ਹਰੀ ਕ੍ਰਿਸ਼ਨ ਮਾਇਰ
ਪੜ੍ਹਨ ਦੀ ਉਮਰੇ ਰਾਜੂ ਗਲੀਆਂ ਵਿੱਚ ਵਿਹਲਾ ਫਿਰਦਾ ਸੀ। ਕਿਸੇ ਹਮਦਰਦ ਨੇ ਤਰਸ ਕੀਤਾ ਤਾਂ ਪੱਲਿਓਂ ਫੀਸ ਭਰ ਕੇ ਉਸ ਨੂੰ ਸਕੂਲ ਵਿੱਚ ਦਾਖਲ ਕਰਾ ਆਇਆ। ਗੰਦੇ ਕੱਪੜਿਆਂ ਕਰਕੇ ਕੋਈ ਉਸ ਦੇ ਕੋਲ ਨਾ ਬੈਠਦਾ। ਰਾਜੂ ਦਾ ਕਲਾਸ ਵਿੱਚ ਦਮ ਘੁੱਟਦਾ ਸੀ। ਸਵੇਰ ਦੀ ਸਭਾ ਵਿੱਚ ਉਸ ਨੂੰ ਸਟੇਜ ’ਤੇ ਬੁਲਾਇਆ ਜਾਂਦਾ-ਕਦੇ ਵਰਦੀ ਨਾ ਪਾਉਣ ਕਰਕੇ, ਕਦੇ ਫੀਸ ਨਾ ਦੇਣ ਕਰਕੇ, ਕਦੇ ਕਿਤਾਬਾਂ ਨਾ ਹੋਣ ਕਰਕੇ, ਕਦੇ ਸਕੂਲੋਂ ਦੌੜ ਜਾਣ ਕਰਕੇ।
ਰਾਜੂ ਆਪਣੀ ਮਾਂ ਨੂੰ ਸਕੂਲ ਦੀਆਂ ਗੱਲਾਂ ਘਰ ਆ ਕੇ ਜ਼ਰੂਰ ਦੱਸਦਾ, ਪਰ ਮਾਂ ’ਤੇ ਕੋਈ ਅਸਰ ਨਾ ਹੁੰਦਾ। ਉਹ ਚੁੱਪ ਵੱਟੀ ਰੱਖਦੀ। ਉਸ ਦੇ ਪਿਓ ਨਾਲ ਵੀ ਗੱਲ ਨਾ ਕਰਦੀ। ਰਾਜੂ ਸੋਚਦਾ, ‘‘ਮਾਂ ਬਾਪ ਕੋਲ ਮੇਰੀ ਸਮੱਸਿਆ ਦਾ ਕੋਈ ਹੱਲ ਨਹੀਂ ਤਾਂ ਹੋਰ ਕੀਹਦੇ ਕੋਲ ਹੋਵੇਗਾ? ਸਕੂਲ ਕਿਵੇਂ ਜਾਵਾਂ, ਥੁੜਾਂ ਨੇ ਦੱਬਿਆ ਪਿਆ ਹਾਂ। ਮੇਰੇ ਨਾਲ ਤਾਂ ਕੋਈ ਆੜੀ ਵੀ ਨਹੀਂ ਪਾਉਂਦਾ, ਮੈਂ ਕਿਹੜਾ ਘਰੋਂ ਚਾਕਲੇਟ ਲੈ ਕੇ ਜਾਂਦਾ ਹਾਂ।’’
ਫਿਰ ਰਾਜੂ ਸਕੂਲ ਤੋਂ ਮੂੰਹ ਮੋੜ ਗਿਆ। ਵਿਹਲਾ ਫਿਰਨ ਲੱਗਾ ਤਾਂ ਉਲ੍ਹਾਂਭੇ ਆਉਣ ਲੱਗੇ। ਬਾਪੂ ਅੱਕ ਕੇ ਉਸ ਨੂੰ ਇਮਾਰਤ ਉਸਾਰੀ ਕਰਨ ਵਾਲੇ ਠੇਕੇਦਾਰ ਕੋਲ ਛੱਡ ਆਇਆ। ਰਾਜੂ ਮਜ਼ਦੂਰੀ ਕਰਨ ਲੱਗਾ। ਘਰ ਦੀ ਗ਼ਰੀਬੀ ਬਾਰੇ ਉਹ ਕਦੇ ਕਦੇ ਹੋਰ ਮਜ਼ਦੂਰਾਂ ਨਾਲ ਗੱਲਾਂ ਕਰਦਾ, ‘‘ਮੈਨੂੰ ਰਾਹ ਦਿਖਾਉਣ ਵਾਲੇ, ਆਪ ਗ਼ਰੀਬੀ ਥੱਲੇ ਦੱਬੇ ਹੋਏ ਸੀ। ਜਦੋਂ ਕਿਤਾਬਾਂ ਹੀ ਕੋਲ ਨਹੀਂ ਸੀ ਤਾਂ ਪੜ੍ਹਦਾ ਕਿੱਦਾਂ। ਮੇਰਾ ਦਿਮਾਗ਼ ਸ਼ਰਾਰਤਾਂ ਨੂੰ ਬਥੇਰਾ ਤਿੱਖਾ ਸੀ।’’
ਰਾਜੂ ਪੰਜ ਸਾਲ ਮਜ਼ਦੂਰੀ ਕਰਦਾ ਰਿਹਾ। ਇੱਕ ਦਿਨ ਰਾਜੂ ਦੇ ਦਿਲ ਵਿੱਚ ਪੜ੍ਹਨ ਦਾ ਫੁਰਨਾ ਫੁਰਿਆ। ਉਹ ਆਪਣੇ ਦੋਸਤ ਗੋਪਾਲ ਕੋਲ ਰਾਤੀਂ ਪੜ੍ਹਨ ਚਲਾ ਜਾਂਦਾ। ਇੱਕ ਦਿਨ ਗੋਪਾਲ ਉਸ ਨੂੰ ਕਹਿੰਦਾ, ‘‘ਕਿਤਾਬਾਂ ਬੰਦੇ ਨੂੰ ਫਰਸ਼ ਤੋਂ ਅਰਸ਼ ’ਤੇ ਲੈ ਜਾਂਦੀਆਂ ਹਨ।’’
‘‘ਮੈਂ ਵੀ ਅੱਗੇ ਪੜ੍ਹਨਾ ਚਾਹੁੰਦਾ ਹਾਂ।’’ ਰਾਜੂ ਨੇ ਗੋਪਾਲ ਨੂੰ ਕਿਹਾ।
‘‘ਜੇ ਤੂੰ ਪਹਿਲਾਂ ਅੱਠਵੀਂ ਤੇ ਫਿਰ ਦਸਵੀਂ ਕਰ ਗਿਆ ਤਾਂ ਮੈਂ ਤੈਨੂੰ ਕੋਟ ਪੈਂਟ ਪੁਆ ਕੇ ਬਾਬੂ ਬਣਾ ਦਿਆਂਗਾ।’’
‘‘ਹੈਂ, ਮੈਂ ਤੇ ਬਾਬੂ!’’
