ਮਨਦੀਪ ਸਿੰਘ ਸਿੱਧੂ
ਮਾਰੂਫ਼ ਗ੍ਰਾਮੋਫ਼ੋਨ ਸਿੰਗਰ ਰਾਜਕੁਮਾਰੀ ਦੀ ਪੈਦਾਇਸ਼ 1921 ਨੂੰ ਬਨਾਰਸ (ਹੁਣ ਵਾਰਾਨਸੀ), ਯੂ. ਪੀ. ’ਚ ਹੋਈ। ਬਾਲ ਵਰੇਸੇ ਹੀ ਉਸ ਨੂੰ ਫ਼ਿਲਮ ਸੰਗੀਤ ਨਾਲ ਵੀ ਮਜ਼ੀਦ ਉਲਫ਼ਤ ਹੋ ਗਈ ਸੀ। ਥੋੜ੍ਹੇ ਸਮੇਂ ਵਿਚ ਹੀ ਉਸ ਨੇ ਰਾਗ-ਵਿੱਦਿਆ ਵਿਚ ਵੀ ਮੁਹਾਰਤ ਪਾ ਲਈ। ਮਾਪਿਆਂ ਦੀ ਇਕਲੌਤੀ ਧੀ ਨੇ ਬੇਸ਼ੱਕ ਸਕੂਲੀ ਤਾਲੀਮ ਹਾਸਲ ਨਹੀਂ ਕੀਤੀ ਸੀ, ਪਰ ਉਰਦੂ, ਹਿੰਦੀ ਪੜ੍ਹ-ਲਿਖ ਸਕਦੀ ਸੀ। 1932 ਵਿਚ 11 ਵਰ੍ਹਿਆਂ ਦੀ ਉਮਰੇ ਉਹ ਪ੍ਰਸਿੱਧ ਗ੍ਰਾਮੋਫ਼ੋਨ ਕੰਪਨੀ ਹਿਜ਼ ਮਾਸਟਰ ਵਾਇਸ ਵਿਚ ਚਲੀ ਗਈ, ਜਿੱਥੇ ਇਨ੍ਹਾਂ ਦੇ ਬਹੁਤ ਜ਼ੁਬਾਨਾਂ ਵਿਚ ਰਿਕਾਰਡ ਭਰੇ ਗਏ। ਇਨ੍ਹਾਂ ਦੇ ਰਿਕਾਰਡ ਸੰਗੀਤ-ਮੱਦਾਹਾਂ ਵੱਲੋਂ ਐਨੇ ਪਸੰਦ ਕੀਤੇ ਜਾਣ ਲੱਗੇ ਕਿ ਫ਼ਿਲਮੀ ਕੰਪਨੀਆਂ ਨੇ ਵੀ ਇਨ੍ਹਾਂ ਨਾਲ ਰਾਬਤਾ ਕਰ ਲਿਆ। ਇਸੇ ਸ਼ੌਕ ਦੇ ਚੱਲਦਿਆਂ ਉਨ੍ਹਾਂ ਨੇ ਫ਼ਿਲਮ ਲਾਇਨ ਅਖ਼ਤਿਆਰ ਕਰ ਲਈ।
ਬਾਲ ਅਦਾਕਾਰਾ ਵਜੋਂ ਰਾਜਕੁਮਾਰੀ ਦੀ ਪਹਿਲੀ ਹਿੰਦੀ ਫ਼ਿਲਮ ਕਮਲਾ ਮੂਵੀਟੋਨ, ਲਾਹੌਰ ਦੀ ਆਰ. ਐੱਲ. ਸ਼ੋਰੀ ਤੇ ਏ. ਪੀ. ਕਪੂਰ ਨਿਰਦੇਸ਼ਿਤ ‘ਰਾਧੇ ਸ਼ਿਆਮ’ ਉਰਫ਼ ‘ਜੁਲਮ-ਏ-ਕੰਸ’ (1932) ਸੀ, ਜਿਸ ਵਿਚ ਉਸ ਨੇ ਰਾਧਾ ਦੀ ਸਹੇਲੀ ਦਾ ਪਾਰਟ ਅਦਾ ਕੀਤਾ। ਬਾਲ ਅਦਾਕਾਰਾ ਵਜੋਂ ਉਸ ਦੀ ਦੂਜੀ ਫ਼ਿਲਮ ਕੁਮਾਰ ਮੂਵੀਟੋਨ, ਬੰਬਈ ਦੀ ਜੇ. ਪੀ. ਅਡਵਾਨੀ ਨਿਰਦੇਸ਼ਿਤ ‘ਅਫ਼ਗ਼ਾਨ ਅਬਲਾ’ (1934) ਸੀ। 