ਜੋਗਿੰਦਰ ਕੌਰ ਅਗਨੀਹੋਤਰੀ
ਭੈਣ-ਭਰਾ ਦਾ ਰਿਸ਼ਤਾ ਪਵਿੱਤਰ ਰਿਸ਼ਤਾ ਹੈ। ਇਹ ਰਿਸ਼ਤਾ ਕੱਚੇ ਧਾਗੇ ਦੇ ਬੰਧਨ ਵਿਚ ਵੀ ਪੱਕਾ ਹੈ। ਭੈਣਾਂ ਨੂੰ ਭਰਾਵਾਂ ਉੱਤੇ ਮਾਣ ਹੁੰਦਾ ਹੈ। ਭਰਾ ਵੀ ਆਪਣੀ ਭੈਣ ਖ਼ਾਤਰ ਆਪਣਾ ਆਪ ਕੁਰਬਾਨ ਕਰਦਾ ਹੈ। ਵੀਰ ਦੇ ਵਿਆਹ ਦਾ ਚਾਅ ਅਤੇ ਹੋਰ ਕਾਰ-ਵਿਹਾਰਾਂ ਲਈ ਭੈਣਾਂ ਪਹਿਲਾਂ ਤੋਂ ਹੀ ਆਸ ਲਾ ਲੈਂਦੀਆਂ ਹਨ। ਭਰਾ ਵੀ ਭੈਣ ਦੀ ਹਰ ਆਸ਼ਾ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਭੈਣ ਆਪਣੇ ਭਰਾ ਦੀ ਸੁੱਖ ਮਨਾਉਂਦੀ ਹੈ। ਉਸ ਦੀ ਲੰਮੀ ਉਮਰ ਅਤੇ ਸੁਖੀ ਜੀਵਨ ਦੀ ਕਾਮਨਾ ਕਰਦੀ ਹੈ। ਭੈਣ ਆਪਣੇ ਭਰਾ ਨੂੰ ਆਪਣਾ ਸਭ ਤੋਂ ਵੱਡਾ ਸਹਾਰਾ ਸਮਝਦੀ ਹੈ। ਇਹ ਗੱਲ ਹੈ ਵੀ ਠੀਕ। ਭੈਣ ਨੂੰ ਜੇ ਕੋਈ ਕੁਝ ਕਹਿੰਦਾ ਹੈ ਤਾਂ ਭਰਾ ਬਰਦਾਸ਼ਤ ਨਹੀਂ ਕਰ ਸਕਦਾ। ਭੈਣ ’ਤੇ ਪਈ ਬਿਪਤਾ ਨੂੰ ਵੀ ਭਰਾ ਹੀ ਸੰਭਾਲਦਾ ਹੈ। ਭੈਣ ਹਰ ਕੰਮ ਵਿਚ ਆਪਣੇ ਭਰਾ ਨੂੰ ਹੀ ਅੱਗੇ ਰੱਖਦੀ ਹੈ। ਭੈਣ ਦੇ ਬੱਚਿਆਂ ਦੇ ਵਿਆਹ ਵੇਲੇ ਵੀ ਮਾਮੇ ਦੀ ਭੂਮਿਕਾ ਖਾਸ ਹੁੰਦੀ ਹੈ। ਨ੍ਹਾਈ-ਧੋਈ ਤੋਂ ਬਾਅਦ ਭਾਣਜੇ ਜਾਂ ਭਾਣਜੀ ਨੂੰ ਮਾਮਾ ਹੀ ਚੌਂਕੀਓਂ ਲਾਹੁੰਦਾ ਹੈ। ਨ੍ਹਾਈ- ਧੋਈ ਵੇਲੇ ਇਹ ਗੀਤ ਗਾਇਆ ਜਾਂਦਾ ਹੈ:
ਆਂਗਨ ਸਾਡੇ ਚਿਕੜਾ ਨੀਂ,
ਕੀਹਨੇ ਡੋਲ੍ਹਿਆ ਪਾਣੀ।
ਮਾਮੇ ਦਾ ਭਾਣਜਾ ਨ੍ਹਾਤੜਾ
ਨੀਂ, ਉਹਨੇ ਡੋਲ੍ਹਿਆ ਪਾਣੀ।
ਸੋ ਭਾਣਜੇ ਦੇ ਵਿਆਹ ਵਿਚ ਸਭ ਤੋਂ ਪਹਿਲਾਂ ਮਿਲਣੀ ਮਾਮੇ ਦੀ ਹੀ ਕਰਵਾਈ ਜਾਂਦੀ ਹੈ। ਮੁੰਡੇ ਦੇ ਸਹੁਰਿਆਂ ਵੱਲੋਂ ਮਾਮੇ ਨੂੰ ਛਾਪ (ਮੁੰਦਰੀ) ਪਾ ਕੇ ਮਿਲਣੀ ਕੀਤੀ ਜਾਂਦੀ ਹੈ। ਸੋ ਭੈਣ ਦੇ ਜੀਵਨ ਵਿਚ ਭਰਾ ਦੀ ਅਹਿਮ ਭੂੁਮਿਕਾ ਹੁੰਦੀ ਹੈ। ਭੈਣ ਵੀ ਆਪਣੇ ਭਰਾ ਦੀ ਪ੍ਰਸੰਸਾ ਦੇ ਪੁਲ ਬੰਨ੍ਹਦੀ ਨਹੀਂ ਥੱਕਦੀ। ਉਸ ਨੂੰ ਆਪਣਾ ਭਰਾ ਦੁਨੀਆ ਦੀ ਹਰ ਕੀਮਤੀ ਵਸਤੂ ਤੋਂ ਉੱਤੇ ਲੱਗਦਾ ਹੈ। ਉਹ ਆਪਣੇ ਭਰਾ ਬਾਰੇ ਕਹਿੰਦੀ ਹੈ:
ਮੇਰਾ ਵੀਰ ਮਰੂਏ ਦਾ ਬੂਟਾ,
ਆਉਂਦੇ ਜਾਂਦੇ ਲੈਂਦੇ ਵਾਸ਼ਨਾ।
ਬਾਕੀ ਰਿਸ਼ਤਿਆਂ ਵਿਚ ਭਾਵੇਂ ਕਿੰਨੇ ਭਰਾ ਹੋਣ, ਪਰ ਆਪਣੇ ਭਰਾ ਦਾ ਮਾਣ ਵੱਖਰਾ ਹੀ ਹੁੰਦਾ ਹੈ। ਭੈਣ ਆਪਣੇ ਭਰਾ ਨੂੰ ਆਪਣੇ ਦਿਲ ਦੀ ਗੱਲ ਬੇਝਿਜਕ ਕਹਿ ਦਿੰਦੀ ਹੈ। ਉਸ ਨੂੰ ਨਿਹੋਰਾ ਵੀ ਦਿੰਦੀ ਹੈ, ਪਰ ਬੇਗਾਨੇ ਭਰਾਵਾਂ ਨੂੰ ਕੁਝ ਕਹਿਣ ਵੇਲੇ ਬਹੁਤ ਕੁਝ ਸੋਚਣਾ ਪੈਂਦਾ ਹੈ। ਉਸ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਭਰਾ ਨੂੰ ਬਿਨਾਂ ਕਹੇ ਹੀ ਆਪਣੇ ਫ਼ਰਜ਼ ਯਾਦ ਹੁੰਦੇ ਹਨ। ਬੇਗਾਨਿਆਂ ਤੇ ਆਪਣਿਆਂ ਵਿਚ ਉਹ ਆਪ ਹੀ ਫ਼ਰਕ ਲੱਭ ਲੈਂਦੀ ਹੈ:
ਛੱਕਾਂ ਪੂਰਦੇ ਅੰਮਾਂ ਦੇ ਜਾਏ,
ਚਾਚੇ-ਤਾਏ ਮਤਲਬ ਦੇ।
ਭਰਾ ਤੋਂ ਬਗੈਰ ਭੈਣ ਆਪਣੇ ਆਪ ਨੂੰ ਊਣੀ ਸਮਝਦੀ ਹੈ। ਭਰਾ ਨਾ ਹੋਣ ਦੀ ਸੂਰਤ ਵਿਚ ਉਹ ਰੱਬ ਕੋਲੋਂ ਮੰਗ ਕਰਦੀ ਹੈ। ਉਸ ਨੂੰ ਬਾਕੀ ਸੁੱਖ ਸੁਵਿਧਾਵਾਂ ਦੀ ਪਰਵਾਹ ਨਹੀਂ:
