ਪ੍ਰਿੰਸੀਪਲ ਵਿਜੈ ਕੁਮਾਰ
ਰਿੰਪੀ ਅਤੇ ਉਸ ਦਾ ਭਰਾ ਜੁਝਾਰ ਵੱਡੀਆਂ ਜਮਾਤਾਂ ਵਿਚ ਹੋਣ ਕਾਰਨ ਪਹਿਲਾਂ ਨਾਲੋਂ ਕਾਫ਼ੀ ਸਿਆਣੇ ਅਤੇ ਸਮਝਦਾਰ ਹੋ ਗਏ ਸਨ। ਉਨ੍ਹਾਂ ਦੇ ਪਰਿਵਾਰ ਵਿਚ ਵਾਤਾਵਰਣ, ਸਿਹਤ ਅਤੇ ਪੁਸਤਕਾਂ ਦੇ ਮਹੱਤਵ ਬਾਰੇ ਹੋਣ ਵਾਲੀਆਂ ਗੱਲਾਂ ਨੇ ਉਨ੍ਹਾਂ ਦੇ ਸੋਚਣ ਦੇ ਢੰਗ ਵਿਚ ਵੀ ਬਹੁਤ ਤਬਦੀਲੀ ਲਿਆ ਦਿੱਤੀ ਸੀ। ਰੱਖੜੀ ਦਾ ਤਿਉਹਾਰ ਨੇੜੇ ਆ ਰਿਹਾ ਸੀ। ਜੁਝਾਰ ਆਪਣੀ ਭੈਣ ਤੋਂ ਬਹੁਤ ਚਾਅ ਨਾਲ ਰੱਖੜੀ ਬੰਨ੍ਹਵਾਉਂਦਾ ਸੀ। ਰਿੰਪੀ ਵੀ ਸੋਹਣੀਆਂ ਸੋਹਣੀਆਂ ਰੱਖੜੀਆਂ ਨਾਲ ਉਸ ਦੇ ਦੋਵੇਂ ਗੁੱਟ ਭਰ ਦਿੰਦੀ ਸੀ। ਰੱਖੜੀ ਦੇ ਤਿਉਹਾਰ ਤੋਂ ਕੁੱਝ ਦਿਨ ਪਹਿਲਾਂ ਜੁਝਾਰ ਨੇ ਆਪਣੀ ਭੈਣ ਰਿੰਪੀ ਨੂੰ ਕਿਹਾ, ‘ਭੈਣ ਜੀ, ਇਸ ਵਾਰ ਮੇਰੇ ਗੁੱਟ ’ਤੇ ਬੰਨ੍ਹਣ ਲਈ ਸੋਹਣੀ ਜਿਹੀ ਇੱਕੋ ਰੱਖੜੀ ਲੈ ਕੇ ਆਇਓ।’
ਰਿੰਪੀ ਅੱਗੋਂ ਬੋਲੀ, ‘ਕਿਉਂ ਤੂੰ ਮੇਰੇ ਨਾਲ ਗੁੱਸੇ ਹੈ?’ ਜੁਝਾਰ ਨੇ ਉਸ ਨੂੰ ਜਵਾਬ ਦਿੱਤਾ, ‘ਭੈਣ ਜੀ, ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ? ਮੈਂ ਤੁਹਾਡੇ ਨਾਲ ਕਦੇ ਨਾਰਾਜ਼ ਹੋ ਸਕਦਾ ਹਾਂ, ਭਲਾਂ?’ ਰਿੰਪੀ ਨੇ ਫੇਰ ਅੱਗੋਂ ਕਿਹਾ, ‘ਜੇਕਰ ਤੂੰ ਮੇਰੇ ਨਾਲ ਗੁੱਸੇ ਨਹੀਂ ਤਾਂ ਫੇਰ ਤੂੰ ਮੈਨੂੰ ਇੱਕ ਰੱਖੜੀ ਬੰਨ੍ਹਣ ਲਈ ਕਿਉਂ ਕਹਿ ਰਿਹਾ ਏਂ?’ ਜੁਝਾਰ ਬੋਲਿਆ, ‘ਭੈਣ ਜੀ, ਤੁਹਾਡੀ ਇਸ ਗੱਲ ਦਾ ਜਵਾਬ ਤਾਂ ਮੈਂ ਰੱਖੜੀ ਵਾਲੇ ਦਿਨ ਹੀ ਦਿਆਂਗਾ। ਰਿੰਪੀ ਬੋਲੀ, ਉਹ ਕਿਉਂ ਭਲਾਂ, ਰੱਖੜੀ ਵਾਲੇ ਦਿਨ ਹੀ ਕਿਉਂ, ਅੱਜ ਕਿਉਂ ਨਹੀਂ?’ ਜੁਝਾਰ ਨੇ ਉੱਤਰ ਦਿੱਤਾ, ‘ਭੈਣ ਜੀ, ਇਸ ਵਿਚ ਵੀ ਕੋਈ ਰਾਜ ਹੈ।’ ਉਹ ਬੋਲੀ, ‘ਅੱਛਾ, ਠੀਕ ਹੈ ਫੇਰ, ਮੈਂ ਤੇਰੇ ਗੁੱਟ ’ਤੇ ਇੱਕ ਹੀ ਰੱਖੜੀ ਬੰਨ੍ਹਾਂਗੀ, ਪਰ ਮੇਰੀ ਵੀ ਇੱਕ ਸ਼ਰਤ ਹੈ।’
ਜੁਝਾਰ ਬੋਲਿਆ, ‘ਭੈਣ ਜੀ, ਤੁਸੀਂ ਅੱਜ ਤਕ ਤਾਂ ਕੋਈ ਸ਼ਰਤ ਰੱਖੀ ਨਹੀਂ। ਦੱਸੋ, ਤੁਹਾਡੀ ਕਿਹੜੀ ਸ਼ਰਤ ਹੈ?’ ਰਿੰਪੀ ਹੱਸ ਕੇ ਬੋਲੀ, ਵੀਰ ਜੀ, ਮੈਂ ਵੀ ਤੁਹਾਨੂੰ ਉਸ ਦਿਨ ਹੀ ਦੱਸਾਂਗੀ।’ ਐਨੇ ਨੂੰ ਉਨ੍ਹਾਂ ਦੀ ਮੰਮੀ ਨੇ ਉਨ੍ਹਾਂ ਨੂੰ ਆਵਾਜ਼ ਮਾਰ ਕੇ ਕਿਹਾ, ‘ਗੱਲਾਂ ਫੇਰ ਮਾਰ ਲਿਓ, ਪਹਿਲਾਂ ਖਾਣਾ ਖਾ ਲਓ।’
ਜੁਝਾਰ ਰੱਖੜੀ ਵਾਲੇ ਦਿਨ ਤਕ ਸੋਚਦਾ ਰਿਹਾ ਕਿ ਰਿੰਪੀ ਦੀ ਕੀ ਸ਼ਰਤ ਹੋ ਸਕਦੀ ਹੈ? ਰੱਖੜੀ ਵਾਲੇ ਦਿਨ ਰੱਖੜੀ ਬੰਨ੍ਹਵਾਉਣ ਤੋਂ ਬਾਅਦ ਜੁਝਾਰ ਨੇ ਰਿੰਪੀ ਨੂੰ ਕਿਹਾ, ‘ਭੈਣ ਜੀ, ਤੁਸੀਂ ਮੇਰੀ ਗੱਲ ਮੰਨ ਕੇ ਮੇਰੇ ਗੁੱਟ ’ਤੇ ਇੱਕ ਹੀ ਰੱਖੜੀ ਬੰਨ੍ਹੀ ਹੈ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਪਰ ਮੇਰੀ ਇੱਕ ਹੋਰ ਬੇਨਤੀ ਹੈ ਕਿ ਪਿਛਲੇ ਸਾਲ ਤੁਸੀਂ ਮੇਰੀਆਂ ਰੱਖੜੀਆਂ ’ਤੇ ਜ਼ਿਆਦਾ ਪੈਸੇ ਖ਼ਰਚ ਕੀਤੇ ਸਨ, ਇਸ ਵਾਰ ਤੁਹਾਡੇ ਘੱਟ ਪੈਸੇ ਖ਼ਰਚ ਹੋਏ ਹਨ। ਜਿੰਨੇ ਘੱਟ ਪੈਸੇ ਖ਼ਰਚ ਹੋਏ ਹਨ, ਉਹ ਪੈਸੇ ਮੈਨੂੰ ਦੇ ਦਿਓ।’ ਰਿੰਪੀ ਜ਼ੋਰ ਨਾਲ ਹੱਸਦਿਆਂ ਹੋਇਆਂ ਬੋਲੀ, ‘ਅੱਛਾ, ਹੁਣ ਤੂੰ ਬਹੁਤ ਸਿਆਣਾ ਹੋ ਗਿਆ ਹੈ, ਰੱਖੜੀ ਬੰਨ੍ਹਣ ਦੇ ਪੈਸੇ ਤਾਂ ਤੂੰ ਮੈਨੂੰ ਦੇਣੇ ਸਨ, ਉਲਟਾ ਤੂੰ ਮੇਰੇ ਕੋਲੋਂ ਪੈਸੇ ਮੰਗ ਰਿਹਾ ਹੈ।’ ਜੁਝਾਰ ਨੇ ਕਿਹਾ, ‘ਭੈਣ ਜੀ, ਤੁਸੀਂ ਮੇਰੀ ਪੂਰੀ ਗੱਲ ਸੁਣੀ ਹੀ ਨਹੀਂ। ਮੈਂ ਰੱਖੜੀ ਬੰਨ੍ਹਣ ਦੇ ਪੈਸੇ ਤੁਹਾਨੂੰ ਦੇਣੇ ਹੀ ਹਨ। ਸਾਡੇ ਸਕੂਲ ਦੇ ਪੰਜਾਬੀ ਅਧਿਆਪਕ ਨੇ ਸਾਰੇ ਸਕੂਲ ਦੇ ਵਿਦਿਆਰਥੀਆਂ ਨੂੰ ਇਹ ਸੁਨੇਹਾ ਦਿੱਤਾ ਕਿ ਤੁਸੀਂ ਕਿਸੇ ਨਾ ਕਿਸੇ ਢੰਗ ਨਾਲ ਪੈਸੇ ਬਚਾ ਕੇ ਆਪਣੇ ਨਾਲ ਦੇ ਲੋੜਵੰਦ ਬੱਚਿਆਂ ਦੀ ਸਹਾਇਤਾ ਕਰਨੀ ਹੈ। ਮੈਂ ਅੱਜ ਰੱਖੜੀ ਦੇ ਤਿਉਹਾਰ ਤੋਂ ਹੀ ਪੈਸੇ ਬਚਾਉਣ ਦੀ ਸ਼ੁਰੂਆਤ ਕੀਤੀ ਹੈ।’ ਰਿੰਪੀ ਬੋਲੀ, ‘ਜੁਝਾਰ, ਤੁਹਾਡੇ ਅਧਿਆਪਕ ਨੇ ਤੁਹਾਨੂੰ ਇਹ ਤਾਂ ਬਹੁਤ ਵਧੀਆ ਗੱਲ ਸਿਖਾਈ ਹੈ। ਮੈਂ ਤੈਨੂੰ ਹੋਰ ਜ਼ਿਆਦਾ ਪੈਸੇ ਦਿਆਂਗੀ, ਇਸ ਨੇਕ ਕੰਮ ਲਈ। ਹੁਣ ਮੇਰੀ ਸ਼ਰਤ ਵੀ ਸੁਣ ਲੈ, ਮੈਂ ਇਸ ਵਾਰ ਤੈਥੋਂ ਰੱਖੜੀ ਬੰਨ੍ਹਣ ਦੇ ਪੈਸੇ ਨਹੀਂ ਸਗੋਂ ਪੰਜ ਪੌਦੇ ਤੇ ਇੱਕ ਚੰਗੀ ਪੁਸਤਕ ਲਵਾਂਗੀ।’ ਜੁਝਾਰ ਬੋਲਿਆ, ‘ਭੈਣ ਜੀ, ਤੁਹਾਨੂੰ ਰੱਖੜੀ ਬੰਨ੍ਹਣ ਦੇ ਪੌਦੇ ਅਤੇ ਪੁਸਤਕ ਲੈਣ ਲਈ ਕਿਸ ਨੇ ਕਿਹਾ ਹੈ ? ਤੁਸੀਂ ਪੌਦੇ ਅਤੇ ਪੁਸਤਕ ਕੀ ਕਰਨੇ ਨੇ?’
ਰਿੰਪੀ ਨੇ ਅੱਗੋਂ ਜੁਝਾਰ ਨੂੰ ਜਵਾਬ ਦਿੱਤਾ, ‘ਸਾਡੇ ਵਿਗਿਆਨ ਅਧਿਆਪਕ ਵਾਤਾਵਰਣ ਅਤੇ ਪੁਸਤਕ ਪ੍ਰੇਮੀ ਨੇ, ਉਨ੍ਹਾਂ ਨੇ ਸਕੂਲ ਦੇ ਬੱਚਿਆਂ ਨੂੰ ਇਹ ਸੁਨੇਹਾ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪੁਸਤਕ ਸਕੂਲ ਦੀ ਲਾਇਬ੍ਰੇਰੀ ਨੂੰ ਦੇਣੀ ਹੈ ਤਾਂ ਕਿ ਉਸ ਪੁਸਤਕ ਨੂੰ ਹੋਰ ਵੀ ਪੜ੍ਹ ਸਕਣ। ਪੌਦੇ ਆਪਣੀ ਮਨਪਸੰਦ ਅਤੇ ਲੋੜਵੰਦ ਥਾਂ ’ਤੇ ਲਗਾਉਣੇ ਹੀ ਨਹੀਂ ਸਗੋਂ ਉਨ੍ਹਾਂ ਦੀ ਦੇਖਭਾਲ ਵੀ ਕਰਨੀ ਹੈ ਜਦੋਂ ਤਕ ਉਹ ਬੜੇ ਨਾ ਹੋ ਜਾਣ। ਮੈਂ ਉਹ ਪੌਦੇ ਆਪਣੇ ਸਕੂਲ ਵਿਚ ਲਗਾਵਾਂਗੀ।’
ਉਨ੍ਹਾਂ ਦੋਹਾਂ ਦੀਆਂ ਇਹ ਚੰਗੀਆਂ ਗੱਲਾਂ ਉਨ੍ਹਾਂ ਦੇ ਮੰਮੀ-ਪਾਪਾ ਸੁਣ ਰਹੇ ਸਨ। ਉਨ੍ਹਾਂ ਨੇ ਉਨ੍ਹਾਂ ਦੋਹਾਂ ਨੂੰ ਕਿਹਾ, ‘ਤੁਸੀਂ ਦੋਵੇਂ ਇਹ ਨੇਕ ਕੰਮ ਜ਼ਰੂਰ ਕਰੋ, ਅਸੀਂ ਤੁਹਾਡੇ ਨਾਲ ਹਾਂ।’
ਸੰਪਰਕ: 98726-27136