ਸਤਵਿੰਦਰ ਸਿੰਘ ਅਰਾਈਆਂਵਾਲਾ
ਇਕ ਢਲਾਣਦਾਰ ਰਸਤੇ ਵਿਚ ਇਕ ਰੇਹੜੇ ਵਾਲਾ ਆਦਮੀ ਸਾਮਾਨ ਨਾਲ ਲੱਦਿਆ ਰੇਹੜਾ ਲੈ ਕੇ ਜਾ ਰਿਹਾ ਸੀ। ਢਲਾਣ ਤਿੱਖੀ ਹੋਣ ਕਰਕੇ ਉਹ ਰੇਹੜੇ ਨੂੰ ਢਲਾਣ ਪਾਰ ਕਰਵਾਉਣ ਤੋਂ ਅਸਮਰੱਥ ਜਾਪ ਰਿਹਾ ਸੀ। ਉਸ ਨੇ ਬੜੀ ਕੋਸ਼ਿਸ਼ ਕੀਤੀ, ਪਰ ਰੇਹੜਾ ਢਲਾਣ ਕਰਕੇ ਟਸ ਤੋਂ ਮੱਸ ਨਾ ਹੋਇਆ। ਕੋਲੋਂ ਹੀ ਇਕ ਰਾਹੀਂ ਲੰਘਿਆ ਜਾ ਰਿਹਾ ਸੀ ਤਾਂ ਉਸ ਨੇ ਰੇਹੜੇ ਨੂੰ ਮਗਰੋਂ ਧੱਕਾ ਲਗਾ ਦਿੱਤਾ। ਨਤੀਜੇ ਵਜੋਂ ਰੇਹੜਾ ਤਿੱਖੀ ਢਲਾਣ ਪਾਰ ਕਰਕੇ ਮੰਜ਼ਿਲ ਵੱਲ ਤੇਜ਼ੀ ਨਾਲ ਵਧਣ ਲੱਗਾ।
ਪ੍ਰੇਰਨਾ ਵੀ ਇਕ ਧੱਕੇ ਵਾਂਗ ਹੁੰਦੀ ਹੈ, ਜਿਹੜੀ ਵਿਅਕਤੀ ਨੂੰ ਮੰਜ਼ਿਲ ਵੱਲ ਲਿਜਾਣ ’ਚ ਸਹਾਇਤਾ ਕਰਦੀ ਹੈ। ਇਹ ਵਿਅਕਤੀ ’ਚ ਜੋਸ਼ ਭਰ ਦਿੰਦੀ ਹੈ, ਆਤਮਬਲ ਨੂੰ ਬਲਵਾਨ ਬਣਾ ਦਿੰਦੀ ਹੈ, ਸੁੱਤੇ ਵਿਸ਼ਵਾਸ ਨੂੰ ਜਗਾਉਣ ਵਿਚ ਮਦਦ ਕਰਦੀ ਹੈ। ਪ੍ਰੇਰਨਾ ਅੰਦਰੂਨੀ ਤੇ ਬਾਹਰੀ ਦੋ ਤਰ੍ਹਾਂ ਦੀ ਹੈ, ਜਿੱਥੇ ਬਾਹਰੀ ਪ੍ਰੇਰਨਾ ਵਿਅਕਤੀ ਦਾ ਆਤਮਬਲ ਵਿਕਸਤ ਕਰਦੀ ਹੈ, ਉੱਥੇ ਹੀ ਅੰਦਰੂਨੀ ਪ੍ਰੇਰਨਾ ਵਿਅਕਤੀ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ। ਮੰਜ਼ਿਲ ਵੱਲ ਵਧਣ ਲਈ ਕਈ ਵਾਰ ਦੋਹਾਂ ਹੀ ਪ੍ਰੇਰਨਾਵਾਂ ਦੀ ਜ਼ਰੂਰਤ ਪੈਂਦੀ ਹੈ।
