ਮੁੰਬਈ: ਫਿਲਮ ਨਿਰਮਾਤਾ ਤੇ ਅਦਾਕਾਰਾ ਪੂਜਾ ਭੱਟ ਨੂੰ ਇੰਟਰਨੈਸ਼ਨਲ ਐਨੀਮਲ ਰਾਈਟਸ ਡੇਅ ਮੌਕੇ ਪੇਟਾ ਇੰਡੀਆ ਵੱਲੋਂ ਹੀਰੋ ਟੂ ਐਨੀਮਲਜ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉੱਘੇ ਫਿਲਮ ਨਿਰਮਾਤਾ ਮਹੇਸ਼ ਭੱਟ ਅਤੇ ਲੋਰੇਨ ਬਰਾਈਟ (ਜੋ ਕਿਰਨ ਭੱਟ ਦੇ ਨਾਂ ਨਾਲ ਜਾਣੀ ਜਾਂਦੀ ਹੈ) ਦੀ ਧੀ ਪੂਜਾ ਨੇ ਪੁਰਸਕਾਰ ਦੇਣ ਲਈ ਪੇਟਾ ਦਾ ਧੰਨਵਾਦ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਦੀ ਮਾਂ ਨੇ ਉਸ ਵਿਚ ਜਾਨਵਰਾਂ ਨਾਲ ਹਮਦਰਦੀ ਤੇ ਪਿਆਰ ਵਾਲਾ ਵਰਤਾਅ ਕਰਨ ਦੀ ਭਾਵਨਾ ਪੈਦਾ ਕੀਤੀ।
ਪੂਜਾ ਭੱਟ ਨੇ ਮੁੰਬਈ ਵਿੱਚ ਟਾਂਗਿਆਂ ’ਤੇ ਪਾਬੰਦੀ ਲਗਾਉਣ ਲਈ ਪੇਟਾ ਇੰਡੀਆ ਦੀ ਮੁਹਿੰਮ ਦਾ ਸਮਰਥਨ ਕੀਤਾ ਹੈ। ਪੂਜਾ ਭੱਟ ਨੇ ਮਾਲਤੀ ਨਾਮ ਦੀ ਹਥਨੀ ਦੀ ਰਿਹਾਈ ਦੇ ਸੱਦੇ ਦਾ ਵੀ ਸਮਰਥਨ ਕੀਤਾ ਸੀ ਜਿਸ ’ਤੇ ਜੈਪੁਰ ਨੇੜੇ ਤਸ਼ੱਦਦ ਢਾਹਿਆ ਗਿਆ ਸੀ। ਪੂਜਾ ਨੇ ਕਿਹਾ ਕਿ ਉਹ ਜਾਨਵਰਾਂ ਨਾਲ ਜਿਹੋ ਜਿਹਾ ਵਰਤਾਅ ਕਰਨ ਲਈ ਕਹਿੰਦੀ ਹੈ ਉਸ ਉਤੇ ਆਪ ਵੀ ਅਮਲ ਕਰਦੀ ਹੈ। ਉਸ ਨੇ ਮਾਸ ਖਾਣਾ ਛੱਡ ਦਿੱਤਾ ਹੈ ਤੇ ਉਹ ਗਲੀਆਂ ਦੇ ਆਵਾਰਾ ਜਾਨਵਰਾਂ ਨੂੰ ਪਾਲਦੀ ਹੈ ਤੇ ਗੁਆਂਢ ਵਿਚ ਰਹਿੰਦੀਆਂ ਬਿੱਲੀਆਂ ਦਾ ਟੀਕਾਕਰਨ ਤੇ ਨਸਬੰਦੀ ਵੀ ਕਰਵਾਉਂਦੀ ਹੈ।-ਆਈਏਐਨਐਸ