ਮੋਗਾ (ਮਹਿੰਦਰ ਸਿੰਘ ਰੱਤੀਆਂ): ਅਦਾਕਾਰ ਸੋਨੂੰ ਸੂਦ ਇੰਨ੍ਹੀ ਦਿਨੀਂ ਮੋਗਾ ਸਥਿਤ ਆਪਣੇ ਪੁਸ਼ਤੈਨੀ ਘਰ ਆਇਆ ਹੋਇਆ ਹੈ। ਅਦਾਕਾਰ ਨੇ ਮਿਸ਼ਨ-2022 ਦੇ ਮੱਦੇਨਜ਼ਰ ਵਿੱਢੀ ਸਮਾਜ ਸੇਵਾ ਦੀ ਮੁਹਿੰਮ ਤਹਿਤ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਸੋਨੂੰ ਸੂਦ ਪੰਜਾਬੀਅਤ ਦੇ ਰੰਗ ’ਚ ਰੰਗਿਆ ਨਜ਼ਰ ਆਇਆ। ਸੋਨੂੰ ਵੱਲੋਂ ਹਾਲ ਹੀ ਵਿੱਚ ਪਾਥੀਆਂ ਕੋਲ ਬੈਠ ਕੇ ਖਿਚਵਾਈਆਂ ਆਪਣੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਨਾਲ ਅਦਾਕਾਰ ਨੇ ਲਿਖਿਆ ਹੈ, ‘ਮੇਰੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ’। ਜ਼ਿਕਰਯੋਗ ਹੈ ਕਿ ਸੋਨੂੰ ਸੂਦ ਨੇ ਲੌਕਡਾਊਨ ਦੌਰਾਨ ਲੋਕਾਂ ਦੀ ਬਹੁਤ ਸੇਵਾ ਕੀਤੀ ਸੀ ਤੇ ਹੁਣ ਵੀ ਆਪਣੀ ਸੰਸਥਾ ਰਾਹੀਂ ਉਹ ਲਗਾਤਾਰ ਇਹ ਸੇਵਾ ਕਰ ਰਿਹਾ ਹੈ। ਅਦਾਕਾਰ ਪਿੰਡਾਂ ’ਚ ਲੋੜਵੰਦਾਂ ਦੀ ਮਦਦ ਕਰ ਰਿਹਾ ਹੈ। ਦੱਸਣਯੋਗ ਹੈ ਕਿ ਸੋਨੂੰ ਸੂਦ ਆਪਣੀ ਭੈਣ ਮਾਲਵਿਕਾ ਸੱਚਰ ਸੂਦ ਲਈ ਸਿਆਸੀ ਪਿੜ ਤਿਆਰ ਕਰਨ ’ਚ ਵੀ ਜੁਟਿਆ ਹੋਇਆ ਹੈ। ਹਾਲ ਹੀ ਵਿੱਚ ਸੋਨੂ ਨੇ ਇਹ ਬਿਆਨ ਦਿੱਤਾ ਸੀ ਕਿ ਉਸ ਦੀ ਭੈਣ ਮਾਲਵਿਕਾ ਸੂਦ ਸਿਆਸਤ ’ਚ ਉਤਰੇਗੀ, ਪਰ ਹਾਲੇ ਇਹ ਫ਼ੈਸਲਾ ਨਹੀਂ ਲਿਆ ਗਿਆ ਹੈ ਕਿ ਉਹ ਕਿਸੇ ਪਾਰਟੀ ਨਾਲ ਜੁੜੇਗੀ।