ਜੱਗਾ ਸਿੰਘ ਆਦਮਕੇ
ਸਾਉਣ ਮਹੀਨੇ ਦਾ ਪੰਜਾਬੀ ਜਨ ਜੀਵਨ, ਸੱਭਿਆਚਾਰ, ਆਰਥਿਕਤਾ, ਸਮਾਜਿਕ ਆਦਿ ਪੱਖਾਂ ਤੋਂ ਆਪਣਾ ਵਿਸ਼ੇਸ਼ ਮਹੱਤਵ ਹੈ। ਪੰਜਾਬ ਸਮੇਤ ਸਮੁੱਚੇ ਉੱਤਰੀ ਭਾਰਤ ਵਿੱਚ ਇਹ ਮਹੀਨਾ ਬਰਸਾਤਾਂ ਦਾ ਮਹੀਨਾ ਹੈ। ਇਸ ਮਹੀਨੇ ਚੜ੍ਹ ਕੇ ਆਉਂਦੀਆਂ ਕਾਲੀਆਂ ਘਟਾਵਾਂ ਦੁਆਰਾ ਵਰਸਾਈਆਂ ਜਾਂਦੀਆਂ ਨਿੱਕੀਆਂ ਨਿੱਕੀਆਂ ਕਣੀਆਂ ਜੇਠ ਹਾੜ੍ਹ ਦੀ ਜੀਵ-ਜੰਤੂ ਅਤੇ ਬਨਸਪਤੀ ਨੂੰ ਝੁਲਸਣ ਵਾਲੀ ਗਰਮੀ ਤੋਂ ਨਾ ਕੇਵਲ ਨਿਜਾਤ ਦਿਵਾਉਂਦੀਆਂ ਹਨ, ਸਗੋਂ ਧਰਤੀ ਨੂੰ ਵੱਖਰਾ ਸੁਹੱਪਣ ਬਖ਼ਸ਼ਣ ਵਾਲੀਆਂ ਹੁੰਦੀਆਂ ਹਨ। ਇਸ ਮਹੀਨੇ ਪੈਂਦੀਆਂ ਬਰਸਾਤਾਂ ਕਾਰਨ ਆਲਾ ਦੁਆਲਾ ਹਰਿਆ ਭਰਿਆ ਹੋ ਜਾਂਦਾ ਹੈ। ਇਸੇ ਮਹੀਨੇ ਮੁਟਿਆਰਾਂ ਦਾ ਤਿਉਹਾਰ ਤੀਆਂ ਆਉਂਦਾ ਹੈ। ਅਜਿਹਾ ਹੋਣ ਕਾਰਨ ਲੋਕ ਗੀਤਾਂ, ਬੋਲੀਆਂ ਵਿੱਚ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ :
ਤੀਆਂ ਤੀਜ ਦੀਆਂ
ਸਾਉਣ ਮਹੀਨੇ ਲਾਈਆਂ।
ਹੋਰਨਾਂ ਰਸਮਾਂ ਰਿਵਾਜਾਂ, ਤਿਉਹਾਰਾਂ ਵਾਂਗ ਤੀਆਂ ਦੇ ਤਿਉਹਾਰ ਦੇ ਪਿੱਛੇ ਕੁੜੀਆਂ ਦਾ ਆਪਸੀ ਮੇਲ ਮਿਲਾਪ, ਸੁਹਾਵਣੇ ਮੌਸਮ ਦਾ ਆਨੰਦ, ਮਨੋਰੰਜਨ ਆਦਿ ਦੀਆਂ ਲੋੜਾਂ ਰਹੀਆਂ ਹੋਣਗੀਆਂ। ਕੁੜੀਆਂ ਇਸ ਮੌਕੇ ਪੇਕੇ ਪਿੰਡ ਆਉਂਦੀਆਂ ਹਨ। ਪਿੰਡ ਆਪਣੀਆਂ ਸਹੇਲੀਆਂ ਨੂੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਅਤੇ ਤੀਆਂ ਕਰਕੇ ਅਜਿਹਾ ਮੌਕਾ ਬਣਦਾ। ਅਜਿਹਾ ਹੋਣ ਕਾਰਨ ਸੱਜ ਵਿਆਹੀਆਂ ਨੂੰ ਇਸ ਤਿਉਹਾਰ ਦੀ ਬੜੀ ਬੇਸਬਰੀ ਨਾਲ ਉਡੀਕ ਹੁੰਦੀ। ਸਾਉਣ ਮਹੀਨੇ ਤੀਆਂ ਤੋਂ ਪਹਿਲਾਂ ਕੁੜੀਆਂ ਆਪਣੀ ਮਾਂ ਨੂੰ ਉਸ ਦੇ ਵੀਰ ਨੂੰ ਤੀਆਂ ਲਈ ਲੈ ਕੇ ਜਾਣ ਲਈ ਭੇਜਣ ਲਈ ਕੁਝ ਇਸ ਤਰ੍ਹਾਂ ਕਹਿੰਦੀਆਂ:
ਭੇਜੀਂ ਮਾਏ ਚੰਨ ਵੀਰ ਨੂੰ
ਸਾਉਣ ਚੜਿ੍ਹਆ, ਤੀਆਂ ਦੇ ਦਿਨ ਨੇੜੇ।
ਪਰ ਕੁਝ ਕਾਰਨਾਂ ਕਰਕੇ ਕੁਝ ਮੁਟਿਆਰਾਂ ਨੂੰ ਪੇਕੇ ਲੈ ਜਾਣ ਲਈ ਦੇਰੀ ਵੀ ਹੋ ਜਾਂਦੀ। ਜੇਕਰ ਕਿਸੇ ਕਾਰਨ ਕਿਸੇ ਮੁਟਿਆਰ ਨੂੰ ਉਸ ਦਾ ਵੀਰ ਤੀਆਂ ਲਈ ਲੈਣ ਨਾ ਆਉਂਦਾ ਤਾਂ ਸਬੰਧਤ ਨੂੰ ਕੁਝ ਇਸ ਤਰ੍ਹਾਂ ਦੇ ਮਿਹਣਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ:
ਤੈਨੂੰ ਤੀਆਂ ਨੂੰ ਲੈਣ ਨਾ ਆਏ
ਨੀਂ ਬਹੁਤਿਆਂ ਭਰਾਵਾਂ ਵਾਲੀਏ।
ਬਹੁਤ ਸਾਰੇ ਘਰਾਂ ਵਿੱਚ ਕਬੀਲਦਾਰੀ ਦੀਆਂ ਮਜਬੂਰੀਆਂ ਜਾਂ ਦੂਸਰੇ ਕਾਰਨਾਂ ਕਰਕੇ ਪੇਕੇ ਘਰ ਜਾਣ ਵਿੱਚ ਅੜਿੱਕਾ ਵੀ ਪੈਂਦਾ। ਜੇਕਰ ਕਿਸੇ ਮੁਟਿਆਰ ਦੇ ਪਤੀ ਵੱਲੋਂ ਉਸ ਨੂੰ ਕਿਸੇ ਕਾਰਨ ਤੀਆਂ ਲਈ ਪੇਕੇ ਜਾਣ ਤੋਂ ਰੋਕਿਆ ਜਾਂਦਾ ਤਾਂ ਮੁਟਿਆਰ ਨੂੰ ਇਸ ਦੇ ਲਈ ਕੁਝ ਇਸ ਤਰ੍ਹਾਂ ਵੀ ਕਹਿਣਾ ਪੈਂਦਾ :
ਬਾਗਾਂ ਦੇ ਵਿੱਚ ਕੋਇਲ ਬੋਲਦੀ
ਰੜੇ ਬੋਲਦਾ ਬੀਂਡਾ
