ਮੁੰਬਈ: ਪ੍ਰਸ਼ੰਸਕ ਪਿਛਲੇ ਦੋ ਦਹਾਕੇ ਤੋਂ ਸੋਚ ਰਹੇ ਸਨ ਕਿ ਫ਼ਿਲਮ ‘ਦਿਲ ਚਾਹਤਾ ਹੈ’ ਦੇ ਤਿੰਨ ਦੋਸਤ ਆਕਾਸ਼, ਸਿਡ ਅਤੇ ਸਮੀਰ ਮੁੜ ਮਿਲਣਗੇ ਜਾਂ ਨਹੀਂ। ਫਿਲਮ ਦੀ 20ਵੀਂ ਵਰ੍ਹੇਗੰਢ ’ਤੇ ਨਿਰਮਾਤਾ ਫਰਹਾਨ ਅਖਤਰ ਨੇ ਖੁਲਾਸਾ ਕੀਤਾ ਕਿ ਉਸ ਨੇ ਫਿਲਮ ਦੀ ਕਹਾਣੀ ਜਾਰੀ ਰੱਖਣ ਬਾਰੇ ਹਾਲੇ ਕੁਝ ਨਹੀਂ ਸੋਚਿਆ। 10 ਅਗਸਤ, 2001 ਨੂੰ ਰਿਲੀਜ਼ ਹੋਈ ਫਿਲਮ ਆਮਿਰ ਖਾਨ, ਸੈਫ ਅਲੀ ਖਾਨ ਅਤੇ ਅਕਸ਼ੈ ਖੰਨਾ ਵੱਲੋਂ ਨਿਭਾਏ ਗਏ ਕਿਰਦਾਰਾਂ ਦੁਆਲੇ ਘੁੰਮਦੀ ਹੈ। ਇਸ ਵਿੱਚ ਪ੍ਰੀਤੀ ਜ਼ਿੰਟਾ, ਸੋਨਾਲੀ ਕੁਲਕਰਨੀ, ਡਿੰਪਲ ਕਪਾਡੀਆ ਨੇ ਉਨ੍ਹਾਂ ਦਾ ਸਾਥ ਨਿਭਾਇਆ। ਨਿਰਦੇਸ਼ਕ ਵਜੋਂ ਇਹ ਫਰਹਾਨ ਅਖਤਰ ਦੀ ਪਹਿਲੀ ਫਿਲਮ ਸੀ। ਫਿਲਮ ਦੇ ਗੀਤ ਜਾਵੇਦ ਅਖਤਰ ਨੇ ਲਿਖੇ ਅਤੇ ਸੰਗੀਤ ਸ਼ੰਕਰ-ਅਹਿਸਾਨ-ਲੌਏ ਨੇ ਦਿੱਤਾ ਸੀ। ਇਸ ਬਾਰੇ ਫਰਹਾਨ ਨੇ ਕਿਹਾ ਕਿ ਅਮਰੀਕੀ ਫਿਲਮਸਾਜ਼ ਰਿਚਰਡ ਲਿੰਕਲੇਟਰ ਫਿਲਮ ਟਰਾਇਓਲੋਜੀ ‘ਬਿਫੋਰ’ ਵਿੱਚ ਹਰ ਨੌਂ ਸਾਲ ਬਾਅਦ ਮੁੱਖ ਕਿਰਦਾਰਾਂ ਦੀ ਕਹਾਣੀ ਅੱਗੇ ਵਧਾਉਂਦਾ ਹੈ ਪਰ ਉਸ ਦੀ ਇਸ ਤਰ੍ਹਾਂ ਦੀ ਹਾਲੇ ਕੋਈ ਯੋਜਨਾ ਨਹੀਂ ਹੈ। ਉਸ ਨੇ ਕਿਹਾ, ‘‘ਅਜਿਹਾ ਕਦੇ ਵੀ ਸਮਾਂ ਨਹੀਂ ਆਇਆ ਜਦੋਂ ਮੈਂ 20 ਸਾਲ ਬਾਅਦ ਇਨ੍ਹਾਂ ਕਿਰਦਾਰਾਂ ਨੂੰ ਲੱਭਣ ਬਾਰੇ ਸੋਚਿਆ ਹੋਵੇ। ਇਮਾਨਦਾਰੀ ਨਾਲ ਮੈਂ ਇਸ ਬਾਰੇ ਬਿਲਕੁਲ ਨਹੀਂ ਸੋਚਿਆ।’’ ਫਿਲਮ ਦੀ 20ਵੀਂ ਵਰ੍ਹੇਗੰਢ ਮੌਕੇ ਫਰਹਾਨ ਨੇ ਕਿਹਾ ਕਿ ਉਹ ਕਈ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਭਰਿਆ ਹੋਇਆ ਹੈ। ਉਸ ਨੇ ਕਿਹਾ, ‘‘ਮੈਂ ਕਿੰਨਾ ਕਿਸਮਤ ਵਾਲਾ ਸੀ ਕਿ ਆਪਣੀ ਪਹਿਲੀ ਫਿਲਮ ਲਈ ਹੀ ਇੰਨੇ ਸ਼ਾਨਦਾਰ ਅਦਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਲੋਕਾਂ ਨੇ ਇਸ ਨੂੰ ਆਪਣਾ ਬਣਾਇਆ ਤੇ ਅੱਜ ਤੱਕ ਜਿਊਂਦੀ ਰੱਖਿਆ।’’ -ਪੀਟੀਆਈ