ਗੁਰਮੀਤ ਸਿੰਘ*
ਛੋਟਾ ਜਲ ਕਾਂ ਪਰਵਾਸੀ ਪੰਛੀ ਹੈ। ਇਹ ਵੱਡੇ ਜਲ ਕਾਂ ਨਾਲੋਂ ਆਕਾਰ ਵਿੱਚ ਛੋਟਾ ਹੁੰਦਾ ਹੈ। ਇਸ ਨੂੰ ਅੰਗਰੇਜ਼ੀ ਵਿੱਚ ਲਿਟਲ ਕਾਰਮੋਰੈਂਟ (Little Cormorant) ਅਤੇ ਹਿੰਦੀ ਵਿੱਚ ਛੋਟਾ ਪਨਕੌਵਾ ਕਹਿੰਦੇ ਹਨ। ਇਹ ਛੋਟੇ ਜਲ ਕਾਂ ਭਾਰਤ, ਬੰਗਲਾਦੇਸ਼, ਪਾਕਿਸਤਾਨ, ਸ੍ਰੀਲੰਕਾ ਅਤੇ ਮਿਆਂਮਾਰ ਵਿੱਚ ਪਾਏ ਜਾਂਦੇ ਹਨ। ਇਹ ਕਈ ਬਾਰ ਇਕੱਲੇ, ਛੋਟੇ ਟੋਲਿਆਂ ਜਾਂ ਵੱਡੇ ਸਮੂਹਾਂ ਦੇ ਰੂਪ ਵਿੱਚ ਛੰਭਾਂ, ਛੱਪੜਾਂ, ਦਰਿਆਵਾਂ ਆਦਿ ਦੇ ਕੰਢਿਆਂ ਕੋਲ ਮਿਲਦਾ ਹੈ।
ਇਹ ਵੇਖਣ ਵਿੱਚ ਮਲੀਨ ਅਤੇ ਕਾਲੇ ਹਰੇ ਰੰਗ ਵਰਗੀ ਭਾਹ ਮਾਰਦਾ ਹੈ। ਇਸ ਦੇ ਖੰਭ ਭੂਰੇ ਲੱਗਦੇ ਹਨ। ਇਸ ਦੀ ਠੋਡੀ ਚਿੱਟੀ ਦਿਖਦੀ ਹੈ। ਇਨ੍ਹਾਂ ਦਾ ਕੱਦ 50 ਤੋਂ 52 ਸੈਂਟੀਮੀਟਰ ਲੰਬਾ ਹੁੰਦਾ ਹੈ। ਬਾਕੀ ਜਲ ਕਾਵਾਂ ਦੀ ਤਰ੍ਹਾਂ ਛੋਟੇ ਜਲ ਕਾਂ ਵੀ ਪਾਣੀ ਵਿੱਚੋਂ ਨਿਕਲ ਕੇ ਆਪਣੇ ਖੰਭਾਂ ਨੂੰ ਫੜ ਕੇ ਕੁਝ ਸਮੇਂ ਲਈ ਸਥਿਰ ਰੱਖਦੇ ਹਨ ਅਤੇ ਰੁੱਖਾਂ ਉੱਪਰ ਆਪਣੇ ਖੰਭ ਖਲਾਰ ਕੇ ਧੁੱਪ ਵਿੱਚ ਬੈਠਦੇ ਹਨ।
ਮੱਛੀ ਇਨ੍ਹਾਂ ਦੀ ਮੁੱਖ ਖੁਰਾਕ ਹੈ। ਇਹ ਤੈਰਨ ਅਤੇ ਟੁੱਭੀ ਮਾਰਨ ਵਿੱਚ ਨਿਪੁੰਨ ਹੁੰਦੇ ਹਨ। ਕਈ ਵਾਰ ਤਾਂ ਇਹ ਇਕੱਠੇ ਹੋ ਕੇ ਪਾਣੀ ਵਿੱਚ ਛੋਟੀਆਂ ਮੱਛੀਆਂ ਦੇ ਝੁੰਡਾਂ ਨੂੰ ਘੇਰ ਲੈਂਦੇ ਹਨ। ਆਮ ਵੇਖਣ ਵਿੱਚ ਆਉਂਦਾ ਹੈ ਕਿ ਜਲ ਕਾਂ ਸ਼ਿਕਾਰ ਨੂੰ ਚੁੰਝਾਂ ਵਿੱਚ ਦਬਾਈਂ ਬਾਹਰ ਆਉਂਦੇ ਹਨ ਅਤੇ ਬੜੀ ਹੁਸ਼ਿਆਰੀ ਨਾਲ ਉਸ ਨੂੰ ਇੱਕ ਝਟਕਾ ਦੇ ਕੇ ਸਿਰ ਵਾਲੇ ਪਾਸਿਉਂ ਨਿਘਾਰਨ ਦੀ ਅਵਸਥਾ ਵਿੱਚ ਕਰ ਲੈਂਦੇ ਹਨ। ਇਹ ਕਈ ਵਾਰ ਤਾਂ ਵੱਡੀ ਮੱਛੀ ਨੂੰ ਵੀ ਕਾਬੂ ਕਰਨ ਦੀ ਕੋਸ਼ਿਸ ਕਰਦੇ ਹਨ। ਇਨ੍ਹਾਂ ਦੀ ਭੁੱਖ ਕਦੇ ਨਾ ਬੁਝਣ ਵਾਲੀ ਹੁੰਦੀ ਹੈ।
ਇਨ੍ਹਾਂ ਦਾ ਪ੍ਰਜਣਨ ਦਾ ਸਮਾਂ ਨਵੰਬਰ ਤੋਂ ਫਰਵਰੀ ਤੱਕ ਹੁੰਦਾ ਹੈ। ਇਹ ਜਲ ਕਾਂ ਪਾਣੀ ਦੇ ਨੇੜੇ ਖੜ੍ਹੇ ਰੁੱਖਾਂ ਉੱਤੇ ਸੁੱਕੀਆਂ ਟਾਹਣੀਆਂ ’ਤੇ ਸਾਧਾਰਨ ਜਿਹੇ ਆਲ੍ਹਣੇ ਪਾਉਂਦੇ ਹਨ। ਇਸ ਵਿੱਚ ਮਾਦਾ ਚਾਰ ਜਾਂ ਪੰਜ ਆਂਡੇ ਦਿੰਦੀ ਹੈ ਜੋ ਫਿੱਕੀ ਨੀਲੀ ਭਾਹ ਮਾਰਦੇ ਹਨ। ਚੂਚੇ ਆਂਡਿਆਂ ਵਿੱਚੋਂ 15 ਤੋਂ 21 ਦਿਨਾਂ ਬਾਅਦ ਨਿਕਲਦੇ ਹਨ ਅਤੇ ਲਗਭਗ ਇੱਕ ਮਹੀਨੇ ਬਾਅਦ ਆਲ੍ਹਣਾ ਛੱਡਣ ਦੇ ਯੋਗ ਹੋ ਜਾਂਦੇ ਹਨ। ਇਹ ਆਪਣੇ ਆਲ੍ਹਣੇ ਦੇ ਨੇੜੇ ਹੌਲੀ ਹੌਲੀ ਆਵਾਜ਼ਾਂ ਕੱਢਦੇ ਹਨ।
ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਨੇ ਇਨ੍ਹਾਂ ਪੰਛੀਆਂ ਨੂੰ ਸ਼੍ਰੇਣੀਬੱਧ ਅਤੇ ਮੁਲਾਂਕਣ ਕੀਤਾ ਹੈ ਅਤੇ ਇਨ੍ਹਾਂ ਨੂੰ ‘ਘੱਟ ਤੋਂ ਘੱਟ ਚਿੰਤਾ’ ਵਜੋਂ ਸੂਚੀਬੱਧ ਕੀਤਾ ਹੈ। ਜੰਗਲੀ ਜੀਵ (ਸੁਰੱਖਿਆ) ਐਕਟ, 1972 ਅਨੁਸਾਰ ਵੀ ਇਹ ਪੰਛੀ ਦੇਸ਼ ਵਿੱਚ ਸੁਰੱਖਿਅਤ ਹਨ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910