ਮੁੰਬਈ, 3 ਅਗਸਤ
ਵਿਕਰਮ ਸੇਠ ਦੇ ਨਾਵਲ ’ਤੇ ਆਧਾਰਤ ਮੀਰਾ ਨਾਇਰ ਦੀ ਸੀਰੀਜ਼ ‘ਏ ਸੂਟੇਬਲ ਬੁਆਏ’ ਵਿੱਚ ਮਨ ਕਪੂਰ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਇਸ਼ਾਨ ਖੱਟਰ ਦਾ ਕਹਿਣਾ ਹੈ ਕਿ ਉਸ ਦੇ ਕਿਰਦਾਰ ਦਾ ਸਈਦਾ ਬਾਈ (ਤੱਬੂ) ਨਾਲ ਰਿਸ਼ਤਾ ‘ਵਰਜਿਤ ਇਸ਼ਕ’ ਵਾਲਾ ਹੈ ਪਰ ਇਸ ਨੂੰ ਬਹੁਤ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ।
ਛੇ ਕਿਸ਼ਤਾਂ ਦੀ ਇਸ ਬੀਬੀਸੀ ਸੀਰੀਜ਼ ਨਾਲ ਖੱਟਰ ਟੈਲੀਵਿਜ਼ਨ ਜਗਤ ਵਿੱਚ ਕਦਮ ਰੱਖ ਰਿਹਾ ਹੈ। ਫਿਲਮ ‘ਸਲਾਮ ਬੰਬੇ’, ‘ਮੌਨਸੂਨ ਵੈਡਿੰਗ’ ਅਤੇ ‘ਦਿ ਨੇਮਸੇਕ’ ਜਿਹੀਆਂ ਕੌਮਾਂਤਰੀ ਪੱਧਰ ਦੀਆਂ ਹਿੱਟ ਫਿਲਮਾਂ ਦੇਣ ਵਾਲੀ ਮੀਰਾ ਨਾਇਰ ਨੇ ਇਸ ਸੀਰੀਜ਼ ਦਾ ਨਿਰਦੇਸ਼ਨ ਕੀਤਾ ਹੈ। ਇਹ ਸੀਰੀਜ਼ ਚਾਰ ਵੱਡੇ ਪਰਿਵਾਰਾਂ ਦੀ ਉੱਤਰੀ ਭਾਰਤ ਦੀ 1951 ਦੀ ਕਹਾਣੀ ਹੈ। ਸੀਰੀਜ਼ ਵਿੱਚ ਖੱਟਰ ਇੱਕ ਸਿਆਸਤਦਾਨ ਦੇ ਆਪ-ਮੁਹਾਰੇ ਪੁੱਤਰ ਦੀ ਭੂਮਿਕਾ ਨਿਭਾ ਰਿਹਾ ਹੈ। ਖੱਟਰ ਨੇ ਦੱਸਿਆ, ‘‘ਅੱਜ ਦੇ ਸਮੇਂ ਵਿੱਚ ਵੀ ਅਜਿਹਾ ਰਿਸ਼ਤਾ ਆਮ ਨਹੀਂ ਹੈ। ਕਹਾਣੀ ਅਨੁਸਾਰ ਅਜਿਹਾ ਇਸ਼ਕ ਵਰਜਿਤ ਹੈ। ਉਹ (ਤੱਬੂ) ਮੁਸਲਿਮ ਵੇਸਵਾ ਹੈ, ਉਹ ਹਿੰਦੂ ਪਰਿਵਾਰ ਦੇ ਮੰਤਰੀ ਦਾ ਪੁੱਤਰ ਹੈ ਅਤੇ ਉਸ ਤੋਂ ਅੱਧੀ ਉਮਰ ਦਾ ਹੈ। ਮਨ ਕਪੂਰ ਦੇ ਸਮਾਜ ਵਿੱਚ ਇਸ ਰਿਸ਼ਤੇ ਨੂੰ ਘਟੀਆ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਪਰ ਇਹ ਬਹੁਤ ਖੂਬਸੂਰਤ ਰਿਸ਼ਤਾ ਹੈ।’’
-ਪੀਟੀਆਈ