ਰਾਜੂ ਨੂੰ ਐਸੀ ਲਗਨ ਲੱਗੀ ਕਿ ਉਸ ਨੇ ਤਾਂ ਦਿਨ ਰਾਤ ਇੱਕ ਕਰ ਦਿੱਤਾ। ਪੜ੍ਹਦੇ ਪੜ੍ਹਦੇ ਰਾਤ ਲੰਘ ਜਾਂਦੀ। ਪਹਿਲਾਂ ਤਾਂ ਉਸ ਨੇ ਪ੍ਰਾਈਵੇਟ ਅੱਠਵੀਂ ਪਾਸ ਕੀਤੀ। ਫਿਰ ਸਮਾਂ ਆਉਣ ’ਤੇ ਮੈਟ੍ਰਿਕ ਦੀ ਫੀਸ ਗੋਪਾਲ ਕੋਲੋਂ ਲੈ ਕੇ ਭਰ ਦਿੱਤੀ। ਇਮਤਿਹਾਨ ਨੇੜੇ ਆ ਗਏ ਸਨ। ਠੇਕੇਦਾਰ ਤੋਂ ਛੁੱਟੀ ਲੈਣ ਗਿਆ ਤਾਂ ਉਸ ਨੇ ਕਿਹਾ, ‘‘ਮੈਂ ਖ਼ੁਸ਼ ਹਾਂ ਕਿ ਤੂੰ ਅੱਠਵੀਂ ਪਾਸ ਕਰ ਲਈ ਹੈ। ਬੇਫ਼ਿਕਰ ਹੋ ਕੇ ਪੇਪਰ ਦੇ, ਛੁੱਟੀਆਂ ਦਾ ਮੈਂ ਤੇਰਾ ਕੋਈ ਪੈਸਾ ਨਹੀਂ ਕੱਟਣਾ।’’
ਰਾਜੂ ਬੜੇ ਹੌਸਲੇ ਨਾਲ ਪੇਪਰ ਦੇਣ ਗਿਆ। ਇੱਕ ਤੋਂ ਬਾਅਦ ਇੱਕ, ਸਾਰੇ ਪੇਪਰ ਬੜੇ ਵਧੀਆ ਹੋਏ ਸਨ। ਪੇਪਰ ਹੋਣ ਪਿੱਛੋਂ ਰਾਜੂ ਕੰਮ ’ਤੇ ਮੁੜ ਆਇਆ ਸੀ। ਹੋਰ ਮਜ਼ਦੂਰ ਉਸ ਵੱਲ ਨੀਝ ਨਾਲ ਦੇਖਦੇ। ਉਨ੍ਹਾਂ ਨੂੰ ਰਾਜੂ ਆਪਣੇ ਤੋਂ ਅਲੱਗ ਜਿਹਾ ਲੱਗਦਾ। ਡੇਢ ਮਹੀਨੇ ਪਿੱਛੋਂ ਨਤੀਜਾ ਵੀ ਆ ਗਿਆ। ਰਾਜੂ ਬੜੇ ਵਧੀਆ ਨੰਬਰਾਂ ਨਾਲ ਦਸਵੀਂ ਵਿੱਚੋਂ ਪਾਸ ਹੋ ਗਿਆ ਸੀ। ਅਗਲੇ ਦਿਨ ਜਦੋਂ ਕੰਮ ’ਤੇ ਗਿਆ ਤਾਂ ਸਾਰੇ ਉਸ ਵੱਲ ਇਉਂ ਦੇਖਣ ਲੱਗੇ, ਜਿਵੇਂ ਉਹ ਕੋਈ ਜੰਗ ਜਿੱਤ ਕੇ ਵਾਪਸ ਆਇਆ ਸੀ। ਗੋਪਾਲ ਲਿਫ਼ਾਫ਼ੇ ਵਿੱਚ ਨਵਾਂ ਸੂਟ ਪਾਈਂ ਖੜ੍ਹਾ ਸੀ। ਠੇਕੇਦਾਰ ਨੇ ਸੌ-ਸੌ ਦੇ ਦੋ ਨੋਟ ਉਸ ਨੂੰ ‘ਸ਼ਾਬਾਸ਼’ ਵਜੋਂ ਦਿੱਤੇ। ਰਾਜੂ ਹੈਰਾਨ ਸੀ ਕਿ ਪੜ੍ਹਾਈ ਕਾਰਨ ਉਸ ਦੀ ਕਿੰਨੀ ਪ੍ਰਸੰਸਾ ਹੋ ਰਹੀ ਸੀ। ਉਸ ਨੂੰ ਅੱਜ ਪਤਾ ਲੱਗਾ ਕਿ ਵਡਿਆਈ ਕੀ ਹੁੰਦੀ ਹੈ? ਉਹ ਮਜ਼ਦੂਰੀ ਕਰਕੇ ਘਰ ਜਾਣ ਲੱਗਾ ਤਾਂ ਗੋਪਾਲ ਨੇ ਉਸ ਦੀ ਪਿੱਠ ਥਾਪੜਦਿਆਂ ਕਿਹਾ, ‘‘ਅਜੇ ਰੁਕਣਾ ਨਹੀਂ ਰਾਜੂ, ਪੜ੍ਹਾਈ ਜਾਰੀ ਰੱਖਣੀ ਹੈ।’’ ਰਾਜੂ ਦਾ ਹੌਸਲਾ ਦੁੱਗਣਾ ਹੋ ਗਿਆ।
