ਸ਼ਿਵੰਦਰ ਕੌਰ
ਕੁਦਰਤ ਦੀਆਂ ਬਖ਼ਸ਼ੀਆਂ ਅਮੁੱਲ ਦਾਤਾਂ ’ਚੋਂ ਸਭ ਤੋਂ ਵੱਡਾ ਸਥਾਨ ਰੁੱਖਾਂ ਦਾ ਹੈ। ਗੂੜ੍ਹੀਆਂ ਠੰਢੀਆਂ ਛਾਵਾਂ ਅਤੇ ਹਵਾਵਾਂ ਬਖ਼ਸ਼ਦੇ ਰੁੱਖ ਸਾਡੇ ਜੀਵਨ ਦਾਤੇ ਹਨ। ਮਨੁੱਖੀ ਜੀਵਨ ਲਈ ਲੋੜੀਂਦੀ ਆਕਸੀਜਨ ਰੁੱਖ ਹੀ ਪੈਦਾ ਕਰਦੇ ਹਨ। ਸਾਡੇ ਵਾਤਾਵਰਨ ਨੂੰ ਸ਼ੁੱਧ ਕਰਦੇ ਰੁੱਖ ਮੀਂਹ ਅਤੇ ਮੌਸਮ ਦਾ ਸੰਤੁਲਨ ਵੀ ਬਣਾਈ ਰੱਖਦੇ ਹਨ। ਸਾਡੇ ਪੁਰਖੇ ਰੁੱਖਾਂ ਨੂੰ ਖਾਸ ਕਰਕੇ ਤ੍ਰਿਵੈਣੀ ਨੂੰ ਲਾਉਣਾ ਵੱਡਾ ਪੁੰਨ ਦਾ ਕੰਮ ਮੰਨਦੇ ਸਨ। ਤ੍ਰਿਵੈਣੀ ਤਿੰਨ ਰੁੱਖਾਂ ਦੇ ਸੁਮੇਲ- ਪਿੱਪਲ, ਬੋਹੜ ਅਤੇ ਨਿੰਮ ਨੂੰ ਆਖਿਆ ਜਾਂਦਾ ਹੈ।
ਸਾਡੇ ਮਿਥਿਹਾਸ ਮੁਤਾਬਕ ਦੁਨੀਆ ਨੂੰ ਸਾਜਣ ਵਾਲੇ ਤਿੰਨ ਦੇਵਤੇ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਮੰਨੇ ਜਾਂਦੇ ਹਨ। ਪਿੱਪਲ, ਬੋਹੜ ਅਤੇ ਨਿੰਮ ਨੂੰ ਵੀ ਤਿੰਨਾਂ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। ਬਨਸਪਤੀ ਦੀ ਰਾਣੀ ਨਿੰਮ ਨੂੰ ਐਨੀ ਮਹਾਨਤਾ ਇਸ ਦੇ ਮਨੁੱਖਤਾ ਲਈ ਬਹੁਤ ਗੁਣਕਾਰੀ ਹੋਣ ਕਰਕੇ ਦਿੱਤੀ ਗਈ ਹੈ।
ਸਾਡੇ ਪੁਰਖਿਆਂ ਤੇ ਪੁਰਾਤਨ ਗ੍ਰੰਥਾਂ ਮੁਤਾਬਕ ਨਿੰਮ ਦੀ ਵਰਤੋਂ ਆਯੁਰਵੈਦਿਕ ਦਵਾਈਆਂ ਵਿੱਚ ਵੱਡੀ ਮਾਤਰਾ ਵਿੱਚ ਕੀਤੀ ਜਾਂਦੀ ਸੀ। ਮੈਡੀਕਲ ਸਾਇੰਸ ਵਿੱਚ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਲਈ ਨਿੰਮ ਤੋਂ ਬਣਾਈਆਂ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਹਰ ਹਿੱਸੇ ਜਿਵੇਂ ਪੱਤੇ, ਛਿਲਕਾ, ਟਾਹਣੀਆਂ, ਜੜ੍ਹ, ਫ਼ਲ ਅਤੇ ਫੁੱਲਾਂ ਦੇ ਅੰਦਰ ਦਵਾਈਆਂ ਦੀ ਭਰਮਾਰ ਹੈ। ਸਦੀਆਂ ਤੋਂ ਬੱਚੇ ਦੇ ਜਨਮ ਤੋਂ ਬਾਅਦ ਗੇਟ ਅੱਗੇ ਨਿੰਮ ਨੂੰ ਬੰਨ੍ਹਣ ਦੀ ਪਰੰਪਰਾ ਚੱਲੀ ਆ ਰਹੀ ਹੈ। ਜੋ ਨਵੇਂ ਜਨਮੇ ਬੱਚੇ ਦੇ ਬਿਮਾਰੀਆਂ ਦੇ ਟਾਕਰੇ ਵਜੋਂ ਬੰਨ੍ਹੀ ਜਾਂਦੀ ਹੈ।
