ਬੂਟਾ ਸਿੰਘ ਵਾਕਫ਼
ਮੋਬਾਈਲ ਫੋਨ ਅੱਜ ਦੇ ਦੌਰ ਦੀ ਅਚੰਭੇ ਭਰੀ ਖੋਜ ਸਾਬਤ ਹੋਈ ਹੈ। ਨੌਜਵਾਨ ਪੀੜ੍ਹੀ ’ਤੇ ਇਸ ਖੋਜ ਦਾ ਬੇਹੱਦ ਪ੍ਰਭਾਵ ਪਿਆ ਹੈ। ਮੋਬਾਈਲ ਫੋਨ ਕਾਰਨ ਸਾਡਾ ਦੂਰ ਦੁਰਾਡੇ ਵਸਦੇ ਸੱਜਣਾਂ, ਮਿੱਤਰਾਂ, ਰਿਸ਼ਤੇਦਾਰਾਂ ਤੇ ਸਨੇਹੀਆਂ ਨਾਲ ਰਾਬਤਾ ਹਮੇਸ਼ਾਂ ਕਾਇਮ ਰਹਿੰਦਾ ਹੈ। ਇਸ ਰਾਹੀਂ ਗੱਲਬਾਤ ਕਰਦਿਆਂ ਦੂਰ ਦੁਰਾਡੇ ਵਸਦੇ ਲੋਕ ਵੀ ਮਨ ਵਿਚ ਸਾਡੇ ਕੋਲ ਬੈਠੇ ਹੋਣ ਦਾ ਅਹਿਸਾਸ ਭਰਦੇ ਹਨ। ਦੇਸ਼ ਵਿਚ ਮੋਬਾਈਲ ਤਕਨੀਕ ਦੀ ਵਰਤੋਂ ਉਸਾਰੂ ਕਾਰਜਾਂ ਲਈ ਘੱਟ ਤੇ ਬੇਲੋੜੇ ਕੰਮਾਂ ਲਈ ਵਧੇਰੇ ਕੀਤੀ ਜਾਂਦੀ ਹੈ। ਇਹ ਸੱਚ ਹੈ ਕਿ ਹਰ ਵਸਤੂ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ ਤਾਂ ਨਤੀਜੇ ਚੰਗੇ ਨਿਕਲਦੇ ਹਨ। ਉਸਦੀ ਅੰਨ੍ਹੇਵਾਹ ਵਰਤੋਂ ਹਮੇਸ਼ਾਂ ਨੁਕਸਾਨਦਾਇਕ ਸਾਬਤ ਹੁੰਦੀ ਹੈ।
ਅੱਜ ਘਰ ਦੇ ਹਰੇਕ ਮੈਂਬਰ ਕੋਲ ਮੋਬਾਈਲ ਹੈ। ਸ਼ਾਮ ਹੁੰਦੀ ਹੈ। ਪਤੀ-ਪਤਨੀ ਕੰਮ ਤੋਂ ਘਰ ਪਰਤਦੇ ਹਨ। ਦੋ-ਚਾਰ ਮਿੰਟ ਦੀ ਰਸਮੀ ਗੱਲਬਾਤ ਉਪਰੰਤ ਆਪੋ-ਆਪਣੇ ਮੋਬਾਈਲ ਹੱਥਾਂ ਵਿਚ ਫੜ ਕੇ ਬੈਠ ਜਾਂਦੇ ਹਨ। ਬੱਚੇ ਸਕੂਲੋਂ ਪਰਤਦੇ ਹਨ। ਕਾਹਲੀ ਵਿਚ ਆਪਣਾ ਸਕੁੂਲ ਦਾ ਕੰਮ ਨਿਪਟਾਉਂਦੇ ਹਨ। ਮੋਬਾਈਲ ਫੋਨ ’ਤੇ ਗੇਮਾਂ ਖੇਡਣੀਆਂ ਸ਼ੁਰੂ ਕਰ ਦਿੰਦੇ ਹਨ। ਘਰ ਦੇ ਬਜ਼ੁਰਗ ਜਿਹੜੇ ਸਾਰਾ ਦਿਨ ਆਪਣੇ ਬੱਚਿਆਂ ਤੇ ਪੋਤੇ-ਪੋਤੀਆਂ ਦੀ ਉਡੀਕ ਕਰਦਿਆਂ ਇਸ ਆਸ ਨਾਲ ਲੰਘਾਉਂਦੇ ਹਨ ਕਿ ਸ਼ਾਮ ਨੂੰ ਉਹ ਆਪਣੇ ਬੱਚਿਆਂ ਕੋਲ ਆਪਣੇ ਦਿਲ ਹੌਲੇ ਕਰਨਗੇ। ਉਨ੍ਹਾਂ ਦੀਆਂ ਆਸਾਂ ’ਤੇ ਪਾਣੀ ਫਿਰ ਜਾਂਦਾ ਹੈ ਜਦੋਂ ਸਾਰੇ ਮੈਂਬਰ ਆਪੋ-ਆਪਣੇ ਮੋਬਾਈਲ ’ਤੇ ਰੁੱਝ ਜਾਂਦੇ ਹਨ। ਕਿਸੇ ਕੋਲ ਬਜ਼ੁਰਗਾਂ ਨਾਲ ਗੱਲਬਾਤ ਕਰਨ ਦਾ ਕੋਈ ਸਮਾਂ ਨਹੀਂ ਹੁੰਦਾ। ਸੋਸ਼ਲ ਮੀਡੀਆ ਰਾਹੀਂ ਭਾਵੇਂ ਅਸੀਂ ਆਪਣੇ ਦੂਰ-ਦੁਰਾਡੇ ਵਸਦੇ ਸਨੇਹੀਆਂ ਨਾਲ ਵਾਬਸਤਾ ਰਹਿੰਦੇ ਹਾਂ, ਪਰ ਨਾਲ ਹੀ ਆਪਣੇ ਪਰਿਵਾਰਕ ਮੈਂਬਰਾਂ ਨਾਲੋਂ ਟੁੱਟ ਵੀ ਰਹੇ ਹੁੰਦੇ ਹਾਂ।
ਜੇਕਰ ਕੋਈ ਸਾਨੂੰ ਮਿਲਣ-ਗਿਲਣ ਵੀ ਆਇਆ ਹੋਵੇ ਤਾਂ ਵੀ ਸਾਡਾ ਧਿਆਨ ਮੋਬਾਈਲ ਦੀ ਸਕਰੀਨ ’ਤੇ ਹੀ ਹੁੰਦਾ ਹੈ। ਅਸੀਂ ਹਰ ਨੋਟੀਫਿਕੇਸ਼ਨ ਨੂੰ ਇਸ ਤਰ੍ਹਾਂ ਪੜ੍ਹਦੇ ਹਾਂ ਜਿਵੇਂ ਕੋਈ ਖ਼ਜ਼ਾਨਾ ਲੱਭ ਗਿਆ ਹੋਵੇ, ਪਰ ਬਹੁਤੀ ਵਾਰ ਇਨ੍ਹਾਂ ਨੋਟੀਫਿਕੇਸ਼ਨਾਂ ਦਾ ਕੋਈ ਮਹੱਤਵ ਨਹੀਂ ਹੁੰਦਾ। ਇਹ ਸਾਡਾ ਸਮਾਂ ਤੇ ਊਰਜਾ ਹੀ ਖ਼ਰਾਬ ਕਰਦੇ ਦਿਸਦੇ ਹਨ। ਇਹ ਕੋਲ ਬੈਠੇ ਵਿਅਕਤੀ ਨਾਲ ਗੱਲਬਾਤ ਰਾਹੀਂ ਸਿੱਧਾ ਰਾਬਤਾ ਕਾਇਮ ਕਰਨ ਵਿਚ ਰੁਕਾਵਟ ਸਿੱਧ ਹੁੰਦੇ ਹਨ।
ਅਨੇਕਾਂ ਵਾਰ ਮੋਬਾਈਲ ਪਰਿਵਾਰਕ ਰਿਸ਼ਤਿਆਂ ਵਿਚ ਸ਼ੱਕ ਤੇ ਕੜਵਾਹਟ ਪੈਦਾ ਕਰਨ ਲਈ ਜ਼ਿੰਮੇਵਾਰ ਹੁੰਦੇ ਹਨ। ਭੁੱਲ-ਭੁਲੇਖੇ ਆਈ ਮਿਸ ਕਾਲ ਜਾਂ ਸੰਦੇਸ਼ ਪਰਿਵਾਰਕ ਰਿਸ਼ਤਿਆਂ ਅੰਦਰ ਸ਼ੰਕਾ ਪੈਦਾ ਕਰਨ ਲਈ ਜ਼ਿੰਮੇਵਾਰ ਸਾਬਤ ਹੁੰਦਾ ਹੈ। ਅਜਿਹੇ ਵਰਤਾਰੇ ਕਾਰਨ ਪਤੀ-ਪਤਨੀ ਦਾ ਸੁਭਾਅ ਸ਼ੱਕੀ ਹੋ ਨਬਿੜਦਾ ਹੈ। ਕਈ ਵਾਰ ਜੇਕਰ ਪਤੀ ਜਾਂ ਪਤਨੀ ਦਾ ਮੋਬਾਈਲ ਲੰਮੇ ਸਮੇਂ ਤਕ ਬਿਜੀ ਆ ਰਿਹਾ ਹੋਵੇ ਤਾਂ ਇਕ ਦੂਜੇ ਵਿਚ ਸ਼ੱਕ ਦੀ ਇਹ ਗੁੰਜਾਇਸ਼ ਹੋਰ ਵੀ ਵਧ ਜਾਂਦੀ ਹੈ। ਕਈ ਵਾਰ ਇਹ ਗੱਲ ਕੋਰਟਾਂ-ਕਚਹਿਰੀਆਂ ਤੇ ਤਲਾਕ ਆਦਿ ਤਕ ਵੀ ਪਹੁੰਚ ਜਾਂਦੀ ਹੈ। ਇਹ ਸ਼ੰਕੇ ਸਿਰਫ਼ ਪਤੀ-ਪਤਨੀ ਦੇ ਰਿਸ਼ਤੇ ਵਿਚਕਾਰ ਹੀ ਨਹੀਂ ਉਪਜਦੇ ਸਗੋਂ ਅਨੇਕਾਂ ਵਾਰ ਬਾਕੀ ਪਰਿਵਾਰਕ ਰਿਸ਼ਤੇ ਵੀ ਇਸ ਦੀ ਭੇਟ ਚੜ੍ਹ ਜਾਂਦੇ ਹਨ। ਮਾਪਿਆਂ ਵੱਲੋਂ ਸਹੇੜੇ ਬੇਲੋੜੇ ਰੁਝੇਵੇ ਵੀ ਉਨ੍ਹਾਂ ਨੂੰ ਆਪਣੇ ਬੱਚਿਆਂ ਤੋਂ ਦੁੂਰ ਕਰ ਰਹੇ ਹਨ। ਅਨੇਕਾਂ ਵਾਰ ਮਾਪੇ ਆਪਣੇ ਕੰਮਾਂ ਨੂੰ ਪੂਰਾ ਕਰਨ ਦੇ ਲਾਲਚ ਕਾਰਨ ਮੋਬਾਈਲ ਫੋਨ ਬੱਚਿਆਂ ਨੂੰ ਫੜਾ ਦਿੰਦੇ ਹਨ ਤੇ ਬੱਚੇ ਚੁੱਪ-ਚਾਪ ਗੇਮਾਂ ਖੇਡਣ ਦੇ ਲਾਲਚ ਲੱਗ ਜਾਂਦੇ ਹਨ। ਅਜਿਹਾ ਕਰਨ ਨਾਲ ਮਾਪਿਆਂ ਨੂੰ ਲੱਗਦਾ ਹੈ ਕਿ ਹੁਣ ਬੱਚੇ ਵਾਰ-ਵਾਰ ਉਨ੍ਹਾਂ ਨੂੰ ਤੰਗ ਨਹੀਂ ਕਰਨਗੇ। ਇਹ ਵਰਤਾਰਾ ਮਾਪਿਆਂ ਤੇ ਬੱਚਿਆਂ ਵਿਚ ਦੂਰੀ ਵਧਾਉਣ ਦੇ ਨਾਲ ਦੋਵਾਂ ਲਈ ਭਵਿੱਖੀ ਖ਼ਤਰਿਆਂ ਨੂੰ ਵੀ ਵਧਾਉਂਦਾ ਹੈ।
ਕਦੇ ਸਮਾਂ ਸੀ ਜਦੋਂ ਅਸੀਂ ਰਾਤ ਨੂੰ ਖੁੱਲ੍ਹੇ ਵਿਹੜਿਆਂ ਵਿਚ ਤਾਰਿਆਂ ਦੀ ਨਿੱਘ ਦੀ ਛਾਵੇਂ ਮੰਜੇ ਡਾਹ ਕੇ ਸੌਣ ਤੋਂ ਪਹਿਲਾਂ ਵੱਡੇ-ਵਡੇਰਿਆਂ ਤੋਂ ਰਾਜਿਆਂ, ਰਾਣੀਆਂ, ਦੇਵ ਤੇ ਦਾਨਵਾਂ ਤੇ ਬਹਾਦਰ ਲੋਕ-ਨਾਇਕਾਂ ਦੀਆਂ ਬਾਤਾਂ/ਕਥਾਵਾਂ ਸੁਣਦੇ ਸਾਂ। ਹੁੰਗਾਰੇ ਭਰਦਿਆਂ ਪਤਾ ਨਹੀਂ ਕਿਹੜੇ ਵੇਲੇ ਨੀਂਦ ਦੀ ਆਗੋਸ਼ ਵਿਚ ਚਲੇ ਜਾਂਦੇ। ਮੋਬਾਈਲ ਫੋਨ ਨੇ ਅੱਜ ਸਾਡੇ ਤੋਂ ਉਹ ਰਮਣੀਕ ਸਮਾਂ ਖੋਹ ਲਿਆ ਹੈ। ਜਦੋਂ ਮੋਬਾਈਲ ਦੀ ਆਮਦ ਅਜੇ ਦੂਰ ਸੀ ਉਦੋਂ ਬੱਚੇ ਸਕੂਲ ਦਾ ਸਾਰਾ ਕੰਮ ਨਿਪਟਾ ਕੇ ਘਰ ਦੇ ਸਾਰੇ ਮੈਂਬਰਾਂ ਨਾਲ ਵਿਚਰਦੇ ਸਨ। ਗਲੀ-ਮੁਹੱਲੇ ਦੇ ਬੱਚੇ ਰਲ-ਮਿਲ ਕੇ ਦੇਸੀ ਖੇਡਾਂ ਖੇਡਦੇ। ਅਨੇਕਾਂ ਵਾਰ ਵੱਡੇ-ਵਡੇਰੇ ਤੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਨਾਲ ਖੇਡਣਾ ਪੰਸਦ ਕਰਦੇ ਸਨ। ਇਹ ਵਰਤਾਰਾ ਬੱਚਿਆਂ ਨੂੰ ਸਰੀਰਿਕ ਤੇ ਮਾਨਸਿਕ ਪੱਖੋਂ ਤੰਦਰੁਸਤ ਤੇ ਮਜ਼ਬੁੂਤ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਕਬੂਲਣ ਦੇ ਯੋਗ ਵੀ ਬਣਾਉਂਦਾ ਸੀ। ਮੌਜ ਮਸਤੀ ਵਾਲਾ ਬਚਪਨ ਦਾ ਇਹ ਸਮਾਂ ਵੀ ਅੱਜ ਮੋਬਾਈਲ ਫੋਨ ਨੇ ਹੜੱਪ ਕਰ ਲਿਆ ਹੈ।
ਇਹ ਵੀ ਸੱਚ ਹੈ ਕਿ ਅੱਜਕੱਲ੍ਹ ਬੈਕਿੰਗ, ਸਿਹਤ, ਸਿੱਖਿਆ, ਕਾਰੋਬਾਰ, ਵਪਾਰ ਆਦਿ ਦੇ ਖੇਤਰ ਵਿਚ ਮੋਬਾਇਲ ਫੋਨ ਦੀ ਵਰਤੋਂ ਬੇਹੱਦ ਜ਼ਰੂਰੀ ਹੈ। ਕਈ ਵਾਰ ਕੰਮ ਦੇ ਘੰਟਿਆਂ/ਦਫ਼ਤਰੀ ਸਮੇਂ ਉਪਰੰਤ ਘਰ ਬੈਠਿਆਂ ਵੀ ਇਹ ਕਾਰਜ ਜਾਰੀ ਰਹਿੰਦੇ ਹਨ। ਅਜਿਹਾ ਵਿਵਹਾਰ ਪਰਿਵਾਰਕ ਰਿਸ਼ਤਿਆਂ ਨੂੰ ਖੋਰੂ ਲਗਾਉਣ ਵਾਲਾ ਸਿੱਧ ਹੁੰਦਾ ਹੈ। ਪਰਿਵਾਰਕ ਰਿਸ਼ਤਿਆਂ ਦੀ ਸਾਂਝ ਨੂੰ ਪਕੇਰਾ ਕਰਨਾ ਸਮੇਂ ਦੀ ਅਣਸਰਦੀ ਲੋੜ ਹੈ। ਜ਼ਰੂਰੀ ਹੈ ਕਿ ਇਹ ਸਾਂਝ ਸਦੀਵੀ ਬਣੀ ਰਹੇ। ਹਰੇਕ ਪਰਿਵਾਰਕ ਮੈਂਬਰ ਨੂੰ ਚਾਹੀਦਾ ਹੈ ਕਿ ਉਹ ਮੋਬਾਈਲ ਫੋਨ ਦੀ ਵਰਤੋਂ ਸੰਜਮ ਨਾਲ ਕਰੇ। ਵਧੇਰੇ ਸਮਾਂ ਪਰਿਵਾਰਕ ਮੈਂਬਰਾਂ ਸੰਗ ਬਿਤਾਉਣਾ ਚਾਹੀਦਾ ਹੈ। ਬੱਚਿਆਂ ਨੂੰ ਵੀ ਮੋਬਾਈਲ ਫੋਨ ਦੀ ਵਰਤੋਂ ਸੰਜਮ ਨਾਲ ਹੀ ਕਰਨ ਦੇਣੀ ਚਾਹੀਦੀ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਸੰਗ ਵਧੇਰੇ ਸਮਾਂ ਗੱਲਬਾਤ ਕਰਦਿਆਂ ਹੀ ਲੰਘਾਉਣਾ ਚਾਹੀਦਾ ਹੈ। ਮੋਬਾਈਲ ਦੀ ਵਰਤੋਂ ਨੂੰ ਖ਼ਤਮ ਤਾਂ ਨਹੀਂ ਕੀਤਾ ਜਾ ਸਕਦਾ, ਪਰ ਇਸ ਦੀ ਵਰਤੋਂ ਸਹਿਜ ਨਾਲ ਕੀਤੀ ਜਾ ਸਕਦੀ ਹੈ ਤਾਂ ਜੋ ਪਰਿਵਾਰਕ ਰਿਸ਼ਤਿਆਂ ਦਾ ਨਿੱਘ ਬਰਕਰਾਰ ਰਹੇ।
ਸੰਪਰਕ : 98762-24461