ਪੰਜਾਬ ਵਿੱਚ ਬਹੁਤ ਮਹਾਨ ਗਾਇਕ ਹੋਏ ਹਨ। ਨੁਸਰਤ ਫ਼ਤਹਿ ਅਲੀ ਖ਼ਾਨ ਅਤੇ ਨੂਰਜਹਾਂ ਨੇ ਪੰਜਾਬੀ ਗਾਇਕੀ ਨੂੰ ਨਵੀਆਂ ਸਿਖਰਾਂ ’ਤੇ ਪਹੁੰਚਾਇਆ ਹੈ। ਨੁਸਰਤ ਫ਼ਤਹਿ ਅਲੀ ਖ਼ਾਨ ਦੀ ਪੰਜਾਬੀ ਗਾਇਕੀ ਦੀ ਗੂੰਜ ਪੰਜਾਬ ਦੇ ਪਿੰਡਾਂ ਤੋਂ ਲੈ ਕੇ ਹੌਲੀਵੁੱਡ ਤੱਕ ਸੁਣਾਈ ਦਿੰਦੀ ਹੈ।
ਗੁਰਪ੍ਰੀਤ ਸਿੰਘ ਰਤਨ
ਨੁਸਰਤ ਫ਼ਤਹਿ ਅਲੀ ਖ਼ਾਨ ਨੂੰ ਮੁਕੰਮਲ ਗਾਇਕ ਕਹਿਣਾ ਅਤਿਕਥਨੀ ਨਹੀਂ ਹੋਵੇਗੀ। ਭਾਵੇਂ ਉਸ ਨੇ ਜ਼ਿਆਦਾ ਕੱਵਾਲੀਆਂ ਗਾਈਆਂ, ਪਰ ਉਸ ਵੱਲੋਂ ਗਾਏ ਗੀਤ, ਗ਼ਜ਼ਲਾਂ, ਕਲਾਮ, ਨਾਤ, ਹਮਦ, ਮਨਕਾਬਤ, ਸ਼ਬਦ, ਭਜਨ ਅਤੇ ਹੋਰ ਸਿਨਫਾਂ ਨੂੰ ਵੀ ਲੋਕਾਂ ਨੇ ਖ਼ੂਬ ਸਰਾਹਿਆ। ਜਦੋਂ ਕੱਵਾਲੀ ਦੀ ਦੁਨੀਆ ਵਿੱਚ ਸਾਬਰੀ ਬ੍ਰਦਰਜ਼, ਅਜ਼ੀਜ਼ ਮੀਆਂ, ਗ਼ਜ਼ਲਾਂ ਦੀ ਦੁਨੀਆਂ ਵਿੱਚ ਮਹਿਦੀ ਹਸਨ, ਗੁਲਾਮ ਅਲੀ ਖ਼ਾਨ, ਫਰੀਦਾ ਖਾਨੁਮ, ਲੋਕ ਗਾਇਕੀ ਵਿੱਚ ਪਠਾਣੇ ਖ਼ਾਨ, ਰੇਸ਼ਮਾ, ਤੁਫੈਲ ਨਿਆਜ਼ੀ, ਇਨਾਇਤ ਹੁਸੈਨ ਭੱਟੀ, ਕਲਾਸੀਕਲ ਮੌਸੀਕੀ ਵਿੱਚ ਬੜੇ ਫ਼ਤਹਿ ਅਲੀ ਖ਼ਾਨ ਅਤੇ ਸਲਾਮਤ ਅਲੀ ਖ਼ਾਨ ਵਰਗੇ ਧੁਰੰਦਰਾਂ ਦੀ ਤੂਤੀ ਬੋਲ ਰਹੀ ਸੀ ਤਾਂ ਅਜਿਹੇ ਦੌਰ ਵਿੱਚ ਨੁਸਰਤ ਨੇ ਨਾ ਸਿਰਫ਼ ਇਹ ਸਭ ਸਿਨਫਾਂ ’ਚ ਹੱਥ ਪਾਉਣ ਦੀ ਜੁਰਅੱਤ ਕੀਤੀ ਬਲਕਿ ਹਰ ਰੰਗ ਵਿੱਚ ਆਪਣਾ ਲੋਹਾ ਮਨਵਾ ਕੇ ਇਹ ਸਾਬਤ ਕੀਤਾ ਕਿ ਉਸ ਵਰਗੇ ਮੁਕੰਮਲ ਫ਼ਨਕਾਰ ਲਈ ਇਹ ਪਰਿਭਾਸ਼ਿਤ ਸੀਮਾਵਾਂ ਸਿਰਫ਼ ਨਾਂਮਾਤਰ ਹੀ ਹੁੰਦੀਆਂ ਹਨ। ਗਲੇ ਦੀ ਤਿਆਰੀ ਤੋਂ ਇਲਾਵਾ ਕਲਾਮ ਦੀ ਚੋਣ, ਫਿਰ ਉਸ ਨੂੰ ਢੁਕਵੀਂ ਬੰਦਿਸ਼ ਦੇਣਾ ਅਤੇ ਅੰਤ ਉਸ ਦੀ ਸਹੀ ਪੇਸ਼ਕਾਰੀ ਕਰਨਾ ਹੀ ਕਿਸੇ ਨੂੰ ਮਹਿਜ਼ ਗਵੱਈਏ ਦੀ ਥਾਂ ਇੱਕ ਸੰਪੂਰਨ ਫ਼ਨਕਾਰ ਵਜੋਂ ਸਥਾਪਤ ਕਰਦੇ ਹਨ। ਇਸੇ ਤਰ੍ਹਾਂ ਉਹ ਇੱਕ ਭਾਸ਼ਾ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਉਸ ਨੇ ਪੰਜਾਬੀ, ਉਰਦੂ, ਹਿੰਦੀ, ਫ਼ਾਰਸੀ, ਬ੍ਰਜ ਤੇ ਹੋਰ ਭਾਸ਼ਾਵਾਂ ਵਿੱਚ ਕਲਾਮ ਗਾ ਕੇ ਵਿਦੇਸ਼ੀ ਲੋਕਾਂ ਨੂੰ ਵੀ ਕਲਾਸੀਕਲ, ਸੈਮੀ-ਕਲਾਸੀਕਲ ਮੌਸੀਕੀ ਦੀ ਝਲਕ ਦਿਖਾਈ।
ਨੁਸਰਤ ਦਾ ਜਨਮ 13 ਅਕਤੂਬਰ 1948 ਨੂੰ ਲਾਇਲਪੁਰ (ਹੁਣ ਫੈਸਲਾਬਾਦ, ਪਾਕਿਸਤਾਨ) ਵਿੱਚ ਹੋਇਆ। ਉਸ ਦਾ ਪਹਿਲਾ ਨਾਂ ਪਰਵੇਜ਼ (ਪੇਜੀ) ਸੀ, ਪਰ ਗੁਲਾਮ ਗੌਸ ਸਾਮਦਾਨੀ ਦੇ ਇਤਰਾਜ਼ ਕਰਨ ’ਤੇ ਨਾਂ ਨੁਸਰਤ ਰੱਖਿਆ ਗਿਆ। ਬਚਪਨ ਤੋਂ ਹੀ ਭਾਰੇ ਜੁੱਸੇ ਵਾਲੇ ਨੁਸਰਤ ਨੂੰ ਸੰਗੀਤ ਦਾ ਸ਼ੌਕ ਸੀ, ਪਰ ਉਸ ਦੇ ਪਿਤਾ ਉਸਤਾਦ ਫ਼ਤਹਿ ਅਲੀ ਖ਼ਾਨ ਜੋ ਨਾਤ, ਗ਼ਜ਼ਲ, ਠੁਮਰੀ, ਦਾਦਰਾ, ਤਰਾਨਾ, ਖਿਆਲ ਅਤੇ ਕਲਾਸੀਕਲ ਗਾਇਕੀ ਵਿੱਚ ਮਾਹਰ ਸਨ, ਉਸ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ।
ਮਗਰੋਂ ਹਾਲਾਤ ਕੁਝ ਅਜਿਹੇ ਬਣੇ ਕਿ ਪਿਤਾ ਨੇ ਨੁਸਰਤ ਨੂੰ ਆਪ ਹੀ ਸੰਗੀਤ ਸਿੱਖਣ ਦੀ ਇਜਾਜ਼ਤ ਦੇ ਦਿੱਤੀ। ਪਹਿਲਾਂ ਉਸ ਨੇ ਤਬਲਾ ਵਾਦਨ ਸਿੱਖਿਆ ਅਤੇ ਮਗਰੋਂ ਆਪਣੇ ਪਿਤਾ ਕੋਲੋਂ ਹੀ ਗਾਇਕੀ ਦੀ ਤਾਲੀਮ ਹਾਸਲ ਕੀਤੀ। 1964 ਵਿੱਚ ਪਿਤਾ ਦੀ ਮੌਤ ਹੋਣ ਮਗਰੋਂ ਉਸ ਨੇ ਬਾਕੀ ਸੰਗੀਤਕ ਬਾਰੀਕੀਆਂ ਆਪਣੇ ਤਾਇਆ ਮੁਬਾਰਕ ਅਲੀ ਖ਼ਾਨ ਅਤੇ ਸਲਾਮਤ ਅਲੀ ਖ਼ਾਨ ਕੋਲੋਂ ਸਿੱਖੀਆਂ। ਫ਼ਤਹਿ ਅਲੀ ਖ਼ਾਨ ਅਤੇ ਮੁਬਾਰਕ ਅਲੀ ਖ਼ਾਨ ਦੀ ਜੋੜੀ ਦਾ ਉਸ ਵੇਲੇ ਆਪਣਾ ਹੀ ਮੁਕਾਮ ਸੀ।
ਨੁਸਰਤ ਪੜ੍ਹਾਈ ਵਿੱਚ ਬਹੁਤਾ ਚੰਗਾ ਨਹੀਂ ਸੀ, ਫਿਰ ਵੀ ਉਸ ਨੇ ਖਿੱਚ-ਧੂਹ ਕੇ ਮੈਟ੍ਰਿਕ ਤੱਕ ਪੜ੍ਹਾਈ ਕੀਤੀ। ਬਾਅਦ ਵਿੱਚ ਗਾਇਕੀ ਦੀ ਬਦੌਲਤ ਉਸ ਨੂੰ ਡਾਕਟਰੇਟ ਅਤੇ ਪ੍ਰੋਫ਼ੈਸਰ ਵਰਗੇ ਖਿਤਾਬਾਂ ਨਾਲ ਸਨਮਾਨਿਆ ਗਿਆ। ਪਿਤਾ ਦੀ ਮੌਤ ਮਗਰੋਂ ਉਸ ਨੇ ਕੱਵਾਲ ਪਾਰਟੀ ਦੀ ਕਮਾਂਡ ਸਾਂਭ ਲਈ ਅਤੇ ਹੌਲੀ-ਹੌਲੀ ਤਾਇਆ ਉਸਤਾਦ ਮੁਬਾਰਕ ਅਲੀ ਖ਼ਾਨ ਦੇ ਬੇਟੇ ਮੁਜਾਹਦ ਅਲੀ ਖ਼ਾਨ, ਉਸਤਾਦ ਸਲਾਮਤ ਅਲੀ ਖ਼ਾਨ ਦੇ ਬੇਟੇ ਅਸਦ ਅਲੀ ਖ਼ਾਨ, ਚਾਚਾ ਨਵਾਜ਼ਿਸ਼ ਅਲੀ ਖ਼ਾਨ ਦੇ ਬੇਟੇ ਕੋਕੁਬ ਅਲੀ ਖ਼ਾਨ ਸਮੇਤ ਹੋਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ। 23 ਮਾਰਚ 1965 ਵਿੱਚ ਰੇਡੀਓ ਪਾਕਿਸਤਾਨ ਦੇ ਪ੍ਰੋਗਰਾਮ ‘ਜਸ਼ਨ-ਏ-ਬਹਾਰਾ’ ਵਿੱਚ ਉਸ ਨੇ ਅਮੀਰ ਖੁਸਰੋ ਦੀ ਰਚਨਾ ਗਾ ਕੇ ਆਪਣੀ ਪਹਿਲੀ ਪੇਸ਼ਕਾਰੀ ਦਿੱਤੀ। ਇਸ ਦੌਰਾਨ ਨੁਸਰਤ ਨੇ ਜੋ ਗਾਇਕੀ ਦਿਖਾਈ, ਉਸ ਨੂੰ ਦੇਖ ਕੇ ਸਭ ਦੰਗ ਰਹਿ ਗਏ। ਇਸ ਪ੍ਰੋਗਰਾਮ ਵਿੱਚ ਰੌਸ਼ਨ ਆਰਾ ਬੇਗ਼ਮ, ਉਸਤਾਦ ਸਲਾਮਤ ਅਲੀ ਖ਼ਾਨ, ਨਜ਼ਾਕਤ ਅਲੀ ਖ਼ਾਨ ਤੇ ਅਮੀਰ ਅਲੀ ਖ਼ਾਨ ਵਰਗੇ ਮਹਾਨ ਕਲਾਕਾਰਾਂ ਨੇ ਫ਼ਨ ਦਾ ਮੁਜ਼ਾਹਰਾ ਕੀਤਾ, ਪਰ ਸੁਣਨ ਵਾਲੇ ਨੁਸਰਤ ਦੀ ਆਵਾਜ਼ ਅਤੇ ਗਾਇਕੀ ਵੱਲ ਖਿੱਚੇ ਗਏ। ਇਹ ਉਹ ਦਿਨ ਸੀ ਜਿਸ ਮਗਰੋਂ ਨੁਸਰਤ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਆਪਣੇ ਪਰਿਵਾਰ ਦੀ 600 ਸਾਲਾਂ ਤੋਂ ਚੱਲੀ ਆ ਰਹੀ ਕੱਵਾਲੀ ਦੀ ਰੀਤ ਨੂੰ ਅੱਗੇ ਤੋਰਦਿਆਂ ਇਸ ਵਿੱਚ ਆਪਣਾ ਨਵਾਂ ਰੰਗ ਭਰਿਆ।
1980ਵਿਆਂ ’ਚ ਆਈ ਅੰਗਰੇਜ਼ੀ ਫ਼ਿਲਮ ‘ਦਿ ਲਾਸਟ ਟੈਂਪਟੇਸ਼ਨ ਆਫ ਕਰਾਈਸਟ’ ਦੇ ਸਾਊਂਡਟਰੈਕ ਰਾਹੀਂ ਉਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਕਮਰਸ਼ਲ ਖੇਤਰ ਵਿੱਚ ਪਹਿਲੀ ਬਰੇਕ ਮਿਲੀ। ਨੈਚੂਰਲ ਬੋਰਨ ਕਿਲਰਜ਼ ਵਿੱਚ ਪੀਟਰ ਗੈਬਰੀਅਲ ਨਾਲ ਕੰਮ ਕਰਨ ਤੋਂ ਬਾਅਦ ਉਸ ਨੇ ਮਿਊਜ਼ਿਕਲ ਫਿਊਜ਼ਨ ਸ਼ੁਰੂ ਕੀਤਾ। ਇੰਨੇ ਨੂੰ ਉਹ ਲੰਡਨ ਦੇ ਵੋਮੈਡ ਮੇਲੇ, ਪੈਰਿਸ, ਜਾਪਾਨ ਅਤੇ ਨਿਊਯਾਰਕ ਦੀ ਬਰੂਕਲਿਨ ਅਕੈਡਮੀ ਆਫ ਮਿਊਜ਼ਿਕ ਵਿੱਚ ਸ਼ੋਅ ਕਰ ਚੁੱਕਿਆ ਸੀ। ਇਨ੍ਹਾਂ ਥਾਵਾਂ ’ਤੇ ਉਸ ਨੇ ਅਜਿਹਾ ਜਲਵਾ ਬਿਖੇਰਿਆ ਕਿ ਉੱਥੋਂ ਦੇ ਲੋਕ ਉਸ ਦੀ ਗਾਇਨ ਸ਼ੈਲੀ ਦੇ ਸ਼ੁਦਾਈ ਹੋ ਗਏ। ਜਾਪਾਨ ਦੇ ਲੋਕ ਤਾਂ ਉਸ ਨੂੰ ‘ਦੇਵਤਾ’ ਮੰਨਣ ਲੱਗ ਪਏ। ਉੱਥੋਂ ਦੇ ਲੋਕ ਉਸ ਨੂੰ ‘ਸਿੰਗਿੰਗ ਬੁੱਧਾ’ ਕਹਿੰਦੇ ਸਨ।
ਉਂਜ ਉਹ 1980 ਵਿੱਚ ਰਾਜ ਕੁਮਾਰ ਦੇ ਬੇਟੇ ਦੇ ਵਿਆਹ ’ਤੇ ਭਾਰਤ ਆ ਚੁੱਕਿਆ ਸੀ, ਪਰ 1996 ਵਿੱਚ ਆਈ ਐਲਬਮ ‘ਬੈਂਡਿਟ ਕੁਈਨ’ ਤੋਂ ਬਾਅਦ ਉਸ ਨੂੰ ਭਾਰਤ ਵਿੱਚ ਕਾਫ਼ੀ ਪ੍ਰਸਿੱਧੀ ਮਿਲੀ। ਇਸ ਮਗਰੋਂ ਉਸ ਨੇ ਭਾਰਤੀ ਫ਼ਿਲਮਾਂ ਲਈ ਕੰਪੋਜ਼ਿੰਗ ਕਰਨੀ ਸ਼ੁਰੂ ਕੀਤੀ। ਇਸ ਵੇਲੇ ਕੱਵਾਲੀ ਨੂੰ ਇੰਨੀ ਪ੍ਰਸਿੱਧ ਮਿਲ ਗਈ ਸੀ ਕਿ ਜਿਹੜੀ ਕੱਵਾਲੀ ਪਹਿਲਾਂ ਸਿਰਫ਼ ਦਰਗਾਹਾਂ ਆਦਿ ਵਿੱਚ ਸੁਣੀ ਜਾਂਦੀ ਸੀ, ਉਹ ਹੁਣ ਘਰ-ਘਰ ਸੁਣੀ ਜਾਣ ਲੱਗ ਪਈ। ਉਸ ਨੇ ਸੂਫ਼ੀ ਅਤੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਰਚਨਾਵਾਂ ਦੇ ਨਾਲ ਨਾਲ ਭਗਤ ਰਵਿਦਾਸ, ਭਗਤ ਕਬੀਰ, ਗੁਰੂ ਨਾਨਕ ਦੀ ਬਾਣੀ ਅਤੇ ਮੀਰਾ ਦੇ ਭਜਨ ਵੀ ਗਾਏ। ਇੱਕ ਅਜਿਹਾ ਵੇਲਾ ਵੀ ਆਇਆ ਜਦੋਂ ਮੁਸਲਿਮ ਭਾਈਚਾਰੇ ਦੀ ਬਹੁ-ਗਿਣਤੀ ਵਾਲੇ ਦੇਸ਼ ਪਾਕਿਸਤਾਨ ਵਿੱਚ ਨੁਸਰਤ ਵੱਲੋਂ ਗਾਇਆ ਗਿਆ ਮੀਰਾ ਦਾ ਭਜਨ ‘ਸਾਂਸੋਂ ਕੀ ਮਾਲਾ ਪੇ ਸਿਮਰੂ ਮੈਂ ਪੀ ਕਾ ਨਾਮ’ ਵੱਜ ਰਿਹਾ ਸੀ ਅਤੇ ਦੂਜੇ ਪਾਸੇ ਭਾਰਤ ਵਿੱਚ ‘ਦਮ ਮਸਤ ਕਲੰਦਰ ਮਸਤ ਮਸਤ’ ਦੇ ਰਿਕਾਰਡ ਵੱਜ ਰਹੇ ਸਨ।
ਇਹ ਕਲਾਕਾਰ ਕਿੰਨੀਆਂ ਖ਼ੂਬੀਆਂ ਦਾ ਮਾਲਕ ਸੀ। ਕਿੰਨਾ ਸੁਰੀਲਾ, ਕਿੰਨਾ ਤਿਆਰ, ਕਿੰਨਾ ਲਯਕਾਰ, ਬੰਦਸ਼ਕਾਰ ਅਤੇ ਸਭ ਤੋਂ ਵੱਡਾ ਨੇਕ ਇਨਸਾਨ। ਸਾਰਾ ਦਿਨ ਹਾਰਮੋਨੀਅਮ ਨਾਲ ਆਪਣੇ ਖਿਆਲਾਂ ਵਿੱਚ ਗੁਆਚਿਆ ਰਹਿਣ ਵਾਲਾ ਨੁਸਰਤ ਜਦੋਂ ਸਟੇਜ ’ਤੇ ਚੜ੍ਹਦਾ ਸੀ ਤਾਂ ਸਾਰੇ ਉਸ ਵੱਲ ਖਿੱਚੇ ਜਾਂਦੇ। ਉਹ ਆਪਣੇ ਹੁਨਰ ਦੇ ਦਮ ’ਤੇ ਮਿੰਟ ਵਿੱਚ ਸਰੋਤਿਆਂ ਨੂੰ ਨਚਾ ਦਿੰਦਾ ਸੀ ਅਤੇ ਮਿੰਟ ਵਿੱਚ ਹੀ ਰੋਣ ਲਾ ਦਿੰਦਾ। ਉਸ ਨੇ ਭਾਵੇਂ ਵਿਦੇਸ਼ੀ ਕਲਾਕਾਰਾਂ ਨਾਲ ਕਈ ਕੋਲੈਬੋਰੇਸ਼ਨਜ਼ ਕੀਤੀਆਂ, ਪਰ ਮਲਿਕਾ-ਏ-ਤਰੱਨੁਮ ਨੂਰਜਹਾਂ ਨਾਲ ਉਸ ਵੱਲੋਂ ਗਾਏ ਗੀਤ ‘ਤੇਰੇ ਬਿਨਾਂ ਰੋਗੀ ਹੋਏ ਪਿਆਸੇ ਨੈਣ’ ਅਤੇ ‘ਮੇਰੀ ਜ਼ਿੰਦਗੀ ਤੇਰਾ ਪਿਆਰ’ ਦਾ ਆਪਣਾ ਹੀ ਪੱਧਰ ਹੈ। ਨੂਰਜਹਾਂ ਨੁਸਰਤ ਦੇ ਕਰੀਬੀਆਂ ’ਚੋਂ ਇੱਕ ਸੀ। ਜਦੋਂ ਨੁਸਰਤ ਨੂੰ ਇਲਾਜ ਲਈ ਲੰਡਨ ਲਿਜਾਇਆ ਗਿਆ ਤਾਂ ਨੂਰ ਜਹਾਂ ਉਸ ਨੂੰ ਹਸਪਤਾਲ ਮਿਲਣ ਗਈ। ਨੁਸਰਤ ਦੇ ਮੈਨੇਜਰ ਹਾਜੀ ਇਕਬਾਲ ਨਕੀਬੀ ਦੱਸਦੇ ਹਨ ਕਿ ਅਮਰੀਕੀ ਗਾਇਕਾ ਮੈਡੋਨਾ ਅਤੇ ਮਾਈਕਲ ਜੈਕਸਨ ਵੀ ਨੁਸਰਤ ਨਾਲ ਕੋਲੈਬੋਰੇਸ਼ਨ ਕਰਨਾ ਚਾਹੁੰਦੇ ਸਨ। ਇਸ ਸਬੰਧੀ ਉਨ੍ਹਾਂ ਦਾ ਇਕਰਾਰਨਾਮਾ ਵੀ ਹੋ ਗਿਆ ਸੀ, ਪਰ ਨੁਸਰਤ ਦੇ ਬਿਮਾਰ ਹੋਣ ਕਾਰਨ ਇਹ ਪ੍ਰਾਜੈਕਟ ਸਿਰੇ ਨਹੀਂ ਚੜ੍ਹ ਸਕੇ।
ਸੰਗੀਤਕ ਘਰਾਣਿਆਂ ’ਤੇ ਖੋਜ ਕਰ ਚੁੱਕੇ ਲੇਖਕ ਬਲਬੀਰ ਸਿੰਘ ਕੰਵਲ ਅਨੁਸਾਰ ਨੁਸਰਤ ਨੇ ਕੱਵਾਲੀ ਨੂੰ ਸਾਂਭਿਆ। ਉਹ ਆਪਣੀ ਪੁਸਤਕ ‘ਪੰਜਾਬ ਦੇ ਸੰਗੀਤ ਘਰਾਣੇ ਅਤੇ ਭਾਰਤੀ ਸੰਗਤ ਪਰੰਪਰਾ’ ਵਿੱਚ ਲਿਖਦੇ ਹਨ, ‘‘ਵੀਹਵੀਂ ਸਦੀ ਦੇ ਅੱਧ ਤੱਕ ਹਿੰਦੋਸਤਾਨ ਵਿੱਚ ਕੱਵਾਲੀ ਪੂਰੇ ਜੋਬਨ ’ਤੇ ਸੀ, ਪਰ 1947 ਵਿੱਚ ਪਾਕਿਸਤਾਨ ਬਣਨ ਨਾਲ ਐਨਾ ਭੈੜਾ ਅਸਰ ਹੋਇਆ ਕਿ ਦੋਹਾਂ ਦੇਸ਼ਾਂ ਵਿੱਚ ਹੌਲੀ-ਹੌਲੀ ਇਸ ਦਾ ਨਿਘਾਰ ਹੁੰਦਾ ਗਿਆ। ਹਾਂ, ਪਾਕਿਸਤਾਨ ਵਿੱਚ ਬਹੁਤ ਵੱਡੀ ਮਿਸਾਲ ਫ਼ਤਹਿ ਅਲੀ ਖ਼ਾਨ ਦੇ ਬੇਟੇ ਨੁਸਰਤ ਅਲੀ ਖ਼ਾਨ ਦੀ ਮਿਲ ਜਾਂਦੀ ਹੈ, ਜਿਸ ਨੇ ਆਪਣੇ ਵਿਦੇਸ਼ੀ ਦੌਰਿਆਂ ਨਾਲ ਇਸ ਸਿਨਫ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਬੁਲੰਦੀਆਂ ਦੀਆਂ ਸਿਖਰਾਂ ਤਕ ਪਹੁੰਚਾਇਆ, ਨਹੀਂ ਤਾਂ ਕੰਮ ਬਹੁਤ ਮੱਠਾ ਸੀ।’’ ਉਨ੍ਹਾਂ ਅਨੁਸਾਰ ਬਿਨਾਂ ਸ਼ੱਕ ਉਹ ਬਹੁਤ ਵੱਡਾ ਕੱਵਾਲ ਸੀ, ਪਰ ਉਸ ਦੀ ਸਭ ਤੋਂ ਵੱਡੀ ਖ਼ੂਬੀ ਲੈਅਕਾਰੀ ਸੀ। ਉਹ ਲਿਖਦੇ ਹਨ, ‘‘ਲਯ ਦੀ ਗੱਲ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਉਸਤਾਦ ਆਸ਼ਕ ਅਲੀ ਖ਼ਾਨ ਆਇਆ, ਫਿਰ ਧਵੱਕਲ ਖ਼ਾਨ ਜਾਡਲਾ ਵਾਲੇ, ਉਹ ਵੀ ਲੈਅਕਾਰੀ ’ਚ ਬੜਾ ਤੇਜ਼, ਫਿਰ ਸਲਾਮਤ ਅਲੀ ਖ਼ਾਨ ਸ਼ਾਮ ਚੁਰਾਸੀ ਵਾਲੇ ਆ ਗਏ। ਉਸ ਪਿੱਛੋਂ ਨੁਸਰਤ ਅਲੀ ਖ਼ਾਨ ਆ ਗਿਆ, ਉਹ ਵੀ ਐਨਾ ਵੱਡਾ ਲੈਅਕਾਰ ਸੀ ਕਿ ਉਸ ਨੇ ਸਭ ਕੱਵਾਲਾਂ ਦੇ ਸਾਰੇ ਰਸਤੇ ਹੀ ਬੰਦ ਕਰ ਦਿੱਤੇ।’’ ਉਸ ਸਮੇਂ ਦੇ ਮਸ਼ਹੂਰ ਗ਼ਜ਼ਲ ਗਾਇਕ ਮਹਿਦੀ ਹਸਨ ਵੀ ਆਖਦੇ ਸਨ ਕਿ ਨੁਸਰਤ ਤੋਂ ਵੱਡਾ ਲਯਕਾਰ ਉਨ੍ਹਾਂ ਨਹੀਂ ਦੇਖਿਆ। ਉਨ੍ਹਾਂ ਨੇ ਕਿਹਾ ਕਿ ਨੁਸਰਤ ਨੇ ਕੱਵਾਲੀ ਦਾ ਪੂਰਾ ਰੰਗ-ਢੰਗ ਹੀ ਅਲੱਗ ਕਰ ਦਿੱਤਾ। ਇਸੇ ਤਰ੍ਹਾਂ ਸਲਾਮਤ ਅਲੀ ਖ਼ਾਨ ਨੇ ਨੁਸਰਤ ਨੂੰ ‘ਤਾਨ ਦਾ ਬਾਦਸ਼ਾਹ’ ਕਿਹਾ। ‘ਨੁਸਰਤ ਫ਼ਤਹਿ ਅਲੀ ਖ਼ਾਨ’ ਕਿਤਾਬ ਦੇ ਲੇਖਕ ਅਕੀਲ ਰੂਬੀ ਕਹਿੰਦੇ ਹਨ ਕਿ ਇੰਨਾ ਇਲਾਕਾ ਸਿਕੰਦਰ ਨੇ ਤਲਵਾਰ ਨਾਲ ਨਹੀਂ ਜਿੱਤਿਆ ਜਿੰਨਾ ਇਲਾਕਾ ਨੁਸਰਤ ਨੇ ਸੁਰ ਨਾਲ ਫ਼ਤਹਿ ਕਰ ਲਿਆ।
1997 ਵਿੱਚ ਉਸ ਨੂੰ ਗ੍ਰੈਮੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ। 2001 ਵਿੱਚ 125 ਤੋਂ ਵੱਧ ਕੱਵਾਲੀ ਐਲਬਮਾਂ ਦੀਆਂ ਰਿਕਾਰਡਿੰਗਜ਼ ਲਈ ਗਿੰਨੀਜ਼ ਵਰਲਡ ਰਿਕਾਰਡ ਵਿੱਚ ਉਸ ਦਾ ਨਾਂ ਦਰਜ ਕੀਤਾ ਗਿਆ। 