ਅਮਰਦੀਪ
ਜਦੋਂ ਮੈਂ ਸਿਨਮਾ ਦੇ ਪਿਛਲੇ ਸੌ ਸਾਲ ਬਾਰੇ ਸੋਚਦਾ ਹਾਂ ਤਾਂ ਮੇਰੇ ਮਨ ਦੇ ਅਤੀਤ ਵਿਚ ਸਿਨਮਾ ਤੋਂ ਵੀ ਇਕ ਸਾਲ ਵੱਡੀ ਜ਼ੋਹਰਾ ਸਹਿਗਲ ਦਾ ਚਿਹਰਾ ਮੈਨੂੰ ਧੁੰਦਲਾ ਜਿਹਾ ਦਿਖਾਈ ਦਿੰਦਾ ਹੈ। ਜਿਵੇਂ ਜਿਵੇਂ ਮੈਂ ਆਪਣੀਆਂ ਯਾਦਾਂ ਨੂੰ ਕੁਰੇਦਦਾ ਹਾਂ ਤਾਂ ਇਹ ਚਿਹਰਾ ਹੋਰ ਸਾਫ਼ ਨਜ਼ਰ ਆਉਣ ਲੱਗਦਾ ਹੈ। ਅੱਜ ਮੈਨੂੰ ਉਹ ਵੀ ਦਿਨ ਯਾਦ ਹੈ ਜਦੋਂ ਮੈਂ ਤੇ ਆਕ੍ਰਿਤੀ ਸਾਹਨੀ ਅਸੀਂ ਦੋਵਾਂ ਨੇ ਜ਼ੋਹਰਾ ਆਪਾ ਨੂੰ ਫੜ ਕੇ ਸਟੇਜ ’ਤੇ ਚੜ੍ਹਾਇਆ ਸੀ। ਉਸ ਵਕਤ ਉਨ੍ਹਾਂ ਦੀ ਉਮਰ ਸੌ ਸਾਲ ਨੂੰ ਢੁੱਕਣ ਵਾਲੀ ਸੀ। ਉਮਰ ਦੇ ਇਸ ਪੜਾਅ ਵਿਚ ਕਹਿੰਦੇ ਕਹਾਉਂਦੇ ਖੱਬੀਖਾਨ ਮੰਜਾ ਫੜ ਬਹਿ ਜਾਂਦੇ ਹਨ। ਜਦੋਂ ਅਸੀਂ ਉਨ੍ਹਾਂ ਨੂੰ ਫੜ ਕੇ ਸਟੇਜ ’ਤੇ ਚੜ੍ਹਾਇਆ ਤਾਂ ਮਨ ਵਿਚ ਖ਼ਿਆਲ ਇਹ ਵੀ ਆ ਰਿਹਾ ਸੀ ਕਿ ਜ਼ੋਹਰਾ ਆਪਾ ਇਸ ਉਮਰ ਵਿਚ ਪੇਸ਼ਕਾਰੀ ਕਰ ਸਕਣਗੇ ? ਪਰ ਜਿਵੇਂ ਹੀ ਉਹ ਸਟੇਜ ’ਤੇ ਪਹੁੰਚੇ ਲਾਈਟਾਂ ਆਨ ਹੋਈਆਂ ਤਾਂ ਉਹ ਜਿੰਨੀ ਦੇਰ ਸਟੇਜ ’ਤੇ ਰਹੇ ਦਰਸ਼ਕਾਂ ਨੇ ਅੱਖਾਂ ਝਪਕੇ ਬਿਨਾਂ ਉਨ੍ਹਾਂ ਦੀ ਅਦਾਕਾਰੀ ਨੂੰ ਦੇਖਿਆ। ਜ਼ੋਹਰਾ ਨੇ ਇਕ ਵਾਰ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਜਦੋਂ ਮੈਂ ਸਟੇਜ ’ਤੇ ਜਾਂਦੀ ਹਾਂ ਤਾਂ ਮੈਨੂੰ ਲੱਗਦਾ ਹੈ ਜਿਵੇਂ ਮੈਂ ਉੱਡ ਰਹੀ ਹੋਵਾਂ ਕਿਉਂਕਿ ਥੀਏਟਰ ਹੀ ਉਨ੍ਹਾਂ ਦਾ ਪਹਿਲਾ ਪਿਆਰ ਸੀ। ਜਿਹੜੇ ਦਰਸ਼ਕਾਂ ਨੇ ਉਨ੍ਹਾਂ ਦੀ ਪੇਸ਼ਕਾਰੀ ਨੂੰ ਦੇਖਿਆ ਉਹ ਆਪਣੇ ਆਪ ਨੂੰ ਧੰਨਭਾਗ ਸਮਝ ਰਹੇ ਸਨ। ਸਾਨੂੰ ਤਾਂ ਫਿਰ ਵੀ ਉਨ੍ਹਾਂ ਦੇ ਸੰਗ ਵਿਚਰਨ ਦਾ ਮੌਕਾ ਮਿਲਿਆ। ਉਹ ਕਮਾਲ ਦੇ ਕਲਾਕਾਰ ਸਨ।
ਜ਼ੋਹਰਾ ਦਾ ਜਨਮ 27 ਅਪਰੈਲ 1912 ਨੂੰ ਸਹਾਰਨਪੁਰ (ਉੱਤਰ ਪ੍ਰਦੇਸ਼) ਵਿਚ ਇਕ ਰੂੜੀਵਾਦੀ ਪਠਾਨ ਪਰਿਵਾਰ ਵਿਚ ਹੋਇਆ। ਇਨ੍ਹਾਂ ਦਾ ਬਚਪਨ ਦੇਹਰਾਦੂਨ ਵਿਚ ਬੀਤਿਆ। ਸ਼ੁਰੂਆਤੀ ਪੜ੍ਹਾਈ ਵੀ ਏਥੇ ਹੀ ਕੀਤੀ। ਇਨ੍ਹਾਂ ਦੀਆਂ ਤਿੰਨ ਭੈਣਾਂ ਤੇ ਇਕ ਭਰਾ ਸੀ। 5 ਜਨਵਰੀ 1921 ਨੂੰ ਜਦੋਂ ਜ਼ੋਹਰਾ ਆਪਾ ਦੀ ਉਮਰ ਸਿਰਫ਼ ਸਾਢੇ ਅੱਠ ਸਾਲ ਸੀ ਤਾਂ ਉਨ੍ਹਾਂ ਦੀ ਮਾਤਾ ਨਾਤਿਕਾ ਬੇਗ਼ਮ ਦਾ ਲੰਬੀ ਬਿਮਾਰੀ ਮਗਰੋਂ ਇੰਤਕਾਲ ਹੋ ਗਿਆ। ਉਸ ਵਕਤ ਜ਼ੋਹਰਾ ਛੋਟੀ ਹੀ ਸੀ। ਜ਼ੋਹਰਾ ਦੀ ਮਾਂ ਨੂੰ ਜਿਵੇਂ ਆਪਣੀ ਮੌਤ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ। ਇਸ ਲਈ ਉਨ੍ਹਾਂ ਨੇ ਆਪਣੀ ਵਸੀਅਤ ਪਹਿਲਾਂ ਹੀ ਤਿਆਰ ਕਰ ਲਈ ਸੀ। ਜਿਸ ਵਿਚ ਉਨ੍ਹਾਂ ਲਿਖਿਆ ਕਿ ਉਨ੍ਹਾਂ ਦੇ ਮਰਨ ਦੇ ਬਾਅਦ ਉਨ੍ਹਾਂ ਦੇ ਹਿੱਸੇ ਦੇ ਪੈਸੇ ਬੱਚਿਆਂ ਦੀ ਪੜ੍ਹਾਈ ਲਿਖਾਈ ’ਤੇ ਹੀ ਖ਼ਰਚ ਕੀਤੇ ਜਾਣ। ਖ਼ਾਸ ਤੌਰ ’ਤੇ ਪੁੱਤਰੀਆਂ ਦੀ ਪੜ੍ਹਾਈ ਲਈ। ਇਨ੍ਹਾਂ ਦੀ ਮਾਂ ਘਰੇਲੂ ਹੋਣ ਦੇ ਬਾਵਜੂਦ ਬਹੁਤ ਸਿਆਣੀ, ਨੇਕ ਦਿਲ ਤੇ ਅਗਾਂਹ ਵਧੂ ਸੋਚ ਵਾਲੀ ਔਰਤ ਸੀ। ਇਸ ਤਰ੍ਹਾਂ ਉਸ ਜ਼ਮਾਨੇ ਵਿਚ ਸੋਚਣਾ ਬਹੁਤ ਵੱਡੀ ਗੱਲ ਸੀ ਕਿਉਂਕਿ ਉਸ ਸਮੇਂ ਇਸ ਤਰ੍ਹਾਂ ਸੋਚ ਪਾਉਣਾ ਵੱਡੀ ਗੱਲ ਸੀ। ਪਰ ਜ਼ੋਹਰਾ ਦੇ ਪਿਤਾ ਨੇ ਆਪਣੀ ਪਤਨੀ ਦੀ ਇੱਛਾ ਦਾ ਸਨਮਾਨ ਕਰਦੇ ਹੋਏ ਜ਼ੋਹਰਾ ਨੂੰ ਲਾਹੌਰ ਦੇ ਕੁਈਨ ਮੈਰੀ ਸਕੂਲ ਵਿਚ ਪੜ੍ਹਨ ਲਗਾ ਦਿੱਤਾ। ਜਿੱਥੇ ਅਮੀਰਾਂ ਦੇ ਬੱਚਿਆਂ ਨੂੰ ਹੀ ਦਾਖਲਾ ਮਿਲਦਾ ਸੀ। ਉਸ ਸਮੇਂ ਦੇਸ਼ ਤਕਸੀਮ ਨਹੀਂ ਹੋਇਆ ਸੀ। ਇਹ ਸਕੂਲ ਕੇਵਲ ਲੜਕੀਆਂ ਲਈ ਹੀ ਸੀ। ਇੱਥੇ ਜ਼ੋਹਰਾ ਨੂੰ ਦੋ ਵਾਰ ਅੱਵਲ ਵਿਦਿਆਰਥਣ ਦਾ ਸਨਮਾਨ ਵੀ ਮਿਲਿਆ। ਜਦੋਂ ਜ਼ੋਹਰਾ ਦਸਵੀਂ ਕਲਾਸ ’ਚ ਪੜ੍ਹਦੀ ਸੀ ਤਾਂ ਘਰ ਵਿਚ ਵਿਆਹ ਦੀ ਗੱਲ ਹੋਣ ਲੱਗੀ, ਪਰ ਉਸ ਦੇ ਸਕੁੂਲ ਦੀ ਅੰਗਰੇਜ਼ ਪ੍ਰਿੰਸੀਪਲ ਵਿਆਹ ਦੇ ਖ਼ਿਲਾਫ ਸੀ। ਇਸ ਲਈ ਉਸ ਦੀ ਪ੍ਰਿੰਸੀਪਲ ਨੇ ਢਾਈ ਸਾਲ ਉਸ ਨੂੰ ਦਸਵੀਂ ਕਲਾਸ ਵਿਚ ਹੀ ਰੱਖਿਆ। ਉਸੇ ਸਮੇਂ ਉਸ ਨੇ ਨਾਟਕਾਂ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਜ਼ੋਹਰਾ ਦਾ ਮਾਮਾ ਸਾਹਿਬਜ਼ਾਦਾ ਸਾਈਦੂ ਜਫ਼ਰ ਖ਼ਾਨ ਵਿਦੇਸ਼ ਤੋਂ ਡਾਕਟਰੀ ਪਾਸ ਕਰਕੇ ਆਇਆ ਸੀ। ਉਸ ਨੇ 17 ਸਾਲ ਦੀ ਜ਼ੋਹਰਾ ਨੂੰ ਭਾਰਤ ਦੀ ਪਹਿਲੀ ਮਹਿਲਾ ਪਾਇਲਟ ਬਣਨ ਲਈ ਪ੍ਰੇਰਿਆ। ਜ਼ੋਹਰਾ ਨੂੰ ਉਸ ਦੇ ਪਿਤਾ ਨੇ ਪਾਇਲਟ ਤਾਂ ਬਣਨ ਨਾ ਦਿੱਤਾ, ਪਰ ਐਕਟਿੰਗ ਸਿੱਖਣ ਦੀ ਇਜਾਜ਼ਤ ਜ਼ੋਹਰਾ ਨੂੰ ਮਿਲ ਗਈ। ਭਾਵੇ ਜ਼ੋਹਰਾ ਨ੍ਰਿਤ ਸਿੱਖਣਾ ਚਾਹੁੰਦੀ ਸੀ। ਅਕਤੂਬਰ 1930 ਦੀ ਇਕ ਸਵੇਰ ਜ਼ੋਹਰਾ ਆਪਣੇ ਮਾਮੇ ਨਾਲ ਖੁੱਲ੍ਹੀ ਜੀਪ ’ਚ ਸੜਕ ਦੇ ਰਸਤੇ ਦੇਹਰਾਦੂਨ, ਲਾਹੌਰ, ਮੁਲਤਾਨ, ਕੋਇਟਾ, ਤਹਿਰਾਨ, ਬਗਦਾਦ, ਅਰਬ ਦਾ ਰੇਗਿਸਤਾਨ, ਲੇਬਨਾਨ, ਬੈਰੂਤ, ਗਾਜਾ, ਜੇਰੂਸਲਮ, ਮਿਸਰ, ਕਹਿਰਾ, ਅਲੈਗਜੇਂਡਰੀਆ ਤਕ 90 ਦਿਨ ਦਾ ਸਫ਼ਰ ਤੈਅ ਕਰਕੇ ਫਿਰ ਪਾਣੀ ਦੇ ਰਸਤੇ ਜਨਵਰੀ 1931 ਨੂੰ ਬਰਲਿਨ (ਜਰਮਨੀ) ਜਾ ਪਹੁੰਚੀ। ਯੂਰੋਪ ਪਹੁੰਚ ਕੇ ਉਸ ਨੇ ਪਹਿਲਾਂ ਡਵੈਚ ਸਿੱਖੀ, ਫਿਰ ਨ੍ਰਿਤ ਤੇ ਅਭਿਨੈ ਦੀਆਂ ਕਲਾਸਾਂ ਲਗਾਉਣੀਆਂ ਸ਼ੁਰੂ ਕੀਤੀਆਂ। ਉਹ ਚੌਦਾਂ-ਚੌਦਾਂ ਘੰਟੇ ਨ੍ਰਿਤ ਦਾ ਰਿਆਜ ਕਰਦੀ। ਯੂਰੋਪ ਰਹਿੰਦੇ ਹੋਏ ਜ਼ੋਹਰਾ ਹੰਗਰੀ, ਆਸਟਰੀਆ, ਫਰਾਂਸ, ਇਟਲੀ, ਸਵਿਟਜ਼ਰਲੈਂਡ, ਇੰਗਲੈਂਡ ਤੇ ਨਾਰਵੇ ਵਿਚ ਵੀ ਖ਼ੂਬ ਘੁੰਮੀ। ਇਨ੍ਹਾਂ ਦਿਨਾਂ ’ਚ ਹੀ ਉਸ ਦੀ ਮੁਲਾਕਾਤ ਉਦੈ ਸ਼ੰਕਰ ਨਾਲ ਹੋਈ ਜੋ ਮਸ਼ਹੂਰ ਸਿਤਾਰਵਾਦਕ ਰਵੀ ਸ਼ੰਕਰ ਦੇ ਵੱਡੇ ਭਰਾ ਸਨ। ਉਹ ਪੈਰਿਸ ਦੇ ਕੈਬਰੇ ਹਾਲ ਵਿਚ ਭਾਰਤੀ ਨ੍ਰਿਤ ਕਰਿਆ ਕਰਦੇ ਸਨ।
