ਡਾ. ਸਾਹਿਬ ਸਿੰਘ
ਪੰਜਾਬ ਅੱਜਕੱਲ੍ਹ ਸੌਂਦਾ ਨਹੀਂ। ਸੜਕਾਂ, ਰੇਲ ਪਟੜੀਆਂ, ਟੋਲ ਪਲਾਜ਼ਿਆਂ, ਪੈਟਰੋਲ ਪੰਪਾਂ, ਵੱਡੇ ਸਟੋਰਾਂ ਦੇ ਸਾਹਮਣੇ ਇਕ ਚੌਕੀਦਾਰ ਦੀ ਤਰ੍ਹਾਂ ਖੜ੍ਹਾ ਹੈ। ਰੰਗਕਰਮੀ ‘ਜਾਗਦੇ ਰਹੋ’ ਦਾ ਹੋਕਾ ਦੇ ਰਿਹਾ ਹੈ। ਜਾਗਣ ਦੇ ਵੇਲੇ ਜੇ ਕੋਈ ਘੜੀ ਦੀਆਂ ਸੂਈਆਂ ਵੱਲ ਦੇਖ ਰਿਹਾ ਹੈ ਤਾਂ ਸਮਝੋ ਉਹਦੀ ਤੱਕਣੀ ’ਚ ਕਾਣ ਹੈ। ਬਿਲਕੁਲ ਉਵੇਂ ਹੀ ਜਿਵੇਂ ਮੋਰਚੇ ਦੇ ਦਿਨ ਗਿਣਨੇ ਨਾਂਹ ਪੱਖੀ ਸੋਚ ਹੈ। ਜਦੋਂ ਸਭ ਕੁਝ ਦਾਅ ’ਤੇ ਲੱਗਿਆ ਹੋਵੇ, ਉਦੋਂ ਸੁੱਤਿਆਂ ਵੀ ਬੰਦਾ ਜਾਗਦਾ ਰਹਿੰਦਾ ਹੈ। ਪਰ ਜੋ ਸਦੀਆਂ ਤੋਂ ਸੁੱਤੇ ਹਨ, ਜੋ ਸਦੀਆਂ ਤੋਂ ਸਾਨੂੰ ਸੌਣ ਦੀਆਂ ਨਸੀਹਤਾਂ ਦੇ ਰਹੇ ਹਨ, ਉਨ੍ਹਾਂ ਦਾ ਕੀ ਕਰੀਏ! ਆਓ ਇਕ ਨਾਟਕ ਦਿਖਾਵਾਂ। ਇਸ ਨਾਟਕ ਦਾ ਮੰਚਨ ਸਥਾਨ ਮੋਗਾ ਸ਼ਹਿਰ ਦੀਆਂ ਸੜਕਾਂ, ਰੇਲ ਦੀ ਪਟੜੀ, ਸਿਟੀ ਥਾਣਾ ਹੈ। ਰਾਤ ਦੇ ਦਸ ਵਜੇ ਤੋਂ ਉੱਪਰ ਦਾ ਸਮਾਂ ਹੈ। ਇਪਟਾ ਮੋਗਾ ਦੇ ਕਲਾਕਾਰ ਚਾਅ, ਉਤਸ਼ਾਹ ਅਤੇ ਤਸੱਲੀ ਨਾਲ ਭਰੇ ਮਾਨਸਾ ਤੋਂ ਮੋਗਾ ਵੱਲ ਜਾ ਰਹੇ ਹਨ। ਚਾਅ ਇਕ ਸਰਗਰਮੀ ਭਰੇ ਦਿਨ ਦੀ ਸਮਾਪਤੀ ਦਾ ਹੈ। ਉਤਸ਼ਾਹ ਟਿਕਾਣੇ ’ਤੇ ਪਹੁੰਚ ਸਾਥੀਆਂ ਨਾਲ ਅੱਜ ਦੇ ਤਜਰਬੇ ਸਾਂਝੇ ਕਰਨ ਦਾ ਤੇ ਤਸੱਲੀ ਇਸ ਗੱਲ ਦੀ ਕਿ ਖੇਤਾਂ ਦੇ ਪੁੱਤਾਂ ਵੱਲੋਂ ਵਿੱਢੇ ਸੰਘਰਸ਼ ਵਿਚ ਆਪਣਾ ਹਿੱਸਾ ਪਾ ਕੇ ਆਏ ਹਾਂ। ਗੱਡੀ ਚਲਾਉਂਦੇ ਸੀਨੀਅਰ ਕਲਾਕਾਰ ਨੇ ਅੱਗੇ ਜਾਣਾ ਹੈ। ਉਸ ਨੇ ਤਿੰਨ ਕਲਾਕਾਰਾਂ ਨੂੰ ਬੱਸ ਸਟੈਂਡ ਦੇ ਲਾਗੇ ਸੜਕ ਉੱਤੇ ਲਾਹ ਦਿੱਤਾ ਹੈ। ਹੁਣ ਮੁੱਖ ਭੂਮਿਕਾ ਇਨ੍ਹਾਂ ਤਿੰਨਾਂ ਦੀ ਹੈ। ਗੱਲਾਂ ਕਰਦੇ, ਹਾਸੇ ਵੰਡਦੇ, ਤਿੰਨ ਕਲਾਕਾਰ ਰੇਲਵੇ ਪਟੜੀ ਵੱਲ ਵੱਧ ਰਹੇ ਹਨ, ਜਿੱਥੇ ਪਹੁੰਚ ਕੇ ਧਰਨੇ ’ਤੇ ਬੈਠੇ ਸਾਥੀਆਂ ਸੰਗ ਇਨ੍ਹਾਂ ਰਾਤ ਦਾ ਲੰਗਰ ਛਕਣਾ ਹੈ ਤੇ ਫਿਰ ਨਛੱਤਰ ਭਵਨ ’ਚ ਜਾ ਕੇ ਆਰਾਮ ਕਰਨਾ ਹੈ।
ਭਰਪੂਰ ਨਾਟਕ ਇੰਨੀ ਸਹਿਜਤਾ ਨਾਲ ਕਦੋਂ ਸੰਪੰਨ ਹੁੰਦਾ ਹੈ। ਤਣਾਅ ਦੀ ਲੋੜ ਪੈਂਦੀ ਹੈ। ਦਰਸ਼ਕ ਨੂੰ ਟੱਕਰ ਚਾਹੀਦੀ ਹੈ। ਰਾਤ ਦੀ ‘ਡਿਊਟੀ’ ਨਿਭਾ ਰਿਹਾ ਇਕ ਪੁਲਸੀਆ ਇਹ ਫ਼ਰਜ਼ ਨਿਭਾਉਂਦਾ ਹੈ। ਉਸ ਨੂੰ ਤਣਾਅ ਸਿਰਜਣ ਦੀ ਏਡੀ ਕਾਹਲ ਹੈ ਕਿ ਉਹ ਵਰਦੀ ਉੱਤੇ ਫ਼ੀਤੀ ਵੀ ਨਹੀਂ ਸਜਾਉਂਦਾ, ਕਮੀਜ਼ ਉੱਤੇ ਨੇਮ ਪਲੇਟ ਵੀ ਨਹੀਂ ਲਗਾਉਂਦਾ, ਇਨ੍ਹਾਂ ਤਿੰਨਾਂ ਦਾ ਰਾਹ ਰੋਕਦਾ ਹੈ। ਵਰਦੀ ਦਾ ਰੋਹਬ ਦਿਖਾਉਂਦਾ ਹੈ ਤੇ ਰਾਤ ਦੇ ਸਾਢੇ ਦਸ ਵਜੇ ‘ਸੜਕ ਉੱਤੇ ਤੁਰਨ’ ਦਾ ਕਾਰਨ ਪੁੱਛਦਾ ਹੈ। ਕਲਾਕਾਰ ਪੜ੍ਹੇ ਲਿਖੇ ਹਨ। ਅਵਤਾਰ ਸਿੰਘ ਅਤੇ ਵੀਰਪਾਲ ਕੌਰ ਪੰਜਾਬ ਯੂਨੀਵਰਸਿਟੀ ਦੇ ਰੰਗਮੰਚ ਵਿਭਾਗ ਤੋਂ ਮਾਸਟਰਜ਼ ਦੀ ਡਿਗਰੀ ਕਰ ਰਹੇ ਹਨ ਅਤੇ ਗੁਰਤੇਜ ਬਰਜਿੰਦਰਾ ਕਾਲਜ ਫ਼ਰੀਦਕੋਟ ਤੋਂ ਮਾਸਟਰਜ਼ ਕਰ ਚੁੱਕਾ ਹੈ। ਉਹ ਸਿਆਣਿਆਂ ਵਾਂਗ ਜਵਾਬ ਦਿੰਦੇ ਹਨ। ਪੁਲਸੀਏ ਨੂੰ ਸ਼ਾਇਦ ਸਿਆਣੀ ਗੱਲ ਪੱਲੇ ਨਹੀਂ ਪੈਂਦੀ। ਉਹ ਇਸ ਨਾਟਕ ਨੂੰ ਅੱਗੇ ਤੋਰਦਾ ਹੈ।
ਕੁੜੀ ਨੂੰ ਕਹਿੰਦਾ ਹੈ ਕਿ ਉਹ ਆਪਣੇ ਮਾਪਿਆਂ ਨਾਲ ਉਸ ਦੀ ਗੱਲ ਕਰਾਵੇ। ਕੁੜੀ ਫਿਰ ਸਿਆਣਾ ਤੇ ਸੁਭਾਵਿਕ ਜਵਾਬ ਦਿੰਦੀ ਹੈ ਕਿ ਇਸ ਸਮੇਂ ਘਰ ਦੇ ਸੁੱਤੇ ਪਏ ਹੋਣਗੇ। ਉਸ ਵਿਚਾਰੀ ਨੂੰ ਕੀ ਪਤਾ ਕਿ ਇੰਨੀ ਗੱਲ ਕਹਿ ਕੇ ਉਸ ਨੇ ਪੁਲਸੀਏ ਦੇ ਅੰਦਰ ਬੈਠੇ, ਸਦੀਆਂ ਤੋਂ ਰੋਹਬ ਝਾੜਦੇ, ਫ਼ੈਸਲੇ ਕਰਦੇ, ਨੇਮ ਬਣਾਉਂਦੇ, ਸਜ਼ਾਵਾਂ ਦਿੰਦੇ ਜਗੀਰੂ ਰੁਤਬੇ ਨੂੰ ਜਗਾ ਦਿੱਤਾ ਹੈ। ਉਹ ‘ਹੋਰ ਜ਼ਿਆਦਾ ਪੁਲਸੀਆ’ ਹੋ ਜਾਂਦਾ ਹੈ ਤੇ ਜਾਣੀ ਪਛਾਣੀ ਟਿੱਪਣੀ ਕਰਦਾ ਹੈ, ‘ਐਸ ਵੇਲੇ ਸ਼ਰੀਫ਼ ਲੋਕ ਸੁੱਤੇ ਹੀ ਹੁੰਦੇ ਨੇ!’ ਹੁਣ ਉਹ ਖਾਕੀ ਵਰਦੀ ਵਾਲਾ ਪੁਲਸੀਆ ਘੱਟ ‘ਸਮਾਜਿਕ ਪੁਲਸੀਆ’ ਵੱਧ ਲੱਗਣ ਲੱਗ ਪਿਆ ਹੈ ਤੇ ਅਚਾਨਕ ਸਮਾਜ ਦੇ ਇਕ ਵੱਡੇ ਹਿੱਸੇ ਦੀ ਪ੍ਰਤੀਨਿਧਤਾ ਕਰਨ ਲੱਗਦਾ ਹੈ, ਜਿਹੜਾ ਹਿੱਸਾ ਇਹ ਨਿਰਧਾਰਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਕਿੰਨੇ ਵਜੇ ਤਕ ਕੁੜੀਆਂ ਘਰਾਂ ਤੋਂ ਬਾਹਰ ਰਹਿਣ ਤਾਂ ਸ਼ਰੀਫ ਹੁੰਦੀਆਂ ਹਨ ਤੇ ਕਿੰਨੇ ਵਜੇ ਉਹ ‘ਬਦਮਾਸ਼ ਤੇ ਬਦਚਲਣ’ ਹੋ ਜਾਂਦੀਆਂ ਹਨ। ਉਹ ਆਪਣੇ ਜਿਸਮ ’ਤੇ ਟੰਗੀ ਅੱਧ ਅਧੂਰੀ ਵਰਦੀ ਦਾ ਫਰਜ਼ ਵੀ ਭੁੱਲ ਜਾਂਦਾ ਹੈ। ਜੇ ਸੱਚੀਂ ਉਸ ਨੂੰ ਲੱਗਦਾ ਹੈ ਕਿ ਰਾਤ ਨੂੰ ਕੁੜੀਆਂ ਸੁਰੱਖਿਅਤ ਨਹੀਂ ਤਾਂ ਉਹਦੀ ਵਰਦੀ ਦਾ ਫ਼ਰਜ਼ ਤਾਂ ਇਹ ਬਣਦਾ ਹੈ ਕਿ ਕੁੜੀਆਂ ਦੀ ਰਾਖੀ ਕਰੇ, ਕੁੜੀਆਂ ਲਈ ਖ਼ਤਰਾ ਪੈਦਾ ਕਰਨ ਵਾਲੇ ਅਨਸਰਾਂ ਨੂੰ ਨੱਥ ਪਾਵੇ, ਪਰ ਉਹ ਤਾਂ ਖੁਦ ਖ਼ਤਰਨਾਕ ਹੈ। ਉਹ ਨਸ਼ੇ ’ਚ ਹੈ, ਦੂਹਰੇ ਨਸ਼ੇ ’ਚ। ਇਕ ਤਾਕਤ ਦਾ ਨਸ਼ਾ ਤੇ ਉੱਤੋਂ ਡਿਊਟੀ ਸਮੇਂ ਉਸ ਦੀ ਪੀਤੀ ਹੋਈ ਹੈ। ‘ਕਮਲੇ ਕਲਾਕਾਰ’ ਕਿਸ ਨਾਲ ਟੱਕਰ ਲੈ ਰਹੇ ਹਨ। ਤਾਕਤ ਅਤੇ ਨਸ਼ਾ ਕਲਾਕਾਰਾਂ ਨੂੰ ਥਾਣੇ ਲੈ ਜਾਂਦਾ ਹੈ।
ਥਾਣੇ ਦਾ ਮੁਨਸ਼ੀ ਉਸ ਪੁਲਸੀਏ ਨੂੰ ਬਰਾਬਰ ਕੁਰਸੀ ਦਿੰਦਾ ਹੈ। ਕਲਾਕਾਰ ਸ਼ਿਕਾਇਤ ਕਰਦੇ ਹਨ ਕਿ ਪੁਲਸੀਏ ਦੀ ਪੀਤੀ ਹੋਈ ਹੈ। ਉਹ ਮਾਣ ਨਾਲ ਕਹਿੰਦਾ ਹੈ, ‘ਹਾਂ, ਪੀਤੀ ਹੈ। ਫੇਰ?’ ਮੁਨਸ਼ੀ ਉਸ ਨੂੰ ਵਰਜਦਾ ਨਹੀਂ। ਉਲਟਾ ਉਸ ਦਾ ਰੋਲ ਖੁਦ ਨਿਭਾਉਂਦਿਆਂ ਕੁੜੀ ਨੂੰ ਧਮਕੀ ਦਿੰਦਾ ਹੈ, ‘ਤੇਰੇ ਵਰਗੀਆਂ’ ਫਿਰ ਸ਼ਿਕਾਇਤਾਂ ਕਰਦੀਆਂ ਫਿਰਦੀਆਂ ਹੁੰਦੀਆਂ।’ ਲਗਭਗ ਰਾਤ ਦੇ ਗਿਆਰਾਂ ਵਜੇ ਨਿਆਂ ਅਤੇ ਕਾਨੂੰਨ ਨਾਲ ਜੁੜਿਆ ਇਕ ਅਦਾਰਾ ਇਸ ਟਿੱਪਣੀ ਤੋਂ ਬਾਅਦ ਸੁੰਨ ਹੋ ਜਾਂਦਾ ਹੈ। ਰਾਤ ਦੇ ਸੰਨਾਟੇ ’ਚ ਇਹ ਬੋਲ ਇਕ ਥੱਪੜ ਦੀ ਤਰ੍ਹਾਂ ਸਮਾਜ ਦੇ ਕਰੂਪ ਚਿਹਰੇ ’ਤੇ ਵੱਜਦੇ ਹਨ। ਇਉਂ ਲੱਗਦਾ ਜਿਵੇਂ ਥਾਣੇ ਦੀਆਂ ਕੰਧਾਂ ਐਲਾਨ ਕਰ ਰਹੀਆਂ ਹੋਣ, ‘ਜ਼ੁਲਮ ਸਹੋ, ਧੱਕਾ ਬਰਦਾਸ਼ਤ ਕਰੋ, ਬੰਦਿਸ਼ਾਂ ਕਬੂਲ ਕਰੋ! ਪਰ ਸ਼ਿਕਾਇਤ ਨਾ ਕਰੋ।’ ਦਿੱਲੀ ਦੀ ਬੱਸ ’ਚ ਬੈਠੀ ਨਿਰਭਯਾ ਦੀਆਂ ਅੱਖਾਂ ਸਾਹਮਣੇ ਧੁੰਦਲਾ ਅਕਸ ਸਿਰਜਦੀ ਲੋਹੇ ਦੀ ਰਾਡ ਵੀ ਤਾਂ ਸ਼ਾਇਦ ਇਹੀ ਐਲਾਨ ਕਰ ਰਹੀ ਸੀ। ਜਾਨਵਰਾਂ ਦੇ ਰੋਗ ਕੱਟਣ ਵਾਲੀ ਡਾ. ਪ੍ਰਿਅੰਕਾ ਉੱਤੇ ਜਦੋਂ ਤੇਲ ਛਿੜਕਿਆ ਗਿਆ ਹੋਵੇਗਾ, ਉਦੋਂ ਮਾਚਿਸ ਦੀ ਤੀਲੀ ਵੀ ਤਾਂ ਇਹੀ ਸਬਕ ਸਿਖਾ ਰਹੀ ਸੀ। ਇਕ ਧੀ ਦੀ ਜੀਭ ਉਨ੍ਹਾਂ ਠਾਕਰਾਂ ਨੇ ਐਵੇਂ ਤਾਂ ਨਹੀਂ ਸੀ ਕੱਟੀ। ਇਨ੍ਹਾਂ ‘ਪੁਲਸੀਏ ਸ਼ਰੀਫਜ਼ਾਦਿਆਂ’ ਦੀ ਸ਼ਹਿ ’ਤੇ ਹੀ ਤਾਂ ਕੱਟੀ ਸੀ ਤਾਂ ਕਿ ਉਹ ਇਨ੍ਹਾਂ ਬੁੱਚੜਖਾਨਿਆਂ ’ਚ ਪਹੁੰਚ ਕੇ ਕਿਤੇ ਸ਼ਿਕਾਇਤ ਨਾ ਕਰ ਦੇਵੇ ਕਿ ਉਸ ਦੀਆਂ ਹੱਡੀਆਂ ਸਿਰਫ਼ ਚਾਰ ਲੋਕਾਂ ਨੇ ਨਹੀਂ, ਪੂਰੇ ਦੇ ਪੂਰੇ ਗੰਦੇ- ਭ੍ਰਿਸ਼ਟ- ਮੂੰਹਜ਼ੋਰ ਤੰਤਰ ਨੇ ਤੋੜੀਆਂ ਹਨ। ਪਾਗਲ ਨੇ ਇਹ ਕੁੜੀਆਂ। ਪਤਾ ਨਹੀਂ ਇਕ ਨਿੱਕੀ ਜਿਹੀ ਗੱਲ ਇਨ੍ਹਾਂ ਨੂੰ ਕਿੰਨੀ ਵਾਰ ਸਮਝਾਉਣੀ ਪਏਗੀ। ਅਸੀਂ ਤਾਂ ਫਰਾਂਸ ਤੋਂ ਆਈ ‘ਕੇਤੀਆ’ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਅਸੀਂ ਬਹੁਤ ‘ਤਾਕਤਵਰ’ ਹਾਂ।’ ਨਾਸਮਝਾਂ ਨੂੰ ਕੌਣ ਸਮਝਾਵੇ?
ਇਨ੍ਹਾਂ ‘ਵੀਰਪਾਲਾਂ’ ’ਤੇ ਤਾਂ ਦੁੱਗਣਾ ਗੁੱਸਾ ਹੈ। ਇਹ ਨਾ ਖ਼ੁਦ ਨਾਲ ਧੱਕਾ ਹੋਣ ਦਿੰਦੀਆਂ ਹਨ, ਨਾ ਕਿਸੇ ਹੋਰ ਨਾਲ ਹੋਇਆ ਧੱਕਾ ਬਰਦਾਸ਼ਤ ਕਰਦੀਆਂ। ਸਗੋਂ ਬੋਲਦੀਆਂ ਨੇ। ਸੜਕਾਂ ਚੌਰਾਹਿਆਂ ਗਲੀਆਂ ’ਚ ਡਫਲੀ ਖੜਕਾਉਂਦੀਆਂ ਨੇ। ਆਜ਼ਾਦ ਹਸਤੀ ਦਾ ਇਹ ਪੈਗ਼ਾਮ ਤਾਂ ਬਰਦਾਸ਼ਤ ਨਹੀਂ ਹੋਵੇਗਾ। ਸਜ਼ਾ ਤਾਂ ਮਿਲੇਗੀ। ਹੁਣ ਤੁਸੀਂ ਮੂੰਹ ਚੁੱਕ ਕਿਸਾਨਾਂ ਦੇ ਧਰਨਿਆਂ ’ਚ ਵੀ ਆ ਵੜੀਆਂ। ਘਰੇ ਬੈਠੋ, ਚੁੱਲ੍ਹੇ ਬਾਲੋ, ਰੋਟੀਆਂ ਬਣਾਓ, ਬੱਚੇ ਜਣੋ। ਖ਼ਬਰਦਾਰ ਜੇ ਬੋਲੀਆਂ ਤਾਂ। ਪੁਲਸੀਆ ਤੇ ਮੁਨਸ਼ੀ…. ਤੇ ਅਗਲੇ ਦੋ ਦਿਨਾਂ ਤਕ ਮੁਆਫ਼ੀ ਤੋਂ ਟਾਲਾ ਵੱਟਣ ਵਾਲਾ ਸਮੁੱਚਾ ਪ੍ਰਬੰਧ ਇਕ ਵੀਰਪਾਲ ਰਾਹੀਂ ਧਰਨਿਆਂ ’ਤੇ ਬੈਠੀਆਂ ਕੇਸਰੀ, ਗੁਲਾਬੀ, ਕਾਲੀਆਂ, ਸੰਗਤਰੀ ਚੁੰਨੀਆਂ ਲੈ ਕੇ ਬੈਠੀਆਂ, ਡਾਢਿਆਂ ਦਾ ਸਿਆਪਾ ਕਰਦੀਆਂ ਤਮਾਮ ਮਾਵਾਂ ਭੈਣਾਂ ਧੀਆਂ ਨੂੰ ਵਰਜਣ ਦੀ ਕੋਸ਼ਿਸ਼ ਕਰ ਰਿਹੈ ਕਿ,‘ਸ਼ਰੀਫ ਔਰਤਾਂ ਘਰੇ ਬਹਿੰਦੀਆਂ ਹੁੰਦੀਆਂ, ਧਰਨਿਆਂ ’ਤੇ ਨਹੀਂ। ਕਲਾਕਾਰ ਸਿਰਫ਼ ਨੱਚਣ ਟੱਪਣ ਲਈ ਹੁੰਦੇ ਆ, ਫ਼ਿਕਰਮੰਦੀ ਵਾਲੀ ਭੂਮਿਕਾ ਨਿਭਾਉਣ ਲਈ ਨਹੀਂ!’ ਨਿੱਕੀਆਂ ਜਮਾਤਾਂ ’ਚੋਂ ਪੜ੍ਹਦੇ ਆ ਰਹੇ ਹਾਂ ਕਿ ਨਾਟਕ ਦੀ ਸਮਾਪਤੀ ’ਤੇ ਲਿਖਿਆ ਹੁੰਦਾ ਹੈ- ਪਰਦਾ ਡਿੱਗਦਾ ਹੈ। ਕੀ ਕਰੀਏ, ਪਰਦਾ ਤਾਂ ਚੁੱਕਿਆ ਗਿਆ। ਨਾਟਕ ਐਨੇ ਸੌਖੇ ਸਮਾਪਤ ਕਦੋਂ ਹੁੰਦੇ ਨੇੇ। ਇਹ ਨਾਟਕ ਤਾਂ ਲੰਬਾ ਚੱਲੇਗਾ ਕਿਉਂਕਿ ਇਹਦਾ ਜਨਮ ਬਗਾਵਤ ’ਚੋਂ ਹੋਇਆ ਹੈ। ਇਹਨੂੰ ਸਿੰਜਿਆ ਪਿਘਲਦੇ, ਤੜਪਦੇ, ਫਿਕਰਮੰਦ ਜਜ਼ਬਿਆਂ ਨੇ ਹੈ। ਇਹਦਾ ਰਿਸ਼ਤਾ ਲੋਕਾਂ ਨਾਲ ਹੈ ਤੇ ਲੋਕ ਜ਼ਿੰਦਾ ਹੋਣ ਦਾ ਸਬੂਤ ਦੇ ਰਹੇ ਹਨ। ਇਨ੍ਹਾਂ ਜ਼ਿੰਦਾ ਲੋਕਾਂ ਦੇ ਹੁੰਦਿਆਂ ਕੀ ਮਜਾਲ ਇਨ੍ਹਾਂ ‘ਪੁਲਸੀਏ ਲੋਕਾਂ’ ਦੀ ਕਿ ਕਿਸੇ ‘ਵੀਰਪਾਲ’ ਦੀ ਸ਼ਰਾਫਤ ਦਾ ਪੈਮਾਨਾ ਪਰਖਣ। ਸਾਡੀ ਬਗ਼ਾਵਤ ਲਈ ਤਿਆਰ ਰਹੋ। ‘ਸ਼ਰਾਫ਼ਤ ਦਾ ਪਿੰਜਰਾ’ ਤੋੜਨ ਦਾ ਵਕਤ ਆ ਗਿਆ ਹੈ।
ਸੰਪਰਕ: 98880-11096