ਉਸ ਨੇ ਪੜ੍ਹਾਈ ਜਾਰੀ ਰੱਖਣ ਦਾ ਮਨ ਬਣਾ ਲਿਆ। ਠੇਕੇਦਾਰ ਨੇ ਉਸ ਨੂੰ ਤਰੱਕੀ ਦੇ ਕੇ ਸੁਪਰਵਾਈਜ਼ਰ ਬਣਾ ਦਿੱਤਾ ਸੀ। ਉਹ ਇੱਟਾਂ, ਬਜਰੀ, ਸੀਮਿੰਟ ਅਤੇ ਮਜ਼ਦੂਰਾਂ ਦਾ ਧਿਆਨ ਰੱਖਦਾ ਸੀ। ਆਪਣੇ ਨਾਲ ਗੱਲ ਕਰਨ ਲਈ ਉਸ ਨੇ ਰਾਜੂ ਨੂੰ ਇੱਕ ਮੋਬਾਈਲ ਫੋਨ ਵੀ ਲੈ ਦਿੱਤਾ ਸੀ। ਰਾਜੂ ਨੇ ਕੁਝ ਸਾਲਾਂ ਵਿੱਚ ਹੀ ਬੀ.ਏ. ਕਰ ਲਈ। ਫਿਰ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਦੀ ਐੱਮ.ਏ. ਕਰ ਲਈ। ਗੋਪਾਲ ਦੀ ਸਲਾਹ ਨਾਲ ਭਾਰਤੀ ਪੁਲੀਸ ਅਫ਼ਸਰ ਦੀ ਨਿਯੁਕਤੀ ਲਈ ਇਮਤਿਹਾਨ ਦੇ ਦਿੱਤਾ। ਉਸ ਨੇ ਇਮਤਿਹਾਨ ਅਤੇ ਇੰਟਰਵਿਊ ਦੋਵੇਂ ਪਾਸ ਵੀ ਕਰ ਲਏ। ਉਸ ਦੀ ਪਹਿਲੀ ਨਿਯੁਕਤੀ ਰਾਜਧਾਨੀ ਵਿੱਚ ਬਤੌਰ ਸੁਪਰਡੈਂਟ ਪੁਲੀਸ ਹੋਈ ਸੀ।
ਹੁਣ ਉਹ ਰਾਜੂ ਤੋਂ ਰਾਜਕੁਮਾਰ ਆਈ.ਪੀ.ਐੱਸ. ਬਣ ਗਿਆ ਸੀ। ਉਸ ਨੂੰ ਚੇਤਾ ਆਇਆ ਕਿ ਗੋਪਾਲ ਸੱਚ ਕਹਿੰਦਾ ਸੀ ਕਿ ਕਿਤਾਬਾਂ ਉਸ ਨੂੰ ਫਰਸ਼ ਤੋਂ ਅਰਸ਼ ’ਤੇ ਲੈ ਆਈਆਂ ਸਨ। ਉਹ ਬਚਪਨ ਦਾ ਕੁਝ ਵੀ ਨਹੀਂ ਸੀ ਭੁੱਲਿਆ। ਨਾ ਗੋਪਾਲ ਨੂੰ, ਨਾ ਠੇਕੇਦਾਰ ਨੂੰ ਅਤੇ ਨਾ ਹੀ ਨਾਲ ਦੇ ਮਜ਼ਦੂਰਾਂ ਨੂੰ। ਉਹ ਸਾਰੇ ਉਸ ਨੂੰ ਮਿਲਣ ਆਏ ਸਨ। ਗੋਪਾਲ ਨੂੰ ਜੱਫੀ ਵਿੱਚ ਲੈਂਦਿਆ ਉਹ ਬੋਲਿਆ,‘‘ਤੂੰ ਨਾ ਹੁੰਦਾ ਤਾਂ ਮੈਂ ਇਸ ਕੁਰਸੀ ’ਤੇ ਕਦੋਂ ਬੈਠਣਾ ਸੀ?’’
