ਨਵੀਂ ਦਿੱਲੀ, 20 ਜਨਵਰੀ
ਬੀਤੇ ਸਾਲ ਤਾਲਾਬੰਦੀ ਦੌਰਾਨ ਪਰਵਾਸੀਆਂ ਨੂੰ ਸੁਰੱਖਿਅਤ ਘਰ ਭੇਜਣ ਦੀਆਂ ਕੋਸ਼ਿਸ਼ਾਂ ਲਈ ਸਰਾਹੇ ਜਾਣ ਵਾਲੇ ਅਦਾਕਾਰ ਸੋਨੂੰ ਸੂਦ ਨੇ ਉਸ ਉੱਤੇ ਰਾਜਨੀਤਕ ਪਾਰਟੀ ਨਾਲ ਜੁੜੇ ਹੋਣ ਸਬੰਧੀ ਲੱਗ ਰਹੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਉਸ ਨੇ ਕਿਹਾ, ‘‘ਮੈਂ ਇਹ ਸਭ ਇਸ ਲਈ ਕਰ ਸਕਿਆ ਕਿਉਂਕਿ ਮੈਂ ਕਿਸੇ ਰਾਜਨੀਤਕ ਪਾਰਟੀ ਨਾਲ ਨਹੀਂ ਜੁੜਿਆ ਸੀ। ਨਹੀਂ ਤਾਂ ਮੈਨੂੰ ਅਜਿਹਾ ਕਰਨ ਲਈ 100 ਸਵਾਲ ਪੁੱਛਣੇ ਪੈਣੇ ਸਨ ਕਿਉਂਕਿ ਲੋਕਾਂ ਨਾਲ ਜੁੜਨਾ ਅਤੇ ਉਨ੍ਹਾਂ ਦੀ ਮਦਦ ਕਰਨਾ ਮੇਰਾ ਫ਼ੈਸਲਾ ਸੀ, ਇਸ ਕਰਕੇ ਮੈਂ ਉਨ੍ਹਾਂ ਤਕ ਪਹੁੰਚ ਸਕਿਆ। ਮੈਂ ਜੋ ਵੀ ਕੀਤਾ, ਉਹ ਕਿਸੇ ਜਾਤ ਜਾਂ ਧਰਮ ਤਕ ਸੀਮਤ ਨਹੀਂ ਸੀ।’’ ਉਸ ਨੇ ਕਿਹਾ, ‘‘ਮੈਂ ਪਿਛਲੇ 20 ਸਾਲ ਤੋਂ ਇਸ ਸਨਅਤ ਨਾਲ ਜੁੜਿਆ ਹੋਇਆ ਹਾਂ ਅਤੇ 100 ਤੋਂ ਵੱਧ ਫਿਲਮਾਂ ਕਰ ਚੁੱਕਾ ਹਾਂ ਪਰ ਮੈਨੂੰ ਪਿਆਰ ਕਰਨ ਵਾਲੇ ਹਰ ਵਿਅਕਤੀ ਤਕ ਮੇਰਾ ਪਹੁੰਚਣਾ ਸੰਭਵ ਨਹੀਂ ਸੀ। ਮੈਨੂੰ ਲੱਗਦਾ ਹੈ ਕਿ ਮੈਂ ਅਸਲ ਜੀਵਨ ਦੇ ਨਾਇਕ ਦੀ ਭੂਮਿਕਾ ਦਾ ਖੂਬ ਆਨੰਦ ਮਾਣਿਆ।’’ ਤੇਲੰਗਾਨਾ ਵਿੱਚ ਕੁਝ ਲੋਕਾਂ ਵੱਲੋਂ ਉਸ ਦੇ ਨਾਂ ’ਤੇ ਸ਼ੁਰੂ ਕੀਤੀ ਗਈ ਐਂਬੂਲੈਂਸ ਸੇਵਾ ਬਾਰੇ ਉਸ ਨੇ ਕਿਹਾ, ‘‘ਜੋ ਸੇਵਾ ਉਨ੍ਹਾਂ ਨੇ ਸ਼ੁਰੂ ਕੀਤੀ ਹੈ, ਉਹ ਬਹੁਤ ਵਧੀਆ ਹੈ। ਇਹ ਸੇਵਾ ਤੇਲੰਗਾਨਾ ਵਿੱਚ ਮੁਫ਼ਤ ਹੈ ਅਤੇ ਆਂਧਰਾ ਪ੍ਰਦੇਸ਼ ਵਿੱਚ ਵੀ ਫੈਲ ਰਹੀ ਹੈ ਕਿਉਂਕਿ ਇਸ ਸਹੂਲਤ ਦੀ ਕਾਫੀ ਲੋਕਾਂ ਨੂੰ ਜ਼ਰੂਰਤ ਹੋਵੇਗੀ, ਇਸ ਲਈ ਹੁਣ ਮੈਂ ਵੀ ਉਨ੍ਹਾਂ ਦੀ ਮਦਦ ਕਰਾਂਗਾ।’’
-ਆਈਏਐੱਨਐੱਸ