ਨਵੀਂ ਦਿੱਲੀ, 31 ਜੁਲਾਈ
ਅਦਾਕਾਰਾ ਨੋਰਾ ਫਤੇਹੀ ਨੇ ਅੱਜ ਇੱਥੋਂ ਦੀ ਇੱਕ ਅਦਾਲਤ ਵਿੱਚ ਆਪਣਾ ਬਿਆਨ ਦਰਜ ਕਰਵਾਇਆ। ਜ਼ਿਕਰਯੋਗ ਹੈ ਕਿ ਫਤੇਹੀ ਨੇ ਮਸ਼ਕੂਕ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਿਤ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਉਸ ਦਾ ਨਾਮ ਘਸੀਟ ਕੇ ਕਥਿਤ ਤੌਰ ’ਤੇ ਉਸ ਨੂੰ ਬਦਨਾਮ ਕਰਨ ਦੇ ਮਾਮਲੇ ਵਿੱਚ ਅਦਾਕਾਰਾ ਜੈਕੁਲਿਨ ਫਰਨਾਂਡੇਜ਼ ਖ਼ਿਲਾਫ਼ ਅਪਰਾਧਿਕ ਸ਼ਿਕਾਇਤ ਦਾਇਰ ਕੀਤੀ ਸੀ। ਫਤੇਹੀ ਜੋ ਕੈਨੇਡਾ ਦੀ ਨਾਗਰਿਕ ਹੈ, ਨੇ ਮੈਟਰੋਪੋਲੇਟਿਨ ਮੈਜਿਸਟਰੇਟ ਕਪਿਲ ਗੁਪਤਾ ਕੋਲ ਬਿਆਨ ਦਰਜ ਕਰਵਾਏ। ਸ਼ਿਕਾਇਤ ਰਾਹੀਂ ਉਸ ਨੇ 15 ਮੀਡੀਆ ਅਦਾਰਿਆਂ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਫਤੇਹੀ ਨੇ ਫਰਨਾਂਡੇਜ਼ ਤੇ ਮੀਡੀਆ ਅਦਾਰਿਆਂ ’ਤੇ ਜਨਤਾ ’ਚ ਫਰਜ਼ੀ ਖਬਰਾਂ ਫੈਲਾ ਕੇ ਉਸ ਦੇ ਅਕਸ ਨੂੰ ਖੋਰਾ ਲਾਉਣ ਦਾ ਦੋਸ਼ ਲਾਇਆ। ਉਸ ਨੇ ਅਦਾਲਤ ਵਿੱਚ ਦੱਸਿਆ ਕਿ ਉਨ੍ਹਾਂ ਉਸ ਨੂੰ ਸੋਨੇ ਦੀ ਖਾਣ ਦੱਸਿਆ ਅਤੇ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਰਿਸ਼ਤਾ ਹੋਣ ਦਾ ਦੋਸ਼ ਮੜ੍ਹਿਆ। ਇਸ ਨਾਲ ਉਸ ਦਾ ਅਕਸ ਖਰਾਬ ਹੋਇਆ ਜਿਸ ਕਾਰਨ ਉਸ ਨੂੰ ਵਿੱਤੀ ਨੁਕਸਾਨ ਝੱਲਣਾ ਪਿਆ। ਉਸ ਨੇ ਕਿਹਾ,‘ਮੈਨੂੰ ਲੱਗਦਾ ਹੈ ਕਿ ਇਸ ਕੇਸ ਵਿੱਚ ਕੁਝ ਲੋਕਾਂ ਨੂੰ ਬਚਾਉਣ ਲਈ ਮੀਡੀਆ ਨੇ ਮੈਨੂੰ ‘ਬਲੀ ਦਾ ਬੱਕਰਾ’ ਬਣਾਇਆ ਹੈ ਕਿਉਂਕਿ ਮੈਂ ਬਾਹਰਲੇ ਮੁਲਕ ਨਾਲ ਸਬੰਧਿਤ ਹਾਂ। ਮੈਂ ਆਪਣੇ ਕਰੀਅਰ ਦੇ ਹੋਏ ਨੁਕਸਾਨ ਦਾ ਹਰਜ਼ਾਨਾ ਮੰਗਦੀ ਹਾਂ। -ਪੀਟੀਆਈ