ ਅਦਾਕਾਰੀ ਤੋਂ ਇਲਾਵਾ ਬਰਾੜ ਇੱਕ ਲੇਖਕ ਵੀ ਹੈ- ‘ਕਮ ਇਨਟੂ ਮਾਈ ਕਿਚਨ’, ‘ਪਿਕਲਡ ਐਂਡ ਮੌਡਰਨ ਮੌਲੀਕਿਊਲਰ ਕੁਜ਼ੀਨ’ ਉਸ ਦੀਆਂ ਪੁਸਤਕਾਂ ਹਨ। ਉਹ ਦੱਸਦਾ ਹੈ ‘‘ਅਸੀਂ ਆਪਣਾ ਖ਼ੁਦ ਦਾ ਪ੍ਰਕਾਸ਼ਨ ਅਦਾਰਾ ਖੋਲ੍ਹਿਆ ਹੈ। ‘ਏ ਜਰਨੀ ਥਰੂ ਇੰਡੀਆ’ ਸਾਡਾ ਤੀਜਾ ਪ੍ਰਕਾਸ਼ਨ ਹੈ।’’
ਕਿਤਾਬਾਂ, ਫਿਲਮਾਂ ਤੇ ਸ਼ੋਅ’ਜ਼ ਤੋਂ ਇਲਾਵਾ ਬਰਾੜ ਦਿਲੋਂ ਬਿਲਕੁਲ ਪਰਿਵਾਰਕ ਇਨਸਾਨ ਹੈ। ਸੋਸ਼ਲ ਮੀਡੀਆ ’ਤੇ ਆਪਣੇ ਪੁੱਤਰ ਇਸ਼ਾਨ ਨਾਲ ਉਸ ਦੀਆਂ ਵੀਡੀਓਜ਼ ਜਿਸ ਵਿੱਚ ਉਹ ਖਾਣਾ ਬਣਾਉਂਦੇ ਤੇ ਨੱਚਦੇ ਨਜ਼ਰ ਆਉਂਦੇ ਹਨ- ਦੇਖ ਕੇ ਮਜ਼ਾ ਆਉਂਦਾ ਹੈ। ਉਸ ਦੀਆਂ ਇਹ ਵੀਡੀਓਜ਼ ਦਿਲ ਨੂੰ ਛੂਹਣ ਵਾਲੀਆਂ ਹੁੰਦੀਆਂ ਹਨ। ਕੁਕਿੰਗ ’ਚ ਇਸ਼ਾਨ ਦੀ ਦਿਲਚਸਪੀ ਬਾਰੇ ਪੁੱਛਣ ’ਤੇ ਰਣਵੀਰ ਦੱਸਦਾ ਹੈ ਕਿ ਹਾਲੇ ਤਾਂ ਕਿਸੇ ਚੀਜ਼ ਪ੍ਰਤੀ ਉਸ ਦਾ ਜਨੂੰਨ ਨਿੱਤ ਦਿਨ ਬਦਲਦਾ ਰਹਿੰਦਾ ਹੈ। ਇੱਕ ਪਿਤਾ ਵਜੋਂ, ਬਰਾੜ ਬਸ ਇਹੀ ਚਾਹੁੰਦਾ ਹੈ ਕਿ ਉਹ ਆਪਣੀ ਦਿਲਚਸਪੀ ਵਿਕਸਤ ਕਰੇ ਤੇ ਉਸੇ ਵਿੱਚ ਅੱਗੇ ਵਧੇ।
ਬਰਾੜ ਦੀ ਪਤਨੀ ਪੱਲਵੀ ਵੀ ਸ਼ੈੱਫ ਹੈ। ਰਣਵੀਰ ਮੁਤਾਬਕ ਉਹ ਉਸ ਨਾਲੋਂ ਵਧੀਆ ਖਾਣਾ ਬਣਾਉਂਦੀ ਹੈ ਤੇ ਵਿਚ-ਵਿਚਾਲੇ ਘਰ ’ਚ ਖਾਣਾ ਬਣਾਉਂਦੇ ਸਮੇਂ ਉਹ ਉਸ ਦਾ ਸਾਥ ਦਿੰਦਾ ਹੈ। ਪੰਜਾਬ ਪ੍ਰਤੀ ਬਰਾੜ ਦੀ ਖਿੱਚ ਮਜ਼ਬੂਤ ਹੈ ਤੇ ਉਹ ਸਹਿਜ ਹੀ ਵਧੀਆ ਪੰਜਾਬੀ ਬੋਲਦਾ ਹੈ। ‘‘ਅਸੀਂ ਘਰੇ ਪੰਜਾਬੀ ਬੋਲਦੇ ਵੱਡੇ ਹੋਏ ਹਾਂ, ਇਸ਼ਾਨ ਨਾਲ ਵੀ ਮੈਂ ਪੰਜਾਬੀ ਹੀ ਬੋਲਦਾ ਹਾਂ। ਸਾਲ ਵਿੱਚ ਦੋ ਵਾਰ ਅਸੀਂ ਪੰਜਾਬ ਜਾਂਦੇ ਹਾਂ ਤੇ ਉੱਥੇ ਹੀ ਸਾਡੀਆਂ ਜੜ੍ਹਾਂ ਹਨ।’’ ਰਣਵੀਰ ਨੂੰ ਫੋਟੋਆਂ ਖਿੱਚਣਾ ਤੇ ਕਵਿਤਾ ਲਿਖਣਾ ਵੀ ਪਸੰਦ ਹੈ।
‘ਦਿ ਬਕਿੰਘਮ ਮਰਡਰਜ਼’ 13 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਹੈ ਤੇ ਇਸ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਰਣਵੀਰ ਮੁਤਾਬਕ ਉਹ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਥੋੜ੍ਹਾ ਅਸਹਿਜ ਸੀ ਕਿਉਂਕਿ ‘ਮੌਡਰਨ ਲਵ ਮੁੰਬਈ’ ਵਿੱਚ ਉਸ ਨੇ ਸ਼ੈੱਫ ਦਾ ਕਿਰਦਾਰ ਹੀ ਨਿਭਾਇਆ ਸੀ, ਇਸ ਲਈ ਬਹੁਤ ਸਹਿਜ ਸੀ। ਜਦਕਿ ਤਾਜ਼ਾ ਕਿਰਦਾਰ ਥੋੜ੍ਹਾ ਜ਼ਿਆਦਾ ਗੁੰਝਲਦਾਰ ਹੈ।