ਉਹ ਵੀਹਵੀ ਸਦੀ ਤੇ ਤੀਜੇ ਦਹਾਕੇ ’ਚ ਲੰਡਨ ਵਿਚ ਵੀ ਰਹੀ। ਇਸ ਨੇ ਯੂਰੋਪ ਵਿਚ ਰਹਿੰਦੇ ਹੋਏ ਪ੍ਰਸਿੱਧ/ਮਸ਼ਹੂਰ ਬੈਲੇ ਡਾਂਸਰ/ਨ੍ਰਤਕ ਤੇ ਸਿਤਾਰਵਾਦਕ ਪੰਡਿਤ ਰਵੀ ਸ਼ੰਕਰ ਦੇ ਵੱਡੇ ਭਰਾ ਉਦੈ ਸ਼ੰਕਰ ਦੀ ਨ੍ਰਿਤ ਮੰਡਲੀ ਦੀਆਂ ਪੇਸ਼ਕਾਰੀਆਂ ਦੇਖੀਆਂ ਤੇ ਉਨ੍ਹਾਂ ਨਾਲ ਕੰਮ ਕਰਨ ਦਾ ਮਨ ਬਣਾ ਕੇ ਉਨ੍ਹਾਂ ਤੋਂ ਕੰਮ ਲੈਣ ਦਾ ਵਾਅਦਾ ਵੀ ਲੈ ਲਿਆ। ਲੰਡਨ ਵਿਚ ਹੀ ਰਹਿੰਦੇ ਜਪਾਨ ਪਹੁੰਚਣ ਦਾ ਟੈਲੀਗ੍ਰਾਮ ਉਦੈ ਸ਼ੰਕਰ ਪਾਸੋਂ ਪ੍ਰਾਪਤ ਹੋਇਆ। ਫਿਰ ਭਾਰਤ ਆ ਕੇ ਅਲਮੋੜਾ ਪਹੁੰਚੀ ਅਤੇ 1935 ’ਚ ਉਦੈ ਸ਼ੰਕਰ ਦੀ ਨ੍ਰਿਤ ਮੰਡਲੀ ਦਾ ਹਿੱਸਾ ਬਣੀ। 1939 ’ਚ ਉੱਤਰ ਪ੍ਰਦੇਸ਼ ਦੇ ਅਲਮੋੜਾ ’ਚ ਉਦੈ ਸ਼ੰਕਰ ਸੰਸਕ੍ਰਿਤਕ ਕੇਂਦਰ ਸ਼ੁਰੂ ਹੋਇਆ। ਜਿਸ ਵਿਚ ਜ਼ੋਹਰਾ ਨ੍ਰਿਤ ਸਿਖਾਉਂਦੀ ਸੀ। ਇਸੇ ਸੰਸਕ੍ਰਿਤਕ ਕੇਂਦਰ ਵਿਚ ਇਕ ਦਿਨ ਇੰਦੌਰ ਦਾ ਕਾਮੇਸ਼ਵਰ ਸਹਿਗਲ ਨ੍ਰਿਤ ਸਿੱਖਣ ਲਈ ਆਇਆ। ਏੇਥੇ ਹੀ ਜ਼ੋਹਰਾ ਤੇ ਕਾਮੇਸ਼ਵਰ ਦੀ ਮੁਲਾਕਾਤ ਹੋਈ। ਕਾਮੇਸ਼ਵਰ ਹਿੰਦੂ ਸੀ ਤੇ ਜ਼ੋਹਰਾ ਤੋਂ 8 ਸਾਲ ਛੋਟਾ ਸੀ, ਪਰ ਇਕ ਦਿਨ ਕਾਮੇਸ਼ਵਰ ਨੇ ਜ਼ੋਹਰਾ ਕੋਲ ਵਿਆਹ ਦੀ ਗੱਲ ਕੀਤੀ। ਜਿਸ ਨੂੰ ਜ਼ੋਹਰਾ ਨੇ ਕਬੂਲ ਕਰ ਲਿਆ। ਘਰ ਦਿਆਂ ਦੇ ਵਿਰੋਧ ਦੇ ਬਾਵਜੂਦ ਦੋਨਾਂ ਦਾ ਵਿਆਹ ਹੋ ਗਿਆ। ਇਸ ਸਮੇਂ ਇਸ ਤਰ੍ਹਾਂ ਦੀ ਗੱਲ ’ਤੇ ਪਹਿਰਾ ਦੇਣਾ ਇਕ ਵੱਡੀ ਗੱਲ ਸੀ। ਇਸ ਜੋੜੀ ਨੇ ਦੇਸ ਪ੍ਰਦੇਸ ਵਿਚ ਯਾਦਗਾਰ ਪੇਸ਼ਕਾਰੀਆਂ ਦਿੱਤੀਆਂ। ਮੁੰਬਈ ਵਿਚ ਜ਼ੋਹਰਾ ਨੇ ਪ੍ਰਿਥਵੀ ਰਾਜ ਕਪੂਰ ਨਾਲ ਥੀਏਟਰ ’ਚ ਕੰਮ ਕਰਨਾ ਸ਼ੁਰੂ ਕੀਤਾ। ਪ੍ਰਿਥਵੀ ਥੀਏਟਰ ਦੇ ਬਿਨਾਂ ਜ਼ੋਹਰਾ ਇਪਟਾ, ਪ੍ਰਗਤੀਸ਼ੀਲ ਅੰਦੋਲਨ ਨਾਲ ਵੀ ਜੁੜੀ। ਉਨ੍ਹਾਂ ਨੇ ਇਪਟਾ ਦੀ ਮਦਦ ਨਾਲ ਬਣੀ ਫ਼ਿਲਮ ‘ਨੀਚਾ ਨਗਰ’ ’ਚ ਅਦਾਕਾਰੀ ਕੀਤੀ। ਜਿਸ ਨੂੰ ਚੇਤਨ ਅਨੰਦ ਨੇ ਡਾਇਰੈਕਟ ਕੀਤਾ ਸੀ। ਕਾਨ ਫ਼ਿਲਮ ਫੈਸਟੀਵਲ ’ਚ ਪਹਿਲੀ ਵਾਰ ਪੁਰਸਕਾਰ ਜਿੱਤਣ ਵਾਲੀ ਇਹ ਪਹਿਲੀ ਭਾਰਤੀ ਫ਼ਿਲਮ ਸੀ। ਇਕ ਸਮਾਂ ਆਇਆ ਜਦੋਂ ਜ਼ੋਹਰਾ ਆਪਣੇ ਪਤੀ ਨਾਲ ਪਾਕਿਸਤਾਨ ਚਲੀ ਗਈ, ਪਰ ਉੱਥੇ ਇਹ ਦੋਵੇਂ ਜ਼ਿਆਦਾ ਦੇਰ ਨਹੀਂ ਟਿਕ ਸਕੇ ਤੇ ਵਾਪਸ ਭਾਰਤ ਆ ਕੇ ਮੁੰਬਈ ਰਹਿਣ ਲੱਗੇ। ਪਤੀ ਦੀ ਮੌਤ ਦੇ ਬਾਅਦ ਜ਼ੋਹਰਾ ਨੇ ਨਾਟਕ, ਟੀ.