ਮੋਟੂ ਜਿਹੇ ਦੀ ਮਿੰਨਤ ਕਰਾਂ
ਤੀਆਂ ਨੂੰ ਪੇਕੇ ਜਾਣ ਨ੍ਹੀਂ ਦਿੰਦਾ।
ਤੀਆਂ ਦੇ ਦਿਨ ਆਉਣ ’ਤੇ ਪਿੰਡਾਂ ਵਿੱਚ ਵਣਜਾਰੇ ਚੂੜੀਆਂ ਵੇਚਣ ਆਉਂਦੇ ਅਤੇ ਕੁੜੀਆਂ ਚੂੜੀਆਂ ਚੜ੍ਹਵਾਉਂਦੀਆਂ। ਮੁਟਿਆਰਾਂ ਦੁਆਰਾ ਮਹਿੰਦੀ ਲਗਾਈ ਜਾਂਦੀ। ਕੁੜੀਆਂ ਚਾਈਂ ਚਾਈਂ ਦੂਜੀਆਂ ਕੁੜੀਆਂ ਨੂੰ ਤੀਆਂ ਵਿੱਚ ਸ਼ਾਮਲ ਹੋਣ ਲਈ ਕੁਝ ਇਸ ਤਰ੍ਹਾਂ ਕਹਿੰਦੀਆਂ :
ਰਲ ਆਓ ਸਈਓ ਨੀਂ
ਸੱਭੇ ਤੀਆਂ ਖੇਡਣ ਜਾਈਏ
ਹੁਣ ਆ ਗਿਆ ਸਾਉਣ ਨੀਂ
ਪੀਂਘਾਂ ਪਿੱਪਲਾਂ ’ਤੇ ਜਾ ਕੇ ਪਾਈਏ।
ਤੀਆਂ ਆਮ ਕਰਕੇ ਪਿੰਡਾਂ ਦੇ ਟੋਭਿਆਂ, ਛੱਪੜਾਂ ਉੱਪਰਲੇ ਪਿੱਪਲਾਂ, ਬੋਹੜਾਂ ਹੇਠ ਲੱਗਦੀਆਂ। ਇਸ ਸਬੰਧੀ ਬੋਲੀਆਂ ਵਿੱਚ ਵਰਣਨ ਕੁਝ ਇਸ ਤਰ੍ਹਾਂ ਮਿਲਦਾ ਹੈ:
ਆਉਂਦੀ ਕੁੜੀਏ, ਜਾਂਦੀ ਕੁੜੀਏ
ਤੁਰਦੀ ਪਿੱਛੇ ਨੂੰ ਜਾਵੇਂ
ਨੀਂ ਕਾਹਲੀ ਕਾਹਲੀ ਪੈਰ ਪੱਟ ਲੈ
ਤੀਆਂ ਲੱਗੀਆਂ ਪਿੱਪਲ ਦੀ ਛਾਵੇਂ
ਨੀਂ ਕਾਹਲੀ ਕਾਹਲੀ…
ਮੁਟਿਆਰਾਂ ਲਈ ਤੀਆਂ ਵਿੱਚ ਜਾਣਾ, ਕਿਸੇ ਮੇਲੇ ਵਿੱਚ ਜਾਣ ਵਰਗਾ ਹੁੰਦਾ। ਤੀਆਂ ਵਿੱਚ ਮੁਟਿਆਰਾਂ ਪੂਰਾ ਸੱਜ ਫਬ ਕੇ ਆਉਂਦੀਆਂ ਅਤੇ ਰਲ ਕੇ ਗਿੱਧਾ ਪਾਉਂਦੀਆਂ। ਉਨ੍ਹਾਂ ਦੁਆਰਾ ਕੀਤੇ ਗਏ ਹਾਰ ਸ਼ਿੰਗਾਰ ਅਤੇ ਪਾਏ ਗਹਿਣੇ ਆਪਣੀ ਹੋਂਦ ਕੁਝ ਇਸ ਤਰ੍ਹਾਂ ਵਿਖਾਉਂਦੇ :
ਪਿੱਪਲਾਂ ਹੇਠਾਂ ਆਈਆਂ ਕੁੜੀਆਂ
ਪਾ ਕੇ ਛਾਪਾਂ ਛੱਲੇ
ਕੁੜੀਆਂ ਦੀਆਂ ਛਣਕਦੀਆਂ ਝਾਂਜਰਾਂ
ਹੋ ਗਈ ਬੱਲੇ ਬੱਲੇ
ਗਿੱਧਾ ਤੀਆਂ ਦਾ ਪੈਂਦਾ ਪਿੱਪਲਾਂ ਥੱਲੇ।
ਤੀਆਂ ਵਿੱਚ ਇਕੱਠੀਆਂ ਹੋਈਆਂ ਮੁਟਿਆਰਾਂ ਸੁਹਾਵਣੇ ਮੌਸਮ ਅਤੇ ਵੱਖਰੇ ਵਾਤਾਵਰਨ ਕਾਰਨ ਮਸਤ ਹੋ ਜਾਂਦੀਆਂ। ਸਾਉਣ ਦੀਆਂ ਕਾਲੀਆਂ ਘਟਾਵਾਂ ਅਤੇ ਉਨ੍ਹਾਂ ਵਿੱਚੋਂ ਹੁੰਦੀ ਕਿਣ ਮਿਣ ਉਨ੍ਹਾਂ ਦੇ ਜੋਸ਼ ਨੂੰ ਹੋਰ ਵੀ ਸਿਖਰਾਂ ’ਤੇ ਪਹੁੰਚਾ ਦਿੰਦੀ। ਇਸ ਸਮੇਂ ਗਿੱਧਾ ਆਪਣੇ ਜੋਬਨ ’ਤੇ ਕੁਝ ਇਸ ਤਰ੍ਹਾਂ ਹੁੰਦਾ:
ਸਾਉਣ ਮਹੀਨੇ ਬੱਦਲ ਪੈਂਦਾ
ਨਿੰਮੀਆਂ ਪੈਣ ਫੁਹਾਰਾਂ।
’ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ
ਇੱਕੋ ਜਿਹੀਆਂ ਮੁਟਿਆਰਾਂ।
ਦੂਹਰੀਆਂ ਹੋ ਕੇ ਨੱਚਣ ਲੱਗੀਆਂ
ਜਿਉਂ ਕੂੰਜਾਂ ਦੀਆਂ ਡਾਰਾਂ।
ਤੀਆਂ ਸਮੇਂ ਗਿੱਧਾ ਪਾਉਣ ਦੇ ਨਾਲ ਨਾਲ ਬੋਹੜਾਂ ਪਿੱਪਲਾਂ ਉੱਪਰ ਪੀਂਘਾਂ ਵੀ ਪਾਈਆਂ ਜਾਂਦੀਆਂ, ਜਿਨ੍ਹਾਂ ਨੂੰ ਮੁਟਿਆਰਾਂ ਜ਼ਿਦ ਜ਼ਿਦ ਚੜ੍ਹਾਉਂਦੀਆਂ ਅਤੇ ਪਿੱਪਲਾਂ ਬੋਹੜਾਂ ਦੇ ਪੱਤਿਆਂ ਨੂੰ ਸੂਤ ਲਿਆਉਂਦੀਆਂ। ਤੀਆਂ ਦੌਰਾਨ ਬੋਹੜਾਂ ਤੇ ਪਿੱਪਲਾਂ ’ਤੇ ਪੀਂਘਾਂ ਪਾਉਣ ਸਬੰਧੀ ਵਰਣਨ ਬਹੁਤ ਸਾਰੇ ਲੋਕ ਗੀਤਾਂ, ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ:
ਪਿੱਪਲਾ ਵੇ ਪੇਕੇ ਪਿੰਡ ਦਿਆ
ਤੇਰੀ ਸੁੱਖ ਮਨਾਵਾਂ।
ਆਵੇ ਸਾਉਣ ਮਹੀਨਾ ਵੇ
ਮੈਂ ਪੀਂਘ ਤੇਰੇ ’ਤੇ ਪਾਵਾਂ।
