ਮੁੰਬਈ, 11 ਮਈ
ਅਦਾਕਾਰ ਅਨੁਪਮ ਖੇਰ ਨੇ ਕਿਹਾ ਕਿ ਉਹ ਆਪਣੀ ਪਤਨੀ ਅਦਾਕਾਰਾ ਕਿਰਨ ਖੇਰ ਅਤੇ ਪੁੱਤਰ ਸਿਕੰਦਰ ਖੇਰ ਦਾ ਧੰਨਵਾਦੀ ਹੈ, ਜੋ ਉਸ ਦੇ ਕੰਮ ਬਾਰੇ ਸਹੀ ਰਾਇ ਦਿੰਦੇ ਹਨ। ਖੇਰ ਨੇ ਕਿਹਾ, ‘‘ਮੈਂ ਭਾਗਾਂ ਵਾਲਾ ਹਾਂ ਅਜਿਹੀ ਪਤਨੀ ਤੇ ਪੁੱਤਰ ਮਿਲੇ ਹਨ, ਜੋ ਮੇਰੇ ਕੰਮ ਦੀ ਸਹੀ ਆਲੋਚਨਾ ਕਰਦੇ ਹਨ। ਉਹ ਮਾੜੇ ਕੰਮ ਨੂੰ ਸਿੱਧਾ ਮਾੜਾ ਆਖ ਦਿੰਦੇ ਹਨ। ਮੈਨੂੰ ਉਨ੍ਹਾਂ ਦੀ ਆਲੋਚਨਾ ’ਤੇ ਭਰੋਸਾ ਹੈ। ਮੈਂ ਜਾਣਦਾ ਹਾਂ ਕਿ ਉਹ ਇਹ ਆਲੋਚਨਾ ਮੇਰੇ ਭਲੇ ਲਈ ਹੀ ਕਰਦੇ ਹਨ।’’ ਅਦਾਕਾਰ ਨੇ ਕਿਹਾ ਕਿ ਉਸ ਨੇ ਕਦੇ ਵੀ ਹਾਰ ਨਹੀਂ ਮੰਨੀ ਤੇ ਇਹੋ ਇੱਕ ਚੀਜ਼ ਹੈ ਜੋ ਉਸ ਨੂੰ ਫਿਲਮ ਸਨਅਤ ਵਿੱਚ ਅੱਗੇ ਵਧਣ ਲਈ ਪ੍ਰੇਰਦੀ ਹੈ। ਉਸ ਨੇ ਕਿਹਾ ਕਿ ਜਦੋਂ ਤੁਸੀਂ ਇੱਕ ਤਜਰਬੇਕਾਰ ਅਦਾਕਾਰ ਬਣ ਜਾਂਦੇ ਹੋ ਤਾਂ ਇਹ ਤਜਰਬਾ ਹੀ ਤੁਹਾਡੇ ਨਾਲ ਰਹਿੰਦਾ ਹੈ। ਕੰਮ ਤੋਂ ਹਾਰ ਮੰਨ ਲੈਣ ਨੂੰ ਉਸ ਨੇ ਕਦੇ ਬਦਲ ਵਜੋਂ ਨਹੀਂ ਲਿਆ। ਇਹ ਹੀ ਉਹ ਵਜ੍ਹਾ ਹੈ ਜੋ ਕੰਮ ਕਰਨ ਦੀ ਸ਼ਕਤੀ ਦਿੰਦੀ ਹੈ। ਉਸ ਨੇ ਕਿਹਾ ਕਿ ਉਸ ਦਾ ਮੁਕਾਬਲਾ ਹੁਣ ਖ਼ੁਦ ਨਾਲ ਹੀ ਹੈ। ਉਹ ਆਪਣੇ ਆਲੇ ਦੁਆਲੇ ਵਿਚਰਨ ਵਾਲੇ ਹਰ ਇਨਸਾਨ ਤੋਂ ਕੁਝ ਨਾ ਕੁਝ ਸਿੱਖਦਾ ਹੈ। -ਆਈਏਐਨਐਸ