ਪ੍ਰੇਰਨਾ, ਪ੍ਰੇਰਨਾ ਬਾਰੇ ਜਾਣਿਆ ਪ੍ਰਾਪਤ ਨਹੀਂ ਹੁੰਦੀ। ਸਾਰਾ ਦਿਨ ਪ੍ਰੇਰਨਾ ਬਾਰੇ ਭਾਸ਼ਣ ਅਤੇ ਕਿਤਾਬਾਂ ਪੜ੍ਹਿਆਂ ਵਿਅਕਤੀ ਪ੍ਰੇਰਿਤ ਨਹੀਂ ਹੋ ਸਕਦਾ, ਇਹ ਸਵਾਏ ਤੋਤਾ ਰਟਣ ਤੋਂ ਹੋਰ ਕੁਝ ਨਹੀਂ। ਬਾਜ਼ਾਰਾਂ ਵਿਚ ਮਿਆਰੀ ਸਾਹਿਤ ਨਾਲੋਂ ਜ਼ਿਆਦਾ ਪ੍ਰੇਰਨਾਦਾਇਕ ਕਿਤਾਬਾਂ ਦੀ ਮੰਗ ਜ਼ਿਆਦਾ ਹੁੰਦੀ ਹੈ। ਇੰਟਰਨੈੱਟ ’ਤੇ ਪ੍ਰੇਰਨਾਦਾਇਕ ਭਾਸ਼ਣਕਰਤਾਵਾਂ ਦੀ ਭਾਲ ਜ਼ਿਆਦਾ ਕੀਤੀ ਜਾਂਦੀ ਹੈ, ਜਿਹੜੇ ਚੰਗੀਆਂ ਚੰਗੀਆਂ ਪ੍ਰੇਰਨਾਦਾਇਕ ਗੱਲਾਂ ਸੁਣਾ ਕੇ ਖ਼ੂਬ ਪੈਸਾ ਅਤੇ ਨਾਮ ਕਮਾ ਰਹੇ ਹਨ।
ਪ੍ਰੇਰਨਾ ਬਾਰੇ ਸੁਣਨਾ ਅਤੇ ਪੜ੍ਹਨਾ ਇਵੇਂ ਹੀ ਜਿਵੇਂ ਪਾਣੀ ਬਾਰੇ ਪੜ੍ਹਦੇ ਰਹਿਣਾ। ਸਾਰਾ ਦਿਨ ‘ਪਾਣੀ ਪਿਆਸ ਬੁਝਾਉਂਦਾ ਹੈ’ ਰਟਦੇ ਰਹਿਣ ਨਾਲ ਪਿਆਸ ਨਹੀਂ ਬੁਝ ਸਕਦੀ, ਇਸ ਲਈ ਪਾਣੀ ਤਕ ਪਹੁੰਚ ਕੇ ਪਾਣੀ ਪੀਣਾ ਪਵੇਗਾ। ਜਿੰਨਾ ਸਮਾਂ ਪਿਆਸ ਨਹੀਂ ਲੱਗੇਗੀ, ਪਾਣੀ ਦੀ ਕਦਰ ਅਤੇ ਲੋੜ ਨਹੀਂ ਮਹਿਸੂਸ ਹੋਵੇਗੀ। ਬੈਗ ਵਿਚ ਪਈ ਪਾਣੀ ਦੀ ਬੋਤਲ ਵੀ ਭਾਰ ਲੱਗੇਗੀ। ਪਰ ਜਦੋਂ ਪਿਆਸ ਲੱਗਦੀ ਹੈ ਤਾਂ ਵਿਅਕਤੀ ਖੂਹ ਪੁੱਟਣ ਤਕ ਜਾਂਦਾ ਹੈ। ਖੂਹ ਪੁੱਟਣੇ ਕਿਸੇ ਨੇ ਸਿਖਾਏ ਨਹੀਂ, ਇਹ ਪਿਆਸ ਦੀ ਜ਼ਰੂਰਤ ਤੋਂ ਨਿਰਮਤ ਹੋਏ ਹਨ।
ਪ੍ਰੇਰਨਾ ਅਤੇ ਪ੍ਰਭਾਵ ਵਿਚ ਫ਼ਰਕ ਹੁੰਦਾ ਹੈ। ਜੜਾਂ ਰਾਹੀਂ ਮਿਲਿਆ ਧਰਤੀ ਦਾ ਪਾਣੀ ਪ੍ਰੇਰਨਾ ਵਾਂਗ ਹੈ, ਜਿਹੜਾ ਸਦਾ ਦਰੱਖਤ ਨੂੰ ਹਰਿਆ ਭਰਿਆ ਰੱਖਦਾ ਹੈ। ਮੀਂਹ ਕਰਕੇ ਪੱਤਿਆਂ ’ਤੇ ਖੜ੍ਹੀ ਤਰੇਲ ਪ੍ਰਭਾਵ ਵਾਂਗ ਹੈ, ਜਿਹੜੀ ਇਕ ਵਾਰ ਤਾਂ ਪੱਤਿਆਂ ਨੂੰ ਸਿੱਲ ਦੇ ਕੇ ਹਰਿਆ ਕਰ ਦੇਵੇਗੀ, ਪਰ ਹਵਾ ਦੇ ਇਕ ਝੋਕੇ ਨਾਲ ਝੱਟ ਝੜ ਜਾਵੇਗੀ। ਪ੍ਰੇਰਨਾ ਸਦੀਵੀ ਹੁੰਦੀ ਹੈ ਜਦੋਂਕਿ ਪ੍ਰਭਾਵ ਥੋੜ੍ਹਾ ਚਿਰ ਰਹਿੰਦਾ ਹੈ। ਕਾਮਯਾਬੀ ਦੀਆਂ ਵੱਡੀਆਂ ਵੱਡੀਆਂ ਗੱਲਾਂ ਸੁਣ ਕੇ ਇਕ ਵਾਰ ਤਾਂ ਵਿਅਕਤੀ ਕਾਮਯਾਬ ਜਾਂ ਮਹਾਨ ਬਣਾਉਣ ਦੇ ਸੁਪਨੇ ਸਿਰਜ ਬੈਠਦਾ ਹੈ, ਪਰ ਜਲਦ ਹੀ ਮਾਹੌਲ ਬਦਲਣ ਨਾਲ ਉਸ ਦਾ ਮਹਾਨ ਬਣਨ ਦਾ ਸੁਪਨਾ ਉੱਡ-ਪੁੱਡ ਜਾਂਦਾ ਹੈ।
ਸਾਡਾ ਮਨ ਦੁਨੀਆਂ ਦੀ ਸਭ ਤੋਂ ਤਾਕਤਵਰ ਚੀਜ਼ ਹੈ, ਇਸ ਵਰਗਾ ਨਾ ਤਾਂ ਕੋਈ ਮਿੱਤਰ ਹੈ ਅਤੇ ਨਾ ਹੀ ਕੋਈ ਦੁਸ਼ਮਣ। ਇਹ ਅਸੀਮ ਸ਼ਕਤੀਆਂ ਦਾ ਭੰਡਾਰ ਹੈ। ਅਸਲ ਸਮੱਸਿਆ ਇਹ ਹੈ ਕਿ ਸਾਡਾ ਮਨ ਭਟਕਿਆ ਹੋਇਆ ਹੈ, ਇਸ ਨੂੰ ਕੋਈ ਦਿਸ਼ਾ ਨਹੀਂ ਮਿਲ ਰਹੀਂ। ਭਟਕਿਆ ਮਨ ਬੇਲਗਾਮ ਘੋੜੇ ਵਾਂਗ ਹੁੰਦਾ ਹੈ, ਜਿਸ ਵਿਚ ਬਲ ਤੇ ਸ਼ਕਤੀ ਤਾਂ ਹੁੰਦੀ ਹੈ, ਪਰ ਉਹ ਕਿਸੇ ਕੰਮ ਨਹੀਂ ਆਉਂਦੀ। ਜੇ ਘੋੜੇ ਨੂੰ ਲਗਾਮ ਪਾ ਕੇ ਉਸ ਦੀ ਸਵਾਰੀ ਕੀਤੀ ਜਾਵੇ ਤਾਂ ਉਹ ਮੀਲਾਂ ਦਾ ਪੰਧ ਘੰਟਿਆਂ ’ਚ ਮੁਕਾ ਕੇ ਸਾਨੂੰ ਮੰਜ਼ਿਲ ਦੇ ਬੂਹੇ ਸਾਹਮਣੇ ਲਿਜਾ ਖੜ੍ਹਾਉਂਦਾ ਹੈ। ਲੋੜ ਮਨ ਨੂੰ ਦਿਸ਼ਾ ਦੇਣ ਦੀ ਹੈ। ਇਸ ਦੀ ਸ਼ਕਤੀ ਨੂੰ ਕੇਂਦਰਿਤ ਕਰਨ ਦੀ ਹੈ। ਕੇਂਦਰੀਕਰਨ ਹੀ ਤਾਕਤਾਂ ਨੂੰ ਮਹਾਂਤਾਕਤਵਰ ਬਣਾਉਂਦਾ ਹੈ।
