ਮੁੰਬਈ, 9 ਨਵੰਬਰ
ਅਦਾਕਾਰ ਵਿਕਰਾਂਤ ਮੈਸੀ ਦਾ ਕਹਿਣਾ ਹੈ ਕਿ ਇਸ ਦੇਸ਼ ਵਿਚ ਦੀਪਿਕਾ ਪਾਦੂਕੋਨ ਜਿਹੀ ਸੁਪਰਸਟਾਰ ਹੋਣਾ ਬਹੁਤ ਔਖਾ ਹੈ। ਵਿਕਰਾਂਤ ਨੇ ਦੀਪਿਕਾ ਨਾਲ ‘ਛਪਾਕ’ ਵਿਚ ਕੰਮ ਕੀਤਾ ਸੀ। ਮੈਸੀ ਨੇ ਕਿਹਾ ਕਿ ਸਾਡੇ ਦੇਸ਼ ਵਿਚ ਅਜਿਹੀ ਮਹਿਲਾ ਬਣਨ ਲਈ ਹਿੰਮਤ ਚਾਹੀਦੀ ਹੈ ਜੋ ਆਪਣੀ ਆਵਾਜ਼ ਬੁਲੰਦ ਕਰਨਾ ਜਾਣਦੀ ਹੈ। ਦੀਪਿਕਾ ਬਹੁਤ ਵੱਡੀ ਸਟਾਰ ਤੇ ਦੇਸ਼ ਦੇ ਲੋਕਾਂ ਲਈ ਆਦਰਸ਼ ਵਾਂਗ ਹੈ। ਜੇ ਉਸ ਨੂੰ ਵੀ ਆਪਣੀ ਗੱਲ ਰੱਖਣ ਲਈ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਤਾਂ ਕਿਸੇ ਨੂੰ ਵੀ ਬਣਾਇਆ ਜਾ ਸਕਦਾ ਹੈ। ਵਿਕਰਾਂਤ ਨੇ ਜ਼ੋਰ ਦੇ ਕੇ ਕਿਹਾ ਮੰਦਭਾਗਾ ਹੈ ਕਿ ਸਾਡੇ ਦੇਸ਼ ਵਿਚ ਜਨਤਕ ਬਹਿਸ ਨਹੀਂ ਹੋ ਰਹੀ। ਜ਼ਿਕਰਯੋਗ ਹੈ ਕਿ ‘ਛਪਾਕ’ ਦੇ ਰਿਲੀਜ਼ ਹੋਣ ਵੇਲੇ ਜਨਵਰੀ ਵਿਚ ਦੀਪਿਕਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਚਲੀ ਗਈ ਸੀ। ਇਹ ਕਦਮ ਉਸ ਨੇ ਸੀਏਏ ਖ਼ਿਲਾਫ਼ ਪ੍ਰਗਟਾਏ ਜਾ ਰਹੇ ਰੋਸ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਚੁੱਕਿਆ ਸੀ। ਅਭਿਨੇਤਰੀ ਦੇ ਇਸ ਕਦਮ ਦਾ ਸੋਸ਼ਲ ਮੀਡੀਆ ਉਤੇ ਕਈਆਂ ਨੇ ਵਿਰੋਧ ਕੀਤਾ ਸੀ। ‘ਛਪਾਕ’ ਦੇ ਬਾਈਕਾਟ ਦੀ ਮੁਹਿੰਮ ਵੀ ਚੱਲੀ ਸੀ। ਵਿਕਰਾਂਤ ਨੇ ਦੀਪਿਕਾ ਤੇ ਮੇਘਨਾ ਗੁਲਜ਼ਾਰ ਨਾਲ ਕੰਮ ਕਰਨ ਦੇ ਤਜਰਬੇ ਨੂੰ ਖ਼ੁਸ਼ਨੁਮਾ ਦੱਸਿਆ। -ਪੀਟੀਆਈ