ਬ੍ਰਹਮਜਗਦੀਸ਼ ਸਿੰਘ
ਮਨੋ-ਵਿਗਿਆਨੀਆਂ ਦਾ ਮਤ ਹੈ ਕਿ ਹਰ ਬੱਚਾ ਦਵੈਲਿੰਗੀ ਹੁੰਦਾ ਹੈ। ਅਰਥਾਤ, ਉਸ ਦੇ ਚਰਿੱਤਰ ਵਿੱਚ ਪੁਰਸ਼ ਅਤੇ ਨਾਰੀ ਦੋਹਾਂ ਦੇ ਗੁਣ-ਲੱਛਣ ਹੁੰਦੇ ਹਨ, ਪਰ ਜਿਵੇਂ-ਜਿਵੇਂ ਉਹ ਵੱਡਾ ਹੁੰਦਾ ਜਾਂਦਾ ਹੈ। ਮਨੁੱਖੀ ਸਮਾਜ ਅਤੇ ਸੱਭਿਆਚਾਰ ਉਸ ਨੂੰ, ਉਸ ਦੀ ਜਨਨ-ਇੰਦਰੀ ਦੇ ਮੁਤਾਬਿਕ ਭੂਮਿਕਾਵਾਂ ਦਿੰਦੇੇ ਹਨ: ਇਹ ਸੰਸਥਾਵਾਂ ਹੀ ਪੁਰਸ਼ ਨੂੰ ‘ਪੁਰਸ਼’ ਅਤੇ ਇਸਤਰੀ ਨੂੰ ‘ਇਸਤਰੀ’ ਬਣਾ ਦਿੰਦੇ ਹਨ। ਅਜੋਕੇ ਸੰਦਰਭ ਵਿੱਚ ਪੁਰਸ਼ ਮਤਲਬ ਸ੍ਰੇਸ਼ਠ, ਬਲਵਾਨ, ਵਿਵੇਕਮਈ ਅਤੇ ਹਾਕਮ। ਇਸਤਰੀ ਮਤਲਬ ਦੁਜੈਲੀ, ਕਮਜ਼ੋਰ, ਭਾਵੁਕ ਅਤੇ ਰਈਅਤ। ਪਿਛਲੀਆਂ ਵੀਹ-ਬਾਈ ਸਦੀਆਂ ਤੋਂ ਪੁਰਸ਼ ਨੇ ਨਾਰੀ ਨੂੰ ਆਪਣਾ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ। ਸਾਡਾ ਸਮਾਜ ਅਤੇ ਸੱਭਿਆਚਾਰ ਉਸ ਦੀ ਸ਼ਖ਼ਸੀਅਤ ਨੂੰ ਵਿਕਸਤ ਨਹੀਂ ਹੋਣ ਦਿੰਦਾ। ਕੁਪੋਸ਼ਣ, ਤਾੜਨਾ, ਵਿਆਹ ਅਤੇ ਵੇਲੇ-ਕੁਵੇਲੇ ਠਹਿਰਨ ਵਾਲੇ ਗਰਭ ਨਾਰੀ ਨੂੰ ਕਿਸੇ ਵੀ ਵੱਡੇ ਪ੍ਰਾਜੈਕਟ ਵਿੱਚ ਰੁੱਝਣ ਦਾ ਮੌਕਾ ਨਹੀਂ ਦਿੰਦੇ, ਜਿਸ ਦੇ ਸਿੱਟੇ ਵਜੋਂ ਨਾਰੀ ਕਿਸੇ ਦੇਸ਼ ਜਾਂ ਸਮਾਜ ਦੇ ਵਿਕਾਸ ਵਿੱਚ ਬਣਦਾ ਹਿੱਸਾ ਨਹੀਂ ਪਾ ਸਕਦੀ।