ਸਾਉਣ ਮਹੀਨੇ ਮੌਸਮ ਬਹੁਤ ਹੀ ਮਨਮੋਹਣਾ ਹੁੰਦਾ ਹੈ। ਅਜਿਹੇੇ ਹੁਸੀਨ ਮੌਸਮ ਵਿੱਚ ਪੀਘਾਂ ਦੇ ਨਜ਼ਰਿਆਂ ਦੇ ਨਾਲ ਨਾਲ ਮੁਟਿਆਰਾਂ ਗਿੱਧੇ ਵਿੱਚ ਪੂਰੇ ਜ਼ੋਰਾਂ ਸ਼ੋਰਾਂ ਨਾਲ ਆਪਣੀ ਨਾਚ ਕਲਾ ਦਾ ਪ੍ਰਦਰਸ਼ਨ ਕਰਦੀਆਂ। ਇਸ ਸਮੇਂ ਕਾਲੀਆਂ ਘਟਾਵਾਂ ਦੀਆਂ ਫੁਹਾਰਾਂ ਨਾਲ ਠੰਢੀਆਂ ਹਵਾਵਾਂ ਚੱਲਦੀਆਂ ਹਨ, ਜਿਨ੍ਹਾਂ ਦਾ ਜ਼ਿਕਰ ਤੀਆਂ ਦੇ ਗਿੱਧੇ ਵਿੱਚ ਪੈਂਦੀਆਂ ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਹੁੰਦਾ:
ਸਾਉਣ ਮਹੀਨਾ ਆਇਆ ਅੜੀਓ
ਲੈ ਕੇ ਠੰਢੀਆਂ ਹਵਾਵਾਂ।
ਸਹੁਰੇ ਘਰੋਂ ਆਈਆਂ ਝਾਂਜਰਾਂ
ਮਾਰ ਅੱਡੀ ਛਣਕਾਵਾਂ।
ਮੇਰਾ ਉੱਡ ਉੱਡ ਜਾਂਦਾ ਡੋਰੀਆ
ਜਦ ਮੈਂ ਪੀਂਘ ਚੜ੍ਹਾਵਾਂ।
ਸਾਉਣ ਦਿਆ ਬੱਦਲਾ ਵੇ
ਜਸ ਤੇਰਾ ਗਿੱਧੇ ਵਿੱਚ ਗਾਵਾਂ।
ਸਾਉਣ ਮਹੀਨੇ ਪੇਕੇ ਆਈਆਂ ਮੁਟਿਆਰਾਂ ਤੀਆਂ ਵਿੱਚ ਐਨਾ ਕੁ ਰਚ ਮਿਚ ਜਾਂਦੀਆਂ ਕਿ ਉਨ੍ਹਾਂ ਨੂੰ ਤੀਆਂ ਦੇ ਇਨ੍ਹਾਂ ਹੁਸੀਨ ਦਿਨਾਂ ਨੂੰ ਵਿਚਕਾਰ ਛੱਡ ਕੇ ਜਾਣਾ ਕਾਫ਼ੀ ਔਖਾ ਲੱਗਦਾ। ਜੇਕਰ ਕਿਸੇ ਮੁਟਿਆਰ ਦਾ ਪਤੀ ਤੀਆਂ ਦੌਰਾਨ ਲੈਣ ਆ ਜਾਂਦਾ, ਤਾਂ ਉਹ ਕੁਝ ਇਸ ਤਰ੍ਹਾਂ ਕਹਿੰਦੀ ਉਸ ਨਾਲ ਜਾਣ ਤੋਂ ਇਨਕਾਰ ਕਰ ਦਿੰਦੀ :
ਸਾਉਣ ਦਾ ਮਹੀਨਾ, ਪੈਂਦੀ ਤੀਆਂ ਵਿੱਚ ਧਮਾਲ ਵੇ।
ਮੁੜ ਜਾ ਸ਼ੌਕੀਨਾ, ਮੈਂ ਨ੍ਹੀਂ ਜਾਣਾ ਤੇਰੇ ਨਾਲ ਵੇ।
ਇਸ ਤਰ੍ਹਾਂ ਮੌਜ ਮਸਤੀ ਕਰਦੀਆਂ ਮੁਟਿਆਰਾਂ ਦੇ ਤੀਆਂ ਦੇ ਰੰਗੀਨ ਦਿਨ ਬੜੀ ਛੇਤੀ ਲੰਘ ਜਾਂਦੇ। ਤੀਆਂ ਖਤਮ ਹੋਣ ’ਤੇ ਪੇਕੇ ਪਿੰਡ ਇਕੱਠੀਆਂ ਹੋਈਆਂ ਮੁਟਿਆਰਾਂ ਫਿਰ ਵਿੱਛੜ ਜਾਂਦੀਆਂ। ਅਜਿਹਾ ਹੋਣ ਕਰਕੇ ਕੁੜੀਆਂ ਸਾਉਣ ਦਾ ਮੇਲ ਮਿਲਾਪ ਕਰਵਾਉਣ ਲਈ ਬਹਾਨਾ ਬਣਨ ਕਾਰਨ ਉਸ ਦਾ ਜਸ ਗਾਉਂਦੀਆਂ ਅਤੇ ਭਾਦੋਂ ਨੂੰ ਵਿਛੋੜੇ ਪਾਉਣ ਕਾਰਨ ਕੁਝ ਇਸ ਤਰ੍ਹਾਂ ਕੋਸਦੀਆਂ:
ਸਾਉਣ ਵੀਰ ਇਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ।
ਸਾਉਣ ਦੀ ਮੈਂ ਵੰਡਾ ਸੀਰਨੀ
ਭਾਦੋਂ ਚੜ੍ਹਦੀ ਨੂੰ ਅੱਗ ਲੱਗ ਜਾਵੇ।
ਜਦੋਂ ਤੀਆਂ ਦਾ ਅੰਤਿਮ ਦਿਨ ਆਉਂਦਾ, ਤਦ ਗਿੱਧਾ ਆਪਣੇ ਸਿਖਰਾਂ ’ਤੇ ਹੁੰਦਾ। ਫਿਰ ਮਿਲਣ ਦੀ ਉਮੀਦ ਨਾਲ ਤੀਆਂ ਦਾ ਅੰਤ ਕੁਝ ਇਸ ਤਰ੍ਹਾਂ ਕੀਤਾ ਜਾਂਦਾ :
ਤੀਆਂ ਤੀਜ ਦੀਆਂ
ਵਰ੍ਹੇ ਦਿਨਾਂ ਨੂੰ ਫੇਰ।
ਪਰ ਹੁਣ ਤੀਆਂ ਪਹਿਲਾਂ ਵਾਂਗ ਨਹੀਂ ਮਨਾਈਆਂ ਜਾਂਦੀਆਂ। ਨਾ ਹੀ ਮੁਟਿਆਰਾਂ ਨੂੰ ਤੀਆਂ ਦੀ ਪਹਿਲਾਂ ਵਾਂਗ ਬੇਸਬਰੀ ਨਾਲ ਉਡੀਕ ਹੁੰਦੀ ਹੈ। ਬੇਸ਼ੱਕ ਕੁਝ ਕੁ ਮੁਟਿਆਰਾਂ ਹੁਣ ਵੀ ਸਾਉਣ ਮਹੀਨੇ ਪੇਕੇ ਪਿੰਡ ਆਉਂਦੀਆਂ ਹਨ, ਪਰ ਪਹਿਲਾਂ ਵਾਂਗ ਤੀਆਂ ਵਿੱਚ ਨਹੀਂ ਜਾਂਦੀਆਂ। ਨਾ ਹੀ ਪਿੱਪਲਾਂ ਬੋਹੜਾਂ ਹੇਠ ਮੁਟਿਆਰਾਂ ਵੱਲੋਂ ਤੀਆਂ ਦੀਆਂ ਰੌਣਕਾਂ ਲੱਗਦੀਆਂ ਹਨ।
ਸੰਪਰਕ: 81469-24800