ਜਦੋਂ ਤੁਹਾਡੇ ਇਰਾਦੇ ਇਕ ਹੁੰਦੇ ਹਨ ਤਾਂ ਸਮੁੱਚੀ ਕਾਇਨਾਤ ਤੁਹਾਨੂੰ ਪ੍ਰੇਰਿਤ ਕਰਦੀ ਪ੍ਰਤੀਤ ਹੋਵੇਗੀ। ਕੁਦਰਤ ਤੁਹਾਡੇ ਲਈ ਨਵੇਂ ਰਾਹ ਖੋਲ੍ਹ ਦੇਵੇਗੀ, ਮੰਜ਼ਿਲ ਤੁਹਾਡੇ ਵੱਲ ਆਪ ਵਧ ਕੇ ਆਵੇਗੀ। ਜੇਕਰ ਤੁਹਾਡੇ ਟੀਚੇ ਦ੍ਰਿੜ ਨਹੀਂ ਹਨ ਤਾਂ ਦੁਨੀਆਂ ਦਾ ਕੋਈ ਵੀ ਵਿਅਕਤੀ ਤੁਹਾਨੂੰ ਪ੍ਰੇਰਿਤ ਨਹੀਂ ਕਰ ਸਕਦਾ। ਦ੍ਰਿੜਤਾ ਪ੍ਰੇਰਨਾ ਦੀ ਪਹਿਲੀ ਪੌੜੀ ਹੈ।
ਸਦੀਵੀ ਪ੍ਰੇਰਨਾ ਨੂੰ ਕਾਇਮ ਕਰਨ ਲਈ ਨੀਹਾਂ ਦੀ ਮਜ਼ਬੂਤੀ ਜ਼ਰੂਰੀ ਹੁੰਦੀ ਹੈ। ਉੱਚੀਆਂ ਮੰਜ਼ਿਲਾਂ ਦੀ ਜਿੰਨੀ ਨੀਂਹ ਡੂੰਘੀ ਹੋਵੇਗੀ, ਓਨੀ ਹੀ ਮੰਜ਼ਿਲ ਹਨੇਰੀਆਂ ਤੂਫਾਨਾਂ ਦਾ ਸਾਹਮਣਾ ਕਰਨ ਦੇ ਯੋਗ ਬਣੇਗੀ। ਨੀਂਹ ਦੀ ਮਜ਼ਬੂਤੀ ਦੀ ਸ਼ਰਤ ਇਹ ਵੀ ਹੈ ਕਿ ਇਕੋ ਮੰਜ਼ਿਲ ਦੀ ਇਕ ਹੀ ਨੀਂਹ ਹੋਵੇ, ਭਾਵ ਕਿ ਇਸ ਪ੍ਰਕਾਰ ਦੀ ਮੰਜ਼ਿਲ ਉਸਾਰਨੀ ਹੈ, ਉਹੋ ਜਿਹੀ ਹੀ ਯੋਗ ਨੀਂਹ ਤਿਆਰ ਕੀਤੀ ਜਾਵੇ। ਜ਼ਿੰਦਗੀ ਦੀ ਮੰਜ਼ਿਲ ਉਸਾਰਨ ਲਈ ਦਿਮਾਗ਼ ਅਤੇ ਮਨ ਨੂੰ ਇਕ ਕਰਨਾ ਪਵੇਗਾ। ਕਿਸ਼ਤੀ ਉਹੀ ਪਾਰ ਲੱਗ ਸਕੇਗੀ, ਜਿਸ ਦਾ ਮਲਾਹ ਇਕ ਹੋਵੇ। ਜਿੰਨੇ ਵੱਧ ਸਲਾਹਕਾਰ ਹੋਣਗੇ, ਓਨੇ ਪ੍ਰਬੰਧ ਦੋਸ਼ਸ਼ੀਲ ਬਣਨਗੇ। ਜੇਕਰ ਟੀਚਾ ਇਕ ਹੈ ਤਾਂ ਤਨ ਮਨ ਦੀ ਸ਼ਕਤੀ ਵੀ ਕੇਂਦਰਿਤ ਇਕ ’ਤੇ ਹੀ ਹੋਵੇਗੀ। ਦੋ-ਚਿੱਤੀ ਕਦੇ ਕਾਮਯਾਬ ਨਹੀਂ ਹੁੰਦੀ। ਕਾਮਯਾਬ ਹੋਣ ਲਈ ਇਕ ਹੋਣਾ ਜ਼ਰੂਰੀ ਹੈ।
