ਗੁਰਮੀਤ ਸਿੰਘ*
ਇਹ ਪੰਛੀ ਸਰਦੀਆਂ ਵਿੱਚ ਸਾਡੀਆਂ ਨਮਧਰਤੀਆਂ ਵਿੱਚ ਪਰਵਾਸ ਕਰਦਾ ਹੈ। ਇਸ ਨੂੰ ਪੰਜਾਬੀ ਵਿੱਚ ਕਲਗੀਦਾਰ ਡੁਬਕਣੀ, ਹਿੰਦੀ ਵਿੱਚ ਸ਼ਿਵ ਹੰਸ ਅਤੇ ਅੰਗਰੇਜ਼ੀ ਵਿੱਚ ‘ਗਰੇਟ ਕਰੈਸਟਡ ਗਰੀਵ’ (Great Crested Grebe) ਕਹਿੰਦੇ ਹਨ। ਕਲਗੀਦਾਰ ਡੁਬਕਣੀਆਂ ਪੱਛਮੀ ਯੂਰਪ, ਬ੍ਰਿਟੇਨ ਅਤੇ ਆਇਰਲੈਂਡ, ਦੱਖਣੀ ਅਤੇ ਪੂਰਬੀ ਅਫ਼ਰੀਕਾ ਦੇ ਕੁਝ ਹਿੱਸੇ, ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇਸ਼ਾਂ ਦੀਆਂ ਵਸਨੀਕ ਹਨ। ਇਹ ਸਰਦੀਆਂ ਵਿੱਚ ਸਾਡੇ ਦੇਸ਼ ਵਿੱਚ ਝੀਲਾਂ, ਛੱਪੜਾਂ ਅਤੇ ਨਮਧਰਤੀਆਂ ਵਿੱਚ ਪਰਵਾਸ ਕਰਦੀਆਂ ਹਨ।
ਇਹ ਪੰਛੀ ਪਿੰਡਾਂ ਦੇ ਛੱਪੜਾਂ, ਦਰਿਆਵਾਂ, ਝੀਲਾਂ ਅਤੇ ਟੋਭਿਆਂ ਵਿੱਚ ਮਿਲਣ ਵਾਲੀ ਡੁਬਕਣੀ ਦੇ ਪਰਿਵਾਰ ਨਾਲ ਸਬੰਧ ਰੱਖਦਾ ਹੈ। ਇਸ ਦਾ ਆਕਾਰ ਬਾਕੀ ਡੁਬਕਣੀਆਂ ਤੋਂ ਵੱਡਾ ਹੁੰਦਾ ਹੈ। ਕਲਗੀਦਾਰ ਡੁਬਕਣੀ ਨੂੰ ਹਰੀਕੇ, ਚੰਡੀਗੜ੍ਹ ਦੀ ਸੁਖਨਾ ਝੀਲ ਅਤੇ ਨੰਗਲ ਵਿਖੇ ਵੇਖਿਆ ਗਿਆ ਹੈ। ਇਨ੍ਹਾਂ ਦੀ ਲੰਬਾਈ ਖੰਭਾਂ ਸਮੇਤ 50 ਤੋਂ 60 ਸੈਂਟੀਮੀਟਰ ਹੁੰਦੀ ਹੈ ਅਤੇ ਵਜ਼ਨ 0.9 ਤੋਂ 1.5 ਕਿਲੋਗ੍ਰਾਮ ਤੱਕ ਹੁੰਦਾ ਹੈ। ਇਹ ਸ਼ਾਨਦਾਰ ਤੈਰਾਕ ਅਤੇ ਗੋਤਾਖੋਰ ਪੰਛੀ ਹੈ। ਇਹ ਉੱਪਰੋਂ ਗੂੜ੍ਹੇ ਭੂਰੇ ਰੰਗ ਦਾ ਅਤੇ ਹੇਠੋਂ ਫਿੱਕੇ ਬਦਾਮੀ ਰੰਗ ਦਾ ਜਾਂ ਘਸਮੈਲਾ ਚਿੱਟਾ ਹੁੰਦਾ ਹੈ। ਅੱਖਾਂ ਦੇ ਉੱਪਰ ਚਿੱਟਾ ਰੰਗ ਹੁੰਦਾ ਹੈ। ਇਨ੍ਹਾਂ ਦੇ ਸਿਰ ’ਤੇ ਚੋਟੀ ਅਤੇ ਲਾਲ-ਸੰਤਰੀ ਰੰਗ ਦੇ ਵਾਲ ਜ਼ੁਲਫਾਂ ਦੀ ਤਰ੍ਹਾਂ ਦਿਖਦੇ ਹਨ। ਇਹ ਸਿਰਫ਼ ਪ੍ਰਜਣਨ ਦੇ ਮੌਸਮ ਦੌਰਾਨ ਹੀ ਮੌਜੂਦ ਹੁੰਦੇ ਹਨ। ਇਹ ਸਰਦੀਆਂ ਵਿੱਚ ਵਿਕਸਤ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਬਸੰਤ ਵਿੱਚ ਪੂਰੀ ਤਰ੍ਹਾਂ ਵਿਕਸਤ ਹੋ ਜਾਂਦੇ ਹਨ। ਕਲਗੀਦਾਰ ਡੁਬਕਣੀ ਦੀ ਛੋਟੀ ਪੂਛ ਅਤੇ ਲੱਤਾਂ ਕੁਸ਼ਲ ਤੈਰਾਕੀ ਅਤੇ ਗੋਤਾਖੋਰੀ ਲਈ ਕੁਦਰਤੀ ਤੌਰ ’ਤੇ ਪਿੱਛੇ ਹੁੰਦੀਆਂ ਹਨ। ਇਨ੍ਹਾਂ ਦੀ ਚੁੰਝ ਤਿੱਖੀ ਗੁਲਾਬੀ ਅਤੇ ਧੌਣ ਲੰਬੀ ਹੁੰਦੀ ਹੈ।
ਇਨ੍ਹਾਂ ਕਲਗੀਦਾਰ ਡੁਬਕਣੀਆਂ ਦੀ ਮੁੱਖ ਖੁਰਾਕ ਛੋਟੀਆਂ ਮੱਛੀਆਂ, ਡੱਡੀਆਂ ਅਤੇ ਪਾਣੀ ਦੇ ਜੀਵ ਜੰਤੂ ਹੁੰਦੀ ਹੈ। ਇਹ ਪਾਣੀ ਦੇ ਅੰਦਰ ਜੜੀਆਂ-ਬੂਟੀਆਂ ਨੂੰ ਵੀ ਖਾ ਜਾਂਦੇ ਹਨ। ਸ਼ਿਕਾਰ ਆਮ ਤੌਰ ’ਤੇ ਪਾਣੀ ਦੇ ਅੰਦਰ ਡੂੰਘੀ ਗੋਤਾਖੋਰੀ ਦੌਰਾਨ ਫੜ ਲਿਆ ਜਾਂਦਾ ਹੈ, ਪਰ ਕੁਝ ਨੂੰ ਸਤਹ (ਅਪਰ ਲੇਅਰ) ਤੋਂ ਹੀ ਦਬੋਚ ਲਿਆ ਜਾਂਦਾ ਹੈ।
ਕਲਗੀਦਾਰ ਡੁਬਕਣੀ ਵੱਲੋਂ ਪ੍ਰਜਣਨ ਤੋਂ ਬਾਅਦ ਆਲ੍ਹਣਾ ਤਾਜ਼ੇ ਪਾਣੀ ਦੀਆਂ ਝੀਲਾਂ ਦੇ ਬਨਸਪਤੀ ਖੇਤਰਾਂ ਵਿੱਚ ਜਾਂ ਪਾਣੀ ਦੇ ਅੰਦਰ ਜਾਂ ਨੇੜੇ ਜ਼ਮੀਨ ’ਤੇ ਉੱਚੀ ਥਾਂ ’ਤੇ ਬਣਾਇਆ ਜਾਂਦਾ ਹੈ। ਇਸ ਵਿੱਚ ਮਾਦਾ ਵੱਲੋਂ 3 ਤੋਂ 4 ਆਂਡੇ ਦਿੱਤੇ ਜਾਂਦੇ ਹਨ। 