ਨਵੀਂ ਦਿੱਲੀ: ਇੱਥੇ ਅੱਜ ਨਵੇਂ ਭਾਰਤੀ ਫਿਲਮਸਾਜ਼ਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਾਈਸਿਨੇਮਾ ਗਲੋਬਲ ਫਿਲਮ ਫੈਸਟੀਵਲ ਦੇ ਦੂਜੇ ਅਡੀਸ਼ਨ ਦਾ ਐਲਾਨ ਕੀਤਾ ਗਿਆ ਹੈ। ਪ੍ਰੈੱਸ ਨੋਟ ਵਿੱਚ ਦੱਸਿਆ ਗਿਆ ਕਿ ਇਹ ਫੈਸਟੀਵਲ ਪੇਅ-ਪਰ-ਵਿਊ ਓਟੀਟੀ ਕੰਪਨੀ ਮਾਈਸਿਨੇਮਾਹਾਲ ਵੱਲੋਂ ਆਨਲਾਈਨ ਕਰਵਾਇਆ ਜਾਵੇਗਾ। ਫੈਸਟੀਵਲ ਫਿਲਮ ਨਿਰਮਾਤਾਵਾਂ ਨੂੰ ਦੁਨੀਆ ਭਰ ਦੇ ਦਰਸ਼ਕਾਂ ਤੱਕ ਪਹੁੰਚਣ ਦਾ ਵਿਲੱਖਣ ਮੌਕਾ ਮੁਹੱਈਆ ਕਰਵਾਏਗਾ। ਮਾਈਸਿਨੇਮਾ ਗਲੋਬਲ ਫਿਲਮ ਫੈਸਟੀਵਲ ਵਿੱਚ ਤਿੰਨ ਪ੍ਰਮੁੱਖ ਮੁਕਾਬਲੇ ਹੋਣਗੇ, ਜਿਸ ਵਿੱਚ ਮਾਈਸਟੋਰੀ (ਫੀਚਰ ਫਿਲਮ), ਮਾਈਸ਼ੌਰਟਸ (ਸ਼ੌਰਟ ਫਿਲਮ) ਅਤੇ ਮਾਈਫਰੇਮਜ਼ (ਨਾਵਲ ਆਧਾਰਤ ਫਿਲਮ) ਨੂੰ ਸ਼ਾਮਲ ਕੀਤਾ ਜਾਵੇਗਾ। ਮਾਈਸਿਨੇਮਾਹਾਲ ਦੇ ਸੀਈਓ ਅਤੇ ਮੈਨੇਜਿੰਗ ਡਾਇਰੈਕਟਰ ਕਲਿਆਣ ਮੋਏ ਚੈਟਰਜੀ ਨੇ ਕਿਹਾ, ‘‘ਇਹ ਸਾਡਾ ਦੂਜਾ ਅਡੀਸ਼ਨ ਹੈ। ਪਿਛਲੇ ਸਾਲ ਅਸੀਂ ਬੰਗਾਲੀ ਸ਼ੌਰਟ ਫਿਲਮ ਫੈਸਟੀਵਲ ਮਾਈਸ਼ੌਰਟਸ ਦੀ ਮੇਜ਼ਬਾਨੀ ਕੀਤੀ ਸੀ। ਪਿਛਲੇ ਸਾਲ ਮਿਲੇ ਸੁਭਾਵਿਕ ਅਤੇ ਸ਼ਾਨਦਾਰ ਹੁੰਗਾਰੇ ਮਗਰੋਂ ਅਸੀਂ ਇਸ ਵਾਰ ਇਸ ਦਾ ਦਾਇਰਾ ਹੋਰ ਵਿਸ਼ਾਲ ਕਰਨ ਦਾ ਫ਼ੈਸਲਾ ਕੀਤਾ ਹੈ। ‘ਮਾਈਸਿਨੇਮਾ ਗਲੋਬਲ’ ਦੁਨੀਆ ਭਰ ਦੇ ਫਿਲਮਸਾਜ਼ਾਂ ਲਈ ਖੁੱਲ੍ਹਾ ਹੈ। ਇਸ ਵਿੱਚ ਫੀਚਰ ਫਿਲਮਾਂ, ਲਘੂ ਫਿਲਮਾਂ ਅਤੇ ਡਾਕੂਮੈਂਟਰੀਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਸਾਨੂੰ ਹੁਣੇ ਤੋਂ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਭਾਰਤੀ ਭਾਸ਼ਾਵਾਂ ਦੇ ਨਾਲ-ਨਾਲ ਸਾਨੂੰ ਫਰਾਂਸ, ਸਪੇਨ, ਇਟਲੀ ਅਤੇ ਬਰਾਜ਼ੀਲ ਤੋਂ ਵੀ ਨਾਮਜ਼ਦਗੀਆਂ ਮਿਲੀਆਂ ਹਨ।’’ ਸਾਲ 2017 ਵਿੱਚ ਆਈ ਫਿਲਮ ‘ਮਯੂਰਾਕਸ਼ੀ’ ਲਈ ਮਸ਼ਹੂਰ ਫਿਲਮ ਨਿਰਮਾਤਾ ਆਤਨੂ ਘੋਸ਼, ਜਿਸ ਨੂੰ ਬੰਗਾਲੀ ਵਿੱਚ ਬੈਸਟ ਫੀਚਰ ਫਿਲਮ ਲਈ ਕੌਮੀ ਐਵਾਰਡ ਨਾਲ ਸਨਮਾਨਿਆ ਗਿਆ ਸੀ, ਇਸ ਫਿਲਮ ਫੈਸਟੀਵਲ ਵਿੱਚ ਜੱਜਾਂ ਦੀ ਅਗਵਾਈ ਕਰਨਗੇ। ਪ੍ਰਸਿੱਧ ਫਿਲਮ ਐਡੀਟਰ ਅਰਘਿਆਕਮਲ ਮਿਤਰਾ, ਚਾਰ ਵਾਰ ਕੌਮੀ ਐਵਾਰਡ ਜੇਤੂ ਆਡੀਓਗ੍ਰਾਫਰ ਬਿਸ਼ਵਦੀਪ ਚੈਟਰਜੀ ਅਤੇ ਮਸ਼ਹੂਰ ਥੀਏਟਰ ਤੇ ਫਿਲਮ ਸ਼ਖ਼ਸੀਅਤ ਸੋਹਾਗ ਸੇਨ ਉਨ੍ਹਾਂ ਦਾ ਸਾਥ ਦੇਣਗੇ। ਫੈਸਟੀਵਲ ਲਈ ਫਿਲਮਸਾਜ਼ਾਂ ਵਾਸਤੇ ਆਪਣੀਆਂ ਫਿਲਮਾਂ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 31 ਦਸੰਬਰ, 2021 ਹੈ। -ਪੀਟੀਆਈ