13 ਸਾਲ ਦੀ ਉਮਰ ’ਚ ਅਦਾਕਾਰਾ ਤੇ ਗੁਲੂਕਾਰਾ ਵਜੋਂ ਰਾਜਕੁਮਾਰੀ ਦੀ ਪਹਿਲੀ ਹਿੰਦੀ ਫ਼ਿਲਮ ਪ੍ਰਕਾਸ਼ ਪਿਕਚਰਜ਼, ਬੰਬਈ ਦੀ ‘ਨਈ ਦੁਨੀਆ’ ਉਰਫ਼ ‘ਸੈਕਰਡ ਸਕੈਂਡਲ’ (1934) ਸੀ, ਜਿਸ ਵਿਚ ਉਸ ਨੇ ‘ਮਾਲਤੀ’ ਦਾ ਕਿਰਦਾਰ ਨਿਭਾਇਆ। ਲੱਲੂਭਾਈ ਨਾਇਕ ਦੇ ਸੰਗੀਤ ’ਚ 2 ਗੀਤ ਰਾਜਕੁਮਾਰੀ ਨੇ ਗਾਏ ਤੇ ਉਸੇ ’ਤੇ ਫ਼ਿਲਮਾਏ ਗਏ ‘ਪ੍ਰੀਤ ਕੀ ਰੀਤ ਸਿਖਾ ਜਾ ਬਾਲਮ’ ਤੇ ‘ਪ੍ਰਿਯਤਮ ਤੁਮ ਧਨ ਬਨ ਜਾਓ’। ਇਹੀ ਫ਼ਿਲਮ ਗੁਜਰਾਤੀ ਜ਼ੁਬਾਨ ਵਿਚ ‘ਸੰਸਾਰ ਲੀਲਾ’ (1934) ਦੇ ਨਾਮ ਨਾਲ ਡੱਬ ਹੋਈ। ਇਸ ਤੋਂ ਬਾਅਦ ਪ੍ਰਕਾਸ਼ ਪਿਕਚਰਜ਼ ਦੀਆਂ ਫ਼ਿਲਮਾਂ ‘ਬੰਬੇ ਮੇਲ’ (1934), ‘ਬੰਬਈ ਕੀ ਸੇਠਾਨੀ’, ‘ਲਾਲ ਚਿੱਠੀ’, ਸ਼ਮਸ਼ੀਰ-ਏ-ਅਰਬ’ (1935) ’ਚ ਵੀ ਅਦਾਕਾਰੀ ਤੇ ਗੁਲੂਕਾਰੀ ਕੀਤੀ।
ਸਾਗਰ ਮੂਵੀਟੋਨ ਕੰਪਨੀ, ਬੰਬਈ ਦੀ ਸਰਵੋਤਮ ਬਦਾਮੀ ਨਿਰਦੇਸ਼ਿਤ ਫ਼ਿਲਮ ‘ਵਿਲੇਜ਼ ਗਰਲ’ ਉਰਫ਼ ‘ਗ੍ਰਾਮਯ ਕੰਨਯਾ’ (1936) ’ਚ ਰਾਜਕੁਮਾਰੀ ਨੇ ਸੰਗੀਤਕਾਰ ਸ਼ੰਕਰ ਰਾਵ ਖਾਟੂ ਦੇ ਸੰਗੀਤ ’ਚ ਚੰਦ ਗੀਤ ਗਾਏ। ਰਣਜੀਤ ਮੂਵੀਟੋਨ, ਬੰਬਈ ਦੀਆਂ ‘ਗੋਰਖ ਆਯਾ’ (1938), ‘ਪ੍ਰੋਫੈਸਰ ਵਾਮਨ ਐੱਮ. ਸੀ.’, ‘ਸੈਕ੍ਰੇਟਰੀ’, ‘ਬਿੱਲੀ’ ਉਰਫ਼ ‘ਦਿ ਕੈਟ’ (1938) ਵਿਚ ਰਾਜਕੁਮਾਰੀ ਨੇ ਰਾਜਕੁਮਾਰੀ ਬਨਾਰਸਵਾਲੀ ਦੇ ਨਾਮ ਨਾਲ ਅਦਾਕਾਰੀ ਕੀਤੀ ਤੇ ਗੀਤ ਵੀ ਗਾਏ। ਕੈਲਾਸ਼ ਸਿੰਡੀਕੇਟ ਪਿਕਚਰਜ਼, ਬੰਬਈ ਦੀ ‘ਵਤਨ ਪ੍ਰਸਤ’ (1934) ਆਦਿ ਤੋਂ ਬਾਅਦ ਸਿਰਕੋ ਪ੍ਰੋਡਕਸ਼ਨਜ਼, ਬੰਬਈ ਦੀ ਏ. ਆਰ. ਕਾਰਦਾਰ ਨਿਰਦੇਸ਼ਿਤ ਫ਼ਿਲਮ ‘ਸਵਾਮੀ’ (1941) ਰਾਜਕੁਮਾਰੀ ਦੀ ਅਦਾਕਾਰੀ ਵਾਲੀ ਆਖ਼ਰੀ ਫ਼ਿਲਮ ਸੀ। ਇਸ ਫ਼ਿਲਮ ਵਿਚ ਰਾਜਕੁਮਾਰੀ ਨੇ ਰਫ਼ੀਕ ਗਜ਼ਨਵੀ ਦੇ ਸੰਗੀਤ ਵਿਚ 5 ਗੀਤ ਗਾਏ ਸਨ।
ਉਨ੍ਹਾਂ ਦਿਨਾਂ ’ਚ ਕਲਕੱਤੇ ਵਿਚ ਰਾਜਕੁਮਾਰੀ ਦੇ ਨਾਮ ਨਾਲ ਇਕ ਹੋਰ ਅਦਾਕਾਰਾ ਨੇ ਵੀ ਫ਼ਿਲਮਾਂ ’ਚ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਸਨ। ਲਿਹਾਜ਼ਾ ਉਹ ਰਾਜਕੁਮਾਰੀ ਕਲਕੱਤੇ ਵਾਲੀ ਬਣ ਗਈ ਤਾਂ ਕਿ ਦੋਵਾਂ ’ਚ ਫ਼ਰਕ ਬਣਿਆ ਰਹੇ। ਰਾਜਕੁਮਾਰੀ ਕਲਕੱਤੇਵਾਲੀ ਦਾ ਅਸਲੀ ਨਾਮ ਪੁਤਲੀ ਬਾਈ ਸੀ ਅਤੇ ਉਸ ਨੇ ਵੀ ਨਿਊ ਥੀਏਟਰਜ਼ ਦੀਆਂ ਫ਼ਿਲਮਾਂ ‘ਦੇਵਦਾਸ’ (1935), ‘ਪੁਜਾਰਿਨ’, ‘ਮਿਲਿਨੀਅਰ’ (1936) ਆਦਿ ’ਚ ਅਦਾਕਾਰੀ ਕੀਤੀ ਅਤੇ ਗੀਤ ਗਾਏ ਸਨ।
ਰਾਜਕੁਮਾਰੀ ਦੀ ਪਿੱਠਵਰਤੀ ਗੁਲੂਕਾਰਾ ਵਜੋਂ ਪਹਿਲੀ ਪੰਜਾਬੀ ਫ਼ਿਲਮ ਨਿਸ਼ਾਤ ਪ੍ਰੋਡਕਸ਼ਨਜ਼, ਬੰਬੇ ਦੀ ਜੇ. ਕੇ. ਨੰਦਾ ਨਿਰਦੇਸ਼ਿਤ ‘ਕੁੜਮਾਈ’ (1941) ਸੀ। ਖੁਰਸ਼ੀਦ ਅਨਵਰ ਦੇ ਤਾਮੀਰ ਸੰਗੀਤ ’ਚ ਰਾਜਕੁਮਾਰੀ ਨੇ ਪੰਡਤ ਦੀਨਾ ਨਾਥ ਮਧੋਕ ਦੇ ਲਿਖੇ 12 ਗੀਤਾਂ ’ਚੋਂ 7 ਗੀਤਾਂ ਨੂੰ ਆਪਣੀ ਖ਼ੂਬਸੂਰਤ ਆਵਾਜ਼ ਦਿੱਤੀ। ਅਦਾਕਾਰਾ ਰਾਧਾ ਰਾਣੀ, ਸ਼ਾਂਤੀ ਤੇ ਆਰ. ਵਾਸਤੀ ’ਤੇ ਫ਼ਿਲਮਾਏ ਇਹ ਮਕਬੂਲ ਗੀਤ ਹਨ ‘ਵਿਹੜੇ ਵਿਚ ਪਾਣੀ ਛਿੜਕਾਂ ਕੁੜੀਆਂ ਦੁੱਧ ਰਿੜਕਣ’, ‘ਬੰਨਾ ਖੂਹ ਦਾ ਅੜਿਆ ਵਿਚ ਲੱਜ ਲਮਕਾਵਾਂ ਕਦੀ ਤਾਂ ਆ ਮਿਲ ਚੰਨ ਵੇ ਮੈਂ ਮਰਦੀ ਜਾਵਾਂ’, ‘ਮਾਹੀ ਵੇ ਰਾਤਾਂ ਚਾਨਣੀਆਂ ਲੰਘ ਗਈਆਂ’, ‘ਮੁਰਲੀ ਸੁਣ ਜਾ ਵੇ ਸੁਣਾ ਜਾ ਵੇ ਮੈਂ ਬਲਿਹਾਰੀ ਸ਼ਾਮਾਂ’, ‘ਹਰਦਮ ਨੌਕਰ ਤੇਰੀ ਆਂ’ ਅਤੇ ਦੋ ਦੋਗਾਣੇ ‘ਗੋਟੇ ਦਾ ਹਾਰ ਵੇ ਮੈਂ ਗਲ ਵਿਚ ਪਾਨੀ ਆਂ, ਆ ਮਿਲ ਢੋਲ ਜਾਨੀਆ’ (ਇਕਬਾਲ ਬੇਗ਼ਮ, ਜੀ. ਐੱਮ. ਦੁਰਾਨੀ ਨਾਲ), ‘ਮਾਏ ਨੀਂ ਬੂਹਾ ਖੜਕੇ ਦਿਲ ਧੜਕੇ ਮੇਰਾ ਆ ਗਿਆ ਨੀਂ ਮੇਰਾ ਬ੍ਰਿਜਸ ਬਾਲਾ’ (ਇਕਬਾਲ ਬੇਗ਼ਮ ਨਾਲ)। ਏ. ਜੇ. ਐੱਨ. ਮਹੇਸ਼ਵਰੀ ਪ੍ਰੋਡਕਸ਼ਨਜ਼, ਲਾਹੌਰ ਦੀ ਸ਼ੰਕਰ ਮਹਿਤਾ ਨਿਰਦੇਸ਼ਤ ਫ਼ਿਲਮ ‘ਰਾਵੀ ਪਾਰ’ (1942) ’ਚ ਰਾਜਕੁਮਾਰੀ ਨੇ ਬੀ. ਸੀ. ਬੇਕਲ ‘ਅੰਮ੍ਰਿਤਸਰੀ’, ਵਲੀ ਸਾਹਬ, ਮਨੋਹਰ ਸਿੰਘ ਸਹਿਰਾਈ ਦੇ ਲਿਖੇ ਅਤੇ ਸ਼ਿਆਮ ਸੁੰਦਰ ਦੇ ਸੰਗੀਤ ’ਚ ਪਿਰੋਏ 11 ’ਚੋਂ 6 ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਅਦਾਕਾਰਾ ਰਾਗਿਨੀ, ਵੀਨਾ ਤੇ ਐੱਸ. ਡੀ. ਨਾਰੰਗ ਤੇ ਫ਼ਿਲਮਾਏ ‘ਗਾਏ ਜਾ ਤੂੰ ਗੀਤ ਪੰਛੀਆ’ (ਜੀ. ਐੱਮ. ਦੁਰਾਨੀ), ‘ਰੂਪ ਜਵਾਨੀ ਮਾਹੀ ਵੇ ਬਿਜਲੀ ਦਾ ਹਾਸਾ’, ‘ਆ ਵੇ ਸੱਜਣ ਕੋਲ ਬਹੀਏ’ (ਨਾਲ ਜੀ. ਐੱਮ. ਦੁਰਾਨੀ) ਅਤੇ 4 ਏਕਲ ਗੀਤ ‘ਰਾਵੀ ਪਾਰ ਬਸੇਰਾ ਮਾਹੀ ਦਾ’, ‘ਯਾਰ ਜਾਣੇ ਤਾਂ ਭਾਵੇਂ ਨਾ ਜਾਣੇ’, ‘ਅੱਖੀਆਂ ਚੰਨ ਵੇ ਰਾਤੀਂ ਸੌਣ ਨਾ ਦਿੰਦੀਆਂ’ ਤੇ ‘ਦਿਲ ਦੇ ਕੇ ਬੇਦਰਦਾਂ ਨੂੰ ਦਿਲਦਾਰ ਬਣਾ ਬੈਠੇ’ ਗੀਤ ਬਹੁਤ ਹਿੱਟ ਹੋਏ। ਰਾਜਰੰਗ ਪਿਕਚਰਜ਼, ਬੰਬੇ ਦੀ ਰਾਜਿੰਦਰ ਸ਼ਰਮਾ ਨਿਰਦੇਸ਼ਿਤ ਫ਼ਿਲਮ ‘ਮਦਾਰੀ’ (1950) ’ਚ ਰਾਜਕੁਮਾਰੀ ਨੇ ਅੱਲਾ ਰੱਖਾ ਕੁਰੈਸ਼ੀ ਦੇ ਸੰਗੀਤ ਵਿਚ ਅਜ਼ੀਜ਼ ਕਸ਼ਮੀਰੀ ਦਾ ਲਿਖਿਆ ਇਕੋ ਗੀਤ ਸ਼ਮਸ਼ਾਦ ਬੇਗ਼ਮ ਨਾਲ ਮਿਲ ਕੇ ਗਾਇਆ ‘ਕੀਤਾ ਅੱਜ ਤਕਦੀਰ ਨੇ ਮੇਲ ਸਾਡਾ…ਬਾਰੀ ਬਰਸੀ ਖੱਟਣ ਗਿਆ ਸੀ’। ਕਵਾਤੜਾ ਆਰਟ ਪ੍ਰੋਡਕਸ਼ਨਜ਼, ਬੰਬੇ ਦੀ ਕੇ. ਡੀ ਮਹਿਰਾ ਨਿਰਦੇਸ਼ਿਤ ਫ਼ਿਲਮ ‘ਪੋਸਤੀ’ (1951) ’ਚ ਰਾਜਕੁਮਾਰੀ ਨੇ ਸਰਦੂਲ ਕਵਾਤੜਾ ਦੇ ਪੁਰਅਸਰ ਸੰਗੀਤ ਵਿਚ ਵਰਮਾ ਮਲਿਕ ਦੇ ਲਿਖੇ ‘ਸੁਣ ਵੇ ਦੁਪੱਟਿਆ ਸਤ ਰੰਗਿਆ’, ‘ਮਾਹੀਆ ਵੇ…ਕੋਲਾਂ ਦਿਆ ਕੱਚਿਆ’ (ਨਾਲ ਆਸ਼ਾ ਭੌਸਲੇ) ਅਤੇ ਦੋ ਏਕਲ ਗੀਤ ‘ਨਹੀਂ ਲੱਗਦਾ ਦਿਲ ਮਾਹੀ ਬਿਨਾਂ’, ‘ਵੇ ਮੈਂ ਕੱਜਲੇ ਦੀ ਪਾਨੀ ਆਂ ਧਾਰ ਲੈ ਲੈ ਨਾਂਅ ਤੇਰਾ’ ਗੀਤਾਂ ਨੇ ਖ਼ੂਬ ਧੁੰਮਾਂ ਪਾਈਆਂ। ਕਵਾਤੜਾ ਫ਼ਿਲਮਜ਼, ਬੰਬੇ ਦੀ ਸ਼ਾਂਤੀ ਪ੍ਰਕਾਸ਼ ਬਖ਼ਸ਼ੀ ਨਿਰਦੇਸ਼ਿਤ ਫ਼ਿਲਮ ‘ਕੌਡੇ ਸ਼ਾਹ’ (1953) ’ਚ ਰਾਜਕੁਮਾਰੀ ਨੇ ਵਰਮਾ ਮਲਿਕ ਦਾ ਲਿਖਿਆ ਤੇ ਸਰਦੂਲ ਕਵਾਤੜਾ ਦਾ ਸੰਗੀਤਬੱਧ ਗੀਤ ‘ਲਿਖਿਆ ਨਸੀਬ ਮੇਰਾ’ ਗਾਇਆ ਜੋ ਆਦਾਕਾਰਾ ਸ਼ਿਆਮਾ ’ਤੇ ਫ਼ਿਲਮਾਇਆ ਗਿਆ ਸੀ।
1950ਵੇਂ ਅਸ਼ਰੇ ਵਿਚ ਰਾਜਕੁਮਾਰੀ ਬਨਾਰਸਵਾਲੀ ਪ੍ਰਮੁੱਖ ਗਾਇਕਾ ਦੇ ਰੂਪ ’ਚ ਛਾਈ ਹੋਈ ਸੀ। 