ਪਪੀਹਾ ਸੁਰੀਲੀ ਆਵਾਜ਼ ਦਾ ਮਾਲਕ ਪੰਛੀ ਹੈ। ਇਹ ਬਸੰਤ ਰੁੱਤ ਅਤੇ ਬਾਰਿਸ਼ਾਂ ਵਿਚ ਅਕਸਰ ਅੰਬਾਂ ਦੇ ਰੁੱਖਾਂ ’ਤੇ ਬੈਠ ਕੇ ਪੀ ਕਹਾਂ, ਪੀ ਕਹਾਂ… ਦੀਆਂ ਆਵਾਜ਼ਾਂ ਕੱਢਦਾ ਹੈ। ਪਪੀਹੇ ਦੀ ਆਵਾਜ਼ ਬਹੁਤ ਸੁਰੀਲੀ ਅਤੇ ਬਾਰੀਕ ਹੁੰਦੀ ਹੈ। ਇਹ ਪੂਰੇ ਦੇਸ਼ ਵਿਚ ਪਾਇਆ ਜਾਂਦਾ ਹੈ। ਪਪੀਹੇ ਨੂੰ ਅੰਗਰੇਜ਼ੀ ਵਿਚ ‘ਕਾਮਨ ਹਾਕ ਕੁੱਕੂ’ (Common Hawk-Cuckoo) ਕਿਹਾ ਜਾਂਦਾ ਹੈ। ਅੰਗਰੇਜ਼ੀ ਵਿਚ ਇਸ ਨੂੰ ‘ਬਰੇਨ ਫੀਵਰ ਬਰਡ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਦੱਖਣੀ ਏਸ਼ੀਆ ਵਿਚ ਇਸਦੀ ਸੰਖਿਆ ਬਹੁਤ ਜ਼ਿਆਦਾ ਹੈ।
ਪਪੀਹਾ ਵੇਖਣ ਵਿਚ ਸ਼ਿਕਰੇ ਵਰਗਾ ਲੱਗਦਾ ਹੈ। ਇਸ ਦਾ ਉੱਡਣ ਅਤੇ ਬੈਠਣ ਦਾ ਢੰਗ ਵੀ ਬਿਲਕੁਲ ਸ਼ਿਕਰੇ ਵਰਗਾ ਹੀ ਹੁੰਦਾ ਹੈ। ਇਸ ਦੀਆਂ ਅੱਖਾਂ ਪੀਲੀਆਂ ਹੁੰਦੀਆਂ ਹਨ ਅਤੇ ਸਰੀਰ ਦਾ ਉਪਰਲਾ ਹਿੱਸਾ ਹਲਕਾ ਭੂਰਾ ਹੁੰਦਾ ਹੈ। ਇਸ ਦੀ ਚੁੰਝ ਅਤੇ ਪੈਰ ਉੱਪਰੋਂ ਥੋੜ੍ਹੇ ਹਰੇ/ ਪੀਲੇ ਰੰਗ ਧੱਬਿਆਂ ਵਾਲੇ ਹੁੰਦੇ ਹਨ। ਇਸ ਦੀ ਲੰਬਾਈ 15 ਤੋਂ 19 ਇੰਚ ਤਕ ਹੁੰਦੀ ਹੈ। ਨਰ ਅਤੇ ਮਾਦਾ ਵਿਚ ਬਹੁਤ ਘੱਟ ਅੰਤਰ ਹੁੰਦਾ ਹੈ। ਇਹ ਦੋਵੇਂ ਵੇਖਣ ਵਿਚ ਇਕੋ ਜਿਹੇ ਲੱਗਦੇ ਹਨ। ਪਪੀਹਾ ਖਾਣ ਵਿਚ ਕੀੜੇ-ਮਕੌੜੇ ਜ਼ਿਆਦਾ ਪਸੰਦ ਕਰਦਾ ਹੈ। ਪਪੀਹਾ ਰੁੱਖਾਂ ’ਤੇ ਹੀ ਬੈਠਦਾ ਹੈ ਅਤੇ ਸ਼ਾਇਦ ਹੀ ਕਦੇ ਧਰਤੀ ’ਤੇ ਉਤਰਦਾ ਹੋਵੇ। ਇਹ ਆਪਣਾ ਵਾਸ ਬਾਗ਼, ਬਗੀਚਿਆਂ ਅਤੇ ਪਤਝੜ ਵਾਲੇ ਅਤੇ ਅਰਧ ਸਦਾਬਹਾਰ ਜੰਗਲਾਂ ਵਿਚ ਕਰਦਾ ਹੈ।
ਪਪੀਹਾ ਸਰਦ ਰੁੱਤ ਨੂੰ ਪਸੰਦ ਨਹੀਂ ਕਰਦਾ ਅਤੇ ਇਨ੍ਹਾਂ ਦਿਨਾਂ ਵਿਚ ਇਹ ਦੱਖਣ ਵੱਲ ਪਰਵਾਸ ਕਰ ਜਾਂਦਾ ਹੈ, ਜਿੱਥੇ ਸਰਦੀਆਂ ਘੱਟ ਹੁੰਦੀਆਂ ਹਨ। ਇਹ ਆਪਣਾ ਸਾਰਾ ਸਮਾਂ ਰੁੱਖਾਂ ’ਤੇ ਬਿਤਾਉਂਦਾ ਹੈ, ਪਰ ਆਪਣਾ ਆਲ੍ਹਣਾ ਨਹੀਂ ਬਣਾਉਂਦਾ ਅਤੇ ਹੋਰ ਪੰਛੀਆਂ ਦੇ ਆਲ੍ਹਣੇ ਵਿਚ ਆਂਡੇ ਦਿੰਦਾ ਹੈ। ਮਾਦਾ ਪਪੀਹਾ ਆਮ ਤੌਰ ’ਤੇ ਜੰਗਲੀ ਸੇਰੜ੍ਹੀ (ਕਾਮਨ ਬੈਬਲਰਜ਼) ਦੇ ਆਲ੍ਹਣੇ ਵਿਚ ਆਂਡਾ ਦਿੰਦੀ ਹੈ। ਇਹ ਅਪਰੈਲ ਤੋਂ ਜੂਨ ਵਿਚਕਾਰ ਆਂਡੇ ਦਿੰਦੀ ਹੈ। ਇਸ ਦੇ ਆਂਡਿਆਂ ਦਾ ਰੰਗ ਨੀਲਾ ਹੁੰਦਾ ਹੈ। ਪ੍ਰਜਣਨ ਵੇਲੇ ਨਰ ਤਿੰਨ ਸ੍ਵਰਾਂ ਦੀ ਧੁਨ ਨੂੰ ਦੁਹਰਾਉਂਦਾ ਰਹਿੰਦਾ ਹੈ, ਦੂਸਰੇ ਸ੍ਵਰ ਵੇਲੇ ਵਧੇਰੇ ਤੇਜ਼ ਹੋ ਜਾਂਦਾ ਹੈ ਅਤੇ ਫਿਰ ਇਸਦੇ ਸ੍ਵਰ ਵਿਚ ਹੌਲੀ ਹੌਲੀ ਤੇਜ਼ੀ ਤੋਂ ਬਾਅਦ ਇਸਨੂੰ ਬੰਦ ਕਰ ਦਿੰਦਾ ਹੈ। ਇਸ ਤਰ੍ਹਾਂ ਇਹ ਲੰਬੇ ਸਮੇਂ ਲਈ ਦਿਨ ਵਿਚ, ਦੇਰ ਸ਼ਾਮ ਅਤੇ ਤੜਕੇ ਸਵੇਰ ਤਕ ਇਸ ਤਰ੍ਹਾਂ ਹੀ
ਬੋਲਦਾ ਰਹਿੰਦਾ ਹੈ। ਇਸ ਪੰਛੀ ਨੂੰ ਬਬੀਹਾ ਜਾਂ ਪਪੀਹਾ ਅਤੇ ਚਾਤ੍ਰਿਕ ਨਾਂ ਨਾਲ ਵੀ ਗੁਰਬਾਣੀ ਵਿਚ ਸੰਬੋਧਨ ਕੀਤਾ ਗਿਆ ਹੈ।
ਅੱਜ ਪਪੀਹੇ ਦੇ ਵਾਸ ਦਾ ਦਿਨ-ਬ-ਦਿਨ ਖਾਤਮਾ ਹੋ ਰਿਹਾ ਹੈ। ਇਸ ਦੀ ਮਨਭਾਉਂਦੀ ਥਾਂ ਰੁੱਖਾਂ ਦਾ ਝੁਰਮੁਟ ਸ਼ਹਿਰਾਂ ਅਤੇ ਪਿੰਡਾਂ ਵਿਚੋਂ ਘਟਦਾ ਜਾ ਰਿਹਾ ਹੈ। ਇਸ ਸੁੰਦਰ ਪੰਛੀ ਦੀ ਸ਼ਲਾਘਾ ਸਾਡੇ ਧਾਰਮਿਕ ਗ੍ਰੰਥਾਂ ਵਿਚ ਅਤੇ ਸਾਡੇ ਸਾਹਿਤ ਤੇ ਸੱਭਿਆਚਾਰ ਵਿਚ ਵੀ ਕੀਤੀ ਗਈ ਹੈ। ਅਸੀਂ ਇਸਨੂੰ ਤਾਂ ਹੀ ਸੁਰੱਖਿਅਤ ਰੱਖ ਸਕਾਂਗੇ ਜੇਕਰ ਇਨ੍ਹਾਂ ਦੇ ਵਾਸ ਲਈ ਵੱਧ ਤੋਂ ਵੱਧ ਰੁੱਖ ਲਗਾਵਾਂਗੇ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910