ਡਾ. ਗੁਰਤੇਜ ਸਿੰਘ
ਸਹੀ ਸਮੇਂ ਕੀਤਾ ਸਹੀ ਫੈਸਲਾ ਸਫਲਤਾ ਦੀ ਅੱਧੀ ਮੰਜ਼ਿਲ ਸਰ ਕਰਨ ਦੇ ਬਰਾਬਰ ਹੁੰਦਾ ਹੈ। ਉਮਰਾਂ ਕਦੇ ਵੀ ਸਫਲਤਾ ਦੇ ਰਾਹ ਦਾ ਅੜਿੱਕਾ ਨਹੀਂ ਬਣਦੀਆਂ। ਮੰਜ਼ਿਲਾਂ ਉਮਰਾਂ ਦੀਆਂ ਮੁਹਤਾਜ ਵੀ ਨਹੀਂ ਹੁੰਦੀਆਂ। ਆਪਣੇ ਹੁਨਰ ਨੂੰ ਪਛਾਣ ਕੇ ਚੁੁਣਿਆ ਰਸਤਾ ਕਦੇ ਗਲਤ ਨਹੀਂ ਹੁੰਦਾ। ਜਿਸ ਦੇ ਅੰਦਰ ਕੁਝ ਚੰਗਾ ਕਰਨ ਦਾ ਜਜ਼ਬਾ ਹੋਵੇ, ਉਸ ਨੂੰ ਸਫਲਤਾ ਮਿਲੇ ਬਿਨਾਂ ਨਹੀਂ ਰਹਿੰਦੀ। ਸਫਲਤਾ ਕਿਸੇ ਵਿਸ਼ੇਸ਼ ਵਿਅਕਤੀ ਦੀ ਮੁਹਤਾਜ ਨਹੀਂ। ਜੋ ਵੀ ਸੱਚੇ ਦਿਲੋਂ, ਈਮਾਨਦਾਰੀ ਅਤੇ ਪੱਕੇ ਇਰਾਦੇ ਨਾਲ ਮਿਹਨਤ ਕਰਦਾ ਹੈ, ਸਫਲਤਾ ਲਾਜ਼ਮੀ ਉਸ ਦੇ ਪੈਰ ਚੁੰਮਦੀ ਹੈ। ਮਹਾਨ ਵਿਅਕਤੀ ਦੁੱਖ ਆਉਣ ’ਤੇ ਆਪਣੀ ਕਿਸਮਤ ਨੂੰ ਨਹੀਂ ਕੋਸਦੇ। ਅਸਫਲਤਾ ਨੂੰ ਸਫਲਤਾ ਰੂਪੀ ਜਾਮੇ ਵਿੱਚ ਬਦਲਣ ਲਈ ਉਹ ਹੋਰ ਪਕੇਰੀ ਲਗਨ ਨਾਲ ਮਿਹਨਤ ਕਰਦੇ ਹਨ। ਆਮ ਲੋਕਾਂ ਵਾਂਗ ਉਹ ਕਿਸਮਤ, ਸਮੇਂ ਤੇ ਹੋਰ ਕਾਰਨਾਂ ਪ੍ਰਤੀ ਸ਼ਿਕਵੇ ਨਹੀਂ ਪ੍ਰਗਟਾਉਂਦੇ ਕਿਉਂਕਿ ਉੱਚੀ ਉਡਾਣ ਦੇ ਪਰਿੰਦੇ ਕਦੇ ਸ਼ਿਕਵੇ ਨਹੀਂ ਕਰਦੇ।
ਉਕਤ ਕਥਨ ਮਹਾਨ ਅਤੇ ਸਫਲ ਵਿਅਕਤੀਆਂ ’ਤੇ ਪੂਰੀ ਤਰ੍ਹਾਂ ਢੁਕਦੇ ਹਨ। ਅਜਿਹੀਆਂ ਕੁਝ ਸੰਸਾਰ ਪ੍ਰਸਿੱਧ ਸ਼ਖ਼ਸੀਅਤਾਂ ਦਾ ਜ਼ਿਕਰ ਕਰਨਾ ਲਾਜ਼ਮੀ ਹੈ, ਜਿਨ੍ਹਾਂ ਨੂੰ ਲੋਕਾਂ ਨੇ ‘ਪਾਗਲ’ ਕਿਹਾ ਤੇ ਟਿੱਚਰਾਂ ਵੀ ਕੀਤੀਆਂ, ਪਰ ਸਦਕੇ ਜਾਈਏ ਉਨ੍ਹਾਂ ਸਿਦਕਵਾਨਾਂ ਦੇ ਜਿਨ੍ਹਾਂ ਨੇ ਜ਼ਮਾਨੇ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਆਪਣੇ ਉਦੇਸ਼ ਨੂੰ ਪਾਉਣ ਲਈ ਅਡਿੱਗ ਰਹੇ। ਆਪਣੇ ਹਾਲਾਤ ਨੂੰ ਆਪਣੇ ’ਤੇ ਕਦੇ ਇਨ੍ਹਾਂ ਨੇ ਹਾਵੀ ਨਹੀਂ ਹੋਣ ਦਿੱਤਾ ਸਗੋਂ ਹਾਲਾਤ ਨੂੰ ਆਪਣੇ ਅਨੁਕੂਲ ਬਣਾ ਕੇ ਇਨ੍ਹਾਂ ਨੇ ਮਹਾਨਤਾ ਰੂਪੀ ਬੁਲੰਦੀ ਨੂੰ ਛੋਹਿਆ ਹੈ। ਭਾਰਤ ਰਤਨ ਡਾ. ਭੀਮ ਰਾਉ ਅੰਬੇਡਕਰ ਜੋ ਗਰੀਬੀ ਤੇ ਛੂਤ-ਛਾਤ ਦੀ ਦਲਦਲ ਨੂੰ ਪਾਰ ਕਰਕੇ ਉਸ ਮੁਕਾਮ ’ਤੇ ਪਹੁੰਚੇ, ਜਿੱਥੇ ਪਹੁੰਚਣਾ ਸਹੂਲਤਾਂ ਭੋਗੀਆਂ ਲਈ ਵੀ ਸੰਭਵ ਨਹੀਂ ਹੋ ਸਕਿਆ। ਸਕੂਲ-ਕਾਲਜ ਵਿੱਚ ਵਿਤਕਰਾ, ਖੁਦ ਪਾਣੀ ਪੀਣ ਦਾ ਅਧਿਕਾਰ ਨਹੀਂ ਸੀ, ਅਧਿਆਪਕ ਤੇ ਬੱਚੇ ਪਰਛਾਵੇਂ ਤੋਂ ਵੀ ਡਰਦੇ ਸਨ। ਪਰਿਵਾਰ ਦੇ ਰਹਿਣ ਲਈ ਮਾਤਰ ਇੱਕ ਕਮਰਾ ਜੋ ਘਰ ਦੇ ਸਮਾਨ ਨਾਲ ਭਰਿਆ ਹੋਇਆ ਸੀ, ਰੋਸ਼ਨੀ ਦਾ ਕੋਈ ਤਸੱਲੀਬਖ਼ਸ਼ ਪ੍ਰਬੰਧ ਨਹੀਂ ਸੀ। ਹਰ ਪਾਸੇ ਮੁਸ਼ਕਿਲਾਂ ਦਾ ਸਮੁੰਦਰ ਸੀ ਤੇ ਉਹ ਇਸ ਸਮੁੰਦਰ ਵਿੱਚ ਆਪਣੀ ਬੁੱਧੀ ਅਤੇ ਜਨੂੰਨ ਦੇ ਸਿਰ ’ਤੇ ਕੁੱਦ ਪਏ ਬਸ ਫਿਰ ਕੀ ਸੀ ਹਰ ਮੁਸ਼ਕਿਲ ਉਨ੍ਹਾਂ ਦੇ ਸਿਰੜ ਅੱਗੇ ਛੋਟੀ ਪੈਂਦੀ ਗਈ। ਆਪਣੇ ਕੰਮ ਪ੍ਰਤੀ ਲਗਨ ਅਤੇ ਬੇਹੱਦ ਡੂੰਘੇ ਅਧਿਐਨ ਨੇ ਉਨ੍ਹਾਂ ਨੂੰ ‘ਸਿੰਬਲ ਆਫ ਨਾਲੇਜ’ ਬਣਾ ਦਿੱਤਾ ਅਤੇ ਉਨ੍ਹਾਂ ਦੀ ਵਿਦਵਤਾ ਦਾ ਲੋਹਾ ਸਾਰਾ ਸੰਸਾਰ ਮੰਨਦਾ ਹੈ।
ਥਾਮਸ ਅਲਵਾ ਐਡੀਸਨ, ਜਿਨ੍ਹਾਂ ਦਾ ਬਣਾਇਆ ਬਲਬ ਹਰ ਘਰ ਨੂੰ ਰੁਸ਼ਨਾ ਰਿਹਾ ਹੈ, ਉਨ੍ਹਾਂ ਨੂੰ ਸਕੂਲ ਵਿੱਚੋਂ ‘ਮੰਦਬੁੱਧੀ’ ਕਹਿ ਕੇ ਕੱਢ ਦਿੱਤਾ ਸੀ। ਇਸੇ ਤਰ੍ਹਾਂ ਹੀ ਸਰ ਜਗਦੀਸ਼ ਚੰਦਰ ਬੋਸ ਜੋ ਭਾਰਤ ਵਿੱਚ ਪੈਦਾ ਹੋਏ, ਉਨ੍ਹਾਂ ਨੂੰ ਬਨਸਪਤੀ ਨਾਲ ਕਾਫ਼ੀ ਮੋਹ ਸੀ। ਸਕੂਲੋਂ ਇਨ੍ਹਾਂ ਨੂੰ ਵੀ ਕੱਢ ਦਿੱਤਾ ਗਿਆ ਸੀ, ਪਰ ਉਨ੍ਹਾਂ ਦੀ ਇਜ਼ਾਦ ਕੀਤੀ ਮਸ਼ੀਨ ‘ਕਰੈਸਕੋਗ੍ਰਾਫ’ ਜੋ ਇਹ ਦੱਸਦੀ ਹੈ ਕਿ ਪੌਦੇ ਵੀ ਸੰਗੀਤ ਸੁਣ ਕੇ ਖੁਸ਼ ਹੁੰਦੇ ਹਨ ਤੇ ਦੁੱਖ ਦਰਦ ਵੀ ਮਹਿਸੂਸ ਕਰਦੇ ਹਨ।
ਸਦੀ ਦੇ ਮਹਾਨ ਅਦਾਕਾਰ ਅਮਿਤਾਭ ਬਚਨ ਨੂੰ ਰੇਡੀਓ ਅਨਾਊਂਸਰ ਦੀ ਨੌਕਰੀ ਇਹ ਕਹਿ ਕੇ ਨਾ ਦਿੱਤੀ ਕਿ ਉਨ੍ਹਾਂ ਦੀ ਆਵਾਜ਼ ਖਰਾਬ ਹੈ ਤੇ ਰੇਡੀਓ ’ਤੇ ਅਜਿਹੀ ਆਵਾਜ਼ ਕਿਸੇ ਕੰਮ ਦੀ ਨਹੀਂ, ਪਰ ਉਨ੍ਹਾਂ ਦੀ ਆਵਾਜ਼ ਵਿੱਚ ਬੋਲੇ ਡਾਇਲਾਗ ਅੱਜ ਮੀਲ ਪੱਥਰ ਹਨ। ਮਾਈਕਰੋਸਾਫਟ ਦੇ ਨਿਰਮਾਤਾ ਬਿਲ ਗੇਟਸ ਦਾ ਨਾਂ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਆਮ ਪਰਿਵਾਰ ਵਿੱਚ ਪੈਦਾ ਹੋ ਕੇ ਉਨ੍ਹਾਂ ਉਹ ਕਰ ਦਿਖਾਇਆ, ਜੋ ਬੇਮਿਸਾਲ ਹੈ। ਉਹ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚ ਸ਼ੁਮਾਰ ਹਨ। ਉਹ ਅਕਸਰ ਕਹਿੰਦੇ ਹਨ, ‘ਜੇਕਰ ਤੁਸੀਂ ਗਰੀਬ ਘਰ ਜਨਮੇ ਹੋ ਇਹ ਤੁਹਾਡੀ ਗਲਤੀ ਨਹੀਂ, ਪਰ ਜੇਕਰ ਤੁਸੀਂ ਗਰੀਬ ਹੀ ਮਰਦੇ ਹੋ, ਇਹ ਗਲਤੀ ਤੁਹਾਡੀ ਹੈ।’
ਜ਼ਿੰਦਗੀ ਵਿੱਚ ਹਮੇਸ਼ਾਂ ਇਹ ਗੱਲ ਯਾਦ ਰੱਖੋ ਕਿ ਇਤਿਹਾਸ ਵਿੱਚ ਜੋ ਵੀ ਮਹਾਨ ਵਿਅਕਤੀ ਹਨ, ਉਹ ਇੱਕ ਦਿਨ ਵਿੱਚ ਹੀ ਮਹਾਨ ਨਹੀਂ ਬਣੇ, ਸਗੋਂ ਸਾਲਾਂ ਬੱਧੀ ਸਖ਼ਤ ਮਿਹਨਤ ਅਤੇ ਅਸਫਲਤਾ ਦੇ ਕਈ-ਕਈ ਝਟਕਿਆਂ ਤੋਂ ਬਾਅਦ ਹੀ ਇਨ੍ਹਾਂ ਨੇ ਆਪਣੇ ਮੁਕਾਮ ਪਾਏ ਹਨ। ਸੰਕਟ ਤੇ ਸੰਘਰਸ਼ ਸਦਾ ਇਨ੍ਹਾਂ ਦੇ ਨਾਲ ਚੱਲਦੇ ਰਹੇ ਹਨ, ਪਰ ਇਨ੍ਹਾਂ ਨੇ ਜਿਸ ਵੀ ਕੰਮ ਨੂੰ ਹੱਥ ਵਿੱਚ ਲਿਆ, ਉਸ ਨੂੂੰ ਪੂਰਾ ਕਰ ਕੇ ਹੀ ਸਾਹ ਲਿਆ। ਇਨ੍ਹਾਂ ਨੇ ਜਿਉਣਾ ਹੀ ਸੰਕਟਾਂ ਤੇ ਮੁਸ਼ਕਿਲਾਂ ਤੋਂ ਸਿੱਖਿਆ ਕਿਉਂਕਿ ਸੰਕਟ ਤੇ ਮੁਸ਼ਕਿਲਾਂ ਵੀ ਜ਼ਿੰਦਗੀ ਦੀਆਂ ਉਸਤਾਦ ਹਨ, ਜੋ ਸਾਨੂੰ ਜਿਉਣਾ ਸਿਖਾਉਂਦੀਆਂ ਹਨ। ਸਫਲ ਹੋਣ ਲਈ ਮੁੱਖ ਤੌਰ ’ਤੇ ਇਹ ਗੱਲਾਂ ਉੱਭਰ ਕੇ ਸਾਹਮਣੇ ਆ ਰਹੀਆਂ ਹਨ ਕਿ ਸਭ ਤੋਂ ਪਹਿਲਾਂ ਆਪਣੀ ਪ੍ਰਤਿਭਾ ਪਛਾਣਨੀ, ਦੂਰ ਦ੍ਰਿਸ਼ਟੀ ਨਾਲ ਸੋਚ ਵਿਚਾਰ ਤੇ ਨਿਸ਼ਾਨਾ ਤੈਅ ਕਰਨਾ, ਪੱਕਾ ਤੇ ਮਜ਼ਬੂਤ ਇਰਾਦਾ, ਈਮਾਨਦਾਰੀ ਨਾਲ ਸਖ਼ਤ ਮਿਹਨਤ ਅਤੇ ਸੰਜਮ ਸਫਲਤਾ ਦਾ ਮੂਲ ਮੰਤਰ ਹੈ।
ਸਫਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੈ। ਇਸ ਲਈ ਸੰਜਮ ਰੱਖੋ। ਕਦੇ ਵੀ ਕਾਹਲ ਨਾ ਕਰੋ। ਸਹਿਯੋਗ ਦੇਣ ਅਤੇ ਲੈਣ ਦੀ ਸਮਰੱਥਾ ਵਧਾਓ, ਜਿਸ ਨਾਲ ਚੰਗਾ ਸਿੱਖਣ ਦੀ ਸਮਰੱਥਾ ਵਧੇਗੀ। ਗਲਤ ਤਰੀਕਿਆਂ ਨਾਲ ਸਫਲਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਦੇ ਨਹੀਂ ਕਰਨੀ ਚਾਹੀਦੀ। ਜੇਕਰ ਤੁਸੀਂ ਸਫਲ ਹੋ ਵੀ ਜਾਂਦੇ ਹੋ, ਤੁਹਾਡੇ ਅੰਦਰ ਭੈਅ ਘਰ ਕਰ ਜਾਵੇਗਾ ਤੇ ਆਨੰਦ ਸਦਾ ਲਈ ਉਡਾਰੀ ਮਾਰ ਜਾਵੇਗਾ। ਤੁਹਾਡੀ ਆਤਮਾ ਤੁਹਾਨੂੰ ਸਦਾ ਧੋਖੇਬਾਜ਼ ਕਹਿੰਦੀ ਰਹੇਗੀ। ਆਪਣਾ ਕੰਮ ਚੰਗੀ ਤਰ੍ਹਾਂ ਕਰਨ ਲਈ ਆਪਣੀ ਸ਼ਕਤੀ ਵਧਾਓ, ਦੂਜਿਆਂ ਤੋਂ ਜ਼ਿਆਦਾ ਸੋਚ-ਵਿਚਾਰ ਕੇ ਜ਼ਿਆਦਾ ਮਿਹਨਤ ਕਰੋ, ਸਫਲਤਾ ਤੁਹਾਡੇ ਦਰਵਾਜ਼ੇ ’ਤੇ ਖੜ੍ਹੀ ਮਿਲੇਗੀ। ਜਿਸ ਖੇਤਰ ਵਿੱਚ ਤੁਸੀਂ ਮਿਹਨਤ ਕਰਨੀ ਹੈ, ਉਸ ਵਿੱਚ ਤੁਹਾਡੀ ਦਿਲਚਸਪੀ ਲਾਜ਼ਮੀ ਹੈ। ਉਂਜ ਮਹਾਨ ਤੇ ਸਫਲ ਲੋਕ ਸਫਲਤਾ ਲਈ ਨੀਰਸ ਕੰਮ ਨੂੰ ਵੀ ਕਰਨ ਦੀ ਸਮਰੱਥਾ ਰੱਖਦੇ ਹਨ ਤੇ ਕਰਦੇ ਹਨ। ਕੰਮ ਜਾਂ ਮਿਹਨਤ ਆਨੰਦ ਮਾਣਦਿਆਂ ਕਰੋ ਨਾ ਕਿ ਬੋਝ ਸਮਝ ਕੇ। ਕਦੇ ਵੀ ਨਾਂਹ ਪੱਖੀ ਲੋਕਾਂ ਦੀ ਸੋਹਬਤ ਨਾ ਕਰੋ ਕਿਉਂਕਿ ਉਹ ਤੁਹਾਡੀ ਅੰਦਰੂਨੀ ਸ਼ਕਤੀ ਨੂੰ ਖਤਮ ਕਰ ਸਕਦੇ ਹਨ ਅਤੇ ਤੁਹਾਡੇ ਹੌਸਲੇ ਨੂੰ ਢਾਹ ਲਾ ਸਕਦੇ ਹਨ, ਕਿਉਂਕਿ ਉਹ ਖੁਦ ਅਸਫਲ ਹੁੰਦੇ ਹਨ।
ਇੱਕ ਸਮੇਂ ਇੱਕ ਹੀ ਕੰਮ ਕਰੋ ਤਾਂ ਚੰਗਾ ਹੈ। ਸਾਰਾ ਧਿਆਨ ਇੱਕ ਨਿਸ਼ਾਨੇ ਉੱਪਰ ਹੀ ਕੇਂਦਰਿਤ ਕਰੋ। ਇਸ ਨੂੰ ਬਿਖਰਨ ਨਾ ਦਿਓ। ਉੱਤਲ ਲੈਂਜ਼ ਦੀ ਇਹ ਖੂਬੀ ਹੈ ਕਿ ਜੇਕਰ ਧੁੱਪ ਵਿੱਚ ਉਸ ਦੇ ਹੇਠਾਂ ਕਾਗਜ਼ ਰੱਖ ਦੇਈਏ ਤਾਂ ਕੁਝ ਸਮੇਂ ਬਾਅਦ ਕਾਗਜ਼ ਸੜਨ ਲੱਗ ਜਾਂਦਾ ਹੈ। ਇਹ ਇਸ ਕਰਕੇ ਹੁੰਦਾ ਹੈ ਕਿ ਸਾਰੀਆਂ ਕਿਰਨਾਂ ਇੱਕ ਫੋਕਸ ’ਤੇ ਕੇਂਦਰਿਤ ਹੋ ਜਾਂਦੀਆਂ ਹਨ। ਤਣਾਅ ਅਤੇ ਚਿੰਤਾ ਤੋਂ ਦੂਰੀ ਬਣਾ ਕੇ ਰੱਖੋ। ਜ਼ਿੰਦਗੀ ਦਾ ਕੋਈ ਵੀ ਫੈਸਲਾ ਚਿੰਤਾ ਜਾਂ ਜ਼ਿਆਦਾ ਖੁਸ਼ੀ ਵਿੱਚ ਨਹੀਂ ਕਰਨਾ ਚਾਹੀਦਾ। ਚਿੰਤਾ ਚਿਤਾ ਦਾ ਕੰਮ ਕਰਦੀ ਹੈ, ਜੋ ਹੌਲੀ-ਹੌਲੀ ਤੁਹਾਡੀਆਂ ਮਾਨਸਿਕ ਸ਼ਕਤੀਆਂ ਤੇ ਆਤਮਬਲ ਨੂੰ ਹਰਾ ਦਿੰਦੀ ਹੈ। ਚਿੰਤਾ ਵਿੱਚ ਕੀਤਾ ਕੰਮ ਕਦੇ ਵੀ ਸਹੀ ਢੰਗ ਨਾਲ ਸਿਰੇ ਨਹੀਂ ਚੜ੍ਹਦਾ ਕਿਉਂਕਿ ਚਿੰਤਾ ਦੇ ਨਾਲ ਸੋਚ-ਵਿਚਾਰ ਕਰਨ ਦੀ ਸ਼ਕਤੀ ਵੀ ਨਾਂਮਾਤਰ ਰਹਿ ਜਾਂਦੀ ਹੈ।