ਇਕ ਵੀਰ ਦੇਈਂ ਵੇ ਰੱਬਾ,
ਸਹੁੰ ਖਾਣ ਨੂੰ ਬੜਾ ਚਿੱਤ ਕਰਦਾ।
ਭੈਣਾਂ ਨੂੰ ਭਰਾਵਾਂ ਦਾ ਇੰਨਾ ਮਾਣ ਹੁੰਦਾ ਹੈ ਕਿ ਉਹ ਕਿਸੇ ਦਾ ਰੋਹਬ ਨਹੀਂ ਮੰਨਦੀਆਂ। ਉਹ ਆਪਣੇ ਭਰਾ ਦੇ ਰੋਹਬ ਬਾਰੇ ਕਹਿੰਦੀਆਂ ਹਨ:
ਠਾਣੇਦਾਰ ਦੇ ਬਰੋਬਰ ਡਹਿੰਦੀ,
ਕੁਰਸੀ ਮੇਰੇ ਵੀਰ ਦੀ।
ਭੈਣਾਂ ਦੇ ਦਿਲ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਭਰਾ ਚੰਗੇ ਪੜ੍ਹੇ-ਲਿਖੇ ਅਤੇ ਉੱਚੇ ਅਹੁਦੇ ’ਤੇ ਹੋਣ। ਉਹ ਰੱਬ ਤੋਂ ਮੰਗ ਕਰਦੀਆਂ ਹਨ:
ਦੋ ਵੀਰ ਦੇਈਂ ਵੇ ਰੱਬਾ,
ਇਕ ਮੁਨਸ਼ੀ ਤੇ ਦੂਜਾ ਪਟਵਾਰੀ।
ਸਾਵਣ ਦਾ ਮਹੀਨਾ ਆਉਂਦਾ ਤਾਂ ਕੁੜੀਆਂ ਪੇਕੇ ਤੀਆਂ ਮਨਾਉਣ ਆਉਂਦੀਆਂ। ਸਹੁਰੇ ਬੈਠੀਆਂ ਭੈਣਾਂ ਨੂੰ ਭਰਾ ਸੰਧਾਰੇ ਦੇ ਕੇ ਆਉਂਦੇ ਹਨ। ਉਸ ਸੰਧਾਰੇ ਵਿਚ ਸੂਟ, ਸੇਵੀਆਂ, ਸ਼ੱਕਰ ਜਾਂ ਦੇਸੀ ਖੰਡ ਜਿਹਾ ਸਾਮਾਨ ਦੇਣ ਦਾ ਰਿਵਾਜ ਹੈ। ਜੇਕਰ ਅਜਿਹੇ ਮੌਕੇ ਭੈਣ ਨੂੰ ਦੂਰੋਂ ਆਉਂਦੇ ਭਰਾ ਦਾ ਪਤਾ ਲੱਗ ਜਾਵੇ ਤਾਂ ਉਹ ਖ਼ੁਸ਼ੀ ਵਿਚ ਫੁੱਲੀ ਨਹੀਂ ਸਮਾਉਂਦੀ। ਉਹ ਕਹਿੰਦੀ ਹੈ:
ਹੱਥ ਗਠੜੀ, ਰੁਮਾਲ, ਪੱਲੇ ਸੇਵੀਆਂ
ਔਹ ਵੀਰ ਮੇਰਾ ਕੁੜੀਓ।
ਕਈ ਵਾਰ ਸੌਣ ਦੇ ਮਹੀਨੇ ਵਿਚ ਕਿਸੇ ਮਜਬੂਰੀ-ਵੱਸ ਕਿਸੇ ਲੜਕੀ/ਔਰਤ ਦਾ ਸੰਧਾਰਾ ਖੁੰਝ ਜਾਵੇ ਤਾਂ ਉਹ ਉਦਾਸ ਹੋ ਜਾਂਦੀ ਹੈ। ਉੱਤੋਂ ਸੱਸ ਵੀ ਸੌਣ ਦਾ ਮਹੀਨਾ ਗੁਜ਼ਰਦਾ ਜਾਂਦਾ ਦੇਖ ਕੇ ਸੰਧਾਰਾ ਨਾ ਆਉਣ ਕਾਰਨ ਮਿਹਣਾ ਦਿੰਦੀ ਹੈ:
ਬਹੁਤਿਆਂ ਭਰਾਵਾਂ ਵਾਲੀਏ,
ਤੈਨੂੰ ਤੀਆਂ ਨੂੰ ਲੈਣ ਨੀਂ ਆਏ।
ਅੱਕੀ ਤਾਂ ਉਹ ਪਹਿਲਾਂ ਹੀ ਬੈਠੀ ਹੁੰਦੀ ਹੈ। ਸੱਸ ਦੀ ਮਾਰੀ ਬੋਲੀ ਨਾਲ ਉਸ ਨੂੰ ਸੱਤੀਂ ਕੱਪੜੀਂ ਅੱਗ ਲੱਗ ਜਾਂਦੀ ਹੈ ਤਾਂ ਉਹ ਜਵਾਬ ਦਿੰਦੀ ਹੈ:
ਸੱਸੀਏ ਵੜੇਂਵੇਂ ਅੱਖੀਏ,
ਤੈਥੋਂ ਡਰਦੇ ਲੈਣ ਨੀਂ ਆਏ।
ਭੈਣ ਆਪਣੇ ਭਰਾ ਬਾਰੇ ਨਾ ਤਾਂ ਕੁਝ ਸੁਣ ਸਕਦੀ ਹੈ ਅਤੇ ਨਾ ਹੀ ਸਹਿ ਸਕਦੀ ਹੈ। ਉਹ ਤਾਂ ਦੁਆਵਾਂ ਨਾਲ ਆਪਣੇ ਭਰਾ ਨੂੰ ਤੱਤੀ ’ਵਾ ਵੀ ਨਹੀਂ ਲੱਗਣ ਦੇਣਾ ਚਾਹੁੰਦੀ। ਉਹੀ ਉਸ ਦਾ ਦੁੱਖ ਹਰਤਾ ਹੈ। ਉਂਜ ਹੈ ਵੀ ਸਚਾਈ। ਭਰਾ ਹੀ ਭੈਣਾਂ ਦਾ ਸਾਥ ਦਿੰਦੇ ਹਨ। ਭੈਣ ਆਪਣੇ ਭਰਾ ਨਾਲ ਹਰ ਦੁੱਖ-ਸੁਖ ਸਾਂਝਾ ਕਰਦੀ ਹੈ। ਜੇ ਉਸ ਨੂੰ ਕੋਈ ਮਿਹਣਾ ਦਿੰਦਾ ਹੈ ਜਾਂ ਕੌੜਾ ਬੋਲ ਬੋਲਦਾ ਹੈ ਤਾਂ ਉਹ ਆਪਣੇ ਭਰਾ ਨੂੰ ਦੱਸਦੀ ਹੈ। ਭਰਾ ਵੀ ਆਪਣਾ ਫ਼ਰਜ਼ ਸਮਝਦਾ ਹੈ। ਉਹ ਆਪਣੀ ਭੈਣ ਦੇ ਸਭ ਦੁਖ ਸੁਣਦਾ ਹੈ। ਉਹ ਆਪਣੀ ਭੈਣ ਨੂੰ ਸਮਝਾ ਕੇ ਉਸ ਦਾ ਗੁੱਸਾ ਠੰਢਾ ਕਰਦਾ ਹੈ ਤੇ ਉਸ ਨੂੰ ਦਿਲਾਸਾ ਵੀ ਦਿੰਦਾ ਹੈ। ਭੈਣ ਨੂੰ ਆਪਣਾ ਵੈਲੀ ਭਰਾ ਵੀ ਬਹੁਤ ਚੰਗਾ ਲੱਗਦਾ ਹੈ। ਉਹ ਉਸ ਦੇ ਵੈਲੀਪੁਣੇ ਦੀਆਂ ਵੀ ਤਾਰੀਫ਼ਾਂ ਕਰਦੀ ਹੈ। ਉਸ ਦਾ ਭਰਾ ਸੰਮਾਂ ਵਾਲੀ ਡਾਂਗ ਹੱਥ ਵਿਚ ਰੱਖਦਾ ਹੈ। ਇਹ ਵੀ ਉਸ ਲਈ ਮਾਣ ਵਾਲੀ ਗੱਲ ਹੈ। ਉਹ ਆਪਣੇ ਭਰਾ ਦੇ ਔਗੁਣਾਂ ਨੂੰ ਨਜ਼ਰਅੰਦਾਜ਼ ਕਰਕੇ ਉਸ ਦੀ ਵਡਿਆਈ ਕਰਦੀ ਹੈ:
ਜਿੱਥੇ ਵੱਜਦੀ ਬੱਦਲ ਵਾਂਗੂੰ ਗੱਜਦੀ,
ਕਾਲੀ ਡਾਂਗ ਮੇਰੇ ਵੀਰ ਦੀ।
ਇਸ ਤਰ੍ਹਾਂ ਭੈਣਾਂ ਨੂੰ ਭਰਾਵਾਂ ਦੇ ਪਿਆਰ ਦੀ ਇਹ ਸਿੱਖਿਆ ਲੋਕ-ਗੀਤਾਂ ਰਾਹੀਂ ਬਚਪਨ ਤੋਂ ਹੀ ਦਿੱਤੀ ਜਾਂਦੀ ਹੈ:
ਕਿੱਕਲੀ ਕਲੀਰ ਦੀ,
ਪੱਗ ਮੇਰੇ ਵੀਰ ਦੀ,
ਦੁਪੱਟਾ ਭਰਜਾਈ ਦਾ,
ਫਿੱਟੇ ਮੂੰਹ ਜਵਾਈ ਦਾ।
ਭੈਣ ਆਪਣੇ ਭਰਾ ਦੀ ਔਖ ਬਿਲਕੁਲ ਬਰਦਾਸ਼ਤ ਨਹੀਂ ਕਰਦੀ। ਉਹ ਤਾਂ ਉਸ ਲਈ ਅਸੀਸਾਂ ਦੀ ਝੜੀ ਲਾ ਦੇਣਾ ਚਾਹੁੰਦੀ ਹੈ। ਉਹ ਚਾਹੁੰਦੀ ਹੈ ਕਿ ਉਸ ਦੇ ਭਰਾ ਨੂੰ ਤੱਤੀ ਲੋਅ ਜਾਂ ਧੁੱਪ ਵੀ ਨਾ ਲੱਗੇ:
ਵੀਰਾ ਵੇ ਪਟਵਾਰੀਆ,
ਧੁੱਪੇ ਮਿਣਦਾ ਥਾਂ।
ਜੇ ਮੈਂ ਹੋਵਾਂ ਬੱਦਲੀ,
ਤੈਨੂੰ ਕਰਦਿਆਂ ਛਾਂ।
ਭੈਣ ਹੋਰ ਸਭ ਗੱਲਾਂ ਸਹਿ ਜਾਂਦੀ ਹੈ, ਪਰ ਆਪਣੇ ਭਰਾ ਨੂੰ ਦਿੱਤੀ ਗਾਲ੍ਹ ਨਹੀਂ ਸਹਿ ਸਕਦੀ। ਉਹ ਉਸ ਦਾ ਜਵਾਬ ਵਧਾ-ਚੜ੍ਹਾ ਕੇ ਦਿੰਦੀ ਹੈ। ਸੱਸ ਤੇ ਨੂੰਹ ਦਾ ਰਿਸ਼ਤਾ ਭਾਵੇਂ ਉਮਰ ਭਰ ਨਿਭਣ ਵਾਲਾ ਹੈ, ਪਰ ਫਿਰ ਵੀ ਇਸ ਵਿਚ ਨੋਕ-ਝੋਕ ਚਲਦੀ ਰਹਿੰਦੀ ਹੈ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਬੇਗਾਨੀਆਂ ਮਾਵਾਂ ਕਦੇ ਵੀ ਆਪਣੀਆਂ ਨਹੀਂ ਬਣਦੀਆਂ ਤੇ ਨਾ ਹੀ ਬੇਗਾਨੀਆਂ ਧੀਆਂ ਆਪਣੀਆਂ ਬਣਦੀਆਂ ਹਨ। ਦੂਜੇ ਪਾਸੇ ਇਹ ਗੱਲ ਸਹੀ ਹੈ ਕਿ ਭਾਵੇਂ ਮਾਂ ਆਪਣੀ ਧੀ ਨਾਲ ਕੋਈ ਕਸਰ ਬਾਕੀ ਨਾ ਛੱਡੇ, ਪਰ ਧੀ ਫੇਰ ਵੀ ਮਾਂ ਦੇ ਪੱਖ ਵਿਚ ਹੀ ਖੜ੍ਹਦੀ ਹੈ। ਸੱਸ ਖੇਤ ਗਈ ਨੂੰਹ ਨੂੰ ਕੱਖ ਲਿਆਉਣ ਲਈ ਕਹਿੰਦੀ ਹੈ। ਕੱਖ ਨਾ ਲਿਆਏ ਜਾਣ ਦੀ ਸੂਰਤ ਵਿਚ ਗਾਲ੍ਹ ਕੱਢ ਬੈਠਦੀ ਹੈ:
ਬਾਹਰੋਂ ਆਈ ਭੱਜੀ ਭਜਾਈ
ਐਡੀ ਕਿਹੜੀ ਪਰਲੋ ਆਈ।
ਭਰਾਵਾਂ ਪਿੱਟੀਏ! ਕੱਟਿਆਂ-
ਵੱਛਿਆਂ ਨੂੰ ਕੱਖ ਕਿਉਂ ਨਾ ਲਿਆਈ।
ਰਿਸ਼ਤਾ ਤਾਂ ਪਹਿਲਾਂ ਹੀ ਖਹਿੜਵਾਂ ਸੀ। ਗਾਲ੍ਹ ਕੱਢਣ ’ਤੇ ਤਾਂ ਬਸ ਮਿੱਟੀ ਦਾ ਤੇਲ ਹੀ ਪੈ ਗਿਆ। ਨੂੰਹ ਨੂੰ ਤਾਂ ਭਰਾਵਾਂ ਦੀ ਗਾਲ੍ਹ ਸੁਣ ਕੇ ਹੀ ਚੜ੍ਹ ਗਈਆਂ। ਉਸ ਨੇ ਦੋ ਦੀਆਂ ਚਾਰ ਸੁਣਾਈਆਂ। ਉਹ ਸੱਸ ਦਾ ਸਾਰਾ ਟੱਬਰ ਪੁਣ ਦਿੰਦੀ ਹੈ। ਇਹ ਹੈ ਉਸ ਦਾ ਭਰਾ ਪ੍ਰਤੀ ਪਿਆਰ।
ਕਈ ਵਾਰ ਘਰਾਂ ਦੇ ਵੰਡ-ਵੰਡਾਰੇ ਵੇਲੇ ਭੈਣਾਂ, ਭਰਾਵਾਂ ਵਿਚ ਕਹੀ-ਸੁਣੀ ਵੀ ਹੋ ਜਾਂਦੀ ਹੈ। ਰਿਸ਼ਤਿਆਂ ਵਿਚ ਖੜੋਤ ਜਿਹੀ ਆ ਜਾਂਦੀ ਹੈ। ਆਪਣਿਆਂ ਨਾਲ ਗੁੱਸੇ ਹੋਣ ’ਤੇ ਅੰਦਰੂਨੀ ਮੋਹ ਨਹੀਂ ਟੁੱਟਦਾ। ਉਨ੍ਹਾਂ ਨੂੰ ਆਪਣੀਆਂ ਭਾਵਨਾਵਾਂ ਦਬਾਉਣੀਆਂ ਪੈਂਦੀਆਂ ਹਨ। ਦੱਬੀਆਂ ਭਾਵਨਾਵਾਂ ਨਾਲ ਵੀ ਉਹ ਇਕ-ਦੂਜੇ ਦੀ ਗੱਲ ਕਿਸੇ ਨਾ ਕਿਸੇ ਵੇਲੇ ਜ਼ਰੂਰ ਛੇੜਦੇ ਹਨ।
