ਮੁੰਬਈ: ਬੌਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਨੇ ਫਿਲਮ ‘ਚੰਦੂ ਚੈਂਪੀਅਨ’ ਵਿੱਚ ਆਪਣੇ ਨਵੇਂ ਰੂਪ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ। 33 ਸਾਲਾ ਅਦਾਕਾਰ ਨੇ ਆਪਣੇ ਸ਼ਹਿਰ ਗਵਾਲੀਅਰ ਵਿੱਚ ਕਬੀਰ ਖਾਨ ਦੀ ਨਿਰਦੇਸ਼ਨਾ ਹੇਠ ਬਣੀ ਫਿਲਮ ਦਾ ਟਲੇਰਲ ਜਾਰੀ ਕੀਤਾ ਹੈ। ਲੰਘੀ ਕੱਲ੍ਹ ਕੈਪਟਨ ਰੂਪ ਸਿੰਘ ਸਟੇਡੀਅਮ ਵਿੱਚ ਹੋਏ ਟਰੇਲਰ ਲਾਂਚ ਈਵੈਂਟ ਵਿੱਚ ਕਾਰਤਿਕ ਆਰੀਅਨ ਨੇ ਫਿਲਮ ’ਚ ਆਪਣੇ ਕਿਰਦਾਰ ਚੰਦੂ ਬਾਰੇ ਜਾਣਕਾਰੀ ਸਾਂਝੀ ਕੀਤੀ। ਅਦਾਕਾਰ ਨੇ ਦੱਸਿਆ ਕਿ ਉਸ ਨੇ ਆਪਣੇ ਰੋਲ ਨਾਲ ਇਨਸਾਫ਼ ਕਰਨ ਲਈ ਕਾਫੀ ਮਿਹਨਤ ਕੀਤੀ। ਕਾਰਤਿਕ ਆਰੀਅਨ ਨੇ ਦੱਸਿਆ, ‘‘ਮੈਂ ਇਕ ਸਾਲ ਮਿੱਠਾ ਨਹੀਂ ਖਾਧਾ ਤੇ ਇਹ ਅਜਿਹਾ ਸਮਾਂ ਸੀ ਜਦੋਂ ਦਿਨ ’ਚ ਸਿਰਫ਼ ਇਕ ਵਾਰ ਖਾਣਾ ਖਾਂਦਾ ਸੀ।’’ ਉਨ੍ਹਾਂ ਦੱਸਿਆ ਕਿ ਉਸ ਨੇ ਖੁਦ ਨੂੰ ਚੰਦੂ ਦੇ ਕਿਰਦਾਰ ਵਿੱਚ ਲੀਨ ਕਰ ਲਿਆ ਸੀ ਅਤੇ ਡੇਢ ਸਾਲ ਬਾਕੀ ਸਾਰੇ ਪ੍ਰਾਜੈਕਟਾਂ ਨੂੰ ਛੱਡ ਕੇ ਆਪਣੇ ਕਿਰਦਾਰ ਵੱਲ ਧਿਆਨ ਕੇਂਦਰਿਤ ਕੀਤਾ। ਜ਼ਿਕਰਯੋਗ ਹੈ ਕਿ ਫਿਲਮ ਚੰਦੂ ਚੈਂਪੀਅਨ 14 ਜੂਨ ਨੂੰ ਰਿਲੀਜ਼ ਹੋਵੇਗੀ, ਜੋ ਇਕ ਖਿਡਾਰੀ ਦੇ ਜੀਵਨ ਦੇ ਆਧਾਰਿਤ ਹੈ। -ਏਐੱਨਆਈ