6 ਨਵੰਬਰ 2006 ਦੇ ਅੰਕ ਵਿੱਚ ‘ਟਾਈਮ’ ਮੈਗਜ਼ੀਨ ਉਸ ਨੂੰ ਪਿਛਲੇ 60 ਸਾਲਾਂ ਵਿੱਚ ਚੋਟੀ ਦੇ 12 ਕਲਾਕਾਰਾਂ ’ਚੋਂ ਇੱਕ ਵਜੋਂ ਸੂਚੀਬੱਧ ਕਰਦਾ ਹੈ। ਅਮਰੀਕਾ ਦੇ ਰੇਡੀਓ ਐੱਨਪੀਆਰ ਵੱਲੋਂ ਉਸ ਨੂੰ 50 ਮਹਾਨ ਆਵਾਜ਼ਾਂ ਦੀ ਸੂਚੀ ਵਿੱਚ ਰੱਖਿਆ ਗਿਆ।
ਨੁਸਰਤ ਨੂੰ ਪੈਸੇ, ਸ਼ੁਹਰਤ ਨਾਲ ਬਹੁਤਾ ਪਿਆਰ ਨਹੀਂ ਸੀ। ਇਸੇ ਕਰਕੇ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਅਤੇ ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਦੇ ਕਹਿਣ ’ਤੇ ਉਸ ਨੇ ਮੁਫ਼ਤ ਸ਼ੋਅ ਕੀਤੇ ਅਤੇ ਉਨ੍ਹਾਂ ਸ਼ੋਆਂ ’ਚੋਂ ਇਕੱਠੇ ਹੋਏ ਪੈਸਿਆਂ ਦਾ ਹਸਪਤਾਲ ਬਣਵਾਇਆ। ਨੁਸਰਤ ਦਾ ਮੈਨੇਜਰ ਦੱਸਦਾ ਹੈ ਕਿ ਕਿਸੇ ਵੀ ਸ਼ੋਅ ਤੋਂ ਮਿਲਦੇ ਪੈਸਿਆਂ ਦੇ ਕੁੱਲ 27 ਹਿੱਸੇ ਕੀਤੇ ਜਾਂਦੇ ਸਨ। ਉਨ੍ਹਾਂ ’ਚੋਂ ਇੱਕ ਹਿੱਸਾ ਹੀ ਨੁਸਰਤ ਆਪ ਰੱਖਦਾ। ਬਾਕੀ ਹਿੱਸੇ ਉਹ ਭਰਾ ਫਾਰੁਖ ਅਲੀ ਖ਼ਾਨ, ਪਾਰਟੀ ਮੈਂਬਰਾਂ, ਸੈਕਟਰੀ ਅਤੇ ਭੈਣ-ਭਰਾਵਾਂ ਵਿੱਚ ਦਿੰਦਾ।
ਨੁਸਰਤ ਨੇ ਅੱਲ੍ਹਾ ਹੂ, ਤੁਮਹੇਂ ਦਿਲਲਗੀ ਭੂਲ ਜਾਨੀ ਪੜੇਗੀ, ਹਲਕਾ ਹਲਕਾ ਸਰੂਰ, ਤੂੰ ਮੇਰਾ ਦਿਲ ਤੂੰ ਮੇਰੀ ਜਾਨ, ਨਿੱਤ ਖੈਰ ਮੰਗਾਂ, ਮਸਤ ਮਸਤ, ਯਾਦਾਂ ਵਿਛੜੇ ਸੱਜਣ ਦੀਆਂ ਆਈਆਂ, ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ, ਅੱਖੀਆਂ ਉਡੀਕਦੀਆਂ, ਸਾਨੂੰ ਇੱਕ ਪਲ ਚੈਨ ਨਾ ਆਵੇ, ਤੁਮ ਏਕ ਗੋਰਖ ਧੰਦਾ ਹੋ, ਮਨ ਕੁੰਤੋ ਮੌਲਾ, ਮੇਰਾ ਪੀਆ ਘਰ ਆਇਆ, ਝੂਲੇ ਝੂਲੇ ਲਾਲ, ਅਲੀ ਦਾ ਮਲੰਗ, ਅੱਲ੍ਹਾ ਮੁਹੰਮਦ ਚਾਰ ਯਾਰ, ਸਾਰੀ ਸਾਰੀ ਰਾਤ ਤੇਰੀ ਯਾਦ ਸਤਾਵੇ, ਕਿਸੇ ਦਾ ਯਾਰ ਨਾ ਵਿੱਛੜੇ, ਨਮੀ ਦਾਨਮ, ਤੂ ਕਰੀਮੀ ਮਨ ਕਮੀਨਾ, ਵੋਹ ਹੀ ਖੁਦਾ ਹੈ ਅਤੇ ਅਲੀ ਦਾ ਮਲੰਗ ਸਮੇਤ ਸੈਂਕੜੇ ਪੰਜਾਬੀ, ਉਰਦੂ, ਹਿੰਦੀ, ਫ਼ਾਰਸੀ ਭਾਸ਼ਾਵਾਂ ਵਿੱਚ ਕੱਵਾਲੀ, ਗੀਤ, ਗਜ਼ਲਾਂ, ਸ਼ਬਦ, ਭਜਨ, ਕਲਾਮ ਅਤੇ ਹੋਰ ਸਿਨਫਾਂ ਗਾ ਕੇ ਪੂਰੀ ਦੁਨੀਆ ਵਿੱਚ ਨਾਂ ਖੱਟਿਆ।