ਭਾਵੇਂ ਹਮੇਸ਼ਾਂ ਅਜਿਹਾ ਨਹੀਂ ਸੀ। ਸਾਡੇ ਹੀ ਦੇਸ਼ ਵਿੱਚ ਨਾਰੀ ਦਾ ਇੱਕ ਰੂਪ ‘ਦੁਰਗਾ’ ਵੀ ਹੋਇਆ ਕਰਦਾ ਸੀ। ਪ੍ਰਾਚੀਨ ਮੰਦਰਾਂ ਵਿੱਚ ਦੁਰਗਾ ਨੂੰ ਮਹਿਖਾਸੁਰ ਦਾ ‘ਵਧ’ ਕਰਦਿਆਂ ਦਰਸਾਇਆ ਗਿਆ ਹੈ। ਇਸ ਮੁਦਰਾ ਵਿੱਚ ਉਸ ਦੇ ਅਨੇਕ ਬੁੱਤ ਬਣੇ ਹੋਏ ਹਨ। ਜਦੋਂ ਇੰਦਰ ਅਤੇ ਹੋਰ ਸਾਰੇ ਦੇਵਤੇ ਮਹਿਖਾਸੁਰ ਤੋਂ ਪਰਾਜਿਤ ਹੋ ਜਾਂਦੇ ਹਨ ਤਾਂ ਦੁਰਗਾ ਹੀ ਮਹਿਖਾਸੁਰ ਦੇ ਵਿਰੁੱਧ ਨਿੱਤਰਦੀ ਹੈ ਅਤੇ ਦੇਵਰਾਜ ਇੰਦਰ ਨੂੰ ਦੁਬਾਰਾ ਉਸ ਦੇ ਸਿੰਘਾਸਨ ਉੱਪਰ ਬਿਠਾਉਂਦੀ ਹੈ। ਸਾਡੇ ਘਰਾਂ-ਪਰਿਵਾਰਾਂ ਵਿੱਚ ਅੱਜ ਵੀ ਨਾਰੀ ਬਹੁਤ ਕਠਿਨ ਅਤੇ ਵਿਪਰੀਤ ਸਥਿਤੀਆਂ ਵਿੱਚ ਆਪਣੀ ਵੀਰਤਾ ਅਤੇ ਸਾਹਸ ਦਿਖਾਉਂਦੀ ਹੋਈ ਵੇਖੀ ਜਾਂਦੀ ਹੈ, ਹਾਲਾਂਕਿ ਅਸੀਂ ਮਰਦ ਆਪਣੀ ਹਉਮੈ ਵਿੱਚ ਗ੍ਰਸਤ ਹੋ ਕੇ ਉਸ ਪ੍ਰਤੀ ਬਣਦੀ ਸੰਵੇਦਨਾ ਦਾ ਇਜ਼ਹਾਰ ਨਹੀਂ ਕਰਦੇ।
ਆਧੁਨਿਕ ਪੂੰਜੀਵਾਦੀ ਯੁੱਗ ਵਿੱਚ ਜਦੋਂ ਹਰ ਵਰਗ ਨਾਲ ਸਬੰਧਤ ਪੁਰਸ਼, ਪੁਰਾਤਨ ਸਮੇਂ ਦੇ ਬਹੁਤ ਸਾਰੇ ਦਬਾਵਾਂ (ਸਰੀਰਕ) ਤੋਂ ਕਾਫ਼ੀ ਹੱਦ ਤੱਕ ਮੁਕਤ ਹੋ ਚੁੱਕਾ ਹੈ, ਪਰ ਸਾਡੀ ਨਾਰੀ ਅਜੇ ਵੀ ਬੰਧੂਆ ਮਜ਼ਦੂਰ ਵਾਂਗ ਬਾਰ੍ਹਾਂ-ਬਾਰ੍ਹਾਂ ਘੰਟੇ ਬਰਤਨ ਧੋਣ, ਝਾੜੂ-ਪੋਚਾ ਕਰਨ, ਭੋਜਨ ਬਣਾਉਣ-ਵਰਤਾਉਣ ਅਤੇ ਕੱਪੜਿਆਂ ਦੀ ਧੁਆਈ ਆਦਿ ਕਠਿਨ ਕੰਮ ਕਰਨ ਲਈ ਮਜਬੂਰ ਹੈ। ਹਾਲਾਂਕਿ ਮਰਦ ਵੀ ਇਹ ਸਾਰੇ ਕੰਮ ਔਰਤ ਵਾਂਗ ਪੂਰੀ ਕੁਸ਼ਲਤਾ ਨਾਲ ਕਰ ਸਕਦਾ ਹੈ। ਹੋਟਲਾਂ, ਢਾਬਿਆਂ ਅਤੇ ਹੋਰ ਕਈ ਪ੍ਰਕਾਰ ਦੀਆਂ ਦੁਕਾਨਾਂ ਉੱਪਰ ਉਹ ਇਹ ਕੰਮ ਕਰਦਾ ਵੀ ਹੈ, ਪਰ ਘਰ ਵਿੱਚ ਉਹ ਆਪਣੀ ਇਸਤਰੀ ਦੇ ਸਾਹਮਣੇ ਅਜਿਹੇ ਕੰਮ ਕਰਨਾ ਆਪਣੀ ਹੇਠੀ ਸਮਝਦਾ ਹੈ। ਇਸ ਨੀਤੀ ਵਿੱਚ ਸਾਡਾ ਸਮਾਜ ਅਤੇ ਸੱਭਿਆਚਾਰ, ਪੁਰਸ਼ ਦੇ ਨਾਲ ਖੜ੍ਹਦਾ ਹੈ: ਇਸ ਕਾਰਨ ਨਾਰੀ ਪਿਸਦੀ ਰਹਿੰਦੀ ਹੈ।
ਜੇ ਅਸੀਂ ਆਪਣੇ ਦੇਸ਼ ਅਤੇ ਸਮਾਜ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਸਾਨੂੰ ਆਪਣੀ ਪੁਰਸ਼ਵਾਦੀ ਸੋਚ ਨੂੰ ਬਦਲਣਾ ਹੋਵੇਗਾ। ਪੁਰਸ਼ ਅਤੇ ਨਾਰੀ ਦੋਵੇਂ ਘਰ ਵਿੱਚ ਅਤੇ ਬਾਹਰ ਦਫ਼ਤਰਾਂ ਅਤੇ ਹੋਰ ਸੰਸਥਾਨਾਂ ਵਿੱਚ ਮਿਲ-ਜੁਲ ਕੇ ਕੰਮ ਕਰਨ। ਸਾਰੇ ਦੇਸ਼ ਵਿੱਚ ਆਜ਼ਾਦੀ ਉਪਰੰਤ ਸਿੱਖਿਆ ਖੇਤਰ ਵਿੱਚ ਕਾਫ਼ੀ ਵਿਕਾਸ ਹੋਇਆ ਹੈ ਅਤੇ ਇਸ ਖੇਤਰ ਵਿੱਚ ਨਾਰੀ ਨੇ ਮਰਦਾਂ ਨੂੰ ਪੂਰੀ ਤਰ੍ਹਾਂ ਨਾਲ ਪਛਾੜ ਦਿੱਤਾ ਹੈ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਨਾਰੀ, ਪੁਰਸ਼ਾਂ ਤੋਂ ਕਾਫ਼ੀ ਅੱਗੇ ਦਿਖਾਈ ਦਿੰਦੀ ਹੈ ਅਤੇ ਇਸ ਹਕੀਕਤ ਤੋਂ ਅਸੀਂ ਪੁਰਸ਼ ‘ਅੰਨ੍ਹੇ’ ਬਣ ਜਾਂਦੇ ਹਾਂ। ਇਸ ਨੂੰ ਦੇਖ ਕੇ ਵੀ ਇਸ ਦਾ ਕੋਈ ਸਮਾਧਾਨ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ। ਕੁੜੀਆਂ ਦੇ ਬਾਪ ਅਤੇ ਭਰਾ ਵੀ ਨਾਰੀ ਦੇ ਇਸ ਸ਼ੋਸ਼ਣ ਬਾਰੇ ਖਾਮੋਸ਼ ਰਹਿੰਦੇ ਹਨ। ਅਸੀਂ ਪੁਰਸ਼ ਆਪ ਤਾਂ ‘ਧ੍ਰਿਤਰਾਸ਼ਟਰ’ ਹੁੰਦੇ ਹੀ ਹਾਂ, ਗਾਂਧਾਰੀਆਂ (ਮਾਵਾਂ, ਭੈਣਾਂ) ਦੇ ਅੱਖਾਂ ਉਪਰ ਪੱਟੀ ਬੰਨ੍ਹ ਕੇ ਉਨ੍ਹਾਂ ਨੂੰ ਵੀ ਸੰਵੇਦਨਹੀਣ ਬਣਾ ਦਿੰਦੇ ਹਾਂ।