ਕੀਟਾਣੂਨਾਸ਼ਕ ਹੋਣ ਕਰਕੇ ਇਸ ਦੀ ਵਰਤੋਂ ਸਾਬਣ ਵਿੱਚ ਕੀਤੀ ਜਾਂਦੀ ਹੈ। ਨਿੰਮ ਦੀਆਂ ਪੱਤੀਆਂ ਦੰਦ ਰੋਗਾਂ ਅਤੇ ਪੇਟ ਦੇ ਇਨਫੈਕਸ਼ਨ ਨਾਲ ਲੜਨ ’ਚ ਕਾਫ਼ੀ ਅਸਰਦਾਰ ਹਨ। ਇਸੇ ਲਈ ਇਸ ਦੀ ਵਰਤੋਂ ਭਾਰਤ ਅਤੇ ਅਫ਼ਰੀਕਾ ਵਿੱਚ ਸਾਲਾਂ ਤੋਂ ਟੂਥ ਪੇਸਟ ਵਿੱਚ ਹੁੰਦੀ ਆ ਰਹੀ ਹੈ। ਇਸ ਦੀ ਦਾਤਣ ਕਰਨ ਨਾਲ ਦੰਦਾਂ ਦੇ ਰੋਗ ਖ਼ਤਮ ਹੋ ਜਾਂਦੇ ਹਨ। ਖੰਘ ਅਤੇ ਗਲੇ ਦੀ ਖਾਰਸ਼ ਤੋਂ ਛੁਟਕਾਰਾ ਮਿਲਦਾ ਹੈ। ਫੰਗਲ ਇਨਫੈਕਸ਼ਨ ਅਤੇ ਚਮੜੀ ਦੇ ਇਨਫੈਕਸ਼ਨ ਤੋਂ ਬਚਾਉਂਦੀ ਹੈ। ਖਾਰਸ਼ ਦੇ ਇਲਾਜ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀਆਂ ਪੱਤੀਆਂ ਤੋਂ ਤਿਆਰ ਅਰਕ ਘਰੇਲੂ ਬਗੀਚੀ ਅਤੇ ਫ਼ਸਲਾਂ ’ਤੇ ਕੀੜੇ ਮਾਰਨ ਲਈ ਵਰਤਿਆ ਜਾਂਦਾ ਹੈ। ਇਸ ਦੀਆਂ ਪੱਤੀਆਂ ਨੂੰ ਕੱਪੜੇ ਵਿੱਚ ਲਪੇਟ ਕੇ ਕਣਕ ਅਤੇ ਕੱਪੜਿਆਂ ਵਿੱਚ ਫੰਗਸ ਅਤੇ ਕੀਟਾਂ ਤੋਂ ਬਚਾਅ ਲਈ ਰੱਖਿਆ ਜਾਂਦਾ ਹੈ। ਅੱਜਕੱਲ੍ਹ ਤਾਂ ਫ਼ਸਲਾਂ ’ਚ ਪਾਉਣ ਲਈ ਨਿੰਮ ਵਾਲੀ ਯੂਰੀਆ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਨਾਲ ਯੂਰੀਆ ਦੀ ਗੁਣਵੱਤਾ ਵਿੱਚ ਵਾਧਾ ਹੁੰਦਾ ਹੈ ਅਤੇ ਫ਼ਸਲਾਂ ’ਤੇ ਯੂਰੀਆ ਦਾ ਨੁਕਸਾਨ ਕੰਟਰੋਲ ਹੁੰਦਾ ਹੈ।
