ਡਾ. ਬਲਵਿੰਦਰ ਸਿੰਘ ਲੱਖੇਵਾਲੀ
ਕਦੇ ਨਾ ਖਾਧੇ ਤੇਰੇ ਖੱਟੇ-ਮਿੱਠੇ ਜਾਮਣੂੰ
ਕਦੇ ਨਾ ਖਾਧੇ ਤੇਰੇ ਰਸ ਪੇੜੇ
ਤੂੰਬਾ ਵੱਜਦਾ ਈ ਜਾਲਮਾ ਵਿਚ ਵਿਹੜੇ…
ਖੱਟੇ-ਮਿੱਠੇ ਜਾਮਣੂੰ ਅੱਜ-ਕੱਲ੍ਹ ਘਰੀਂ ਘੱਟ ਤੇ ਬਾਜ਼ਾਰੀਂ ਵੱਧ ਮਿਲਦੇ ਹਨ। ਜਿਹੜੇ ਰੁੱਖ ਹਰ ਸਾਲ ਕਾਲੀਆਂ ਸ਼ਾਹ ਜਾਮਣਾਂ ਨਾਲ ਭਰਦੇ ਹੁੰਦੇ ਸਨ, ਉਹ ਤਾਂ ਹਰ ਦਿਨ ਮਨੁੱਖ ਦੀ ਹੋ ਰਹੀ ਤਰੱਕੀ ਦੀ ਭੇਟ ਚੜ੍ਹ ਰਹੇ ਹਨ। ਪਹਿਲਾਂ-ਪਹਿਲਾਂ ਕੌਣ ਰੇਹੜੀਆਂ ਤੋਂ ਜਾਮਣਾਂ, ਤੂਤੀਆਂ, ਅੰਬੀਆਂ, ਖ਼ਰੀਦਦਾ ਸੀ? ਨਾਨਕੀਂ-ਦਾਦਕੀਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਜਵਾਕ ਟੋਲੀਆਂ ਬਣਾ-ਬਣਾ ਰੁੱਖਾਂ ਨੂੰ ਚਿੰਬੜ ਜਾਂਦੇ ਸਨ। ਆਪਣੀ ਪੇਟ-ਪੂਜਾ ਕਰਨ ਉਪਰੰਤ ਹਰ ਜਵਾਕ ਆਪਣਾ ਮੂੰਹ, ਜੀਭ, ਜੇਬਾਂ ਸਭ ਜਾਮਣੀ ਰੰਗ ਵਿਚ ਰੰਗੀਂ ਤੇ ਮਾਂ ਨੂੰ ਖ਼ੁਸ਼ ਕਰਨ ਹਿੱਤ ਝੋਲੀ ਜਾਮਣਾਂ ਦੀ ਭਰੀ ਲੈ ਦੱਬੇ ਪੈਰੀਂ ਘਰੇ ਆਣ ਵੜਦੇ ਸਨ ਤੇ ਸ਼ਾਇਦ ਇਸੇ ਕਰਕੇ ਹੀ ਪਹਿਲਾਂ ਲੋਕਾਂ ਦੇ ਘਰੀਂ ਸ਼ੂਗਰ ਵਰਗੀਆਂ ਬਿਮਾਰੀਆਂ ਨਹੀਂ ਸਨ ਵੜਦੀਆਂ। ਰਸ-ਪੇੜੇ ਤਾਂ ਦੂਰ ਦੀ ਗੱਲ, ਅੱਜਕੱਲ੍ਹ ਤਾਂ ਚਾਹ ਵੀ ਫਿੱਕੀ ਪਰੋਸਣੀ ਉੱਚੇ ਰੁਤਬੇ ਦੀ ਨਿਸ਼ਾਨੀ ਬਣ ਗਈ ਹੈ।
ਜਾਵਾ ਪਲੰਮ, ਬਲੈਕ ਪਲੰਮ, ਪੁਰਤਗਾਲੀ ਪਲੰਮ, ਇੰਡੀਅਨ ਬਲੈਕ ਬੈਰੀ, ਜੰਬੂਲ ਆਦਿ ਅਨੇਕਾਂ ਨਾਵਾਂ ਨਾਲ ਜਾਣੇ ਜਾਂਦੇ ਇਸ ਰੁੱਖ ਦਾ ਵਿਗਿਆਨਕ ਨਾਮ ਸਿਆਜ਼ਿਅਮ ਕਿਊਮਿਨ (Syzigium cumini) ਹੈ। ਇਸ ਤੋਂ ਬਿਨਾਂ ਲੰਬੂਤਰੇ ਫ਼ਲਾਂ ਵਾਲੀ ਇਕ ਕਿਸਮ ‘ਰਾਮ ਜਾਮਣ’ ਬਹੁਤ ਪ੍ਰਚੱਲਿਤ ਹੈ। ਰਾਮ ਜਾਂ ਰਾਏ ਜਾਮਣ ਦੇ ਨਾਂ ਨਾਲ ਜਾਣੀ ਜਾਂਦੀ ਇਸ ਕਿਸਮ ਦਾ ਵਿਗਿਆਨਕ ਨਾਮ ਸਿਆਜ਼ਿਅਮ ਨੈਰਵੋਸਮ (Syzigium Nervosum) ਹੈ। ਗੁਜਰਾਤ ਸੂਬੇ ਵੱਲ ਪਾਰਸ ਕਿਸਮ ਕਾਫ਼ੀ ਪ੍ਰਚੱਲਿਤ ਹੈ। ਇਸ ਤੋਂ ਇਲਾਵਾ ‘ਸੈਂਟਰਲ ਇੰਸਟੀਚਿਊਟ ਫਾਰ ਸਬ-ਟਰੋਪੀਕਲ ਹਾਰਟੀਕਲਚਰ, ਲਖਨਊ’ ਵੱਲੋਂ ਵੀ ਕੁਝ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ। ਭਾਰਤ ਤੋਂ ਬਾਹਰ ਇੰਡੋਨੇਸ਼ੀਆ ਵਿਚ ਜਾਮਣ ਦੀਆਂ ਕਾਫ਼ੀ ਪ੍ਰਚੱਲਿਤ ਕਿਸਮਾਂ ਵੇਖਣ ਨੂੰ ਮਿਲਦੀਆਂ ਹਨ।
ਜਾਮਣ ਨੂੰ ਸਾਡੇ ਦੇਸ਼ ਵਿਚ ਦੇਵਤਿਆਂ ਦੇ ਫ਼ਲ ਵਜੋਂ ਜਾਣਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਸ੍ਰੀ ਰਾਮ ਚੰਦਰ ਨੇ ਆਪਣੇ ਚੌਦਾਂ ਸਾਲਾਂ ਦੇ ਬਨਵਾਸ ਦੌਰਾਨ ਜਾਮਣ ਦੇ ਫ਼ਲ ਦਾ ਜੰਗਲ ਵਿਚ ਖ਼ੂਬ ਸੇਵਨ ਕੀਤਾ। ਇਸ ਤੋਂ ਇਲਾਵਾ ਬੁੱਧ ਧਰਮ ਦੇ ਲੋਕ ਵੀ ਇਸ ਰੁੱਖ ਨੂੰ ਸ਼ੁਭ ਮੰਨਦੇ ਹਨ। ਪੁਰਾਣੇ ਵੇਲਿਆਂ ਵਿਚ ਲੋਕ ਪੰਡਤਾਂ ਨੂੰ ਜਾਮਣ ਦੇ ਰੁੱਖ ਹੇਠ ਭੋਜਨ ਕਰਵਾਉਣਾ ਸ਼ੁਭ ਮੰਨਦੇ ਸਨ। ਜਾਮਣ ਦੇ ਪੱਤੇ, ਸੱਕ, ਫੁੱਲ, ਫ਼ਲ ਅਤੇ ਬੀਜਾਂ ਨੂੰ ‘ਪੰਜ ਅੰਮ੍ਰਿਤ’ ਦੇ ਤੌਰ ’ਤੇ ਮੰਨਿਆ ਜਾਂਦਾ ਰਿਹਾ ਹੈ।
