ਮੁੰਬਈ, 14 ਫਰਵਰੀ
ਸਾਲ 2020 ਵਿੱਚ ‘ਮਿਸ ਇੰਡੀਆ ਵਰਲਡ’ ਦਾ ਖ਼ਿਤਾਬ ਜਿੱਤਣ ਵਾਲੀ ਮਨਸਾ ਵਾਰਾਣਸੀ ਦਾ ਕਹਿਣਾ ਹੈ ਕਿ ਜੇ ਉਸ ਨੂੰ ਰੌਚਕ ਕੰਮ ਮਿਲੇਗਾ ਤਾਂ ਉਹ ਬੌਲੀਵੁੱਡ ਵਿੱਚ ਆਪਣੀ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਜ਼ਰੂਰ ਕਰੇਗੀ ਪਰ ਫਿਲਹਾਲ ਉਸ ਦਾ ਧਿਆਨ ‘ਮਿਸ ਵਰਲਡ ਸੁੰਦਰਤਾ’ ਮੁਕਾਬਲੇ ’ਚ ਦੇਸ਼ ਦੀ ਨੁਮਾਇੰਦਗੀ ਕਰਨ ’ਤੇ ਕੇਂਦਰਿਤ ਹੈ। ਉਸ ਨੇ ਇਹ ਵੀ ਕਿਹਾ ਕਿ ਨਵੀਆਂ ਚੁਣੌਤੀਆਂ ਪ੍ਰਤੀ ਉਤਸੁਕਤਾ ਨੇ ਹੀ ਉਸ ਨੂੰ ਸੁੰਦਰਤਾ ਮੁਕਾਬਲੇ ਵਿੱਚ ਭਾਗ ਲੈਣ ਲਈ ਪ੍ਰੇਰਿਆ ਹੈ। ਮਨਸਾ ਨੇ ਕਿਹਾ, ‘‘ਮੈਂ ਹਮੇਸ਼ਾ ਕੁਝ ਨਵਾਂ ਕਰਨ ਲਈ ਉਤਸੁਕ ਰਹਿੰਦੀ ਹਾਂ ਤੇ ਕੁਝ ਵੀ ਨਵਾਂ ਕਰਨ ਲਈ ਨਵੀਆਂ ਸੰਭਾਵਨਾਵਾਂ ਵੱਲ ਜ਼ਿਆਦਾ ਧਿਆਨ ਦਿੰਦੀ ਹਾਂ। ਜੇ ਮੈਨੂੰ ਕੁਝ ਨਵਾਂ ਤੇ ਰੌਚਕ ਕੰਮ ਕਰਨ ਲਈ ਮਿਲੇਗਾ ਮੈਂ ਜ਼ਰੂਰ ਕਰਾਂਗੀ ਪਰ ਫਿਲਹਾਲ ਮੇਰਾ ਧਿਆਨ ਅਗਲੇ ਮਿਸ ਵਰਲਡ ਸੁੰਦਰਤਾ ਮੁਕਾਬਲੇ ਨੂੰ ਜਿੱਤਣ ’ਤੇ ਕੇਂਦਰਿਤ ਹੈ। ਮੇਰੇ ’ਤੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਮੈਂ ਆਪਣੇ ਦੇਸ਼ ਦੀ ਨੁਮਾਇੰਦਗੀ ਕੌਮਾਂਤਰੀ ਪੱਧਰ ’ਤੇ ਕਰਨ ਜਾ ਰਹੀ ਹਾਂ।’’ ਦੱਸਣਯੋਗ ਹੈ ਕਿ 23 ਸਾਲਾ ਮਨਸਾ ਦਾ ਜਨਮ ਹੈਦਰਾਬਾਦ ਵਿੱਚ ਹੋਇਆ ਹੈ ਤੇ ਉਹ ਇੱਕ ਇੰਜਨੀਅਰ ਹੈ। ਉਸ ਨੇ ਆਪਣੀ ਗ੍ਰੈਜੂਏਸ਼ਨ ਕੰਪਿਊਟਰ ਸਾਇੰਸ ਵਿਸ਼ੇ ਵਿੱਚ ਵਾਰਾਣਸੀ ਕਾਲਜ ਆਫ਼ ਇੰਜਨੀਅਰਿੰਗ ਤੋਂ ਕੀਤੀ ਹੈ। -ਆਈਏਐੱਨਐੱਸ