ਕਈ ਵਾਰ ਭੈਣ ਇਕੱਲੀ ਬੈਠ ਕੇ ਆਪ-ਮੁਹਾਰੇ ਬੋਲ ਕੇ ਆਪਣੇ ਆਪ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰਦੀ ਹੈ। ਉੱਧਰ ਭਰਾ ਵੀ ਚੋਰੀ-ਛੁਪੇ ਆਪਣੇ ਆਪ ਹੀ ਭੈਣ ਨੂੰ ਉਲਾਂਭੇ ਦਿੰਦਾ ਹੈ। ਜੇ ਭਰਜਾਈ ਸਿਆਣੀ ਹੈ ਤਾਂ ਉਹ ਇਹ ਸ਼ਬਦ ਹੀ ਮੂੰਹੋਂ ਕੱਢੇਗੀ ਕਿ ਚਲੋ ਜਾ ਆਓ। ਭੈਣਾਂ-ਭਰਾਵਾਂ ਦੇ ਕਾਹਦੇ ਗੁੱਸੇ ਨੇ। ਜੇ ਉਹ ਇਹ ਨਹੀਂ ਕਹਿਣਾ ਚਾਹੁੰਦੀ ਤਾਂ ਉਸ ਨੂੰ ਚੁੱਪ ਕਰਨ ਵਿਚ ਫ਼ਾਇਦਾ ਹੈ। ਜੇਕਰ ਉਹ ਭੈਣ-ਭਰਾ ਦੇ ਮੇਲ ’ਤੇ ਉੱਕਾ ਈ ਖ਼ੁਸ਼ ਨਹੀਂ ਤਾਂ ਉਹ ਇਹ ਸ਼ਬਦ ਵਿਅੰਗ ਨਾਲ ਮੂੰਹੋਂ ਕੱਢੇਗੀ, ‘‘ਅੱਜ ਤਾਂ ਬੜਾ ਹੇਜ ਆਇਆ ਭੈਣ ਦਾ।’’
ਅਜਿਹੇ ਵਿਅੰਗਆਤਮਕ ਬੋਲ ਸੁਣ ਕੇ ਅਸਲੀ ਪਿਆਰ ਦਾ ਪ੍ਰਗਟਾਅ ਕਈ ਵਾਰ ਇੰਜ ਵੀ ਹੋ ਜਾਂਦਾ ਹੈ। ਭੈਣ ਭਾਵੇਂ ਬੁੱਢੀ ਹੋਵੇ। ਆਪਣੇ ਪਰਿਵਾਰ ਵਿਚ ਪੂਰੀ ਸੌਖੀ ਹੋਵੇ। ਜੇ ਉਸ ਦੀ ਆਪਣੇ ਭਰਾ ਨਾਲ ਨਹੀਂ ਬਣਦੀ ਤਾਂ ਉਸ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਬੁਢਾਪੇ ਵਿਚ ਜਦੋਂ ਕਿਸੇ ਔਰਤ ਨੂੰ ਉਸ ਦਾ ਭਰਾ ਮਿਲਣ ਆਉਂਦਾ ਹੈ ਤਾਂ ਉਸ ਨੂੰ ਸਭ ਸਰੀਰਿਕ ਪੀੜਾ ਭੁੱਲ ਜਾਂਦੀ ਹੈ। ਉਸ ਦਾ ਆਲਾ-ਦੁਆਲਾ ਰੁਸ਼ਨਾਇਆ ਜਾਂਦਾ ਹੈ। ਉਸ ਨੂੰ ਭਰਾ ਦੇ ਪਿਆਰ ਦਾ ਨਸ਼ਾ ਚੜ੍ਹ ਜਾਂਦਾ ਹੈ। ਉਸ ਦੇ ਪੈਰ ਧਰਤੀ ’ਤੇ ਨਹੀਂ ਲੱਗਦੇ। ਉਹ ਆਪ-ਮੁਹਾਰੇ ਹੀ ਗਾਉਂਦੀ ਫਿਰਦੀ ਹੈ:
ਵੀਰਾ ਆਈਂ ਵੇ, ਭੈਣ ਦੇ ਵਿਹੜੇ,
ਪੁੰਨਿਆ ਦਾ ਚੰਨ ਬਣ ਕੇ।
ਸੰਪਰਕ: 94178-40323