ਇਸ ਵਿੱਚ ਪਾਇਆ ਜਾਣ ਵਾਲਾ ਐਂਟੀਵਾਇਰਸ ਗੁਣ ਵਾਇਰਸ ਰੋਗਾਂ ਨਾਲ ਲੜਨ ਵਿੱਚ ਕਾਰਗਰ ਹੈ। ਇਸ ਦੀ ਚੇਚਕ ਦੇ ਇਲਾਜ ਵਿੱਚ ਕਾਫ਼ੀ ਵਰਤੋਂ ਕੀਤੀ ਜਾਂਦੀ ਹੈ। ਚੇਚਕ ਦਾ ਇਲਾਜ ਕਰਨ ਅਤੇ ਅੱਗੇ ਵਧਣ ਤੋਂ ਰੋਕਣ ਲਈ ਇਹ ਸਭ ਤੋਂ ਬਿਹਤਰੀਨ ਦਵਾਈ ਹੈ। ਨਿੰਮ ਐੱਚ.ਆਈ.ਵੀ. ਨਾਲ ਪੀੜਤ ਮਰੀਜ਼ਾਂ ਦੀ ਪ੍ਰਤੀਰੋਧਕ ਸਮਰੱਥਾ ਵਿੱਚ ਵਾਧਾ ਕਰਦੀ ਹੈ। ਨਾਲ ਹੀ ਐੱਚ.ਆਈ.ਵੀ. ਦੇ ਇਲਾਜ ’ਚ ਮਲਟੀ ਡਰੱਗ ਦਾ ਕੰਮ ਕਰਦੀ ਹੈ।
‘ਨਿੰਮ ਦਾ ਘੜਾਦੇ ਘੋਟਣਾ’ ਦੀ ਫਰਮਾਇਸ਼ ਕਿਸੇ ਸੁੱਘੜ ਸੁਆਣੀ ਨੇ ਸੱਸ ਨੂੰ ਕੁੱਟਣ ਲਈ ਨਹੀਂ ਕੀਤੀ, ਸਗੋਂ ਇਸ ਦੇ ਗੁਣਾਂ ਨੂੰ ਤੱਕ ਕੇ ਕੀਤੀ ਹੋਣੀ ਹੈ। ਨਿੰਮ ਦਾ ਬਣਿਆ ਘੋਟਣਾ ਜਦੋਂ ਕੂੰਡੇ ਦੇ ਰੋੜਾਂ ਨਾਲ ਘਸਦਾ ਹੈ ਤਾਂ ਨਿੰਮ ਦੇ ਗੁਣ ਪੀਸੀ ਜਾ ਰਹੀ ਵਸਤੂ ਵਿੱਚ ਆ ਜਾਂਦੇ ਹਨ। ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਸਹਾਈ ਹੁੰਦੇ ਹਨ।
ਨਿੰਮ ਦੇ ਪੱਤਿਆਂ ਨੂੰ ਉਬਾਲ ਕੇ ਜਦੋਂ ਇਸ ਪਾਣੀ ਦੀ ਸਪਰੇਅ ਕਿਸਾਨਾਂ ਨੇ ਫ਼ਸਲਾਂ ’ਤੇ ਕੀਤੀ ਤਾਂ ਇਹ ਸੁੰਡੀ ਤੇ ਕੀੜੇ ਮਾਰਨ ਵਿੱਚ ਸਹਾਈ ਸਿੱਧ ਹੋਈ। ਇਹ ਦੇਖ ਕੇ ਕੀੜੇਮਾਰ ਦਵਾਈਆਂ ਤਿਆਰ ਕਰਨ ਵਾਲੀਆਂ ਕੰਪਨੀਆਂ ਨੇ ਨਿੰਮ ਵਾਲੀਆਂ ਦਵਾਈਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਅੱਜਕੱਲ੍ਹ ਵੱਡੀ ਤਦਾਦ ਵਿੱਚ ਵਿਕ ਰਹੀਆਂ ਹਨ।
ਵਾਤਾਵਰਨ ਵਿੱਚ ਆ ਰਿਹਾ ਵਿਗਾੜ ਮਨੁੱਖਤਾ ਲਈ ਬਹੁਤ ਨੁਕਸਾਨਦਾਇਕ ਹੈ, ਪਰ ਨਿੰਮ, ਡੇਕ ਦੇ ਰੁੱਖ ਸਭ ਤੋਂ ਵੱਧ ਆਕਸੀਜਨ ਪੈਦਾ ਕਰਦੇ ਹਨ। ਜੋ ਜ਼ਹਿਰੀਲੇ ਵਾਤਾਵਰਨ ਨੂੰ ਸਾਫ਼ ਕਰਦਾ ਹੈ। ਜੋ ਸਰੀਰਕ ਤੰਦਰੁਸਤੀ ਲਈ ਬਹੁਤ ਗੁਣਕਾਰੀ ਹੈ।