ਵੀ. ਤੇ ਫ਼ਿਲਮਾਂ ਕੀਤੀਆਂ, ਪਰ 1962 ਵਿਚ ਵਾਪਸ ਲੰਡਨ ਚਲੀ ਗਈ। ਉੱਥੇ ਵੀ ਕੁਝ ਸਮਾਂ ਫ਼ਿਲਮਾਂ, ਨਾਟਕ ਤੇ ਟੀ.ਵੀ. ਲਈ ਕੰਮ ਕੀਤਾ। ਫਿਰ 1990 ’ਚ ਵਾਪਸ ਭਾਰਤ ’ਚ ਟੀ.ਵੀ. ਤੇ ਫ਼ਿਲਮਾਂ ਲਈ ਕੰਮ ਕਰਨਾ ਸ਼ੁਰੂ ਕੀਤਾ। 1945 ਤੋਂ 1959 ਤਕ ਸੌ ਤੋਂ ਜ਼ਿਆਦਾ ਸ਼ਹਿਰਾਂ ਵਿਚ 2000 ਤੋਂ ਜ਼ਿਆਦਾ ਸ਼ੋਅ ਪ੍ਰਿਥਵੀ ਥੀਏਟਰ ਨਾਲ ਕੀਤੇ। ਜ਼ੋਹਰਾ ਦੇ ਘਰ ਇਕ ਲੜਕੀ ਕਿਰਨ ਤੇ ਲੜਕਾ ਪਵਨ ਪੈਦਾ ਹੋਏ। ਲੜਕੀ ਉੜੀਸੀ ਡਾਂਸਰ ਹੈ ਤੇ ਲੜਕਾ ਡਬਲਯੂਐੱਚਓ ਵਿਚ ਆਲ੍ਹਾ ਅਫ਼ਸਰ ਰਹਿ ਚੁੱਕਿਆ ਹੈ।
ਜਦੋਂ ਭਾਰਤੀ ਨਾਟ ਸੰਘ ਨੇ ਏਸ਼ੀਅਨ ਥੀਏਟਰ ਇੰਸਟੀਚਿਉੂਟ ਸ਼ੁਰੂ ਕੀਤਾ। ਉਸ ਦੇ ਬਾਅਦ ਇਹ ਫ਼ੈਸਲਾ ਹੋਇਆ ਕਿ ਹਰੇਕ ਸੂਬੇ ਵਿਚ ਇਕ ਨਾਟਿਆ ਅਕਾਦਮੀ ਬਣੇਗੀ। ਜਦੋਂ ਦਿੱਲੀ ’ਚ ਨਾਟਿਆ ਅਕਾਦਮੀ ਬਣਾਉਣ ਦਾ ਫ਼ੈਸਲਾ ਹੋਇਆ ਤਾਂ ਜ਼ੋਹਰਾ ਸੰਗੀਤ ਨਾਟਕ ਅਕਾਦਮੀ ਦਿੱਲੀ ਦੀ ਪਹਿਲੀ ਪ੍ਰਿੰਸੀਪਲ ਬਣੀ। 1963 ਵਿਚ ਉਨ੍ਹਾਂ ਨੂੰ ਥੀਏਟਰ ਲਈ ਘਾਲੀ ਘਾਲਣਾ ਬਦਲੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਨਿਵਾਜਿਆ ਗਿਆ। 1990 ’ਚ ਭਾਰਤ ਸਰਕਾਰ ਵੱਲੋਂ ਅਮੇਰਿਟਸ ਫੈਲੋਸ਼ਿਪ ਐਵਾਰਡ ਮਿਲਿਆ। 1991 ’ਚ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਮਿਲਿਆ। 1996 ’ਚ ਉਨ੍ਹਾਂ ਨੂੰ ਬਹੁ ਸੰਸਕ੍ਰਿਤੀ ਤੇ ਟੈਲੀਵਿਜ਼ਨ ਡਰਾਮਾ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਲਈ ਬਰਮਿੰਘਮ ਵਿਚ ਨਾਰਮਨ ਬੀਟਨ ਐਵਾਰਡ ਨਾਲ ਨਿਵਾਜਿਆ ਗਿਆ। ਸ਼ੌਕਤ ਆਜ਼ਮੀ (ਕੈਫੀ ਆਜ਼ਮੀ ਦੀ ਪਤਨੀ), ਪ੍ਰਿਥਵੀ ਰਾਜ ਕਪੂਰ ਦੇ ਬਾਅਦ ਜ਼ੋਹਰਾ ਸਹਿਗਲ ਨੂੰ ਆਪਣਾ ਗੁਰੂ ਮੰਨਦੀ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਆਪਣੇ ਕਰੀਅਰ ਤੇ ਸ਼ੌਕ ਪੂਰੇ ਕਰਨ ਲਈ ਬਹੁਤ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਕੀਤਾ। ਉਨ੍ਹਾਂ ਦੀ ਜ਼ਿੰਦਗੀ ਵਿਚ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਨੇ ਆਪਣੇ ਪਰਿਵਾਰ ਜਾਂ ਕਰੀਅਰ ਨੂੰ ਚੁਣਨਾ ਸੀ। ਇਨ੍ਹਾਂ ਲਈ ਇਹ ਮੁਸ਼ਕਿਲ ਦੀ ਘੜੀ ਸੀ, ਪਰ ਉਹ ਕਹਿੰਦੀ ਕਿ ਜੇਕਰ ਮੈਂ ਆਪਣੀ ਇੱਛਾ ਅਨੁਸਾਰ ਕਰੀਅਰ ਨੂੰ ਨਾ ਚੁਣਦੀ ਤਾਂ ਮੈਂ ਖ਼ੁਦ ਆਪਣੀਆਂ ਨਜ਼ਰਾਂ ’ਚ ਮੁਜ਼ਰਿਮ ਬਣ ਜਾਂਦੀ। ਉਹ ਏਨਾ ਕੁਝ ਕਹਿੰਦੀ ਹੋਈ ਬੋਲਦੀ ਕਿ ਸਾਨੂੰ ਬੜੀ ਛੋਟੀ ਜਿਹੀ ਜ਼ਿੰਦਗੀ ਮਿਲਦੀ ਹੈ। ਬਚਪਨ ਸਿੱਖਣ ਤੇ ਸਮਝਣ ’ਚ ਚਲਾ ਜਾਂਦਾ। ਬੁਢਾਪੇ ਦੀਆਂ ਜੰਜ਼ੀਰਾਂ ਬੜੀ ਜਲਦੀ ਪੈਰਾਂ ਵਿਚ ਪੈ ਜਾਂਦੀਆਂ ਨੇ ਜਿਹੜੀ ਵਿਚਕਾਰ ਇਕ ਛੋਟੀ ਜਿਹੀ ਮੋਹਲਤ ਮਿਲਦੀ ਹੈ, ਜਿਸ ਵਿਚ ਅਸੀਂ ਆਪਣੇ ਹੋਣ ਦਾ ਸਬੂਤ ਦੇ ਸਕਦੇ ਹਾਂ, ਕੋਈ ਅਜਿਹਾ ਕੰਮ ਕਰਕੇ ਜਿਸ ਕਰਕੇ ਲੋਕੀਂ ਸਾਨੂੰ ਯਾਦ ਰੱਖ ਸਕਣ। ਪਰ ਅਸੀਂ ਇਸ ਛੋਟੀ ਜਿਹੀ ਮੋਹਲਤ ਨੂੰ ਝਿਜਕ, ਡਰ ਤੇ ਕਸ਼ਮਕਸ਼ ਵਿਚ ਹੀ ਕੱਢ ਦਿੰਦੇ ਹਾਂ। ਬਹੁਤ ਘੱਟ ਲੋਕ ਅਜਿਹੇ ਹਨ ਜਿਹੜੇ ਆਖਰੀ ਵਕਤ ਪਿੱਛੇ ਦੇਖ ਕੇ ਇਹ ਕਹਿ ਸਕਦੇ ਹਨ ਕਿ ਅਸੀਂ ਜ਼ਿੰਦਗੀ ਨੂੰ ਗੁਜ਼ਾਰਿਆ ਹੈ, ਜ਼ਿੰਦਗੀ ਨੇ ਸਾਨੂੰ ਨਹੀਂ ਗੁਜ਼ਾਰਿਆ।
ਜ਼ੋਹਰਾ ਨੇ ਉਦੈ ਸ਼ੰਕਰ ਦੇ ਸ਼ੰਕਰ ਬੈਲੇ ਗਰੁੱਪ ਨਾਲ ਰੰਗੂਨ, ਮੱਧ ਏਸ਼ੀਆ, ਸੀਰੀਆ, ਇਰਾਨ, ਮਿਸਰ, ਯੂਨਾਨ, ਚੈਕੋਸਲਵਾਕਿਆ, ਸਵਿਟਜ਼ਰਲੈਂਡ ਤੇ ਲੰਡਨ ਵਿਚ ਸੌ ਸ਼ੋਅ ਕੀਤੇ। ਸ਼ੰਕਰ ਬੈਲੇ ਗਰੁੱਪ ਵਿਚ ਹੀ ਉਨ੍ਹਾਂ ਦੀ ਮੁਲਾਕਾਤ ਆਪਣੇ ਸਹਿ-ਕਲਾਕਾਰ ਕਾਮੇਸ਼ਵਰ ਸਹਿਗਲ ਨਾਲ ਹੋਈ ਜੋ ਕਿ ਇੰਦੌਰ ਦੇ ਰਹਿਣ ਵਾਲੇ ਸਨ ਤੇ ਜ਼ੋਹਰਾ ਨਾਲੋਂ 8 ਸਾਲ ਛੋਟੇ ਸਨ। ਜ਼ੋਹਰਾ ਨੇ ਮਸ਼ਹੂਰ ਲੇਖਕ ਨਾਟਕਕਾਰ ਐਨਤੋਨ ਚੈਖ਼ਵ ਦੇ ਭਤੀਜੇ ਮਾਈਕਲ ਚੇਖ਼ਵ ਕੋਲੋਂ ਅਭਿਨੈ ਦੀਆਂ ਬਾਰੀਕੀਆਂ ਸਿੱਖੀਆਂ। ਜ਼ੋਹਰਾ ਦਾ ਪਤੀ ਉਰਦੂ ਤੇ ਫਾਰਸੀ ਦਾ ਵੀ ਗਿਆਨ ਰੱਖਦਾ ਸੀ ਤੇ ਉਹ ਇਕ ਕਾਬਲ ਡਾਂਸਰ ਤੇ ਇਕ ਕਲਾ ਨਿਰਦੇਸ਼ਕ ਵੀ ਸੀ। 14 ਜੂਨ 1949 ਨੂੰ ਉਨ੍ਹਾਂ ਨੇ ਕੋਰਟ ਮੈਰਿਜ ਕਰਵਾ ਲਈ।
ਸਵਿਟਜ਼ਰਲੈਂਡ ਦੀ ਇਕ ਮਹਿਲਾ ਮੂਰਤੀਕਾਰ ਐਲਿਸ ਬੋ ਉਨ੍ਹਾਂ ਦੇ ਨ੍ਰਿਤ ਦੀ ਅਜਿਹੀ ਦੀਵਾਨੀ ਹੋਈ ਕਿ ਉਹ ਉਸ ਨੂੰ ਭਾਰਤ ਵਾਪਸ ਲੈ ਆਈ ਤੇ ਦੋਵਾਂ ਨੇ ਭਾਰਤ ਵਿਚ ਸੰਗੀਤ ਮੰਡਲੀ ਬਣਵਾਈ। ਉਹ ਵੱਖ-ਵੱਖ ਦੇਸ਼ਾਂ ’ਚ ਪ੍ਰੋਗਰਾਮ ਕਰਦੇ। ਜਦੋਂ ਉਦੈ ਸ਼ੰਕਰ ਦਾ ਸ਼ੋਅ ਜਰਮਨ ’ਚ ਹੋਇਆ ਤਾਂ ਜ਼ੋਹਰਾ ਆਪਣੇ ਜਰਮਨ ਦੋਸਤਾਂ ਨਾਲ ਸ਼ਿਵ ਪਾਰਵਤੀ ਸ਼ੋਅ ਦੇਖਣ ਗਈ। ਇਹ ਸ਼ੋਅ ਉਸ ਦੇ ਦਿਲ ਤੇ ਦਿਮਾਗ਼ ’ਤੇ ਅਜਿਹਾ ਛਾਇਆ ਕਿ ਉਸ ਨੇ ਉਦੈ ਸ਼ੰਕਰ ਨਾਲ ਕੰਮ ਕਰਨ ਦਾ ਮਨ ਬਣਾ ਲਿਆ ਤੇ ਉਦੈ ਸ਼ੰਕਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਮੰਡਲੀ ’ਚ ਕੰਮ ਕਰਨ ਦੀ ਇੱਛਾ ਪ੍ਰਗਟਾਈ। 