ਅਸ਼ਵਗੰਧਾ
ਕਈ ਵਾਰ ਮਨੁੱਖ ਉਨ੍ਹਾਂ ਆਪ-ਮੁਹਾਰੇ ਉੱਗੇ ਪੌਦਿਆਂ ਨੂੰ ਅਣਗੌਲਿਆ ਕਰ ਦਿੰਦਾ ਹੈ ਪ੍ਰੰਤੂ ਗਿਆਨ ਮਿਲਣ ’ਤੇ ਉਸ ਦਾ ਮਹੱਤਵ ਸਮਝ ਆਉਂਦਾ ਹੈ। ਅਜਿਹਾ ਹੀ ਇੱਕ ਪੌਦਾ ਹੈ ਅਸ਼ਵਗੰਧਾ ਜਾਂ ਅਸਗੰਧ। ਗੋਰੇ ਇਸ ਨੂੰ ‘ਵਿੰਟਰ ਚੈਰੀ’ ਦਾ ਨਾਂ ਦਿੰਦੇ ਹਨ। ਅਸ਼ਵਗੰਧਾ ਸੰਸਕ੍ਰਿਤ ਦੇ ਸ਼ਬਦ ਸੁਮੇਲ ਤੋਂ ਬਣਿਆ ਹੈ। ਅਸ਼ਵ ਤੋਂ ਭਾਵ ਘੋੜਾ ਅਤੇ ਗੰਧ ਤੋਂ ਭਾਵ ਬਦਬੂ ਹੁੰਦਾ ਹੈ। ਦਰਅਸਲ ਇਸ ਪੌਦੇ ਦੀਆਂ ਜੜਾਂ ਨੂੰ ਰਗੜਨ ’ਤੇ ਘੋੜੇ ਦੇ ਪਿਸ਼ਾਬ ਜਿਹੀ ਗੰਧ ਮਹਿਸੂਸ ਹੁੰਦੀ ਹੈ। ਇਸ ਪੌਦੇ ਦਾ ਵਿਗਿਆਨਕ ਨਾਂ ‘ਵਿਥਾਨੀਆ ਸੋਮਨੀਫਰ’ ਹੈ।
ਪੰਜਾਬ ਤੋਂ ਇਲਾਵਾ ਇਹ ਪੌਦਾ ਹਰਿਆਣਾ, ਸਿੰਧ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਖ਼ਾਸ ਤੌਰ ’ਤੇ ਮੱਧ ਪ੍ਰਦੇਸ਼ ਵਿੱਚ ਬਹੁਤ ਦੇਖਣ ਨੂੰ ਮਿਲਦਾ ਹੈ। ਅਸ਼ਵਗੰਧਾ ਤਕਰੀਬਨ 2-3 ਫੁੱਟ ਤੱਕ ਦੀ ਉਚਾਈ ਵਾਲਾ ਝਾੜੀਨੁਮਾ ਪੌਦਾ ਹੁੰਦਾ ਹੈ ਜੋ ਖੁਸ਼ਕ ਸਥਾਨਾਂ ’ਤੇ ਉੱਗਦਾ ਹੈ। ਸਾਰਾ ਪੌਦਾ ਸਫ਼ੈਦ ਰੰਗ ਦੇ ਵਾਲਾਂ ਸਹਿਤ ਨਜ਼ਰ ਆਉਂਦਾ ਹੈ। ਇਸ ਦੇ ਪੱਤੇ ਦਰਮਿਆਨੇ ਅਤੇ ਅੰਡਕਾਰ ਜਿਹੇ ਹੁੰਦੇ ਹਨ ਅਤੇ ਇਸ ਦੇ ਫੁੱਲਾਂ ਦਾ ਰੰਗ ਹਰਾ ਜਾਂ ਪੀਲਾ ਭੂਸਲਾ ਜਿਹਾ ਹੁੰਦਾ ਹੈ। ਗੁੱਛਿਆਂ ਵਿੱਚ ਲੱਗੇ ਫੁੱਲ ਸਮਾਂ ਪਾ ਕੇ ਮਟਰ ਦੇ ਦਾਣਿਆਂ ਦੇ ਆਕਾਰ ਦੇ ਲਾਲ-ਸੰਤਰੀ ਰੰਗ ਦੇ ਫ਼ਲਾਂ ਵਿੱਚ ਤਬਦੀਲ ਹੋ ਜਾਂਦੇ ਹਨ। ਫ਼ਲ ਰਸਭਰੀਆਂ ਵਾਂਗ ਲਿਫ਼ਾਫ਼ਾਨੁਮਾ ਪੁਸ਼ਪਕੋਸ਼ ਵਿੱਚ ਬੰਦ ਹੁੰਦੇ ਹਨ। ਇਨ੍ਹਾਂ ਫ਼ਲਾਂ ਵਿੱਚੋਂ ਪੀਲੇ ਰੰਗ ਦੇ ਬੀਜ ਪ੍ਰਾਪਤ ਕੀਤੇ ਜਾਂਦੇ ਹਨ।