ਦਰਿਆਵਾਂ ਦੇ ਕੰਢੇ, ਸਿੱਲ੍ਹੇ ਵਾਤਾਵਰਣ ਵਿਚ ਖ਼ੂਬ ਵਧਣ-ਫੁੱਲਣ ਵਾਲਾ ਇਹ ਰੁੱਖ ਭਾਰਤ ਦੇ ਅਨੇਕਾਂ ਹਿੱਸਿਆਂ ਵਿਚ ਗਰਮ ਅਤੇ ਖੁਸ਼ਕ ਇਲਾਕਿਆਂ ਤੋਂ ਛੁੱਟ ਜੰਗਲੀ ਰੂਪ ਜਾਂ ਖੇਤਾਂ ਵਿਚ ਵੇਖਣ ਨੂੰ ਮਿਲਦਾ ਹੈ। ਪੰਜਾਬ ਵਿਚ ਜਾਮਣ ਬਾਗ਼ ਦੇ ਰੂਪ ਵਿਚ ਨਾ ਹੋ ਕੇ ਸਗੋਂ ਸੜਕਾਂ ਘਰਾਂ, ਬਗੀਚਿਆਂ, ਨਹਿਰਾਂ ਨੇੜਲੇ ਸਥਾਨਾਂ ਵਿਚ ਵਿਖਾਈ ਦਿੰਦਾ ਹੈ। ਪੰਜਾਬ ਵਿਚ ਝੋਨੇ ਦੀ ਆਮਦ ਤੋਂ ਪਹਿਲਾਂ ਖੇਤਾਂ ਵਿਚ ਜਾਮਣਾਂ ਦੇ ਰੁੱਖ ਖ਼ੂਬ ਪਾਏ ਜਾਂਦੇ ਸਨ। ਜਾਮਣ ਦੇ ਰੁੱਖ ਦਾ ਜ਼ਿਕਰ ਪੰਜਾਬੀ ਸਾਹਿਤ-ਸਿੱਠਣੀਆਂ ਵਿਚ ਬਹੁਤ ਨਜ਼ਰ ਆਉਂਦਾ ਹੈ।
ਸੋਹਣ ਸਿਆਂ ਜਾਮਣਾਂ ਖਾ ਵੇ
ਬਾਗ਼ਾਂ ਦੀਆਂ ਜਾਮਣਾਂ ਸੁਆਦ ਮਿੱਠੀਆਂ
ਹਾਏ ਵੇ! ਜਾਮਣਾਂ ਖਾ ਲੈ ਵੇ
ਬਾਗ਼ਾਂ ਦੀਆਂ ਜਾਮਣਾਂ ਸੁਆਦ ਮਿੱਠੀਆਂ
ਅੰਮਾਂ ਸਾਨੂੰ ਦੇ ਦੇਹ ਵੇ
ਧੁਰੋਂ ਲਾਹੌਰੋਂ ਸਾਨੂੰ ਆਈਆਂ ਚਿੱਠੀਆਂ
ਦਰਮਿਆਨੇ ਤੋਂ ਵੱਡੇ ਆਕਾਰ ਦੇ ਇਸ ਰੁੱਖ ਦਾ ਸੱਕ ਖੁਰਦਰਾ ਭੂਸਲੇ ਜਿਹੇ ਰੰਗ ਦਾ ਹੁੰਦਾ ਹੈ। ਜਾਮਣ ਦੇ ਪੱਤੇ ਇਕ-ਦੂਜੇ ਦੇ ਆਹਮੋ-ਸਾਹਮਣੇ ਨਿਕਲਦੇ ਹਨ ਅਤੇ ਚਮਕਦਾਰ ਵੀ ਹੁੰਦੇ ਹਨ। ਪੱਤਿਆਂ ਉੱਪਰਲੀਆਂ ਰਗਾਂ ਬੜੀਆਂ ਸਾਫ਼ ਨਜ਼ਰ ਆਉਂਦੀਆਂ ਹਨ। ਪੱਤਿਆਂ ਨੂੰ ਸੂਰਜ ਵੱਲ ਕਰਕੇ ਵੇਖਣ ਤੇ ਰਗਾਂ ਦੇ ਨਾਲ-ਨਾਲ ਪਾਰਦਰਸ਼ੀ ਦਾਣੇ ਜਿਹੇ ਵੀ ਨਜ਼ਰ ਆਉਂਦੇ ਹਨ। ਮਾਰਚ-ਅਪਰੈਲ ਦੇ ਦਿਨੀਂ ਜਦੋਂ ਰੁੱਖ ਪੂਰਾ ਹਰਿਆ-ਭਰਿਆ ਹੁੰਦਾ ਹੈ ਤਾਂ ਇਸ ਉੱਪਰ ਘਸਮੈਲੇ ਚਿੱਟੇ ਰੰਗ ਦੇ ਛੋਟੇ-ਛੋਟੇ ਗੁੱਛਿਆਂ ਵਿਚ ਫੁੱਲ ਨਿਕਲਦੇ ਹਨ ਜਿਨ੍ਹਾਂ ਵਿਚੋਂ ਹਲਕੀ ਮਹਿਕ ਵੀ ਮਹਿਸੂਸ ਕੀਤੀ ਜਾਂਦੀ ਹੈ। ਸਾਉਣ ਮਹੀਨੇ ਜਾਂ ਅੰਗਰੇਜ਼ੀ ਦੇ ਜੂਨ-ਜੁਲਾਈ ਮਹੀਨਿਆਂ ਦੌਰਾਨ ਰੁੱਖ ਜਾਮਣਾਂ ਨਾਲ ਭਰਨਾ ਸ਼ੁਰੂ ਹੋ ਜਾਂਦਾ ਹੈ।
ਜੇਠ ਹਾੜ੍ਹ ਵਿਚ ਅੰਬ ਬਥੇਰੇ
ਸਾਉਣ ਜਾਮਣੂੰ ਪੀਲਾਂ
ਰਾਂਝਿਆ ਆ ਜਾ ਵੇ
ਤੈਨੂੰ ਪਾ ਕੇ ਪਟਾਰੀ ਵਿਚ ਕੀਲਾਂ
ਸ਼ੁਰੂਆਤੀ ਦਿਨਾਂ ਵਿਚ ਹਰੇ ਰੰਗ ਦੀਆਂ ਇਹ ਜਾਮਣਾਂ ਪੱਕ ਕੇ ਹੌਲੀ-ਹੌਲੀ ਬੈਂਗਣੀ ਕਾਲੇ ਰੰਗ ਵਿਚ ਤਬਦੀਲ ਹੋ ਜਾਂਦੀਆਂ ਹਨ। ਕਾਲੇ ਰੰਗ ਦੇ ਇਨਸਾਨਾਂ ਨੂੰ ਵੀ ਜਾਮਣਾਂ ਦੇ ਰੰਗ ਨਾਲ ਸੁਮੇਲਿਆਂ ਤਾਹਨੇ ਮਾਰੇ ਜਾਣ ਦੀ ਉਦਾਹਰਨ ਸਾਹਿਤਕ ਵੰਨਗੀ ਵਿਚ ਸੁਣਨ ਨੂੰ ਮਿਲਦੀ ਹੈ।
ਕੁਲਵੰਤ ਸਿਆਂ
ਕਾਲਾ-ਕਾਲਾ-ਕਾਲਾ
ਦਾਰੀ ਦਿਆ ਕਿਸ ਨੂੰ ਗੁਣੇ
ਵੇ ਤੂੰ ਕਾਲਾ-ਕਾਲਾ-ਕਾਲਾ
ਮੇਰੀ ਮਾਂ ਗਈ ਜਾਮਣ ਹੇਠ
ਮੈਂ ਸਾਂ ਮਾਂ ਦੇ ਪੇਟ
ਮਹੀਨਾ ਸੀ ਜੇਠ
ਮੈਂ ਕਾਲਾ ਇਸ ਗੁਣੇ
