ਮੇਜਰ ਸਿੰਘ ਜਖੇਪਲ
ਪੁਰਾਣੇ ਵੇਲਿਆਂ ਦੇ ਗਾਇਕਾਂ ਵਿਚੋਂ ਧੰਨਾ ਸਿੰਘ ਰੰਗੀਲਾ ਦਾ ਨਾਂ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਸਾਢੇ ਚਾਰ ਦਹਾਕੇ ਪਹਿਲਾਂ ਪੰਜਾਬ ਦੀ ਫਿਜ਼ਾ ਵਿਚ ਰੰਗੀਲੇ ਦੀ ਗਾਇਕੀ ਗੂੰਜਦੀ ਸੀ। ਗਾਇਕੀ ਦੀ ਪਗਡੰਡੀ ’ਤੇ ਉਹ ਘੋੜੇ ਵਾਂਗ ਨਹੀਂ ਭੱਜਿਆ ਬਲਕਿ ਆਪਣੀ ਮਸਤ ਤੋਰ ਹੀ ਤੁਰਿਆ ਹੈ। ਉਹ ਸੁਰੀਲਾ ਤੇ ਪਰਿਪੱਕ ਕਲਾਕਾਰ ਹੈ।
ਧੰਨਾ ਸਿੰਘ ਰੰਗੀਲਾ ਦਾ ਪਿੰਡ ਪੂਰੋ ਮਾਜਰਾ ਹਰਿਆਣਾ ਵਿਚ ਪੈਂਦਾ ਹੈ। ਉਨ੍ਹਾਂ ਸਮਿਆਂ ਵਿਚ ਉਹ ਬੀ.ਏ. ਕਰਨ ਵਾਲਾ ਆਪਣੇ ਪਿੰਡ ਦਾ ਪਹਿਲਾ ਮੁੰਡਾ ਸੀ। ਕਾਲਜ ਵਿਚ ਪੜ੍ਹਦੇ ਸਮੇਂ ਉਹ ਕਬੱਡੀ ਖੇਡਦਾ ਰਿਹਾ ਤੇ ਕਾਲਜਾਂ ਦੇ ਜ਼ੋਨਲ ਯੂਥ ਫੈਸਟੀਵਲ ਵਿਚ ਨਾਭਾ ਵਿਖੇ ਲੋਕ ਗੀਤ ਤੇ ਗਰੁੱਪ ਗੀਤ ਵਿਚ ਪਹਿਲਾ ਸਥਾਨ ਹਾਸਲ ਕੀਤਾ। ਪੜ੍ਹਾਈ ਉਪਰੰਤ ਉਹ ਪੁਲੀਸ ਵਿਭਾਗ ਵਿਚ ਏ.ਐੱਸ.ਆਈ. ਚੁਣਿਆ ਗਿਆ ਤੇ ਕਈ ਹੋਰ ਨੌਕਰੀਆਂ ਵੀ ਮਿਲੀਆਂ, ਪਰ ਉਹਦੇ ਅੰਦਰਲੇ ਕਲਾਕਾਰ ਨੇ ਕਿਤੇ ਵੀ ਅੱਡੀ ਨਾ ਲੱਗਣ ਦਿੱਤੀ ਤੇ ਉਹ 1970 ਵਿਚ ਸਭ ਕੁਝ ਛੱਡ ਕੇ ਲੁਧਿਆਣਾ ਆ ਗਿਆ। ਇੱਥੇ ਉਸ ਨੇ ਪਹਿਲਾਂ ਤਿਆਰੀ ਕੀਤੀ ਤੇ ਫਿਰ ਅਖਾੜੇ ਲਾਉਣੇ ਸ਼ੁਰੂ ਕੀਤੇ। ਇਸ ਖੇਤਰ ਨਾਲ ਜੁੜਨ ਕਾਰਨ ਉਸ ਦਾ ਪਰਿਵਾਰ ਉਸ ਨਾਲ ਕਾਫ਼ੀ ਸਮਾਂ ਨਾਰਾਜ਼ ਰਿਹਾ।