ਅਸੀਂ ਜਾਣਦੇ ਹਾਂ ਕਿ ਸਾਡੇ ਜ਼ਿਲ੍ਹਿਆਂ ਵਿੱਚ ਕਈ ਥਾਂ ਪੜ੍ਹੀਆਂ-ਲਿਖੀਆਂ ਨਾਰੀਆਂ ਡਿਪਟੀ ਕਮਿਸ਼ਨਰ, ਕਮਿਸ਼ਨਰ, ਸੀਨੀਅਰ ਪੁਲੀਸ ਕਪਤਾਨ, ਡੀ.ਆਈ.ਜੀ., ਸੈਸ਼ਨ ਜੱਜ, ਜ਼ਿਲ੍ਹਾ ਮੈਜਿਸਟ੍ਰੇਟ, ਸੀ.ਐੱਮ.ਓ., ਪ੍ਰਿੰਸੀਪਲ ਅਤੇ ਡੀ.ਈ.ਓ. ਵਰਗੀਆਂ ਉੱਚੀਆਂ ਪੋਸਟਾਂ ਉੱਪਰ ਆਪਣੀ ਜ਼ਿੰਮੇਵਾਰੀ ਬਹੁਤ ਕੁਸ਼ਲਤਾ ਨਾਲ ਨਿਭਾ ਰਹੀਆਂ ਹਨ। ਹੋਰ ਤਾਂ ਹੋਰ, ਇਨ੍ਹਾਂ ਅਹੁਦਿਆਂ ਉੱਪਰ ਤਾਇਨਾਤ ਔਰਤਾਂ ਨੂੰ ਕੋਈ ਆਦਮੀ ਰਿਸ਼ਵਤ ਦੇਣ, ਲਿਹਾਜ਼ ਕਰਨ ਜਾਂ ਸਿਫ਼ਾਰਿਸ਼ ਕਰਨ ਦੀ ਜੁਰੱਅਤ ਵੀ ਨਹੀਂ ਕਰਦਾ। ਹਰ ਕੋਈ ਇਸ ਤਰ੍ਹਾਂ ਦੇ ਗੈਰ-ਕਾਨੂੰਨੀ ਕੰਮਾਂ ਤੋਂ ਇਹ ਕਹਿ ਕੇ ਆਪਣਾ ਪੱਲਾ ਛੁਡਾ ਲੈਂਦਾ ਹੈ ਕਿ ਅੱਗੇ ਇੱਕ ਜਨਾਨੀ ਬੈਠੀ ਹੈ, ਉਸ ਨੂੰ ਰਿਸ਼ਵਤ ਜਾਂ ਸਿਫਾਰਸ਼ ਲਈ ਨਹੀਂ ਕਹਿ ਸਕਦੇ। ਸੋਚੋ…ਜੇ ਇਸੇ ਤਰ੍ਹਾਂ ਦੇਸ਼ ਵਿੱਚ ਕਾਨੂੰਨ ਦਾ ਰਾਜ ਚੱਲਦਾ ਹੈ ਤਾਂ ਕਿਉਂ ਨਹੀਂ ਅਸੀਂ ਉਨ੍ਹਾਂ ਨੂੰ ਅੱਗੇ ਵਧਣ ਦੇ ਜ਼ਿਆਦਾ ਤੋਂ ਜ਼ਿਆਦਾ ਮੌਕੇ ਪ੍ਰਦਾਨ ਕਰਦੇ। ਸਾਡੇ ਕੋਲ ਆਈ.ਏ.ਐੱਸ., ਆਈ.ਪੀ.ਐੱਸ., ਪੀ.ਸੀ.ਐੱਸ., ਪੀ.ਪੀ.ਐੱਸ. ਅਫ਼ਸਰਾਂ ਦੀ ਕੋਈ ਘਾਟ ਨਹੀਂ ਹੈ।
