ਮੁੰਬਈ: ਸੁਪਰਮਾਡਲ ਮਿਲਿੰਦ ਸੋਮਨ ਨੇ ਫਿਲਮ ‘ਲੱਕੜਬੱਗਾ’ ਨਾਲ ਵਾਪਸੀ ਕਰਦਿਆਂ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਫਿਲਮ ਵਿੱਚ ਉਹ ਬੰਗਾਲੀ ਪਿਤਾ ਅਤੇ ਮਾਰਸ਼ਲ ਆਰਟ ਮਾਹਿਰ ਵਜੋਂ ਦਿਖਾਈ ਦੇਵੇਗਾ। ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਦਸੰਬਰ ਮਹੀਨੇ ਕੋਲਕਾਤਾ ਵਿੱਚ ਸ਼ੁਰੂ ਹੋਈ ਸੀ, ਜਿਸ ਲਈ ਮਿਲਿੰਦ ਦੇ ਸਹਿ-ਕਲਾਕਾਰ ਅੰਸ਼ੂਮਨ ਝਾਅ ਨੇ ‘ਕਰਵ-ਮਾਘਾ’ ਦੀ ਛੇ ਮਹੀਨੇ ਸਿਖਲਾਈ ਲਈ ਹੈ ਅਤੇ ਉਹ ਸੋਮਨ ਨਾਲ ਸ਼ੂਟਿੰਗ ਖ਼ਤਮ ਕਰਨ ਵਾਲਾ ਹੈ। ਸੋਮਨ ਨੇ ਕਿਹਾ, ‘‘ਇੱਕ ਵਿਲੱਖਣ ਐਕਸ਼ਨ ਫਿਲਮ ‘ਲੱਕੜਬੱਗਾ’ ਦਾ ਹਿੱਸਾ ਬਣਨਾ ਕਾਫ਼ੀ ਦਿਲਚਸਪ ਹੈ। ਕਹਾਣੀ ਦਾ ਹਰ ਪਹਿਲੂ ਅਤੇ ਕਿਰਦਾਰ ਚੰਗੀ ਤਰ੍ਹਾਂ ਵਿਚਾਰਿਆ ਗਿਆ ਹੈ… ਜਿਸ ਤਰ੍ਹਾਂ ਸਕ੍ਰਿਪਟ ਵਿੱਚ ਮਾਰਸ਼ਲ ਆਰਟ ‘ਕਰਵ ਮਾਘਾ’ ਨੂੰ ਸ਼ਾਮਲ ਕੀਤਾ ਗਿਆ ਹੈ, ਮੈਨੂੰ ਪਸੰਦ ਹੈ। ਅੰਸ਼ੂਮਨ ਨੇ ਕਰਵ ਮਾਘਾ ਦੀ ਸਿਖਲਾਈ ਲਈ ਅਤੇ ਇਸ ਮਾਰਸ਼ਲ ਆਰਟ ਨੂੰ ਉਭਾਰਨ ਲਈ ਕੋਰੀਓਗ੍ਰਾਫੀ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਹੈ। ਮੈਂ ਫਿਲਮ ਵਿੱਚ ਮਾਰਸ਼ਲ ਆਰਟ ਉਸਤਾਦ ਅਤੇ ਅੰਸ਼ੂਮਨ ਦੇ ਪਿਤਾ ਦਾ ਕਿਰਦਾਰ ਨਿਭਾ ਰਿਹਾ ਹਾਂ। ਇਹ ਅਜਿਹੀ ਭੂਮਿਕਾ ਹੈ, ਜੋ ਮੈਂ ਪਹਿਲਾਂ ਕਦੇ ਨਹੀਂ ਨਿਭਾਈ। ਇੱਕ ਬੰਗਾਲੀ ਪਿਤਾ ਅਤੇ ਮਾਰਸ਼ਲ ਆਰਟ ਟਰੇਨਰ। ਇਹ ਬਹੁਤ ਮਜ਼ੇਦਾਰ ਸੀ।’’ ਨਿਰਦੇਸ਼ਕ ਵਿਕਟਰ ਮੁਖਰਜੀ ਨੇ ਕਿਹਾ, ‘‘ਅੰਸ਼ੂਮਨ ਅਤੇ ਮਿਲਿੰਦ ਦੇ ਕਿਰਦਾਰ ਦਾ ਰਿਸ਼ਤਾ ਹੀ ਫਿਲਮ ਦਾ ਧੁਰਾ ਹੈ ਅਤੇ ਉਸ ਨੂੰ ਪਹਿਲਾਂ ਕਦੇ ਨਾ ਦੇਖੇ ਗਏ ਅਵਤਾਰ ਵਿੱਚ ਦਿਖਾਉਣ ਲਈ ਉਤਸ਼ਾਹਿਤ ਹਾਂ।’’ ਅਲੋਕ ਸ਼ਰਮਾ ਵੱਲੋਂ ਲਿਖੀ ਗਈ ਫਿਲਮ ‘ਚੰਗਾ ਬਨਾਮ ਬੁਰਾ’ ਵਿਸ਼ੇ ’ਤੇ ਆਧਾਰਿਤ ਹੈ, ਜਿਸ ਵਿੱਚ ਗ਼ੈਰ-ਕਾਨੂੰਨੀ ਪਸ਼ੂ ਵਪਾਰ ਉਦਯੋਗ ਦੀ ਕਹਾਣੀ ਪੇਸ਼ ਕੀਤੀ ਗਈ ਹੈ। -ਆਈਏਐੱਨਐੱਸ