ਜਰਨੈਲ ਸਿੰਘ ਨੂਰਪੁਰਾ
ਦੇਸ਼ ’ਚ ਮਨਾਏ ਜਾਂਦੇ ਤਿਓਹਾਰਾਂ ’ਚੋਂ ‘ਸਾਂਝੀ ਮਾਈ’ ਦਾ ਤਿਓਹਾਰ ਖ਼ਾਸ ਕਰ ਕੁਆਰੀਆਂ ਲੜਕੀਆਂ ਵੱਲੋਂ ਸ਼ਰਧਾ ਤੇ ਚਾਵਾਂ-ਮਲ੍ਹਾਰਾਂ ਨਾਲ ਮਨਾਇਆ ਜਾਂਦਾ ਹੈ। ਇਸ ਤਿਓਹਾਰ ਦੀ ਸ਼ੁਰੂਆਤ ਦੁਸਹਿਰੇ ਤੋਂ ਦਸ ਦਿਨ ਪਹਿਲਾਂ ਸ਼ੁਰੂ ਹੁੰਦੇ ਨਰਾਤਿਆਂ ਦੇ ਪਹਿਲੇ ਦਿਨ ਹੁੰਦੀ ਹੈ ਜਦੋਂਕਿ ਦੁਸਹਿਰੇ ਵਾਲੇ ਦਿਨ ਦੇ ਪਹੁ-ਫੁਟਾਲੇ ਨਾਲ ਇਹ ਤਿਓਹਾਰ ਖ਼ਤਮ ਹੋ ਜਾਂਦਾ ਹੈ। ਦੇਵੀ-ਦੇਵਤਿਆਂ ਨਾਲ ਜੁੜੀਆਂ ਇਤਿਹਾਸਕ/ਮਿਥਿਹਾਸਕ ਮਿੱਥਾਂ ਪੜ੍ਹਨ-ਸੁਣਨ ’ਤੇ ‘ਸਾਂਝੀ ਮਾਈ’ ਦਾ ਜ਼ਿਕਰ ਇਸ ਤਰ੍ਹਾਂ ਆਉਂਦਾ ਹੈ ਕਿ ਇਹ ਮਾਈ ਕੁਆਰੀਆਂ ਕੰਨਿਆਵਾਂ ਦੀ ‘ਪੂਜਯਾ ਦੇਵੀ’ ਸੀ। ਇਹ ਦੇਵੀ ਬਹੁਤ ਜ਼ਿਆਦਾ ਰੂਪਮਾਨ ਤੇ ਬੇਸ਼-ਕੀਮਤੀ ਗਹਿਣਿਆਂ ਨਾਲ ਕੱਜੀ ਰਹਿੰਦੀ ਸੀ। ਕੁਝ-ਕੁ ਥਾਵਾਂ ’ਤੇ ਸਾਂਝੀ ਮਾਈ ਨੂੰ ਮਾਂ ਦੁਰਗਾ ਦੇਵੀ ਦਾ ਹੀ ਇਕ ਕਲਿਆਣਕਾਰੀ ਰੂਪ ਦੱਸਿਆ ਗਿਆ ਹੈ। ਉੱਤਰ ਪ੍ਰਦੇਸ਼ ’ਚ ਪ੍ਰਚੱਲਿਤ ਧਾਰਨਾ ਅਨੁਸਾਰ ‘ਸਾਂਝੀ ਮਾਈ’ ਦਾ ਪੇਕਾ ਪਿੰਡ ਸਾਂਗਾਨੇਰ ਤੇ ਸਹੁਰਾ ਪਿੰਡ ਅਜਮੇਰ ਸੀ ਜਦੋਂਕਿ ਇਸ ਦੇ ਪਤੀ ਦਾ ਨਾਂ ਕਲਿਆਣ ਜੀ ਦੱਸਿਆ ਗਿਆ ਹੈ। ਰਾਜਸਥਾਨ ਦੀਆਂ ਲੜਕੀਆਂ ਇਸ ਤਿਓਹਾਰ ਨੂੰ ‘ਗਰਾਮ ਦੇਵੀ’ ਦੇ ਨਾਂ ਹੇਠ ਮਨਾਉਂਦੀਆਂ ਹਨ ਜਦੋਂਕਿ ਕਾਂਗੜਾ ’ਚ ਇਸ ਤਿਓਹਾਰ ਦਾ ਨਾਂ ‘ਰਲ਼ੀ ਦਾ ਪੁਰਬ’ ਹੈ।