ਭਾਵੇਂ ਇਸ ਮੰਤਵ ਲਈ ਪੁਰਸ਼ਾਂ ਅਤੇ ਨਾਰੀਆਂ ਦੋਹਾਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ, ਪਰ ਨਾਰੀ ਦੀ ਜਾਗਰੂਕਤਾ ਵਧੇਰੇ ਜ਼ਰੂਰੀ ਹੈ। ਨਾਰੀ ਦੇ ਘਰ ਜਦੋਂ ਕਿਸੇ ਮੁੰਡੇ ਦਾ ਜਨਮ ਹੁੰਦਾ ਹੈ ਤਾਂ ਉਸ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਹ ਉਸ ਨੂੰ ਮਰਦ ਨਾ ਬਣਾਵੇ ਬਲਕਿ ਇੱਕ ਚੰਗਾ ਇਨਸਾਨ ਬਣਾਵੇ। ਬਚਪਨ ਵਿੱਚ ਉਸ ਨੂੰ ਕੁੜੀਆਂ ਵਾਂਗ ਹੀ ਭਾਂਡੇ ਮਾਂਜਣ, ਕੱਪੜੇ ਧੋਣ, ਖਾਣਾ ਬਣਾਉਣ, ਝਾੜੂ-ਪੋਚਾ ਲਾਉਣ ਦੇ ਕੰਮਾਂ ਵਿੱਚ ਵੀ ਲਾਉਂਦੀ ਰਹੇ। ਜੇ ਕੁਦਰਤ ਨੇ ਉਸ ਨੂੰ ਪੁਰਸ਼ ਬਣਾ ਦਿੱਤਾ ਹੈ ਤਾਂ ਇਹ ਕੋਈ ਅਲੋਕਾਰ ਕੰਮ ਨਹੀਂ ਕੀਤਾ। ਦੁਨੀਆ ਦੇ ਪੰਜਾਹ-ਪਚਵੰਜਾ ਪ੍ਰਤੀਸ਼ਤ ਲੋਕ ਪੁਰਸ਼ ਹਨ। ਇਸ ਵਿੱਚ ਕਿਸੇ ਦੀ ਵੱਡੀ ਪ੍ਰਾਪਤੀ ਕੀ ਹੈ? ਉਂਜ ਵੀ ਸਾਡੇ ਇੱਥੇ ਅਰਧ-ਨਾਰੀਸ਼ਵਰ ਦਾ ਸੰਕਲਪ ਮੌਜੂਦ ਹੈ। ਹਰ ਵਿਅਕਤੀ ਅੱਧੀ ਨਾਰੀ (ਨਾਰੀ ਪਹਿਲਾਂ) ਅਤੇ ਅੱਧਾ ਮਰਦ ਹੁੰਦਾ ਹੈ। ਇਸ ਸੰਕਲਪ ਦੀ ਰੋਸ਼ਨੀ ਵਿੱਚ ਹਰ ਕੋਈ ਆਪਣਾ-ਆਪਣਾ ਕਰਤੱਵ ਪੂਰੀ ਨਿਸ਼ਠਾ ਅਤੇ ਸੱਚਾਈ ਨਾਲ ਨਿਭਾਵੇ।
ਮੇਰੀ ਸੋਚ ਤਾਂ ਇਹ ਹੈ ਕਿ ਪਿਛਲੇ ਦੋ-ਤਿੰਨ ਹਜ਼ਾਰ ਵਰ੍ਹਿਆਂ ਤੋਂ ਅਸੀਂ ਮਰਦਾਂ ਨੇ ਕਾਫ਼ੀ ਗੰਦ ਪਾ ਲਿਆ ਹੈ। ਹੁਣ ਇਸ ਦੀ ਸਾਫ਼-ਸਫ਼ਾਈ ਲਈ ਔਰਤਾਂ ਨੂੰ ਅੱਗੇ ਆਉਣ ਦੇਈਏ। ਹੋ ਸਕਦਾ ਹੈ ਕਿ ਉਹ ਆਪਣੇ ਦੇਸ਼ ਅਤੇ ਸਮਾਜ ਨੂੰ ਸਾਡੇ ਨਾਲੋਂ ਚੰਗੇਰੇ ਢੰਗ ਨਾਲ ਚਲਾ ਕੇ ਵਿਖਾ ਦੇਣ। ਮੌਕਾ ਦੇਣ ਵਿੱਚ ਕੀ ਹਰਜ਼ ਹੈ…?
ਸੰਪਰਕ: 98760-52136