ਜਦੋਂ ਅੰਦਰੂਨੀ ਅਤੇ ਬਾਹਰੀ ਪ੍ਰੇਰਨਾ ਮਿਲਦੀ ਹੈ ਤਾਂ ਇਹ ਆਤਮਬਲ ਨੂੰ ਇੰਨਾ ਮਜ਼ਬੂਤ ਬਣਾ ਦਿੰਦੀ ਹੈ ਕਿ ਵਿਅਕਤੀ ਮੌਤ ਦੇ ਅੱਗੇ ਵੀ ਛਾਤੀ ਚੌੜੀ ਕਰਕੇ ਖੜ੍ਹ ਜਾਂਦਾ ਹੈ। ਉਦੋਂ ਜਿੱਤ ਜਾਂ ਹਾਰ ਦਾ ਮਸਲਾ ਖ਼ਤਮ ਹੋ ਜਾਂਦਾ ਹੈ, ਦਿਮਾਗ, ਮਨ ਅਤੇ ਸਰੀਰ ਇਕੋ ਦਿਸ਼ਾ ਵੱਲ ਹਰਕਤ ਕਰਦੇ ਹਨ, ਫਿਰ ਆਤਮਬਲ ਇਕ ਅਜਿਹੀ ਸ਼ਕਤੀ ਦਾ ਨਿਰਮਾਣ ਕਰਦਾ ਹੈ, ਜਿਹੜੀ ਸ਼ਕਤੀ ਸਵਾ ਲੱਖ ਨਾਲ ਲੜ ਕੇ ਵੀ ਜਿੱਤਣ ਦਾ ਜਜ਼ਬਾ ਰੱਖਦੀ ਹੈ। ਆਨੰਦਪੁਰ ਸਾਹਿਬ ਦੀ ਲੜਾਈ ਸਮੇਂ ਭਾਈ ਬਚਿੱਤਰ ਸਿੰਘ ਇਕੱਲਾ ਹੀ ਹੱਥ ਵਿਚ ਨਾਗਣੀ ਫੜ ਕੇ ਸ਼ਰਾਬੀ ਪਾਗਲ ਹਾਥੀ ਨਾਲ ਲੜ ਕੇ ਉਸ ਦਾ ਸਿਰ ਨਾਗਣੀ ਦੇ ਇਕੋ ਵਾਰ ਨਾਲ ਵਿੰਨ੍ਹ ਦਿੰਦਾ ਹੈ। ਸਾਹਮਣੇ ਮੌਤ ਬਣ ਕੇ ਆ ਰਹੇ ਸ਼ਰਾਬੀ ਹਾਥੀ ਸਾਹਮਣੇ ਆਮ ਬੰਦਾ ਦੂਰ ਦੂਰ ਤਕ ਟਿਕ ਨਹੀਂ ਸਕਦਾ, ਪਰ ਭਾਈ ਬਚਿੱਤਰ ਸਿੰਘ ਦੇ ਅੰਦਰ ਗੁਰੂ ਦੇ ਥਾਪੜੇ ਦੀ ਪ੍ਰੇਰਨਾ ਅਜਿਹੀ ਸੀ ਕਿ ਉਹ ਇਕੱਲਾ ਹੀ ਸ਼ਕਤੀਸ਼ਾਲੀ ਪਾਗਲ ਸ਼ਰਾਬੀ ਹਾਥੀ ਨਾਲ ਲੜ ਕੇ ਜਿੱਤ ਕੇ ਮੁੜਿਆ।
ਤੁਸੀਂ ਤੁਰੋਗੇ, ਮੰਜ਼ਿਲ ਬਣੇਗੀ। ਮੰਜ਼ਿਲ ਵੱਲ ਵਧੋਗੇ ਤਾਂ ਹੋਰ ਰਾਹੀ ਵੀ ਮਿਲਣਗੇ। ਤੇਜ਼ ਤੁਰਦੇ ਰਾਹੀਂ ਤੁਹਾਨੂੰ ਵੀ ਤੇਜ਼ ਤੁਰਨ ਲਈ ਪ੍ਰੇਰਿਤ ਕਰਨਗੇ, ਤੁਸੀਂ ਵੀ ਤੇਜ਼ ਤੁਰੋਗੇ, ਮੰਜ਼ਿਲ ਵੱਲ ਵਧਦੇ ਜਾਵੋਗੇ, ਰਸਤੇ ਦੇ ਪੱਥਰ ਕੰਡੇ ਤੁਹਾਨੂੰ ਜ਼ਖ਼ਮੀ ਕਰਨਗੇ, ਹੋਰਾਂ ਨੂੰ ਤੁਰਦੇ ਦੇਖ ਤੁਸੀਂ ਜ਼ਖ਼ਮੀ ਹੋ ਕੇ ਵੀ ਤੁਰੋਗੇ। ਤੁਰਦੇ ਤੁਰਦੇ ਮੰਜ਼ਿਲ ਨੇੜੇ ਆਵੇਗੀ ਅਤੇ ਤੁਸੀਂ ਮੰਜ਼ਿਲ ਸਰ ਕਰ ਲਵੋਗੇ, ਪਰ ਇਸ ਲਈ ਤੁਰਨਾ ਪਵੇਗਾ।
ਸੰਪਰਕ: 87290-43571