ਪੰਜਾਬ ’ਚ ਸਾਂਝੀ ਮਾਈ ਦਾ ਤਿਓਹਾਰ ਮਨਾਉਣ ਸਮੇਂ ਲੜਕੀਆਂ ਵੱਲੋਂ ਜਿਹੜੇ ਪਰੰਪਰਿਕ ਗੀਤ ਗਾਏ ਜਾਂਦੇ ਹਨ ਉਨ੍ਹਾਂ ’ਚ ਸਾਂਝੀ ਮਾਈ ਦੇ ਵੰਸ਼ ਜਾਂ ਸਥਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਕਈ ਇਤਿਹਾਸਕਾਰਾਂ ਨੇ ਸਾਂਝੀ ਮਾਈ ਨੂੰ ਸਿੰਧ ਘਾਟੀ ਸੱਭਿਅਤਾ ਦੀ ਮਾਤਾ ਦੇਵੀ ਦਾ ਹੀ ਸਰੂਪ ਦੱਸਿਆ ਹੈ। ਸਾਂਝੀ ਮਾਈ ਤੇ ਉਸ ਨਾਲ ਜੁੜੀਆਂ ਧਾਰਨਾਵਾਂ ਭਾਵੇਂ ਵੱਖਰੀਆਂ-ਵੱਖਰੀਆਂ ਹਨ, ਪਰ ਲੜਕੀਆਂ ਵੱਲੋਂ ਇਹ ਤਿਓਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਦੀ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ।
ਦੁਸਹਿਰੇ ਤੋਂ ਦਸ ਦਿਨ ਪਹਿਲਾਂ ਅੱਸੂ ਮਹੀਨੇ ਦੀ ਮੱਸਿਆ ਵਾਲੇ ਦਿਨ ਲੜਕੀਆਂ ਦਾ ਸਮੂਹ ਚੀਕਣੀ ਮਿੱਟੀ ਦੇ ਬਣਾਏ ਚੰਦ-ਤਾਰਿਆਂ, ਟਿੱਕੀਆਂ ਨਾਲ ਕੰਧ ਉੱਪਰ ਕਾਲਪਨਿਕ ਔਰਤ ਦੀ ਮੂਰਤੀ ਬਣਾਉਂਦੀਆਂ ਹਨ ਜੋ ਉਨ੍ਹਾਂ ਲਈ ‘ਸਾਂਝੀ ਮਾਈ’ ਦੀ ਸੰਪੂਰਨ ਤਸਵੀਰ ਹੁੰਦੀ ਹੈ। ਇਸ ਦਿਨ ਨਰਾਤੇ ਵੀ ਸ਼ੁਰੂ ਹੋ ਜਾਂਦੇੇ ਹਨ ਤੇ ਲੜਕੀਆਂ ਕੋਰੇ ਬਰਤਨਾਂ ’ਚ ਮਿੱਟੀ ਪਾ ਕੇ ਜੌਂਅ ਬੀਜਦੀਆਂ ਹਨ ਜਿਸ ਨੂੰ ‘ਖੇਤਰੀ’ ਆਖਿਆ ਜਾਂਦਾ ਹੈ। ਕੰਧ ਨੂੰ ਲਿੱਪ-ਪੋਚ ਕੇ ਬਣਾਈ ਗਈ ਸਾਂਝੀ ਮਾਈ ਦੀ ਆਕ੍ਰਿਤੀ ਦੀ ਸਜਾਵਟ ਕਰਨ ਲਈ ਸਿੱਪੀਆਂ-ਘੋਗੇ, ਕੌਡੀਆਂ, ਕੱਚ ਦੀਆਂ ਵੰਗਾਂ ਦੇ ਟੋਟਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਹੱਥੀਂ ਬਣਾਏ ਹੋਏ ਫੁੱਲਦਾਰ ਬੂਟੇ, ਜਾਨਵਰਾਂ, ਚਿੜੀ-ਤੋਤਿਆਂ ਨੂੰ ਆਕ੍ਰਿਤੀ ਦੇ ਆਲੇ-ਦੁਆਲੇ ਚਿਪਕਾ ਕੇ ਬੜੀਆਂ ਰੀਝਾਂ ਨਾਲ ਸਜਾਵਟ ਕੀਤੀ ਜਾਂਦੀ ਹੈ। ਕੰਧ ’ਤੇ ਬਣਾਈ ਗਈ ਮਾਤਾ ਦੀ ਆਕ੍ਰਿਤੀ ਸੁੱਕ ਜਾਣ ’ਤੇ ਪੀਲੀ ਮਿੱਟੀ, ਕ੍ਰਿਮਚੀ, ਹਲਦੀ ਤੇ ਸੰਧੂਰ ਆਦਿ ਨਾਲ ਰੰਗ ਕਰਨ ਤੋਂ ਇਲਾਵਾ ਰੰਵ-ਬਿਰੰਗੇ ਕਾਗਜ਼ਾਂ ਦੇ ਟੁਕੜਿਆਂ ਨਾਲ ਦੁਪੱਟਾ, ਘੱਗਰਾ-ਚੋਲੀ ਨਾਲ ਸਾਂਝੀ ਮਾਈ ਦੀ ਆਕ੍ਰਿਤੀ ਨਵ-ਵਿਆਹੁਤਾ ਵਾਂਗ ਸ਼ਿੰਗਾਰੀ ਜਾਂਦੀ ਹੈ। ਲੜਕੀਆਂ ਬੜੀ ਸ਼ਰਧਾ ਤੇ ਰੀਝਾਂ ਨਾਲ ਆਕ੍ਰਿਤੀ ਦੀ ਸਜਾਵਟ ਕਰਦੀਆਂ ਹਨ।
ਜਿਸ ਲੜਕੀ ਦੇ ਘਰ ‘ਸਾਂਝੀ ਮਾਈ’ ਦੀ ਮੂਰਤੀ ਸਜਾਈ ਹੁੰਦੀ ਹੈ, ਸ਼ਾਮ ਸਮੇਂ ਬਾਕੀ ਲੜਕੀਆਂ ਤੇ ਛੋਟੇ ਬੱਚੇ ਟੋਲੀਆਂ ਦੇ ਰੂਪ ’ਚ ਉਸ ਘਰ ਜਾਂਦੇ ਹਨ। ਖ਼ਾਸ ਕਰ ਕੁਆਰੀਆਂ ਲੜਕੀਆਂ ਬੜੀ ਸ਼ਰਧਾ ਭਾਵਨਾ ਨਾਲ ਮੂਰਤੀ ਮੂਹਰੇ ਬੈਠ ਆਰਤੀ ਉਤਾਰਦੀਆਂ ਹੋਈਆਂ ਜਿੱਥੇ ਮਾਈ ਦਾ ਗੁਣਗਾਨ ਕਰਦੀਆਂ ਹਨ ਉੱਥੇ ਸੁਸ਼ੀਲ, ਸੁਨੱਖੇ, ਚਿਰੰਜੀਵੀ ਤੇ ਹਾਣ ਦੇ ਵਰ ਦੀ ਕਾਮਨਾ ਕਰਦੀਆਂ ਹੋਈਆਂ ਗੀਤ ਗਾਉਂਦੀਆਂ ਹਨ:
ਡੋਲਾ ਡੋਲੜੀਆਂ ਵੇ,
ਡੋਲਾ ਭਰਿਆ ਸੰਧੂਰ
ਮੇਰੀ ਸਾਂਝੀ ਦੇ ਮੂੰਹ ਨੂਰ।
ਮੇਰੀ ਸਾਂਝੀ ਦੇ ਮਨ ਧੀਰ,
ਜਿਉਣ ਸਾਂਝੀ ਦੇ ਵੀਰ।
ਆਰਤੀ ਲਗਪਗ ਅੱਧਾ ਘੰਟਾ ਕੀਤੀ ਜਾਂਦੀ ਹੈ। ਉਪਰੰਤ ਸਾਂਝੀ ਮਾਈ ਨੂੰ ਉਸ ਪੰਜੀਰੀ, ਖਿੱਲਾਂ-ਪਤਾਸੇ ਜਾਂ ਮਿੱਠੇ-ਪਕਵਾਨਾਂ ਦਾ ਭੋਗ ਲਵਾਇਆ ਜਾਂਦਾ ਹੈ ਜੋ ਵਾਰੀ ਸਿਰ ਹਰ ਲੜਕੀ ਆਪਣੇ ਘਰੋਂ ਤਿਆਰ ਕਰ ਕੇ ਲਿਆਉਂਦੀ ਹੈ। ਪਕਵਾਨ ਪ੍ਰਸ਼ਾਦ ਦੇ ਰੂਪ ’ਚ ਬੱਚਿਆਂ ’ਚ ਵੰਡੇ ਜਾਂਦੇ ਹਨ। ਸਾਂਝੀ ਮਾਈ ਦੀ ਪੂਜਾ ਨੌਂ ਦਿਨ ਹਰ ਸ਼ਾਮ ਨੂੰ ਬੜੀ ਸ਼ਰਧਾ ਨਾਲ ਕੀਤੀ ਜਾਂਦੀ ਹੈ।
ਦੁਸਹਿਰੇ ਤੋਂ ਇਕ ਦਿਨ ਪਹਿਲਾਂ ਭਾਵ ਕਿ ਨੌਵੇਂ ਨਰਾਤੇ ਦੇ ਦਿਨ ਦੀ ਸ਼ਾਮ ਲੜਕੀਆਂ ਲਈ ਸੋਗਮਈ ਸ਼ਾਮ ਹੁੰਦੀ ਹੈ ਕਿਉਂਕਿ ਸਾਂਝੀ ਮਾਈ ਦੀ ਪੂਜਾ ਦਾ ਉਸ ਦਿਨ ਆਖਰੀ ਦਿਨ ਹੁੰਦਾ ਹੈ। ਇਸ ਦਿਨ ਲੜਕੀਆਂ ਦੇ ਮਨਾਂ ਵਿਚ ਪਹਿਲੇ ਦਿਨਾਂ ਵਰਗਾ ਉਤਸ਼ਾਹ ਨਹੀਂ ਹੁੰਦਾ। ਇਸ ਦਿਨ ਸਮੁੱਚੀਆਂ ਲੜਕੀਆਂ ਆਪੋ-ਆਪਣੇ ਘਰਾਂ ਵਿਚੋਂ ਸ਼ੱਕਰ-ਚਾਵਲ, ਪੰਜੀਰੀ, ਖਿੱਲਾਂ-ਪਤਾਸੇ ਜਾਂ ਹੋਰ ਮਿੱਠੇ ਪਕਵਾਨ ਤਿਆਰ ਕਰਕੇ ਲੈ ਕੇ ਜਾਂਦੀਆਂ ਹਨ। ਸਾਂਝੀ ਮਾਈ ਦੀ ਮਹਿਮਾ ਵਾਲੇ ਗੀਤ, ਆਰਤੀ ਜਾਂ ਪੂਜਾ ਵਗੈਰਾ ਕਰਨ ਉਪਰੰਤ ਮਿੱਠੇ ਪਕਵਾਨਾਂ ਦਾ ‘ਮਾਈ’ ਨੂੰ ਭੋਗ ਲਗਾਉਣ ਉਪਰੰਤ ਸਾਰੀਆਂ ਲੜਕੀਆਂ ਅਤੇ ਛੋਟੇ ਬੱਚੇ ਮਿਲ-ਬੈਠ ਛਕ ਲੈਂਦੇ ਹਨ। ਇਸ ਉਪਰੰਤ ਲੜਕੀਆਂ ਸਾਂਝੀ ਮਾਈ ਦੀ ਅਕ੍ਰਿਤੀ ਕੰਧ ਉਪਰੋਂ ਲਾਹ ਕੇ ਇਕ ਅਣਲੱਗ ਕੱਪੜੇ ’ਚ ਬੰਨ੍ਹ ਰੱਖ ਦਿੰਦੀਆਂ ਹਨ।
ਦਸਵਾਂ ਨਰਾਤਾ, ਜਿਸ ਦਿਨ ਦੁਸਹਿਰੇ ਦਾ ਤਿਉਹਾਰ ਹੁੰਦਾ ਹੈ, ਲੜਕੀਆਂ ਪਹੁ-ਫੁੱਟਣ ਤੋਂ ਪਹਿਲਾਂ ਸਬੰਧਿਤ ਘਰ ਵਿਚ ਇਕੱਤਰ ਹੁੰਦੀਆਂ ਹਨ ਤੇ ਬੱਚਿਆਂ ਦੀ ਬਹੁਤਾਤ ਕਾਰਨ ਇਕ ਹਜ਼ੂਮ ਬਣ ਜਾਂਦਾ ਹੈ। ਸਾਂਝੀ ਮਾਈ ਦੀ ਆਕ੍ਰਿਤੀ ਨੂੰ ਟੋਭੇ ਜਾਂ ਸੂਏ ਦੇ ਪਾਣੀ ’ਚ ਤਾਰਨ ਲਈ ਲਿਜਾਇਆ ਜਾਂਦਾ ਹੈ ਤੇ ਬੱਚੇ ਪਟਾਖੇ ਅਤੇ ਆਤਿਸ਼ਬਾਜ਼ੀ ਵੀ ਚਲਾਉਂਦੇ ਹਨ ਜਦੋਂਕਿ ਲੜਕੀਆਂ ਮਾਈ ਦੇ ਗੁਣਗਾਨ ਵਾਲੇ ਗੀਤ, ਟੱਪੇ ਗਾਉਂਦੀਆਂ ਜਾਂਦੀਆਂ ਹਨ। ਸੂਰਜ ਚੜ੍ਹਨ ’ਤੇ ਲੜਕੀਆਂ ਉਹ ਜੌਂਅ, ਜਿਹੜੇ ਕਿ ਸਾਂਝੀ ਮਾਈ ਦੀ ਆਕ੍ਰਿਤੀ ਬਣਾਉਣ ਵਾਲੇ ਦਿਨ ਕੋਰੇ ਬਰਤਨਾਂ ’ਚ ਬੀਜੇ ਹੁੰਦੇ ਹਨ, ਆਪਣੇ ਭਰਾਵਾਂ ਤੇ ਹੋਰ ਅੰਗਾਂ-ਸਾਕਾਂ ਦੀਆਂ ਪੱਗਾਂ ਵਿਚ ਟੁੰਗਦੀਆਂ ਹਨ ਅਤੇ ਜੌਂਅ ਟੁੰਗਾਈ ਵਜੋਂ ਰੁਪਇਆਂ ਦਾ ਸ਼ਗਨ ਵੀ ਲੈਂਦੀਆਂ ਹਨ। ਇਸ ਤਰ੍ਹਾਂ ਕੁੜੀਆਂ-ਚਿੜੀਆਂ ਦਾ ਸ਼ਰਧਾ ਭਾਵਨਾ ਵਾਲਾ ਸਾਂਝੀ ਮਾਈ ਦਾ ਇਹ ਤਿਉਹਾਰ ਖ਼ਤਮ ਹੋ ਜਾਂਦਾ ਹੈ।
ਸੰਪਰਕ : 98550-13661