27 ਤੋਂ 29 ਦਿਨਾਂ ਬਾਅਦ ਆਂਡਿਆਂ ਵਿੱਚੋਂ ਚੂਚੇ ਨਿਕਲਦੇ ਹਨ। ਨਰ ਅਤੇ ਮਾਦਾ ਦੋਵੇਂ ਇਨ੍ਹਾਂ ਦੀ ਦੇਖਭਾਲ ਕਰਦੇ ਹਨ। ਇਨ੍ਹਾਂ ਦੇ ਚੂਚੇ ਆਂਡਿਆਂ ਤੋਂ ਬਾਹਰ ਨਿਕਲਣ ਦੇ ਥੋੜ੍ਹੀ ਦੇਰ ਬਾਅਦ ਹੀ ਤੈਰਾਕੀ ਅਤੇ ਗੋਤਾਖੋਰੀ ਕਰਨ ਦੇ ਯੋਗ ਹੋ ਜਾਂਦੇ ਹਨ। ਨਰ ਤੇ ਮਾਦਾ ਇਹ ਹੁਨਰ ਆਪਣੇ ਬੱਚਿਆਂ ਨੂੰ ਆਪਣੀ ਪਿੱਠ ’ਤੇ ਚੁੱਕ ਕੇ ਅਤੇ ਗੋਤਾਖੋਰੀ ਰਾਹੀਂ ਸਿਖਾਉਂਦੇ ਹਨ, ਚੂਚਿਆਂ ਨੂੰ ਸਤਹ ’ਤੇ ਤੈਰਨ ਲਈ ਛੱਡ ਦਿੰਦੇ ਹਨ; ਫਿਰ ਉਹ ਕੁਝ ਫੁੱਟ ਦੀ ਦੂਰੀ ’ਤੇ ਮੁੜ ਉੱਭਰਦੇ ਹਨ ਤਾਂ ਕਿ ਚੂਚੇ ਉਨ੍ਹਾਂ ’ਤੇ ਵਾਪਸ ਤੈਰ ਸਕਣ।
ਇਸ ਸੁੰਦਰ ਪੰਛੀ ਨੂੰ 19ਵੀਂ ਸਦੀ ਵਿੱਚ ਇੰਗਲੈਂਡ ਵਿੱਚ ਇਸ ਦੇ ਸਿਰ ਦੇ ਵਾਲਾਂ (ਪਲਮਜ਼) ਲਈ ਸ਼ਿਕਾਰ ਕੀਤਾ ਜਾਂਦਾ ਸੀ ਤੇ ਇਨ੍ਹਾਂ ਨੂੰ ਔਰਤਾਂ ਦੀਆਂ ਟੋਪੀਆਂ ਅਤੇ ਕੱਪੜਿਆਂ ਨੂੰ ਸਜਾਉਣ ਲਈ ਵਰਤਿਆ ਜਾਂਦਾ ਸੀ। ਆਈ.ਯੂ. ਸੀ. ਐੱਨ. ਨੇ ਕਲਗੀਦਾਰ ਡੁਬਕਣੀ ਨੂੰ ਘੱਟੋ-ਘੱਟ ਚਿੰਤਾ ਦੀ ਸੁਰੱਖਿਆ ਸਥਿਤੀ ਵਿੱਚ ਦੱਸਿਆ ਹੈ। ਸਾਡੇ ਦੇਸ਼ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਪਰਵਾਸੀ ਪੰਛੀਆਂ ਦੇ ਸ਼ਿਕਾਰ ’ਤੇ ਸਖ਼ਤ ਪਾਬੰਦੀ ਲਾਉਂਦਾ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910