ਨੁਸਰਤ ਲੰਮੇ ਸਮੇਂ ਤੋਂ ਸਿਹਤ ਨਾਲ ਜੂਝ ਰਿਹਾ ਸੀ, ਪਰ ਜਦੋਂ ਅੰਤ ਆਇਆ ਤਾਂ ਜ਼ਿਆਦਾ ਜਲਦੀ ਹੀ ਆ ਗਿਆ। ਅਗਸਤ 1997 ਵਿੱਚ ਇਲਾਜ ਲਈ ਉਸ ਨੂੰ ਪਾਕਿਸਤਾਨ ਤੋਂ ਲੰਡਨ ਲਿਜਾਇਆ ਗਿਆ, ਜਿੱਥੇ 48 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਉਸ ਦੇ ਸ਼ਾਗਿਰਦਾਂ ਰਾਹਤ ਫ਼ਤਹਿ ਅਲੀ ਖ਼ਾਨ (ਭਤੀਜਾ), ਰਿਜ਼ਵਾਨ-ਮੁਅੱਜ਼ਮ (ਭਤੀਜੇ), ਨਵੀਦ-ਜਾਵੇਦ (ਪਿਤਾ ਫ਼ਤਹਿ ਅਲੀ ਖ਼ਾਨ ਦੇ ਸ਼ਾਗਿਰਦ ਬਖਸ਼ੀ ਸਲਾਮਤ ਦੇ ਲੜਕੇ), ਕਾਲੇ ਖ਼ਾਨ (ਸਾਥੀ ਅੱਤਾ ਫਰੀਦ ਦਾ ਲੜਕਾ) ਅਤੇ ਜ਼ੈਨ-ਜ਼ੋਹੇਬ (ਨੁਸਰਤ ਨਾਲ ਦੂਜੇ ਹਾਰਮੋਨੀਅਮ ’ਤੇ ਸਾਥ ਦੇਣ ਵਾਲੇ ਹਾਜੀ ਰਹਿਮਤ ਅਲੀ ਖ਼ਾਨ ਦੇ ਪੋਤੇ) ਨੇ ਉਸ ਦੀ ਰੀਤ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਵੀ ਉਸ ਵੱਲੋਂ ਸਰ ਕੀਤੀਆਂ ਮੰਜ਼ਲਾਂ ਤੱਕ ਨਹੀਂ ਪਹੁੰਚ ਸਕਿਆ। ਉਸ ਦੀ ਮੌਤ ਦੇ ਇੰਨੇ ਸਾਲਾਂ ਬਾਅਦ ਵੀ ਉਸ ਦੀ ਪ੍ਰਸਿੱਧੀ ਅਤੇ ਉਸ ਨੂੰ ਸੁਣਨ ਵਾਲਿਆਂ ਵਿੱਚ ਕਮੀ ਨਹੀਂ ਆਈ। ਸਗੋਂ ਮੌਜੂਦਾ ਸਮੇਂ ਉਸ ਨੂੰ ਪਹਿਲਾਂ ਨਾਲੋਂ ਵੱਧ ਹੀ ਸੁਣਿਆ ਜਾਂਦਾ ਹੈ। ਉਸ ਦੀਆਂ ਬੰਦਸ਼ਾਂ ਅੱਜ ਵੀ ਲੋਕਾਂ ਲਈ ਉਸੇ ਤਰ੍ਹਾਂ ਤਾਜ਼ਾ ਹਨ। ਉਸ ਨੇ ਵੈਸਟਰਨ ਦਾ ਪਲੇਥਣ ਲਾ ਕੇ ਕਲਾਸਿਕਲ ਬੰਦਸ਼ਾਂ ਵਿੱਚ ਗੁੰਨ੍ਹੀਆਂ ਜਿਹੜੀਆਂ ਰਚਨਾਵਾਂ ਸੁਣਾਈਆਂ, ਉਹ ਅੱਜ ਵੀ ਉਸ ਦੇ ਚਾਹੁਣ ਵਾਲਿਆਂ ਦੇ ਦਿਲਾਂ ’ਚੋਂ ਨਹੀਂ ਨਿਕਲੀਆਂ ਅਤੇ ਰਹਿੰਦੀ ਦੁਨੀਆ ਤੱਕ ਆਪਣਾ ਜਾਦੂ ਬਿਖੇਰਦੀਆਂ ਰਹਿਣਗੀਆਂ।
ਸੰਪਰਕ: 79734-96750