ਅਸ਼ਵਗੰਧਾ ਨੂੰ ਆਯੁਰਵੈਦਿਕ ਅਤੇ ਯੂਨਾਨੀ ਇਲਾਜ ਪ੍ਰਣਾਲੀਆਂ ਵਿੱਚ ਅਹਿਮ ਸਥਾਨ ਮਿਲਿਆ ਹੋਇਆ ਹੈ ਅਤੇ ਵੈਦ ਹਜ਼ਾਰਾਂ ਸਾਲਾਂ ਤੋਂ ਇਸ ਦੇ ਗੁਣਾਂ ਸਦਕਾ ਅਨੇਕਾਂ ਨੁਸਖੇ ਤਿਆਰ ਕਰਦੇ ਆ ਰਹੇ ਹਨ। ਉਂਜ ਤਾਂ ਇਸ ਦੇ ਪੱਤੇ, ਸੱਕ, ਫ਼ਲ, ਬੀਜ ਆਦਿ ਨੁਸਖਿਆਂ ਵਿੱਚ ਵਰਤੇ ਜਾਂਦੇ ਹਨ ਪਰ ਇਸ ਦੀਆਂ ਜੜਾਂ ਨੂੰ ਵਿਸ਼ੇਸ਼ ਤੌਰ ’ਤੇ ਵਰਤਿਆ ਜਾਂਦਾ ਹੈ। ਇਸ ਦੀਆਂ ਜੜਾਂ ਨੂੰ ਸੁਕਾ ਕੇ ਚੂਰਨ ਰੂਪੀ ਪਾਊਡਰ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਲੋਕ ਰਾਤੀਂ ਦੁੱਧ ਵਿੱਚ ਜਾਂ ਫਿਰ ਸ਼ਹਿਦ ਨਾਲ ਖਾਣਾ ਪਸੰਦ ਕਰਦੇ ਹਨ। ਇਹ ਬੂਟੀ ਔਰਤ-ਮਰਦ ਦੀ ਕਾਮ ਸ਼ਕਤੀ ਨੂੰ ਵਧਾਉਂਦੀ ਹੈ। ਅਸ਼ਵਗੰਧਾ ਮਨੁੱਖੀ ਤਣਾਅ ਨੂੰ ਘਟਾ ਕੇ ਨੀਂਦ ਲਿਆਉਣ ਵਿੱਚ ਬਹੁਤ ਸਹਾਈ ਹੁੰਦਾ ਹੈ। ਇਹ ਜੋੜਾਂ ਦੇ ਦਰਦ, ਗਠੀਆ, ਸ਼ੂਗਰ, ਕੋਲੈਸਟਰੋਲ ਘਟਾਉਣ, ਦਿਮਾਗ਼ੀ ਕਾਰਜਕੁਸ਼ਲਤਾ, ਅੱਖਾਂ ਦੀ ਰੌਸ਼ਨੀ, ਫੇਫੜਿਆਂ ਦੇ ਰੋਗ, ਅਨੀਮੀਆ, ਪੇਟ ਰੋਗ, ਦਿਲ ਦੇ ਰੋਗ, ਪਿਸ਼ਾਬ ਰੋਗ, ਫੋੜੇ-ਫਿਨਸੀਆਂ ਅਤੇ ਕੈਂਸਰ ਆਦਿ ਵਰਗੀਆਂ ਅਨੇਕਾਂ ਬਿਮਾਰੀਆਂ ਦੇ ਇਲਾਜ ਲਈ ਸਹਾਈ ਹੁੰਦਾ ਹੈ। ਵਿਗਿਆਨੀ ਇਸ ਨੂੰ ਇਮਿਊਨਿਟੀ ਬੂਸਟਰ ਵਜੋਂ ਵੀ ਦੱਸਦੇ ਹਨ ਅਤੇ ਖ਼ਾਸਕਰ ਖਿਡਾਰੀਆਂ ਲਈ ਬੇਹੱਦ ਗੁਣਕਾਰੀ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਆਯੁਰਵੈਦਿਕ ਮਾਹਿਰ ਦੀ ਰਾਇ ਤੋਂ ਬਿਨਾਂ ਨਹੀਂ ਕਰਨੀ ਚਾਹੀਦੀ। ਭਾਰਤੀ ਡਾਕ ਵਿਭਾਗ ਨੇ ਇਸ ਗੁਣਕਾਰੀ ਪੌਦੇ ਦੀ ਤਸਵੀਰ ਵਾਲੀ ਟਿਕਟ ਵੀ ਜਾਰੀ ਕੀਤੀ ਹੋਈ ਹੈ।
ਪੇਸ਼ਕਸ਼: ਡਾ. ਬਲਵਿੰਦਰ ਸਿੰਘ ਲੱਖੇਵਾਲੀ
ਸੰਪਕਰ: 98142-39041