ਉਸ ਨੇ ਸੰਗੀਤ ਦੀ ਸਿੱਖਿਆ ਉਸਤਾਦ ਜਸਵੰਤ ਭੰਵਰਾ ਤੋਂ ਪ੍ਰਾਪਤ ਕੀਤੀ ਤੇ ਸਰਹਿੰਦ ਵਾਲੇ ਤਬਲਾ ਮਾਸਟਰ ਖਾਨ ਰੌਣਕੀ ਰਾਮ ਤੋਂ ਵੀ ਸੰਗੀਤ ਸਿੱਖਿਆ। 1974-75 ਵਿਚ ਕੋਰੀਡੋਰ ਕੰਪਨੀ ਵਿਚ ਕਥਕ ਪੰਨਾ ਲਾਲ ਦੇ ਸੰਗੀਤ ਵਿਚ ਉਸ ਦੇ ‘ਚਾਲੀ ਸਿੰਘਾ ਦਾ ਬੇਦਾਵਾ’, ‘ਸਰਹਿੰਦ ਦੀ ਦੀਵਾਰ’, ‘ਸ਼ੇਰੇ ਪੰਜਾਬ ਦੀ ਮੜ੍ਹੀ’, ‘ਹੀਰ ਦੀ ਕਲੀ’ ਅਤੇ ‘ਸੋਹਣੀ ਦਾ ਕੱਚਾ ਘੜਾ’ ਗੀਤ ਰਿਕਾਰਡ ਹੋਏ। ‘ਛੜੇ ਸਰਪੰਚ ਬਣਨਗੇੇ’ ਟਾਈਟਲ ਅਧੀਨ ਸੁਮਨ ਦੱਤਾ ਨਾਲ ਚਾਰ ਗੀਤ ਰਿਕਾਰਡ ਕਰਵਾਏ। ਪਰਮਿੰਦਰ ਸੰਧੂ ਦੀ ਪਹਿਲੀ ਰਿਕਾਰਡਿੰਗ ਵੀ ਧੰਨਾ ਸਿੰਘ ਰੰਗੀਲਾ ਨਾਲ ਹੋਈ ਸੀ। ਨਰਿੰਦਰ ਬੀਬਾ ਦੀ ਆਵਾਜ਼ ਦਾ ਭੁਲੇਖਾ ਪਾਉਣ ਵਾਲੀ ਗਾਇਕਾ ਮਨਜੀਤ ਭੁੱਲਰ ਨਾਲ ਉਸ ਦੇ ਕਈ ਗੀਤ ਰਿਕਾਰਡ ਹੋਏ।
ਐੱਚ.ਐੱਮ.ਵੀ. ਕੰਪਨੀ ਵਿਚ ਪਰਮਿੰਦਰ ਸੰਧੂ ਨਾਲ ਰਿਕਾਰਡਿੰਗ ਤੋਂ ਬਾਅਦ 1981 ਵਿਚ ਏਸੇ ਕੰਪਨੀ ਨੇ ਰੰਗੀਲੇ ਦੇ ਧਾਰਮਿਕ ਗੀਤ ‘ਵਤਨਾਂ ਦੇ ਸੰਤ ਸਿਪਾਹੀ’, ‘ਦਸਮੇਸ਼ ਆਗਮਨ ਪਿਤਾ’ ਤੇ ‘ਸਾਕਾ ਚਾਦਨੀ ਚੌਕ’ ਰਿਕਾਰਡ ਹੋਏ। ਪੈਰੀਟੋਨ ਕੰਪਨੀ ’ਚ ਗੀਤਕਾਰ ਕਰਨੈਲ ਸਿਵੀਏ ਦੇ ਲਿਖੇ ਧਾਰਮਿਕ ਗੀਤਾਂ ‘ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ’ ਨੂੰ ਪਹਿਲੀ ਵਾਰ ਧੰਨਾ ਸਿੰਘ ਰੰਗੀਲਾ ਨੇ ਗਾਇਆ। ਸੋਨੀਟੋਨ ਕੰਪਨੀ ਵਿਚ ਬਲਵਿੰਦਰ ਖੰਨਾ ਨਾਲ ਵੀ ਉਸ ਦੇ ਕਈ ਗੀਤ ਰਿਕਾਰਡ ਹੋਏ ਹਨ। ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ, ਰੋਮੀ ਗਿੱਲ ਤੇ ਪ੍ਰਦੀਪ ਭੰਗੂ ਕੈਨੇਡਾ ਨਾਲ ਆਈ ਕੈਸੇਟ ਵਿਚ ਵੀ ਰੰਗੀਲੇ ਦਾ ਇਕ ਗੀਤ ਸ਼ਾਮਲ ਸੀ।