‘‘ਤੇਰੀ ਲਗਨ ਰੰਗ ਲਿਆਈ ਹੈ।’’ ਗੋਪਾਲ ਬੋਲਿਆ।
ਹੁਣ ਉਹ ਪੁਲੀਸ ਅਫ਼ਸਰ ਸੀ। ਉਸ ਦਾ ਮਨ ਉਸ ਸਮੇਂ ਭਰ ਆਉਂਦਾ, ਜਦੋਂ ਪੁਲੀਸ ਮੁਲਾਜ਼ਮ ਕਿਸੇ ਬੱਚੇ ਨੂੰ ਚੋਰੀ ਕਰਦੇ, ਜੇਬਾਂ ਕੱਟਦੇ, ਝਪਟਮਾਰੀ ਕਰਦੇ ਨੂੰ ਫੜ ਕੇ ਲਿਆਉਂਦੇ ਸਨ। ਉਸ ਨੇ ਜੇਲ੍ਹ ਅੰਦਰ ਇੱਕ ਸਕੂਲ ਖੁਲ੍ਹਵਾਇਆ ਸੀ। ਉੱਥੇ ਬੱਚੇ ਪੜ੍ਹਦੇ ਸਨ। ਉਹ ਚਾਹੁੰਦਾ ਸੀ ਕਿ ਜਦੋਂ ਇਹ ਬੱਚੇ ਜੇਲ੍ਹ ਤੋਂ ਛੁੱਟ ਕੇ ਜਾਣ, ਉਨ੍ਹਾਂ ਦੀਆਂ ਆਦਤਾਂ ਸੁਧਰੀਆਂ ਹੋਣ। ਉਹ ਦੇਸ਼ ਦੇ ਮਾਣਮੱਤੇ ਨਾਗਰਿਕ ਬਣ ਸਕਣ।
ਉਸ ਨੂੰ ਹਰ ਬੱਚੇ ਵਿੱਚੋਂ ਰਾਜੂ ਦੀਂਹਦਾ। ਗ਼ਰੀਬੀ ਨੇ ਝੰਬਿਆ, ਸਕੂਲੋਂ ਝਿੜਕਾਂ ਖਾਂਦਾ, ਗਲੀ ਵਿੱਚ ਵਿਹਲਾ ਫਿਰਦਾ ਰਾਜੂ। ਉਸ ਦੀਆਂ ਸੋਚਾਂ ਦੀ ਲੜੀ ਉਦੋਂ ਟੁੱਟਦੀ ਜਦੋਂ ਉਹ ਵਰਤਮਾਨ ਵਿੱਚ ਮੁੜ ਆਉਂਦਾ ਕਿ ਹੁਣ ਉਹ ਰਾਜੂ ਨਹੀਂ ਸਗੋਂ ਰਾਜ ਕੁਮਾਰ ਹੈ।
ਸੰਪਰਕ: 97806-67686