1941 ਤੋਂ ਲੈ ਕੇ 1950 ਤਕ ਤਕਰੀਬਨ 150 ਫ਼ਿਲਮਾਂ ’ਚ ਰਾਜਕੁਾਮਰੀ ਦੇ ਗਾਏ ਚੰਦ ਮਸ਼ਹੂਰ-ਏ-ਜ਼ਮਾਨਾ ਗੀਤ ‘ਛਲਕਾਓ ਨਾ ਰਸ ਕੀ ਗਗਰੀਆ’ (ਅਨਜਾਨ/1941), ‘ਨਾਚਤ ਹੈ ਸੰਸਾਰ ਸਖੀ ਰੀ’ (ਨਈ ਦੁਨੀਆ/1942), ‘ਆਨ ਬਸਾ ਮਹਿਮਾਨ’ (ਬੋਲਤੀ ਬੁਲਬੁਲ/1942), ‘ਚੂੜੀ ਹੂੰ ਮੈਂ ਏਕ ਕਹਾਨੀ ਹੂੰ ਮੇਂ’ (ਚੂੜੀਆਂ/1942), ‘ਧੀਰੇ ਧੀਰੇ ਬੋਲ ਮੇਰੇ ਰਾਜਾ’ (ਨਾਲ ਜੀ. ਐੱਮ. ਦੁਰਾਨੀ/ਈਸ਼ਾਰਾ/1943), ‘ਵੋ ਗਏ ਨਹੀਂ ਹਮੇਂ ਮਿਲ ਕੇ’ (ਨਰਸ/1943), ‘ਧੂੰਏ ਕੀ ਗਾੜੀ ਉੜਾਏ ਲੀਏ’ (ਨਾਲ ਪੀ. ਬੈਨਰਜੀ /ਨਈ ਕਹਾਨੀ/1943), ‘ਮੇਰਾ ਬਾਲਮ ਬੜਾ ਹਰਜਾਈ ਰੇ’ (ਬੜੀ ਬਾਤ/1944), ‘ਹਾਲੇ ਦਿਲ ਤੁਮ ਕੋ ਸੁਨਾਯਾ ਜਾਏਗਾ’ (ਨਸੀਬ/1945), ‘ਸਾਜਨ ਆਓ ਮਨ ਕੀ ਨਗਰੀਆ’ (ਰੂਪਾ/1946) ਆਦਿ ਫ਼ਿਲਮਾਂ ’ਚ ਉਨ੍ਹਾਂ ਦੇ ਗਾਏ ਗੀਤ ਬੇਹੱਦ ਮਕਬੂਲ ਹੋਏ ਸਨ।
ਨਵਯੁਗ ਚਿੱਤਰਪੱਟ ਲਿਮਟਿਡ, ਬੰਬਈ ਦੀ ਫ਼ਿਲਮ ‘ਪੰਨਾ’ (1944) ’ਚ ਅਮੀਰ ਅਲੀ ਦੇ ਮੁਰੱਤਬਿ ਸੰਗੀਤ ’ਚ ਫ਼ਿਲਮ ਦੇ ਜ਼ਿਆਦਤਰ ਗੀਤ ਸ਼ਮਸ਼ਾਦ ਬੇਗ਼ਮ ਨੇ ਗਾਏ ਸਨ, ਪਰ ਜਦੋਂ ਰਿਕਾਰਡ ਜਾਰੀ ਹੋਣ ਵਾਲੇ ਸਨ, ਤਾਂ ਉਹ ਗੀਤ ਗਾਉਣ ਨਹੀਂ ਆਈ ਤਾਂ ਐੱਚ. ਐੱਮ. ਵੀ. ਕੰਪਨੀ ਨੇ ਸ਼ਮਸ਼ਾਦ ਬੇਗ਼ਮ ਦੇ ਗਾਏ ਸਾਰੇ ਗੀਤ ਰਾਜਕੁਮਾਰੀ ਤੋਂ ਗਵਾ ਕੇ ਉਨ੍ਹਾਂ ਦੇ ਰਿਕਾਰਡ ਜਾਰੀ ਕਰ ਦਿੱਤੇ ਸਨ। ਇਹ ਉਸ ਜ਼ਮਾਨੇ ’ਚ ਉਨ੍ਹਾਂ ਦੀ ਬੇਪਨਾਹ ਮਕਬੂਲੀਅਤ ਦਾ ਸਬੂਤ ਵੀ ਹੈ। ਰਾਜਕੁਮਾਰੀ ਨੇ ਆਪਣੀਆਂ ਹਮ-ਅਸਰ ਗਾਇਕਾਵਾਂ ਦੇ ਮੁਕਾਬਲੇ ’ਚ ਸਭ ਤੋਂ ਜ਼ਿਆਦਾ ਗਾਏ ਸਨ।