ਉਸ ਨੇ ਗਾਇਕਾਵਾਂ ਵਿਚੋਂ ਜਸਵੰਤ ਬੀਬਾ ਨਾਲ ਸੱਤ ਸਾਲ, ਅਮਰ ਨੂਰੀ ਨਾਲ ਤਿੰਨ ਤੇ ਅਮਰਜੋਤ ਨਾਲ ਵੀ ਕਾਫ਼ੀ ਸਮਾਂ ਗਾਇਆ ਤੇ ਸਟੇਜ ਪ੍ਰੋਗਰਾਮ ਕੀਤੇ। ਸੁਮਨ ਸ਼ਰਮਾ ਚੰੜ੍ਹੀਗੜ੍ਹ, ਗੁਲਸ਼ਨ ਕੋਮਲ, ਕੁਲਦੀਪ ਕੌਰ ਤੇ ਬਲਜੀਤ ਬੱਲੀ ਨਾਲ ਵੀ ਉਸ ਨੇ ਗੀਤ ਗਾਏ। ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਸਾਕਾ ਦਰਬਾਰ ਸਾਹਿਬ (ਅੰਮ੍ਰਿਤਬਾਣੀ ਕੰਪਨੀ) ਵਿਚ ਵੀ ਉਸ ਦੇ ਰਿਕਾਰਡ ਗੀਤ ਆਏ। ਗਿਆਨੀ ਨਿਰੰਜਨ ਸਿੰਘ ਨਰਗਿਸ, ਸਨਮੁੱਖ ਸਿੰਘ ਅਜ਼ਾਦ, ਦਲਜੀਤ ਸਿੰਘ ਦਰਦੀ, ਚਤਰ ਸਿੰਘ ਪਰਵਾਨਾ ਤੇ ਨੰਦਾ ਰੰਗੀਆ ਵਾਲਾ ਜਿਹੇ ਗੀਤਕਾਰਾਂ ਨੂੰ ਧੰਨੇ ਨੇ ਸ਼ਿੱਦਤ ਨਾਲ ਗਾਇਆ ਹੈ। ਅਮਰ ਕੋਮਲ ਨਾਲ ਗਾਏ ਦੋਗਾਣਿਆਂ ਦੀ ਪੂਰੀ ਕੈਸੇਟ ਵੀ ਉਸ ਨੇ ਰਿਕਾਰਡ ਕਰਵਾਈ ਸੀ।
ਉਸ ਸਮੇਂ ਦੌਰਾਨ ਉਸ ਨੇ ਕੁਝ ਮਾੜੇ ਗੀਤ ਵੀ ਗਾਏ, ਜਿਨ੍ਹਾਂ ’ਤੇ ਹੁਣ ਉਸ ਨੂੰ ਅਫ਼ਸੋਸ ਹੁੰਦਾ ਹੈ। 1975 ਤੋਂ ਲੈ ਕੇ 1982 ਤਕ ਉਸ ਦੀ ਗਾਇਕੀ ਪੂਰੇ ਜੋਬਨ ’ਤੇ ਸੀ। ਇਨ੍ਹਾਂ ਦਿਨਾਂ ਵਿਚ ਉਸ ਕੋਲ ਦੂਜੇ ਕਲਾਕਾਰਾਂ ਨਾਲੋਂ ਵੱਧ ਪ੍ਰੋਗਰਾਮ ਹੁੰਦੇ ਸਨ। ਉਸ ਦਾ ਕਈ ਥਾਵਾਂ ’ਤੇ ਸਨਮਾਨ ਵੀ ਕੀਤਾ ਗਿਆ।
ਉਹ ਸੁਰਜੀਤ ਪਾਤਰ ਦੀ ਲੇਖਣੀ ਦਾ ਕਾਇਲ ਹੈ। ਗੁਰਦਾਸ ਮਾਨ ਦੀ ਗਾਇਕੀ ਤੇ ਹਰ ਅਦਾ ਉਸ ਨੂੰ ਪਸੰਦ ਹੈ। ਰੰਗੀਲੇ ਦਾ ਵੱਡਾ ਬੇਟਾ ਰਾਜਫਤਿਹ ਪੱਤਰਕਾਰ ਹੈ ਤੇ ਛੋਟਾ ਵਿਕਟਰ ਗਾਇਕ ਤੇ ਸੰਗੀਤਕਾਰ ਹੈ।
ਸੰਪਰਕ: 94631-28483