ਨਿੰਮ ਦੀ ਲੱਕੜ ਤੋਂ ਬਣੇ ਸੰਦੂਕ ਨੂੰ ਕਿਸੇ ਤਰ੍ਹਾਂ ਦੇ ਕੀਟ ਲੱਗਣ ਦਾ ਡਰ ਨਹੀਂ ਰਹਿੰਦਾ। ਨਿੰਮ ਦਾ ਦਰੱਖਤ ਬਹੁਤ ਕਿਸਮ ਦੇ ਕੀੜਿਆਂ ਨੂੰ ਕੰਟਰੋਲ ਕਰਨ ਦੇ ਸਮਰੱਥ ਹੁੰਦਾ ਹੈ। ਇਸ ਲਈ ਤਾਂ ਨਿੰਮ ਦੇ ਸੰਦੂਕ ਦੀ ਮਹਿਮਾ ਕੀਤੀ ਜਾਂਦੀ ਹੈ:
ਨਿੰਮ ਦੇ ਸੰਦੂਕ ਵਾਲੀਏ
ਕਿਹੜੇ ਪਿੰਡ ਮੁਕਲਾਵੇ ਜਾਣਾ
ਸਾਡੇ ਪੁਰਖੇ ਨਿੰਮ ਦੇ ਗੁਣਾਂ ਤੋਂ ਵਾਕਿਫ਼ ਹੋਣ ਕਰ ਕੇ ਇਸ ਨੂੰ ਖੇਤਾਂ, ਘਰਾਂ ਅਤੇ ਸਾਂਝੀਆਂ ਥਾਵਾਂ ’ਤੇ ਲਾਉਂਦੇ ਸਨ। ਘਰ ਦੀ ਨਿਸ਼ਾਨੀ ਵਜੋਂ ਵੀ ਮੁਟਿਆਰ ਨਿੰਮ ਦਾ ਜ਼ਿਕਰ ਕਰ ਕੇ ਦੱਸਦੀ ਸੀ:
ਮਾਪਿਆਂ ਦੇ ਘਰ ਨਿੰਮ ਨਿਸ਼ਾਨੀ,
ਸਹੁਰਿਆਂ ਦੇ ਘਰ ਡੇਕ।
ਰੁੱਖਾਂ ਬਾਂਝ ਨਾ ਰਹਿਣੀ ਜ਼ਿੰਦਗੀ,
ਦੂਰ ਦੀ ਸੋਚ ਕੇ ਵੇਖ।
ਠੰਢੀਆਂ ਹਵਾਵਾਂ ਅਤੇ ਛਾਵਾਂ ਬਖ਼ਸ਼ਦੇ ਰੁੱਖ ਸਾਡੇ ਜੀਵਨ ਦਾਤੇ ਹਨ। ਵਾਤਾਵਰਨ ਨੂੰ ਸ਼ੁੱਧ ਕਰਦੇ ਰੁੱਖ, ਮੀਂਹ ਅਤੇ ਮੌਸਮ ਦਾ ਸੰਤੁਲਨ ਬਣਾਈ ਰੱਖਦੇ ਹਨ। ਇਹ ਸਾਡੀ ਤਣਾਅ ਭਰੀ ਜ਼ਿੰਦਗੀ ਨੂੰ ਸਾਵਾਂ ਰੱਖਣ ਵਿੱਚ ਬੜਾ ਯੋਗਦਾਨ ਪਾਉਂਦੇ ਹਨ। ਜਦੋਂ ਹਰੀਆਂ ਕਚਨਾਰ ਟਾਹਣੀਆਂ ਆਪਣਾ ਨਵਾਂ ਨਕੋਰ ਹੁਸਨ ਲੈ ਕੇ ਹਾਜ਼ਰ ਹੁੰਦੀਆਂ ਹਨ ਤਾਂ ਸਾਡੀ ਰੂਹ ਉਨ੍ਹਾਂ ਨੂੰ ਤੱਕ ਕੇ ਨਸ਼ਿਆ ਜਾਂਦੀ ਹੈ। ਇਨ੍ਹਾਂ ਦਾ ਪੱਤਾ ਜਦੋਂ ਹਲਕੀ ਜਿਹੀ ਪੌਣ ਦਾ ਹੁੰਗਾਰਾ ਭਰਦਾ ਹੈ ਤਾਂ ਇਨ੍ਹਾਂ ਦੀ ਸਰਸਰਾਹਟ ਦਾ ਆਨੰਦਮਈ ਸੰਗੀਤ ਸੁਣਦਿਆਂ ਸਦਾ ਮਨ ਤਰੋਤਾਜ਼ਾ ਹੋ ਜਾਂਦਾ ਹੈ।
ਆਓ! ਆਪਾਂ ਆਪਣਾ ਦ੍ਰਿਸ਼ਟੀਕੋਣ ਬਦਲੀਏ। ਨਵੇਂ ਰੁੱਖ ਲਗਾਈਏ। ਨਿੰਮ ਵਰਗੇ ਗੁਣਕਾਰੀ ਰੁੱਖ ਜੋ ਅੱਜਕੱਲ੍ਹ ਖੁਦ ਹੀ ਬਿਮਾਰੀਆਂ ਦੀ ਜਕੜ ਵਿੱਚ ਹਨ। ਇਨ੍ਹਾਂ ਨੂੰ ਸਾਂਭਣ ਵਿੱਚ ਯੋਗਦਾਨ ਪਾਈਏ। ਸਾਫ਼ ਹਵਾ ਰੱਖਣ ਤੇ ਪ੍ਰਦੂਸ਼ਣ ਘਟਾਉਣ ਵਿੱਚ ਆਪਣਾ ਹਿੱਸਾ ਪਾਈਏ।
ਸੰਪਰਕ: 76260-63596