20 ਸਤੰਬਰ 1933 ਨੂੰ ਜ਼ੋਹਰਾ ਭਾਰਤ ਵਾਪਸ ਆ ਗਈ। ਲਗਭਗ ਦੋ ਸਾਲ ਬਾਅਦ ਉਦੈ ਸ਼ੰਕਰ ਆਪਣੀ ਨ੍ਰਿਤ ਮੰਡਲੀ ਨਾਲ ਲਾਹੌਰ ਆਏ ਤੇ ਜ਼ੋਹਰਾ ਉਨ੍ਹਾਂ ਨੂੰ ਫਿਰ ਮਿਲੀ। ਇਕੱਠੇ ਕੰਮ ਕਰਨ ਦੀ ਫਿਰ ਗੱਲ ਹੋਈ। ਉਦੈ ਸ਼ੰਕਰ ਦੇ ਲਾਹੌਰ ਤੋਂ ਜਾਣ ਦੇ ਕੁਝ ਸਮਾਂ ਬਾਅਦ ਉਸ ਨੂੰ ਇਕ ਤਾਰ ਮਿਲੀ ਜਿਸ ਵਿਚ ਉਨ੍ਹਾਂ ਨੇ ਲਿਖਿਆ ਕਿ 11 ਅਗਸਤ ਨੂੰ ਜਪਾਨ ਜਾਣਾ ਹੈ। ਕੀ ਤੂੰ ਸਾਡੀ ਨ੍ਰਿਤ ਮੰਡਲੀ ’ਚ ਸ਼ਾਮਲ ਹੋ ਸਕਦੀ ਹੈ? ਉਦੈ ਸ਼ੰਕਰ ਨੇ ਜ਼ੋਹਰਾ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਤੇ 8 ਅਗਸਤ 1935 ਨੂੰ ਕਲਕੱਤਾ ਦੇੇ ਨਿਊ ਐਮਪਾਇਰ ਥੀਏਟਰ ਵਿਚ ਉਨ੍ਹਾਂ ਦੀ ਜ਼ਿੰਦਗੀ ਦਾ ਪਹਿਲਾ ਨ੍ਰਿਤ ਪ੍ਰਦਰਸ਼ਨ ਹੋਇਆ। ਇਸ ਤੋਂ ਬਾਅਦ ਉਹ ਸਿੰਗਾਪੁਰ, ਰੰਗੂਨ ਤੇ ਕੁਆਲਾਲੰਮਪੁਰ ’ਚ ਮੰਡਲੀ ਨਾਲ ਨ੍ਰਿਤ ਕਰਨ ਗਈ। ਜਦੋਂ ਜ਼ੋਹਰਾ ਵਾਪਸ ਭਾਰਤ ਆਈ ਤਾਂ ਉਹ ਸੁਪਰ ਸਟਾਰ ਬਣ ਚੁੱਕੀ ਸੀ। ਜਨਵਰੀ 1936 ਵਿਚ ਉਹ ਫਿਰ ਬੰਬਈ ਤੋਂ ਸਮੁੰਦਰ ਦੇ ਰਸਤੇ ਫਿਲਿਸਤੀਨ, ਸੀਰੀਆ, ਇਰਾਕ, ਮਿਸਰ , ਇਟਲੀ, ਚੈਕੋਸਲਵਾਕੀਆ, ਸਵਿਟਜ਼ਰਲੈਂਡ, ਪੈਰਿਸ ਹੁੰਦੇ ਹੋਏ ਇੰਗਲੈਂਡ ਜਾ ਪਹੁੰਚੀ ਜਿੱਥੇ ਉਨ੍ਹਾਂ ਉਦੈ ਸ਼ੰਕਰ ਦੀ ਨ੍ਰਿਤ ਮੰਡਲੀ ਨਾਲ ਪ੍ਰੋਗਰਾਮ ਦਿੱਤੇ। 1940 ਵਿਚ ਉਦੈ ਸ਼ੰਕਰ ਸੰਸਕ੍ਰਿਤ ਕੇਂਦਰ ਕਿਸੇ ਕਾਰਨ ਬੰਦ ਹੋ ਗਿਆ। ਜ਼ੋਹਰਾ ਤੇ ਕਾਮੇਸ਼ਵਰ ਨੇ ਫ਼ੈਸਲਾ ਕੀਤਾ ਕਿ ਆਪਣਾ ਡਾਂਸ ਸਕੂਲ ਸ਼ੁਰੂ ਕੀਤਾ ਜਾਵੇ। ਸਿਰਫ਼ ਦਸ ਹਜ਼ਾਰ ਰੁਪਏ ਨਾਲ ਇਨ੍ਹਾਂ ਦੋਵਾਂ ਨੇ ਲਾਹੌਰ ਵਿਚ ਜ਼ੋਰੇਸ਼ ਡਾਂਸ ਇੰਸਟੀਚਿਊਟ ਸ਼ੁਰੂ ਕਰ ਦਿੱਤਾ। ਇਸ ਇੰਸਟੀਚਿਊਟ ਨੇ ਥੋੜ੍ਹੇ ਹੀ ਸਮੇਂ ਵਿਚ ਆਪਣੇ ਪੈਰ ਜਮਾ ਲਏ ਤੇ ਲੋਕ ਇੱਥੇ ਦੂਰੋਂ-ਦੂਰੋਂ ਨ੍ਰਿਤ ਸਿੱਖਣ ਆਉਂਦੇ। ਫਿਰ 17 ਨਵੰਬਰ 1944 ’ਚ ਇਨ੍ਹਾਂ ਦੇ ਘਰ ਇਕ ਬੱਚੀ ਨੇ ਜਨਮ ਲਿਆ ਜਿਸ ਦਾ ਨਾਂ ਰੱਖਿਆ ਗਿਆ ਕਿਰਨ। ਸਮਾਂ ਚੰਗਾ ਗੁਜ਼ਰ ਰਿਹਾ ਸੀ ਕਿ ਤਿੰਨ ਸਾਲ ਬਾਅਦ ਹਿੰਦੋਸਤਾਨ ਦੀ ਵੰਡ ਹੋ ਗਈ ਤੇ ਇਨ੍ਹਾਂ ਨੂੰ ਆਪਣਾ ਇੰਸਟੀਚਿਊਟ ਬੰਦ ਕਰਨਾ ਪਿਆ। ਜ਼ੋਹਰਾ ਤੇ ਕਾਮੇਸ਼ਵਰ ਬੇਟੀ ਕਿਰਨ ਨਾਲ ਮੁੰਬਈ ਆ ਗਏ। ਉਨ੍ਹਾਂ ਦਿਨਾਂ ਵਿਚ ਹੀ ਫ਼ਿਲਮਾਂ ਦੇ ਨਾਲ ਨਾਲ ਥੀਏਟਰ ਵੀ ਕਾਫ਼ੀ ਹੋਣਾ ਸ਼ੁਰੂ ਹੋ ਗਿਆ ਸੀ। ਇਨ੍ਹਾਂ ਦਿਨਾਂ ਵਿਚ ਹੀ ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ (ਇਪਟਾ) ਹੋਂਦ ਵਿਚ ਆ ਚੁੱਕਿਆ ਸੀ। ਜ਼ੋਹਰਾ ਨੇ ਵੀ ਇਸ ਨੂੰ ਜੁਆਇਨ ਕਰ ਲਿਆ। ਜ਼ੋਹਰਾ ਨੇ ਫ਼ਿਲਮਾਂ ਦੀ ਬਜਾਏ ਥੀਏਟਰ ਨੂੰ ਪਹਿਲਾਂ ਚੁਣਿਆ। ਇਕ ਦਿਨ ਜ਼ੋਹਰਾ ਆਪਣੇ ਪਤੀ ਕਾਮੇਸ਼ਵਰ ਨਾਲ ਪ੍ਰਿਥਵੀ ਰਾਜ ਕਪੂਰ ਦੇ ਘਰ ਪਹੁੰਚ ਗਈ ਤੇ ਬੇਨਤੀ ਕੀਤੀ ਕਿ ਮੈਨੂੰ ਵੀ ਪ੍ਰਿਥਵੀ ਥੀਏਟਰ ਵਿਚ ਸ਼ਾਮਲ ਕਰੋ। ਇਸ ’ਤੇ ਪ੍ਰਿਥਵੀ ਰਾਜ ਕਪੂਰ ਨੇ ਕਿਹਾ ਕਿ ਮੈਨੂੰ ਫਿਲਹਾਲ ਕਿਸੇ ਔਰਤ ਕਲਾਕਾਰ ਦੀ ਜ਼ਰੂਰਤ ਨਹੀਂ ਹੈ, ਪਰ ਤੁਸੀਂ ਡਾਂਸ ਜਾਣਦੇ ਹੋ, ਇਸ ਲਈ ਡਾਂਸ ਡਾਇਰੈਕਟਰ ਦੇ ਤੌਰ ’ਤੇ ਤੁਸੀਂ ਪ੍ਰਿਥਵੀ ਥੀਏਟਰ ’ਚ ਸ਼ਾਮਲ ਹੋ ਸਕਦੇ ਹੋ। ਬਸ ਫਿਰ ਕੀ ਸੀ 1945 ਵਿਚ ਜ਼ੋਹਰਾ ਪ੍ਰਿਥਵੀ ਥੀਏਟਰ ’ਚ ਸ਼ਾਮਲ ਹੋ ਗਈ। ਫਿਰ ਇਸ ਦੇ ਨਾਲ ਜੁੜੇ ਲੋਕਾਂ ਨੇ ਫ਼ਿਲਮ ਬਣਾਉਣ ਬਾਰੇ ਸੋਚਿਆ ਤੇ 1946 ਵਿਚ ਫ਼ਿਲਮ ਬਣਾਈ ਗਈ ‘ਧਰਤੀ ਕੇ ਲਾਲ’। ਇਸ ਦੇ ਲੇਖਕ ਤੇ ਨਿਰਦੇਸ਼ਕ ਸਨ ਖੁਆਜ਼ਾ ਅਹਿਮਦ ਅੱਬਾਸ। ਫ਼ਿਲਮ ਬੰਗਾਲ ਦੇ ਅਕਾਲ ’ਤੇ ਕੇਂਦਰਿਤ ਸੀ। ਇਹ ਜ਼ੋਹਰਾ ਦੇ ਕਰੀਅਰ ਦੀ ਪਹਿਲੀ ਫ਼ਿਲਮ ਸੀ। ਫੇਰ ਚੇਤਨ ਆਨੰਦ ਨੇ ਮੈਕਸਿਮ ਗੋਰਕੀ ਦੇ ਨਾਟਕ ‘ਦਿ ਲਵਰ ਡੈਪਥ’ ’ਤੇ ਫ਼ਿਲਮ ਬਣਾਉਣ ਬਾਰੇ ਸੋਚਿਆ ਤੇ ਫ਼ਿਲਮ ਬਣਾਈ ‘ਨੀਚਾ ਨਗਰ’ ਜਿਸ ਵਿਚ ਜ਼ੋਹਰਾ ਨੇ ਵੀ ਕੰਮ ਕੀਤਾ ਤੇ ਲੋਕਾਂ ਨੇ ਖ਼ੂਬ ਪਸੰਦ ਕੀਤਾ। ਇਸ ਨੇ ਭਾਰਤ ਤੇ ਵਿਦੇਸ਼ਾਂ ਵਿਚ ਸਫਲਤਾ ਦੇ ਝੰਡੇ ਗੱਡੇ। 1946 ਵਿਚ ਕਾਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਚ ਗਰੈਂਡ ਪ੍ਰਾਈਜ਼ ਜਿੱਤਿਆ। ਇਨ੍ਹਾਂ ਫ਼ਿਲਮਾਂ ਦੇ ਬਾਅਦ ਲੋਕ ਜ਼ੋਹਰਾ ਨੂੰ ਪਛਾਣਨ ਲੱਗ ਪਏ ਸਨ। ਫ਼ਿਲਮ ‘ਬਾਜ਼ੀ’ ਲਈ ਫ਼ਿਲਮਾਂ ’ਚ ਅਦਾਕਾਰੀ ਦੇ ਇਲਾਵਾ ਨ੍ਰਿਤ ਨਿਰਦੇਸ਼ਕ ਦਾ ਕੰਮ ਵੀ ਉਨ੍ਹਾਂ ਨੂੰ ਮਿਲਣ ਲੱਗ ਪਿਆ ਸੀ। ਉਨ੍ਹਾਂ ਨੇ ਫ਼ਿਲਮ ‘ਬਾਜ਼ੀ’ ਤੇ ‘ਅਵਾਰਾ’ ਦੇ ਕੁਝ ਗੀਤਾਂ ਨੂੰ ਨ੍ਰਿਤ-ਨਿਰਦੇਸ਼ਕ ਦੇ ਤੌਰ ’ਤੇ ਨਿਰਦੇਸ਼ਿਤ ਕੀਤਾ, ਪਰ ਉਹ ਥੀਏਟਰ ਕਰਕੇ ਹੀ ਜ਼ਿਆਦਾ ਖੁਸ਼ ਸੀ। ਇਸ ਲਈ ਉਸ ਨੇ ਪ੍ਰਿਥਵੀ ਥੀਏਟਰ ਵਿਚ 400 ਰੁਪਏ ਪ੍ਰਤੀ ਮਹੀਨਾ ਕੰਮ ਕਰਨਾ ਸ਼ੁਰੂ ਕੀਤਾ। 1960 ਤਕ ਉਹ ਪ੍ਰਿਥਵੀ ਥੀਏਟਰ ਨਾਲ ਜੁੜੀ ਰਹੀ ਕਿਉਂਕਿ ਇਸ ਦੇ ਬਾਅਦ ਪ੍ਰਿਥਵੀ ਥੀਏਟਰ ਬੰਦ ਹੋ ਗਿਆ ਸੀ। ਇਨ੍ਹਾਂ ਦਿਨਾਂ ਵਿਚ ਪ੍ਰਿਥਵੀ ਰਾਜ ਕਪੂਰ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ। ਜ਼ੋਹਰਾ ਨੇ ਅਦਾਕਾਰੀ ਦੀਆਂ ਬਾਰੀਕੀਆਂ ਥੀਏਟਰ ’ਚ ਹੀ ਸਿੱਖੀਆਂ। ਪ੍ਰਿਥਵੀ ਥੀਏਟਰ ਵਿਚ 100 ਤੋਂ ਜ਼ਿਆਦਾ ਲੋਕ ਕੰਮ ਕਰਦੇ ਸਨ। ਜ਼ੋਹਰਾ ਨੇ ਪ੍ਰਿਥਵੀ ਥੀਏਟਰ ਨਾਲ ਬਿਤਾਏ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਸੀ ‘ਅਸੀਂ ਸਾਰੇ ਰੇਲਵੇ ਦੇ ਤੀਜੇ ਦਰਜੇ ਦੇ ਡੱਬੇ ਦਾ ਸਫ਼ਰ ਕਰਦੇ ਸੀ। ਕੰਪਨੀ ਕਰਮਚਾਰੀਆਂ ਲਈ ਕਈ ਬੋਗੀਆਂ ਰਿਜ਼ਰਵ ਕਰਵਾਉਂਦੀ ਸੀ। ਜਿਸ ਸ਼ਹਿਰ ’ਚ ਸ਼ੋਅ ਹੁੰਦਾ ਉੱਥੇ ਕਈ ਘਰ ਕਿਰਾਏ ’ਤੇ ਲਏ ਜਾਂਦੇ। ਕੰਪਨੀ ਦੇ ਆਪਣੇ ਰਸੋਈਏ ਸਨ। ਉਹ ਆਪਣਾ ਸਾਮਾਨ ਤੇ ਬਰਤਨ ਵੀ ਨਾਲ ਲੈ ਕੇ ਚਲਦੇ। ਕਰਮਚਾਰੀਆਂ ਦੇ ਬੱਚੇ ਵੀ ਨਾਲ ਚੱਲਦੇ। ਕੰਪਨੀ ’ਚ ਤਨਖਾਹ ਦੇ ਇਲਾਵਾ ਰਹਿਣਾ, ਖਾਣਾ, ਸਭ ਕੁਝ ਮੁਫ਼ਤ ਹੁੰਦਾ। ਹਰੇਕ ਬੱਚੇ ਨੂੰ 1 ਰੁਪਿਆ ਮਹੀਨਾ ਅਲੱਗ ਤੋਂ ਮਿਲਦਾ। ਪ੍ਰਿਥਵੀ ਰਾਜ ਕਪੂਰ ਨੂੰ ਸਾਰੇ ਪਿਆਰ ਨਾਲ ਪਾਪਾ ਜੀ ਕਹਿ ਕੇ ਬਲਾਉਂਦੇ ਸਨ। ਉਨ੍ਹਾਂ ਦਿਨਾਂ ਵਿਚ ਉਨ੍ਹਾਂ ਦਾ ਸਰੀਰ ਬੜਾ ਪਤਲਾ ਜਿਹਾ ਸੀ ਤੇ ਖ਼ੂਬਸੂੁਰਤ ਨੈਣ ਨਕਸ਼ ਸਨ। ਉਨ੍ਹਾਂ ਦੀ ਆਵਾਜ਼ ਏਨੀ ਪਤਲੀ ਸੀ ਕਿ ਕਈ ਵਾਰ ਔਰਤਾਂ ਦੇ ਕਿਰਦਾਰ ਵੀ ਨਿਭਾਉਂਦੇ। ਜਿਨ੍ਹਾਂ ਨੇ ਉਨ੍ਹਾਂ ਨੂੰ ‘ਮੁਗਲੇ ਆਜ਼ਮ’ ਵਿਚ ਸ਼ਹਿਨਸ਼ਾਹ ਅਕਬਰ ਦੇ ਕਿਰਦਾਰ ਵਿਚ ਦੇਖਿਆ ਹੈ। ਸ਼ਾਇਦ ਉਹ ਇਸ ਗੱਲ ’ਤੇ ਯਕੀਨ ਨਹੀਂ ਕਰਨਗੇ।’ ਜ਼ੋਹਰਾ ਨੇ ਪ੍ਰਿਥਵੀ ਥੀਏਟਰ ਦੇ ‘ਸ਼ਕੁੰਤਲਾ’, ‘ਦੀਵਾਰ’, ‘ਪਠਾਨ’, ‘ਗੱਦਾਰ’, ‘ਆਹੁੂਤੀ’, ‘ਪੈਸਾ’, ‘ਕਲਾਕਾਰ’ ਤੇ ‘ਕਿਸਾਨ’ ਨਾਟਕਾਂ ’ਚ ਕੰਮ ਕੀਤਾ। ਚੌਦਾ ਸਾਲ ’ਚ 8 ਨਾਟਕਾਂ ਦੇ 2262 ਸ਼ੋਅ ਹੋਏ। ਇਹ ਇਕ ਵਿਸ਼ਵ ਰਿਕਾਰਡ ਹੈ। ਪ੍ਰਿਥਵੀ ਥੀਏਟਰ ’ਚ ਬਾਕਾਇਦਾ ਐਕਟਿੰਗ ਦੀ ਕਲਾਸ ਵੀ ਲੱਗਦੀ ਸੀ। ਜ਼ੋਹਰਾ ਡਾਂਸ ਸਿਖਾਉਂਦੀ। ਜ਼ੋਹਰਾ ਵੀ ਇਹ ਮੰਨਦੀ ਸੀ ਕਿ ਜੇਕਰ ਤੁਸੀਂ ਮੇਰੀ ਅਦਾਕਾਰੀ ਨੂੰ ਪਸੰਦ ਕਰਦੇ ਹੋ ਤਾਂ ਇਹ ਸਭ ਮੈਂ ਪਾਪਾ ਜੀ ਦੀ ਬਦੌਲਤ ਹੀ ਸਿੱਖ ਪਾਈ ਹਾਂ। ਜ਼ੋਹਰਾ ਸਹਿਗਲ ਨੇ ‘ਨੀਚਾ ਨਗਰ’, ‘ਧਰਤੀ ਕੇ ਲਾਲ’, ‘ਅਫ਼ਸਰ’, ‘ਫਰੇਬ’, ‘ਹੀਰ’, ‘ਪੈਸਾ’, ‘ਦਿ ਲੌਂਗ ਡਿਯੂਲ’ ‘ਤਮੰਨਾ’, ‘ਦਿਲ ਸੇ…’, ‘ਹਮ ਦਿਲ ਦੇ ਚੁਕੇ ਸਨਮ’, ‘ਦਿਲਲਗੀ’, ‘ਤੇਰਾ ਜਾਦੂ ਚਲ ਗਿਆ’, ‘ਕੱਲ ਹੋ ਨਾ ਨਾ ਹੋ’, ‘ਵੀਰ ਜ਼ਾਰਾ’, ‘ਚੀਨੀ ਕਮ’, ‘ਸਾਂਵਰੀਆ’ ਤੇ ਇਕ ਸਮੇਂ ਦਿੱਲੀ ਦੁਰਦਰਸ਼ਨ ’ਤੇ ਚੱਲੇ ਸੀਰੀਅਲ ‘ਗੁਲ ਗੁਲਸ਼ਨ ਗੁਲਫਾਮ’ ਵਿਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ। ਜ਼ੋਹਰਾ ਨੇ ਆਪਣੀ ਜ਼ਿੰਦਗੀ ਦੇ 80 ਸਾਲ ਨ੍ਰਿਤ, ਥੀਏਟਰ ਤੇ ਅਦਾਕਾਰੀ ਨੂੰ ਦਿੱਤੇ। ਜਿਸ ਸਮੇਂ ਭਾਰਤੀ ਸਿਨਮਾ ਸੌ ਸਾਲ ਦਾ ਹੋਇਆ ਉਸ ਵਕਤ ਜ਼ੋਹਰਾ ਆਪਾ ਦੀ ਉਮਰ 101 ਸਾਲ ਸੀ। ਇਨ੍ਹਾਂ ਨੂੰ ਪਦਮ ਸ੍ਰੀ, ਪਦਮ ਵਿਭੂਸ਼ਣ, ਪਦਮ ਭੂਸ਼ਣ, ਸੰਗੀਤ ਨਾਟਕ ਅਕਾਦਮੀ ਐਵਾਰਡ ਅਤੇ ਕਾਲੀਦਾਸ ਸਨਮਾਨ ਨਾਲ ਨਿਵਾਜਿਆ ਗਿਆ। ਸਾਡੀ ਸਭ ਦੀ ਹਰਮਨ ਪਿਆਰੀ ਅਦਾਕਾਰਾ 10 ਜੁਲਾਈ 2014 ਨੂੰ 102 ਸਾਲ ਦੀ ਉਮਰ ਹੰਢਾ ਕੇ ਸਾਥੋਂ ਸਦਾ ਲਈ ਰੁਖ਼ਸਤ ਹੋ ਗਈ।
ਸੰਪਰਕ: 77105-07450