ਸੁਰਜੀਤ ਜੱਸਲ
ਪੰਜਾਬੀ ਸਿਨਮਾ ਦੇ ਸਰਗਰਮ ਦੌਰ ਵਿੱਚ ਅਨੇਕਾਂ ਖੂਬਸੂਰਤ, ਕਲਾਵਾਨ ਚਿਹਰੇ ਉੱਭਰ ਕੇ ਆ ਰਹੇ ਹਨ ਜੋ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰਨ ਦੀ ਸਮਰੱਥਾ ਰੱਖਦੇ ਹਨ। ਇਨ੍ਹਾਂ ਵਿੱਚ ਹੀ ਇੱਕ ਨਾਂ ਹੈ ਮੋਲੀਨਾ ਸੋਢੀ, ਜੋ ਫਿਲਮ ‘ਵਿੱਚ ਬੋਲੂੰਗਾ ਤੇਰੇ’ ਨਾਲ ਪੰਜਾਬੀ ਪਰਦੇ ਦਾ ਸ਼ਿੰਗਾਰ ਬਣੀ ਹੈ। ਦਿੱਲੀ ਦੀ ਜੰਮਪਲ ਪੰਜਾਬੀ
ਪਰਿਵਾਰ ਦੀ ਇਸ ਮੁਟਿਆਰ ਨੇ ਦੱਸਿਆ ਕਿ ਇਹ ਉਸ ਦੀ ਪਹਿਲੀ ਫਿਲਮ ਹੈ। ਇਸ ਤੋਂ ਪਹਿਲਾਂ ਉਸ ਨੇ ਪੰਜਾਬੀ ਦੇ ਅਨੇਕਾਂ ਨਾਮੀਂ ਗਾਇਕਾਂ ਦੇ ਗੀਤਾਂ ਵਿੱਚ ਮਾਡਲਿੰਗ ਕੀਤੀ ਹੈ। ਬਚਪਨ ਤੋਂ ਹੀ ਕਲਾ ਨਾਲ ਜੁੜੇ ਹੋਣ ਕਰਕੇ ਉਸ ਨੇ ਦਿੱਲੀ ਵਿੱਚ ਹੋਏ ਅਨੇਕਾਂ ਮੁਕਾਬਲਿਆਂ ਵਿੱਚ ਭਾਗ ਲਿਆ। ਆਪਣੇ ਫਿਲਮ ਵਿਚਲੇ ਕਿਰਦਾਰ ਬਾਰੇ ਗੱਲ ਕਰਦਿਆਂ ਮੋਲੀਨਾ ਨੇ ਦੱਸਿਆ ਕਿ ਇਸ ਫਿਲਮ ਲਈ ਉਸ ਨੂੰ ਪੰਜਾਬੀ
ਸਿਨਮਾ ਦੇ ਪ੍ਰਸਿੱਧ ਸ਼ਖ਼ਸ ਗੁਰਮੀਤ ਸਾਜਨ ਨੇ ਚੁਣਿਆ ਹੈ। ਇਸ ਵਿੱਚ ਉਸ ਦਾ ਕਿਰਦਾਰ ‘ਸਿਫ਼ਤ’ ਨਾਂ ਦੀ ਕੁੜੀ ਦਾ ਹੈ ਜਿਸ ਦੇ ਗੁਣਾਂ ਦੀ ਹਰ ਕੋਈ ਸਿਫ਼ਤ ਕਰਦਾ ਹੈ। ਸਿਫ਼ਤ ਬਹੁਤ ਸੂਝਵਾਨ, ਪੜ੍ਹੀ ਲਿਖੀ ਅਤੇ ਪਿਆਰੀ ਜਿਹੀ ਕੁੜੀ ਹੈ।
ਗੋਇਲ ਮਿਊਜ਼ਿਕ ਅਤੇ ਵਿਨਰਜ਼ ਫਿਲਮ
ਪ੍ਰੋਡਕਸ਼ਨ ਦੇ ਬੈਨਰ ਹੇਠ ਲੇਖਕ-ਨਿਰਦੇਸ਼ਕ ਮਨਜੀਤ ਸਿੰਘ ਟੋਨੀ ਅਤੇ ਗੁਰਮੀਤ ਸਾਜਨ ਦੀ ਇਸ ਫਿਲਮ ਵਿੱਚ ਰਵਿੰਦਰ ਗਰੇਵਾਲ, ਮੋਲੀਨਾ ਸੋਢੀ, ਜਿੰਮੀ ਸ਼ਰਮਾ, ਗੁਰਮੀਤ ਸਾਜਨ, ਨਿਸ਼ਾ ਬਾਨੋ, ਅਨੀਤਾ ਮੀਤ, ਸੁੱਖੀ ਚਾਹਲ, ਮਨਜੀਤ ਮਨੀ, ਮਲਕੀਤ ਰੌਣੀ, ਪਰਮਿੰਦਰ ਕੌਰ ਗਿੱਲ, ਦਿਲਾਵਰ ਸਿੱਧੂ, ਸੁਖਦੇਵ ਬਰਨਾਲਾ, ਅੰਮ੍ਰਿਤਪਾਲ ਸਿੰਘ ਬਿੱਲਾ, ਸਤਿੰਦਰ ਕੌਰ, ਗੁਰਪ੍ਰੀਤ ਤੋਤੀ, ਜੱਸੀ ਮਾਨ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।
ਮੋਲੀਨਾ ਨੇ ਦੱਸਿਆ ਕਿ ਫਿਲਮ ਵਿੱਚ ਪਹਿਲੀ ਵਾਰ ਕੰਮ ਕਰਦਿਆਂ ਉਸ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਹੈ ਕਿਉਂਕਿ ਗੀਤਾਂ ਦੀ ਅਦਾਕਾਰੀ ਤੇ ਫਿਲਮਾਂ ਦੀ ਅਦਾਕਾਰੀ ਦਾ ਬਹੁਤ ਫ਼ਰਕ ਹੁੰਦਾ ਹੈ। ਭਵਿੱਖ ਵਿੱਚ ਵੀ ਮੈਂ ਪੰਜਾਬੀ ਫਿਲਮਾਂ ਰਾਹੀਂ ਪੰਜਾਬੀ ਦਰਸ਼ਕਾਂ ਦੇ ਸਨਮੁਖ ਹੁੰਦੀ ਰਹਾਂਗੀ।
ਸੰਪਰਕ: 98146-07737