1950 ਦੇ ਮੱਧ ਵਿਚ ਬਹੁਤ ਸਾਰੀਆਂ ਨਵੀਆਂ ਗਾਇਕਾਵਾਂ ਦੀ ਆਮਦ ਨਾਲ ਰਾਜਕੁਮਾਰੀ ਤੋਂ ਗੀਤ ਗਵਾਉਣ ਦਾ ਸਿਲਸਿਲਾ ਵੀ ਘਟਣਾ ਸ਼ੁਰੂ ਹੋ ਗਿਆ ਸੀ। ਹਾਲਾਂਕਿ ਇਸ ਦੌਰਾਨ ਉਨ੍ਹਾਂ ਵੱਲੋਂ ਕਈ ਹਿੰਦੀ ਫ਼ਿਲਮਾਂ ’ਚ ਗਾਏ ਗੀਤ ਬੜੇ ਹਿੱਟ ਵੀ ਹੋਏ। ਚਿਲਡਰਨਜ਼ ਫ਼ਿਲਮ ਸੁਸਾਇਟੀ, ਬੰਬਈ ਦੀ ਫ਼ਿਲਮ ‘ਜਲਦੀਪ’ ਉਰਫ਼ ‘ਲਾਈਟ ਹਾਊਸ’ (1956) ’ਚ ਨਗ਼ਮਾਸਰਾਈ ਕਰਨ ਤੋਂ ਬਾਅਦ ਰਾਜਕੁਮਾਰੀ ਨੇ ਗਾਉਣਾ ਬੰਦ ਕਰ ਦਿੱਤਾ ਸੀ। ਫ਼ਿਲਮ ’ਚ ਸਨੇਹਲ ਭਾਟਕਰ ਦੇ ਸੰਗੀਤ ’ਚ ਰਾਜਕੁਮਾਰੀ ਨੇ ਕੇਦਾਰ ਸ਼ਰਮਾ ਦਾ ਲਿਖਿਆ ਇਕ ਗੀਤ ‘ਦੇਖੋ ਦੇਖੋ ਪੰਛੀ ਦੇਖੀ ਯਹ ਫੁਲਕਾਰੀ’ ਹੀ ਗਾਇਆ। ਰਾਹੁਲ ਥੀਏਟਰ, ਬੰਬਈ ਦੀ ਫ਼ਿਲਮ ‘ਸੰਘਰਸ਼’ (1968) ਦੇ ਮੌਸੀਕਾਰ ਨੌਸ਼ਾਦ ਅਲੀ ਸਨ। ਜਦੋਂ ਉਹ ਆਪਣੇ ਇਕ ਗੀਤ ‘ਦਿਲ ਪਾਇਆ…ਮੇਰੇ ਪੈਰੋਂ ਮੇਂ ਘੂੰਘਰੂ ਬੰਧਾਂ ਦੇ’ (ਮੁਹੰਮਦ ਰਫ਼ੀ) ਦੀ ਰਿਕਾਰਡਿੰਗ ਕਰ ਰਹੇ ਸਨ ਤਾਂ ਕੋਰਸ ਗਾਇਕਾਵਾਂ ਦੀ ਕਤਾਰ ’ਚ ਰਾਜਕੁਮਾਰੀ ਨੂੰ ਖੜ੍ਹੀ ਵੇਖ ਕੇ ਉਨ੍ਹਾਂ ਦੇ ਮਨ ਨੂੰ ਬੜੀ ਠੇਸ ਪਹੁੰਚੀ। ਆਪਣੇ ਜ਼ਮਾਨੇ ਦੀ ਅਜ਼ੀਮ ਗੁਲੂਕਾਰਾ ਦੀ ਆਰਥਿਕ ਸਥਿਤੀ ਐਨੀ ਮਾੜੀ ਹੋ ਚੁੱਕੀ ਸੀ ਕਿ ਉਸ ਨੂੰ ਘਰ ਚਲਾਉਣ ਲਈ ਪੈਸਿਆਂ ਦੀ ਸਖ਼ਤ ਜ਼ਰੂਰਤ ਆਣ ਪਈ ਸੀ। ਲਿਹਾਜ਼ਾ ਵਕਤ ਨਾਲ ਸਮਝੌਤਾ ਕਰਦਿਆਂ ਉਸ ਨੇ ਕੋਰਸ ਗਾਇਕਾ ਦੇ ਰੂਪ ’ਚ ਗਾਉਣਾ ਮਨਜ਼ੂਰ ਕਰ ਲਿਆ ਸੀ। ਇਸ ਤੋਂ ਬਾਅਦ ਰਾਜਕੁਮਾਰੀ ਨੂੰ ਤਿੰਨ ਫ਼ਿਲਮਾਂ ’ਚ ਗੀਤ ਗਾਉਣ ਦਾ ਮੌਕਾ ਮਿਲਿਆ। ਪਹਿਲੀ ਮਹਿਲ ਪਿਕਚਰਜ਼ ਪ੍ਰਾ. ਲਿ., ਬੰਬਈ ਦੀ ਫ਼ਿਲਮ ‘ਪਾਕੀਜ਼ਾ’ (1971) ’ਚ ਇਕ ਗੀਤ ‘ਆ ਨਜ਼ਰ ਕਾ ਵਾਰ ਥਾ’ ਨੂੰ ਨੌਸ਼ਾਦ ਅਲੀ ਨੇ ਰਾਜਕੁਮਾਰੀ ਤੋਂ ਗਵਾਇਆ ਸੀ। ਮੇਘਨਾ ਮੂਵੀਜ਼, ਬੰਬਈ ਦੀ ਫ਼ਿਲਮ ‘ਕਿਤਾਬ’ (1977) ’ਚ ਆਰ. ਡੀ. ਬਰਮਨ ਨੇ ਰਾਜਕੁਮਾਰੀ ਤੋਂ ਇਕ ਭਜਨ ‘ਹਰੀ ਦਿਨ ਤੋ ਬੀਤਾ ਸ਼ਾਮ ਹੂਈ’ ਗਵਾਇਆ ਸੀ। ਆਖ਼ਰੀ ਵਾਰ ਸਾਲ 1998 ਵਿਚ ਰਾਜਕੁਮਾਰੀ ਨੇ ਸੋਨੂੰ ਨਿਗਮ ਦੁਆਰਾ ਪੇਸ਼ ਕੀਤੇ ਜਾਂਦੇ ਜ਼ੀ ਟੀਵੀ ਦੇ ਮਸ਼ਹੂਰ ਸੰਗੀਤਕ ਸ਼ੋਅ ‘ਸਾਰੇਗਾਮਾ’ ਦੇ 150ਵੇਂ ਐਪੀਸੋਡ ’ਚ ਆਪਣੇ ਕੁਝ ਯਾਦਗਾਰੀ ਗੀਤਾਂ ਨਾਲ ਹਾਜ਼ਰੀ ਭਰੀ ਸੀ।
ਰਾਜਕੁਮਾਰੀ ਨੇ 29 ਫ਼ਿਲਮਾਂ ਵਿਚ ਅਦਾਕਾਰੀ ਕਰਨ ਤੋਂ ਬਾਅਦ 213 ਹਿੰਦੀ ਤੇ 5 ਪੰਜਾਬੀ ਫ਼ਿਲਮਾਂ ਵਿਚ ਇੰਤਹਾਈ ਖ਼ੂਬਸੂਰਤ ਗੀਤ ਗਾਏ। ਗਲੂਕਾਰਾ ਅਤੇ ਅਦਾਕਾਰਾ ਵਜੋਂ ਆਪਣੇ ਫ਼ਨੀ ਸਫ਼ਰ ਦੀ ਸ਼ੁਰੂਆਤ ਕਰਨ ਦੇ ਬਾਵਜੂਦ ਮਜ਼ੀਦ ਸ਼ੋਹਰਤ ਗੁਲੂਕਾਰਾ ਦੇ ਰੂਪ ਵਿਚ ਹੀ ਮਿਲੀ। ਉਨ੍ਹਾਂ ਦੀ ਆਵਾਜ਼ ’ਚ ਅਜਬ ਜਿਹੀ ਕਸ਼ਿਸ਼ ਸੀ, ਜੋ ਸੰਗੀਤ-ਮੱਦਾਹਾਂ ਦੀ ਰੂਹ ਟੁੰਬ ਲੈਂਦੀ ਸੀ। ਰਾਜਕੁਮਾਰੀ, ਵੀ. ਕੇ ਦੂਬੇ ਨਾਲ ਵਿਆਹ ਤੋਂ ਬਾਅਦ ਰਾਜਕੁਮਾਰੀ ਦੂਬੇ ਦੇ ਨਾਮ ਨਾਲ ਵੀ ਪਛਾਣੀ ਗਈ। ਉਨ੍ਹਾਂ ਦਾ ਇਕ ਪੁੱਤਰ ਰਾਜਿੰਦਰ ਦੂਬੇ ਹੈ। 68 ਸਾਲਾਂ ਲੰਬਾ ਫ਼ਿਲਮੀ ਸਫ਼ਰ ਤੈਅ ਕਰਨ ਵਾਲੀ ਸੰਗੀਤ ਦੀ ਰਾਜਕੁਮਾਰੀ 18 ਮਾਰਚ 2000 ਨੂੰ 84 ਸਾਲਾਂ ਦੀ ਉਮਰੇ ਮੁੰਬਈ ਵਿਚ ਵਫ਼ਾਤ ਪਾ ਗਈ।
ਸੰਪਰਕ: 97805-09545