ਸਫਲਤਾ ਬੰਦ ਦਰਵਾਜ਼ੇ ਵਿੱਚ ਪਈ ਚੀਜ਼ ਦੇ ਸਮਾਨ ਹੈ ਅਤੇ ਸਖ਼ਤ ਮਿਹਨਤ ਇਸ ਦੀ ਕੁੰਜੀ ਹੈ, ਜੋ ਇਸ ਨੂੰ ਖੋਲ ਸਕਦੀ ਹੈ। ਸਫਲਤਾ ਹਾਸਲ ਕਰਨ ਲਈ ਸਾਡੀ ਕਹਿਣੀ ਤੇ ਕਰਨੀ ਇੱਕ ਹੋਣੀ ਚਾਹੀਦੀ ਹੈ। ਜ਼ਿਆਦਾ ਖਾਣਾ, ਜ਼ਿਆਦਾ ਸੌਣਾ ਤੇ ਜ਼ਿਆਦਾ ਗੱਲਾਂ ਕਰਨੀਆਂ ਛੱਡ ਦਿਓ, ਬਸ ਮਿਹਨਤ ਕਰੋ। ਮੇਰੀ ਮਾਂ ਅਕਸਰ ਕਹਿੰਦੀ ਹੈ ਕਿ ਮਿਹਨਤੀ ਬੱਚਿਆਂ ਨੂੰ ਕਦੇ ਵੀ ਜ਼ਿਆਦਾ ਨਹੀਂ ਸੌਣਾ ਚਾਹੀਦਾ ਕਿਉਂਕਿ ਜ਼ਿਆਦਾ ਸੌਣ ਨਾਲ ਬੰਦੇ ਦੇ ਭਾਗ ਸੌਂ ਜਾਂਦੇ ਹਨ। ਇਹ ਗੱਲ ਬਿਲਕੁਲ ਸੱਚੀ ਹੈ ਕਿ ਕਾਮਯਾਬ ਵਿਅਕਤੀਆਂ ਨੇ 15-18 ਘੰਟੇ ਰੋਜ਼ ਦੀ ਮਿਹਨਤ ਤੇ ਉਹ ਵੀ ਸਾਲਾਂ ਬੱਧੀ ਕੀਤੀ ਹੈ ਤੇ ਭੁੱਖ ਤੇ ਨੀਂਦ ਤਾਂ ਉਹ ਭੁੱਲ ਹੀ ਜਾਂਦੇ ਸਨ। ਹਰ ਸਫਲ ਵਿਅਕਤੀ ਦੀ ਦਰਦ ਭਰੀ ਕਹਾਣੀ ਹੁੰਦੀ ਹੈ ਤੇ ਇਸ ਦਰਦ ਭਰੀ ਕਹਾਣੀ ਦਾ ਅੰਤ ਸਫਲਤਾ ਹੁੰਦਾ ਹੈ। ਸਫਲਤਾ ਪ੍ਰਾਪਤ ਕਰਨ ਲਈ ਇੱਕ ਜਜ਼ਬਾ ਹੋਣਾ ਚਾਹੀਦੈ ਕਿ ਅਸੀਂ ਦੇਸ਼, ਸਮਾਜ ਨੂੰ ਕੁਝ ਚੰਗਾ ਦੇਣਾ ਹੈ ਅਤੇ ਇਤਿਹਾਸ ਰਚਣਾ ਹੈ। ਜੋ ਲੋਕ ਸਾਡੇ ਉੱਪਰ ਹੱਸਦੇ ਹਨ, ਸਫਲਤਾ ਨਾਲ ਉਨ੍ਹਾਂ ਦਾ ਮੂੰਹ ਹਰ ਹੀਲੇ ਬੰਦ ਕਰਨਾ ਹੈ। ਜੇਕਰ ਸਫਲ ਨਾ ਹੋਏ ਤਾਂ ਕਿਸੇ ਨੇ ਮੂੰਹ ਨਹੀਂ ਲਾਉਣਾ ਕਿਉਂਕਿ ਇੱਥੇ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਨੇ, ਛਿਪਦੇ ਨੂੰ ਕੋਈ ਨਹੀਂ ਪੁੱਛਦਾ।
ਸੰਪਰਕ: 95173-96001