ਕੂਲੀਆਂ, ਚਮਕਦਾਰ ਅਤੇ ਰਸਦਾਰ ਜਾਮਣਾਂ ਦਾ ਸੁਆਦ ਮਿਠਾਸ ਦੇ ਨਾਲ-ਨਾਲ ਕੁਸੈਲਾ ਵੀ ਹੁੰਦਾ ਹੈ। ਜਾਮਣਾਂ ਨੂੰ ਲੂਣ ਲਾ ਕੇ ਖਾਣਾ ਪੇਟ ਅਤੇ ਸੁਆਦ ਦੋਹਾਂ ਲਈ ਵਧੀਆ ਹੁੰਦਾ ਹੈ। ਉਹ ਗੱਲ ਹੋਰ ਹੈ ਕਿ ਕਈ ਤਾਂ ਮਿੱਟੀ ਲਿੱਬੜੀਆਂ ਨੂੰ ਵੀ ਲੂਣ ਲੱਗੀਆਂ ਵਾਂਗ ਹੀ ਸਵਾਦ ਲਾ ਕੇ ਖਾ ਜਾਂਦੇ ਹਨ।
ਜਾਮਨ ਦੇ ਫ਼ਲਾਂ ਤੋਂ ਸ਼ਰਬਤ, ਜੈਮ, ਜੈਲੀ, ਸਿਰਕਾ, ਸ਼ਰਾਬ, ਪਾਚਣ ਸ਼ਕਤੀ ਵਧਾਉਣ ਲਈ ਚੂਰਨ ਆਦਿ ਤਿਆਰ ਕੀਤੇ ਜਾਂਦੇ ਹਨ। ਖੱਟਾਪਣ ਹੋਣ ਕਰਕੇ ਜਾਮਣਾਂ ਨੂੰ ਦੁੱਧ ਨਾਲ ਖਾਣ ਤੋਂ ਪਰਹੇਜ਼ ਕੀਤਾ ਜਾਂਦਾ ਹੈ। ਜਾਮਣ ਦੇ ਪੱਤੇ ਪਸ਼ੂਆਂ ਲਈ ਚਾਰੇ ਵਜੋਂ, ਮਸੂੜਿਆਂ ਨੂੰ ਮਜ਼ਬੂਤ ਕਰਨ ਲਈ ਚਬਾਉਣ ਲਈ ਪਸੰਦ ਕੀਤੇ ਜਾਂਦੇ ਹਨ। ਮੱਧ ਪ੍ਰਦੇਸ਼ ਵੱਲ ਜਾਮਣ ਦੇ ਪੱਤਿਆਂ ਉੱਪਰ ਰੇਸ਼ਮ ਦੇ ਕੀੜੇ ਵੀ ਪਾਲੇ ਜਾਂਦੇ ਹਨ। ਇਸ ਰੁੱਖ ਦੀ ਜੜ੍ਹ ਫ਼ਲ ਅਤੇ ਸੁੱਕੇ ਹੋਏ ਬੀਜ ਸ਼ੁਗਰ ਦੇ ਮਰੀਜ਼ਾਂ ਲਈ ਵਰਦਾਨ ਸਮਝੇ ਜਾਂਦੇ ਹਨ। ਗੁਠਲੀ ਵਿਚ ਗਲੂਕੋਸਾਈਡ ਦੀ ਮੌਜੂਦਗੀ ਸਟਾਰਚ ਨੂੰ ਸ਼ੂਗਰ ਵਿਚ ਤਬਦੀਲ ਹੋਣ ਤੋਂ ਰੋਕਦੀ ਹੈ।
ਜਾਮਣ ਦੇ ਫੁੱਲਾਂ ਵਿਚ ਮੌਜੂਦ ਰਸ ਮਧੂ-ਮੱਖੀਆਂ ਅਤੇ ਹੋਰਨਾਂ ਕੀਟ-ਪਤੰਗਿਆਂ ਨੂੰ ਆਕਰਿਸ਼ਤ ਕਰਦਾ ਹੈ। ਜਾਮਣ ਦੇ ਰੁੱਖ ਦਾ ਸੱਕ ਟੈਨਿਨ ਦੀ ਮੌਜੂਦਗੀ ਹੋਣ ਕਰਕੇ ਚਮੜੇ ਦੀ ਰੰਗਾਈ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਛਿੱਲ ਕਾੜ੍ਹੇ ਦੇ ਰੂਪ ਵਿਚ ਮੂੰਹ ਸਾਫ਼, ਗਰਾਰੇ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਬੱਚਿਆਂ ਵਿਚ ਦਸਤ ਰੋਕਣ ਲਈ ਬੱਕਰੀ ਦੇ ਦੁੱਧ ਵਿਚ ਮਿਲਾ ਕੇ ਨੁਸਖੇ ਤਿਆਰ ਕੀਤੇ ਜਾਂਦੇ ਹਨ। ਜਾਮਣ ਦੀ ਲੱਕੜ ਬਾਬਤ ਬੜੀ ਪੁਰਾਣੀ ਕਹਾਵਤ ਮਸ਼ਹੂਰ ਹੈ, ‘ਜਾਮਣਾ ਗਿੱਲਾ ਗੋਹਾ ਅਤੇ ਸੁੱਕਾ ਲੋਹਾ’। ਭਾਵ ਗਿੱਲੀ ਲੱਕੜ ਬਹੁਤ ਨਰਮ ਹੁੰਦੀ ਹੈ ਅਤੇ ਕਈ ਵਾਰ ਤਾਂ ਫ਼ਲ ਦੇ ਭਾਰ ਨਾਲ ਵੀ ਟਾਹਣਾ ਟੁੱਟ ਕੇ ਥੱਲੇ ਡਿੱਗ ਪੈਂਦਾ ਹੈ, ਪਰ ਸੁੱਕਣ ਉਪਰੰਤ ਲੱਕੜ ਸਖ਼ਤ ਹੋ ਜਾਂਦੀ ਹੈ। ਪਰ ਪੱਕੀ ਲੱਕੜ ’ਤੇ ਰੰਦੇ ਨਾਲ ਕੰਮ ਕਰਨਾ ਔਖਾ ਹੋਣ ਕਰਕੇ ਲੱਕੜ ਵਾਲੇ ਮਿਸਤਰੀ ਮੁਸ਼ਕਿਲ ਮਹਿਸੂਸ ਕਰਦੇ ਹਨ।
ਜਾਮਣ ਵਿਚੋਂ ਪ੍ਰੋਟੀਨ, ਕਾਰਬੋਹਾਈਡਰੇਟ, ਵਿਟਾਮਿਨ ਏ ਅਤੇ ਸੀ ਆਦਿ ਦੀ ਪ੍ਰਾਪਤੀ ਕੀਤੀ ਜਾਂਦੀ ਹੈ। ਆਯੂਰਵੈਦਿਕ, ਯੂਨਾਨੀ ਅਤੇ ਚੀਨੀ ਦਵਾ ਦੇ ਨੁਸਖਿਆਂ ਵਿਚ ਜਾਮਣ ਦੀ ਖ਼ੂਬ ਵਰਤੋਂ ਕੀਤੀ ਜਾਂਦੀ ਹੈ। ਅਨੇਕਾਂ ਨੁਸਖੇ ਅਨੇਕਾਂ ਹੀ ਬਿਮਾਰੀਆਂ ਜਿਵੇਂ ਕਿ ਅੱਖਾਂ ਦਾ ਮੋਤੀਆ, ਕੰਨਾਂ ਦਾ ਵਗਣਾ, ਅਫ਼ਾਰਾ, ਦਿਲ ਦੇ ਰੋਗ, ਫੋੜੇ-ਫਿਨਸੀਆਂ, ਪੱਥਰੀ ਰੋਗ, ਬਲਗਮ, ਪਾਚਨ ਪ੍ਰਣਾਲੀ, ਪੇਸ਼ਾਬ ਰੋਗ, ਬਵਾਸੀਰ ਆਦਿ ਦੇ ਇਲਾਜ ਲਈ ਵਰਤੇ ਜਾਂਦੇ ਹਨ, ਪਰ ਕੋਈ ਵੀ ਨੁਸਖਾ ਆਪਣੇ ਪੱਧਰ ’ਤੇ ਵਰਤਣ ਨਾਲੋਂ ਕਿਸੇ ਆਯੂਰਵੈਦਿਕ ਜਾਂ ਹੋਰ ਪ੍ਰਣਾਲੀ ਦੇ ਮਾਹਿਰ ਨਾਲ ਰਾਇ ਕਰਕੇ ਹੀ ਵਰਤਣਾ ਚਾਹੀਦਾ ਹੈ।
ਜਾਮਣ ਦੇ ਰੁੱਖ ਉਗਾਉਣ/ਵਧਾਉਣ ਦਾ ਸਭ ਤੋਂ ਪੁਰਾਤਨ ਤੇ ਸੌਖਾ ਤਰੀਕਾ ਬੀਜ ਰਾਹੀਂ ਹੈ। ਹਾਲਾਂਕਿ ਇਹ ਪਿਉਂਕ, ਦਾਬ, ਕਲਮ ਜਾਂ ਟਿਸ਼ੂ ਕਲਚਰ ਆਦਿ ਵਿਧੀਆਂ ਰਾਹੀਂ ਵੀ ਉਗਾਏ ਜਾਂ ਵਧਾਏ ਜਾ ਸਕਦੇ ਹੁੰਦੇ ਹਨ। ਪੰਜਾਬ ਵਿਚ ਇਸ ਰੁੱਖ ਉੱਪਰ ਖੋਜ ਕਾਰਜ ਕੀਤੇ ਗਏ ਹਨ, ਪਰ ਬਹੁਤ ਜ਼ਿਆਦਾ ਨਹੀਂ। ਜਾਮਣ ਸਾਡੇ ਪੁਰਾਤਨ ਵਿਰਾਸਤੀ ਰੁੱਖਾਂ ਵਿਚੋਂ ਇਕ ਹੈ। ਜੋ ਛਾਂ, ਫ਼ਲ ਹੀ ਨਹੀਂ ਬਲਕਿ ਅਨੇਕਾਂ ਤਰੀਕਿਆਂ ਨਾਲ ਸਾਡੇ ਮਨੁੱਖਾਂ ਲਈ ਹੀ ਨਹੀਂ ਬਲਕਿ ਜਾਨਵਰਾਂ ਤੇ ਪੰਛੀਆਂ ਆਦਿ ਲਈ ਵੀ ਬੇਹੱਦ ਗੁਣਕਾਰੀ ਰੁੱਖ ਹੈ। ਸਾਨੂੰ ਅਜਿਹੇ ਗੁਣਕਾਰੀ ਰੁੱਖਾਂ ਨੂੰ ਮਨੋਂ ਨਹੀਂ ਵਿਸਾਰਨਾ ਚਾਹੀਦਾ ਸਗੋਂ ਢੁਕਵੀਆਂ ਥਾਵਾਂ ’ਤੇ ਬਹੁ-ਗਿਣਤੀ ਵਿਚ ਲਾਉਣਾ ਚਾਹੀਦਾ ਹੈ। ਲੇਖ ਦੀ ਸਮਾਪਤੀ ਸਾਹਿਤ ਦੀ ਛੋਟੀ ਜਿਹੀ ਵੰਨਗੀ ਰਾਹੀਂ ਖ਼ਤਮ ਕਰਨ ਦੀ ਇਜਾਜ਼ਤ ਚਾਹਾਂਗਾ:
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਇਆ ਛੋਲੇ
ਜਾਮਣੂੰ ਦੀ ਗਿਟਕ ਜਿਹਾ
ਮੇਰੇ ਸਾਹਮਣੇ ਤੜਾ ਤੜ ਬੋਲੇ।
ਸੰਪਰਕ: 98142-39041