ਮੁੰਬਈ: ਕ੍ਰਾਈਮ ਡਰਾਮਾ ਲੜੀ ‘ਪੋਚਰ’ ਦੀ ਕਾਰਜਕਾਰੀ ਨਿਰਮਾਤਾ ਆਲੀਆ ਭੱਟ ਨੇ ਹਾਲ ਹੀ ਵਿੱਚ ਇੱਕ ਜਾਗਰੂਕ ਕਰਨ ਵਾਲੀ ਵੀਡੀਓ ਸਾਂਝੀ ਕੀਤੀ ਹੈ, ਜਿਸ ਦਾ ਸਿਰਲੇਖ ਹੈ ‘ਮਰਡਰ ਇਜ਼ ਮਰਡਰ’। ਰਿਚੀ ਮਹਿਤਾ ਵੱਲੋਂ ਲਿਖੀ, ਨਿਰਦੇਸ਼ਿਤ ਅਤੇ ਤਿਆਰ ਕੀਤੀ ਗਈ ਲੜੀ ‘ਪੋਚਰ’ ਵਿੱਚ ਨਿਮਿਸ਼ਾ ਸਜਾਇਨ, ਰੋਸ਼ਨ ਮੈਥਿਊ ਤੇ ਦਿਬੇਂਦੂ ਭੱਟਾਚਾਰੀਆ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਇਹ ਲੜੀ ਸੱਚੀਆਂ ਘਟਨਾਵਾਂ ’ਤੇ ਆਧਾਰਿਤ ਹੈ ਜੋ ਭਾਰਤ ਵਿੱਚ ਹਾਥੀ ਦੰਦਾਂ ਦੀ ਤਸਕਰੀ ਕਰਨ ਵਾਲੇ ਸਭ ਤੋਂ ਵੱਡੇ ਗਰੋਹ ਦਾ ਪਰਦਾਫਾਸ਼ ਕਰਦੀ ਹੈ। ਐਮਾਜ਼ੋਨ ਪ੍ਰਾਈਮ ਵੱਲੋਂ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਵੀਡੀਓ ਵਿੱਚ ਆਲੀਆ ਭੱਟ ਰਾਈਫਲ, ਚੱਲੇ ਕਾਰਤੂਸ ਅਤੇ ਜ਼ਮੀਨ ’ਤੇ ਪਈ ਲਾਸ਼ ਦੇਖ ਕੇ ਸਦਮੇ ਵਿੱਚ ਦਿਖਾਈ ਦੇ ਰਹੀ ਹੈ। ਉਸ ਦੇ ਪਿੱਛਿਓਂ ਇੱਕ ਆਵਾਜ਼ ਆਉਂਦੀ ਹੈ, ‘‘ਅੱਜ ਸਵੇਰੇ 9 ਵਜੇ ਅਸ਼ੋਕ ਨੂੰ ਕਤਲ ਕਰ ਦਿੱਤਾ ਗਿਆ। ਇਸ ਮਹੀਨੇ ਵਿੱਚ ਤੀਸਰਾ ਕਤਲ। ਉਸ ਦਾ ਮ੍ਰਿਤ ਸਰੀਰ ਕੱਟੀ ਵੱਢੀ ਹਾਲਤ ਵਿੱਚ ਪਿਆ ਸੀ। ਅਸ਼ੋਕ ਸਿਰਫ਼ ਦਸ ਵਰ੍ਹਿਆਂ ਦਾ ਸੀ। ਉਹ ਆਪਣੇ ਕਾਤਲਾਂ ਨੂੰ ਦੇਖ ਵੀ ਨਹੀਂ ਸਕਿਆ। ਉਨ੍ਹਾਂ ਨੂੰ ਲੱਗਦਾ ਹੋਵੇਗਾ ਕਿ ਉਹ ਇਹ ਸਭ ਕਰ ਕੇ ਬਚ ਸਕਦੇ ਹਨ ਪਰ ਨਹੀਂ। ਸਿਰਫ਼ ਇਸ ਲਈ ਕਿ ਅਸ਼ੋਕ ਸਾਡੇ ਵਿੱਚੋਂ ਇੱਕ ਨਹੀਂ ਸੀ, ਇਸ ਨਾਲ ਇਹ ਜੁਰਮ ਛੋਟਾ ਨਹੀਂ ਹੋ ਜਾਂਦਾ ਕਿਉਂਕਿ ਕਤਲ ਤਾਂ ਕਤਲ ਹੀ ਹੁੰਦਾ ਹੈ।’’ ਇਸ ਫਿਲਮ ਦੀ ਕਹਾਣੀ ਭਾਰਤੀ ਜੰਗਲਾਤ ਵਿਭਾਗ ਦੇ ਕੁਝ ਅਧਿਕਾਰੀਆਂ, ਐੱਨਜੀਓ ਵਰਕਰਾਂ, ਪੁਲੀਸ ਮੁਲਾਜ਼ਮਾਂ ਤੇ ਉਨ੍ਹਾਂ ਜਾਂਬਾਜ਼ਾਂ ’ਤੇ ਆਧਾਰਿਤ ਹੈ ਜਿਨ੍ਹਾਂ ਇਸ ਜਾਂਚ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ। -ਆਈਏਐੱਨਐੱਸ