ਮੁੰਬਈ: ਛੋਟੇ ਪਰਦੇ ’ਤੇ ਸੀਰੀਅਲ ‘ਕਹਾਣੀ ਘਰ ਘਰ ਕੀ’ ਵਿੱਚ ‘ਪਾਰਵਤੀ’ ਦਾ ਕਿਰਦਾਰ ਨਿਭਾ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਮਗਰੋਂ ਟੀਵੀ ਲੜੀਵਾਰ ‘ਬੜੇ ਅੱਛੇ ਲਗਤੇ ਹੈਂ’ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਟੀਵੀ ਕਲਾਕਾਰ ਸਾਕਸ਼ੀ ਤੰਵਰ ਦਾ ‘ਪਾਰਵਤੀ’ ਤੋਂ ‘ਪ੍ਰਿਆ’ ਬਣਨ ਤੱਕ ਦਾ ਸਫ਼ਰ ਬਹੁਤ ਦਿਲਚਸਪ ਰਿਹਾ ਹੈ। ਹੁਣ ਵੈੱਬ ਸੀਰੀਜ਼ ਅਤੇ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ‘ਡਾਇਲ 100’ ਨਾਲ ਓਟੀਟੀ (ਓਵਰ ਦਿ ਟੌਪ) ਪਲੇਟਫਾਰਮ ’ਤੇ ਲੋਕਪ੍ਰਿਯਤਾ ਹਾਸਲ ਕਰਨ ਵਾਲੀ ਸਾਕਸ਼ੀ ਦਾ ਕਹਿਣਾ ਹੈ ਕਿ ਉਹ ਇੱਕ ਅਭਿਨੇਤਰੀ ਵਜੋਂ ‘ਬੇਝਿਜਕ ਅਤੇ ਆਜ਼ਾਦ’ ਮਹਿਸੂਸ ਕਰਦੀ ਹੈ। ਇਸ ਫ਼ਿਲਮ ਵਿੱਚ ਉਸ ਨਾਲ ਮਨੋਜ ਬਾਜਪਈ ਅਤੇ ਨੀਨਾ ਗੁਪਤਾ ਵੀ ਕੰਮ ਕਰ ਰਹੇ ਹਨ। ਸਾਕਸ਼ੀ ਨੇ ਕਿਹਾ, ‘ਇਮਾਨਦਾਰੀ ਨਾਲ ਕਹਾਂ ਤਾਂ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਟੀਵੀ ਲੜੀਵਾਰਾਂ ਰਾਹੀਂ ਹਾਸਲ ਕੀਤੀ ਲੋਕਪ੍ਰਿਯਤਾ ਅਤੇ ਮੌਕੇ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਜਦੋਂ ਮੈਂ ਮੁੰਬਈ ਆਈ ਅਤੇ ਕੰਮ ਕਰਨਾ ਸ਼ੁਰੂ ਕੀਤਾ, ਉਦੋਂ ਟੀਵੀ ਅਤੇ ਫ਼ਿਲਮਾਂ ਸਿਰਫ਼ ਦੋ ਹੀ ਵਿਕਲਪ ਸਨ ਅਤੇ ਓਟੀਟੀ ਮੌਜੂਦ ਨਹੀਂ ਸੀ ਪਰ ਹਾਂ, ਸਾਲਾਂ ਤੋਂ ਕੰਮ ਕਰਨ ਤੋਂ ਬਾਅਦ ਮੈਂ ਦਰਸ਼ਕਾਂ ਦੇ ਦਿਲਾਂ ’ਚ ਜਗ੍ਹਾ ਬਣਾਈ।’ ਉਸ ਨੇ ਅੱਗੇ ਕਿਹਾ, ‘ਸ਼ੁਰੂ ਵਿੱਚ, ਮੈਂ ਬਹੁਤ ਜ਼ਿਆਦਾ ਕੰਮ ਕੀਤਾ ਕਿਉਂਕਿ ਮੈਂ ਸਭ ਕੁਝ ਪ੍ਰਾਪਤ ਕਰਨਾ ਚਾਹੁੰਦਾ ਸੀ, ਚੰਗੀਆਂ ਭੂਮਿਕਾਵਾਂ, ਸ਼ੋਅ ਦੀ ਸਫ਼ਲਤਾ ਅਤੇ ਆਪਣੇ ਕਿਰਦਾਰਾਂ ਲਈ ਦਰਸ਼ਕਾਂ ਦਾ ਪਿਆਰ। ਇਹ ਸਭ ਪ੍ਰਾਪਤ ਕਰਨ ਤੋਂ ਬਾਅਦ ਹੁਣ ਮੈਂ ਚੁਣ ਕੇ ਕੰਮ ਕਰਨਾ ਚਾਹੁੰਦੀ ਹਾਂ।’ ਉਸ ਨੇ ਕਿਹਾ,‘ ਓਟੀਟੀ ਅਤੇ ਵੈੱਬ ਸੀਰੀਜ਼ ਨੇ ਮੈਨੂੰ ਅਭਿਨੇਤਰੀ ਦੇ ਰੂਪ ਵਿੱਚ ਆਜ਼ਾਦ ਕੀਤਾ।’ -ਆਈਏਐੱਨਐੱਸ